ਖਾਲੀ ਆਇਆ ਬੰਦ ਲਿਫ਼ਾਫ਼ਾ, ਸੋਚ ਸਮਝ ਕੇ ਖੋਲ੍ਹੀਂ,
ਕੋਰਾ ਮਿਲੂ ਵਿੱਚ ਕਾਗਜ ਚਿੱਟਾ, ਪੜ੍ਹ ਨਾ ਭੋਰਾ ਡੋਲੀਂ।
‘ਕੱਲਾ ‘ਕੱਲਾ ਪੜ੍ਹ ਕੇ ਅੱਖਰ, ਅਰਥ ਸਮਝ ਕੇ ਸਾਰੇ,
ਜੀਵਨ ਲਵੀਂ ਸੁਧਾਰ ਤੂੰ ਆਪਣਾ, ਜ਼ਿੰਦਗੀ ਕੂਟਾਂ ਚਾਰੇ।
ਅਣ-ਬੋਲਿਆ ਕਾਗਜ ਕੋਰਾ, ਸ਼ਬਦ ਸ਼ਬਦ ਸਮਝਾਊ,
ਸਮਝਣ ਵਾਲਾ ਬਣੀ ਤੂੰ ‘ਭਗਤਾ’, ਗੱਲ ਖਾਨੇ ਵਿੱਚ ਪਾਊ।
ਐਨਾ ਵੀ ਨਾ ਸੋਚੀਂ ਕਿ ਤੂੰ,ਫਿਕਰਾਂ ਵਿੱਚ ਡੁੱਬ ਜਾਵੇਂ।
ਘੁੱਗ ਵਸੇਂਦੀ ਦੁਨੀਆਂ ਦੇ ਵਿੱਚ, ‘ਕੱਲਾ ਰਹਿ ਕੁਰਲਾਵੇਂ।
ਮਿਲੇ ਬਥੇਰੇ ਬੜੇ ਮਿਲਣਗੇ, ਮਤਲਬ ਪ੍ਰਸਤੀ ਟੋਲੋ।
ਟੁੱਟ ਜਾਂਦੇ ਉਦੋਂ ਸਾਕ ਸੰਬੰਧੀ, ਮੁੱਕ ਜਾਂਦੇ ਜਦ ਦੋਲੇ।
ਬਿਨ ਮਾਇਆ ਦੇ ਲਾਲਚ ਬਾਝੋਂ, ਵਰਤਣਾ ਪਿਆਰ ਸਵੱਲਾ।
ਜਾਂਦੀ ਬਣ ਸਵਰਗ ਜ਼ਿੰਦਗੀ, ਭਰਿਆ ਰਹਿੰਦਾ ਪੱਲਾ।
………..
ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
+1-604-751-1113