ਅਸ਼ੋਕ ਵਰਮਾ
ਮਾਨਸਾ, 21ਜੂਨ। ਮਾਨਸਾ ਸ਼ਹਿਰ ਦੇ ਵਾਰਡ ਨੰਬਰ 7,8 ਅਤੇ 9 ਵਿੱਚ ਸੀਵਰੇਜ਼ ਦੀ ਸਮੱਸਿਆ ਬਣ ਗਈ ਹੈ। ਇਸੇ ਤਰਾਂ ਪਿਛਲੇ ਦਿਨੀਂ ਮਾਨਸਾ ’ਚ ਨਵੀਂ ਬਣੀ ਸਿਨੇਮਾ ਰੋਡ ਤੇ 5 ਮਿੰਟ ਮੀਂਹ ਪੈਣ ਨਾਲ ਹੀ ਨਾਲੀਆਂ ਦਾ ਪਾਣੀ ਨਵੀਂ ਬਣੀ ਇਸ ਸੜਕ ’ਤੇ ਆ ਗਿਆ ਜਿਸ ਕਾਰਣ ਮਾਨਸਾ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲਾਭ ਸਿੰਘ ਵਾਲੀ ਗਲੀ ਦੇ ਅਖੀਰ ਵਾਲੇ ਪਾਸੇ ਚੱਕੀ ਕੋਲ ਵਾਰਡ ਨੰ:7,8,9 ਦੀਆਂ ਗਲੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਇੱਕ ਇੱਕ ਫੁੱਟ ਸੀਵਰੇਜ਼ ਦਾ ਗੰਦਾ ਪਾਣੀ ਸੜਕਾਂ ਉੱਪਰ ਖੜਾ ਹੈ ਜਿਸ ਕਾਰਨ ਇਸ ਖੇਤਰ ਵਿੱਚ ਪਿਛਲੇ ਸਾਲ ਡੇਂਗੂ ਤੇ ਪੀਲੀਏ ਦੀ ਬਿਮਾਰੀ ਫੈਲ ਗਈ ਸੀ ਪਰ ਮਾਨਸਾ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ। ਵਾਰਡ ਵਾਸੀਆਂ ਵੱਲੋਂ ਵਾਰ ਵਾਰ ਪ੍ਰਸ਼ਾਸਨ ਅਤੇ ਉਨਾਂ ਦੇ ਚੁਣੇ ਹੋਏ ਐਮਐਲਏ ਅਤੇ ਹੋਰ ਰਾਜਨੀਤਿਕ ਲੋਕਾਂ ਨੁੂੰ ਵਾਰ ਵਾਰ ਮਿਲਿਆ ਗਿਆ ਪਰ ਮੌਕੇ *ਤੇ ਪਹੁੰਚ ਕੇ ਕਿਸੇ ਨੇ ਵੀ ਉਨਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਪਹਿਲ ਨਹੀਂ ਕੀਤੀ। ਇਸ ਸਮੱਸਿਆ ਦੇ ਹੱਲ ਲਈ ਅੱਜ ਇੰਨਾਂ ਵਾਰਡਾਂ ਦੇ ਲੋਕਾਂ ਵੱਲੋਂ ਮਾਨਸਾ ਦੇ ਸਮਾਜ ਸੇਵੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੂੰ ਮੌਕਾ ਦਿਖਾਇਆ ਗਿਆ । ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਮਾਨਸਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਦੀ ਨਿਕਾਸੀ ਨਾ ਕੀਤੀ ਅਤੇ ਨਵਾਂ ਸੀਵਰੇਜ ਨਾ ਪਾਇਆ ਗਿਆ ਤਾਂ ਉਹ ਵਾਰਡ ਵਾਸੀਆਂ ਨੂੰ ਨਾਲ ਲੈਕੇ ਧਰਨਾ ਲਗਾਉਣਗੇ।


ਉਨਾਂ ਕਿਹਾ ਕਿ ਉਨਾਂ ਦੀ ਟੀਮ ਅਤੇ ਮਾਨਸਾ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਮਾਨਸਾ ਸ਼ਹਿਰ ਦੇ ਸੀਵਰੇਜ਼ ਸਮੱਸਿਆ ਦੇ ਹੱਲ ਲਈ ਮਾਨਸਾ ਰੇੇਲਵੇ ਲਾਈਨ ਦੇ ਹੇਠਾ ਅੰਡਰ ਬਿ੍ਰਜ ਦੇ ਨਜ਼ਦੀਕ ਚੈਂਬਰ ਬਨਾਉਣ ਸਬੰਧੀ ਸਕੀਮ ਉੱਤਰੀ ਰੇਲਵੇ ਪਾਸੋਂ ਪਾਸ ਕਰਵਾਈ ਹੈ। ਇਸ ਚੈਂਬਰ ਨੂੰ ਬਨਾਉਣ ਸਬੰਧੀ ਨਗਰ ਕੌਂਸਲ ਮਾਨਸਾ ਵੱਲੋਂ ਲੋੜੀਂਦੇ ਪੈਸੇ ਭਰੇ ਜਾਣੇ ਸਨ ਜੋਕਿ ਨਹੀਂ ਭਰੇ ਗਏ ਜਿਸ ਕਾਰਣ ਮਾਨਸਾ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਪਰੋਕਤ ਪੱਤਰ ਨੂੰ ਦੁਬਾਰਾ ਜਾਰੀ ਕਰਵਾਕੇ ਉੱਤਰੀ ਰੇਲਵੇ ਪਾਸ ਬਣਦੇ ਪੈਸੇ ਜਮਾਂ ਕਰਵਾਕੇ ਮਾਨਸਾ ਸ਼ਹਿਰ ਦੇ ਵਿਚਾਲੇ ਪੈਂਦੀ ਰੇਲਵੇ ਲਾਇਨ ਦੇ ਹੇਠਾਂ ਦੀ ਇਸ ਚੈਂਬਰ ਵਿੱਚ ਮਾਨਸਾ ਦੇ ਸੀਵਰੇਜ਼ ਅਤੇ ਵਰਖਾ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸੀਵਰੇਜ਼ ਅਤੇ ਵਰਖਾ ਦਾ ਪਾਣੀ ਕੁਦਰਤੀ ਵਹਾਓ ਵਾਲੀ ਸਾਈਡ ਨਹੀਂ ਜਾ ਪਾ ਰਿਹਾ ਅਤੇ ਨਤੀਜੇ ਵਜੋਂ ਸਿਨੇਮਾ ਰੋਡ, ਲੱਲੂਆਣਾ ਰੋਡ, ਗਾਂਧੀ ਸਕੂਲ, 33 ਫੁੱਟ ਸੜਕ ਅਤੇ ਵਾਰਡ ਨੰ:7,8,9 ਵਿੱਚ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਇਸ ਏਰੀਏ ਵਿੱਚ 2 ਤੋਂ ਲੈਕੇ 4 ਫੁੱਟ ਤੱਕ ਸੀਵਰੇਜ਼ ਦਾ ਪਾਣੀ ਭਰ ਜਾਂਦਾ ਹੈ। ਇਸ ਸਮੇਂ ਮਾਨਸਾ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਵਾਰਡ ਵਾਸੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇੰਨਾਂ ਵਾਰਡਾਂ ਦੇ ਵਸਨੀਕ ਵਿੱਕੀ ਰਾਣਾ, ਰਾਮ ਸਿੰਘ, ਰਮਨਦੀਪ ਸਿੰਘ, ਹਰੀਸ਼ ਬਾਂਸਲ, ਅਮਨਦੀਪ ਸਿੰਘ, ਪਰਮਦੀਪ ਸਿੰਘ, ਵਰਿੰਦਰ ਯਾਦਵ, ਸੂਬਾ ਚੱਕੀ ਵਾਲਾ, ਗੁਰਦੀਪ ਸਿੰਘ ਖਿੱਪਲ, ਗੁਰਪ੍ਰੀਤ ਸਿੰਘ ਲਾਲੀ ਅਤੇ ਸੱਤਪਾਲ ਸਿੰਘ ਆਦਿ ਹਾਜ਼ਰ ਸਨ।

