ਮਾਮਲਾ ਕੀਰਤਨੀ ਸਿੰਘਾਂ ਦੀ ਉਪਜਵੀਕਾ ਦਾ
ਲੁਧਿਆਣਾ,22 ਜੂਨ ( ਆਰ.ਐਸ ਖਾਲਸਾ )

ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਕੀਰਤਨੀ ਸਿੰਘਾਂ ਅਤੇ ਪ੍ਰਚਾਰਕਾਂ ਦਾ ਇਸ ਬਿਪਤਾ ਭਰੇ ਸਮੇਂ ਵੱਧ ਤੇ ਵੱਧ ਸਨਮਾਨ ਕਰਨਾ ਸਮੇ ਦੀ ਮੁੱਖ ਲੋੜ ਹੈ ਤਾਂ ਕਿ ਗੁਰੂ ਘਰ ਦੇ ਵਜ਼ੀਰਾਂ ਦੀ ਉਪਜਵੀਕਾ ਦਾ ਠੋਸ ਪ੍ਰਬੰਧ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੀ ਸਿੱਖ ਸ਼ਖਸ਼ੀਅਤ ਸ.ਪਰਵਿੰਦਰ ਸਿੰਘ ਭਾਟੀਆ ( ਰਾਏਪੁਰ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ ।ਆਪਣੀ ਗੱਲਬਾਤ ਦੌਰਾਨ ਸ.ਭਾਟੀਆ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਕੀਰਤਨੀ ਸਿੰਘਾਂ ਨੂੰ ਗੁਰੂ ਘਰ ਅੰਦਰ ਸਤਿਕਾਰਤ ਰੁਤਬਾ ਬਖਸ਼ਿਆ ਹੈ।ਸੋ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਅਧਿਆਤਮਕ ਤੇ ਰੂਹਾਨੀਅਤ ਗਿਆਨ ਦਾ ਪ੍ਰਚਾਰ ਕਰਨ ਵਾਲੇ ਕੀਰਤਨੀ ਸਿੰਘਾਂ ਦਾ ਵੱਧ ਤੋ ਵੱਧ ਮਾਣ ਸਤਿਕਾਰ ਕੀਤਾ ਜਾਵੇ।ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਕੀਰਤਨ ਪ੍ਰਮੋਸ਼ਨ ਗੁਰੱਪ ਯੂ. ਕੇ ,ਨਿਸਚੈ ਇਕ ਕਾਫਲਾ, ਸਿੱਖ ਯੂ.ਐਸ.ਏ ਕਨੇਡਾ ਗੁਰੱਪ, ਤੇ ਗਿਲਡ ਰਿਕਾਰਡਜ਼ ਯੂ.ਕੇ ਨੇ ਸਾਂਝਾ ਉੱਦਮ ਕਰਦਿਆਂ ਫੇਸਬੁੱਕ ਉੱਪਰ ਕੀਰਤਨ ਪ੍ਰਮੋਸ਼ਨ ਗੁਰੱਪ ਦਾ ਪੇਜ਼ ਤਿਆਰ ਕੀਤਾ ਹੈ। ਜਿਸ ਦੇ ਮਾਧਿਅਮ ਰਾਹੀਂ ਗੁਰੂ ਘਰ ਦੇ ਕੀਰਤਨੀਏ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਕਰਕੇ ਦੇਸ਼ ਵਿਦੇਸ਼ਾ ਵਿੱਚ ਵੱਸਦੀਆਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸੰਗਤਾਂ ਉਨ੍ਹਾਂ ਦੇ ਬੈਕ/ਪੇ.ਟੀ.ਐਮ ਖਾਤਿਆਂ ਵਿੱਚ ਆਪਣੀ ਸੇਵਾ ਭੇਟਾ ਪਾ ਕੇ ਕੀਰਤਨੀ ਸਿੰਘਾਂ ਨੂੰ ਆਪਣੀ ਨਿੱਘੀ ਆਸੀਸ ਸਹਾਇਤਾ ਦੇ ਰੂਪ ਵਿੱਚ ਦੇ ਸਕਦੀਆਂ ਹਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜਰ ਨਿਸਚੈ ਇਕ ਕਾਫਲਾ ਦੇ ਪ੍ਰਮੁੱਖ ਭਾਈ ਅਰਵਿੰਦਰ ਸਿੰਘ ਨੂਰ, ਭਾਈ ਕਰਨਜੀਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਸਰਬਜੀਤ ਸਿੰਘ ਨੂਰਪੁਰੀ, ਭਾਈ ਮਲਕੀਅਤ ਸਿੰਘ ਅੰਮ੍ਰਿਤਸਰ ,ਕਰਨਜੀਤ ਸਿੰਘ ਖਾਲਸਾ ਯੂ. ਕੇ ,ਜਸਬੀਰ ਸਿੰਘ ਯੂ.ਕੇ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਕੀਰਤਨ ਪ੍ਰਮੋਸ਼ਨ ਗੁਰੱਪ ਦੇ ਪੇਜ਼ ਨਾਲ ਜੁੜ ਕੇ ਕੀਰਤਨੀ ਸਿੰਘਾਂ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਕਿ ਗੁਰੂ ਘਰ ਦੇ ਸੇਵਕਾਂ ਦੀ ਉਪਜੀਵਕਾ ਦਾ ਪ੍ਰਬੰਧ ਹੋ ਸਕੇ।