
ਇਕ ਦਰਜ਼ਨ ਲੜਕੀਆਂ ਜ਼ਖਮੀ
ਅਸ਼ੋਕ ਵਰਮਾ
ਬਠਿੰਡਾ, 21 ਜੂਨ । ਬਠਿੰਡਾ-ਬਾਦਲ ਸੜਕ ’ਤੇ ਪੈਂਦੇ ਪਿੰਡ ਘੁੱਦਾ ਵਿਖੇ ਸਵੇਰ ਸਮੇਂ ਲੜਕੀਆਂ ਨੂੰ ਕੰਮ ’ਤੇ ਫੈਕਟਰੀ ਲਿਜਾ ਰਹੀ ਗੱਡੀ ਹਾਦਸਾ ਗ੍ਰਸਤ ਹੋ ਗਈ, ਜਿਸ ’ਚ ਇਕ ਦਰਜ਼ਨ ਦੇ ਕਰੀਬ ਲੜਕੀਆਂ ਜ਼ਖਮੀ ਹੋ ਗਈਆਂ ਅਤੇ ਗੱਡੀ ਚਾਲਕ ਦੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੱਡੀ ਚਾਲਕ ਗੁਰਸੇਵਕ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਫਕਰਸਰ (ਸ਼੍ਰੀ ਮੁਕਤਸਰ ਸਾਹਿਬ) ਹਰ ਰੋਜ਼ ਦੀ ਤਰਾਂ ਲੜਕੀਆਂ ਨੂੰ ਕੰਮ ’ਤੇ ਜੀਵਨ ਸਿੰਘ ਵਾਲਾ ਸਥਿਤ ਧਾਂਗਾ ਫੈਕਟਰੀ ਗਰਗ ਸਪੀਨਿੰਗ ਮਿਲ ’ਚ ਕਰੂਜਰ ਗੱਡੀ ’ਤੇ ਕੰਮ ’ਤੇ ਲਿਜਾ ਰਿਹਾ ਸੀ। ਗੱਡੀ ਜਦ ਪਿੰਡ ਘੁੱਦਾ ਨਜ਼ਦੀਕ ਪਹੰੁਚੀ ਤਾਂ ਬੇਕਾਬੂ ਹੋ ਕੇ ਗੱਡੀ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ ਜਿਸ ’ਚ ਇਕ ਦਰਜ਼ਨ ਦੇ ਕਰੀਬ ਲੜਕੀਆਂ ਦੇ ਮਾਮੂਲੀ ਸੱਟਾਂ ਲੱਗੀਆ ਪ੍ਰੰਤੂ ਗੱਡੀ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ’ਚ ਜ਼ਖਮੀ ਲੜਕੀਆਂ ’ਤੇ ਡਰਾਈਵਰ ਨੂੰ ਪਹਿਲਾ ਘੁੱਦਾ ਸਥਿਤ ਹਸਪਤਾਲ ਲਿਜਾਇਆ ਗਿਆ, ਜਿਥੇ ਅੱਗੇ ਉਨਾਂ ਨੂੰ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ, ਇਥੇ ਗੱਡੀ ਚਾਲਕ ਗੁਰਸੇਵਕ ਸਿੰਘ ਦੀ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਨਿਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਨੰਦਗੜ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਹਾਦਸੇ ’ਚ ਲੜਕੀਆਂ ਦਾ ਤਾਂ ਬਚਾਅ ਹੋ ਗਿਆ ਪ੍ਰੰਤੂ ਗੱਡੀ ਚਾਲਕ ਗੁਰਸੇਵਕ ਸਿੰਘ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਗੱਡੀ ਚਾਲਕ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ।