17 C
United Kingdom
Sunday, June 21, 2026

More

    ਤਕਦੀਰ/ਕਾਵਿ

    ਮਨਦੀਪ ਕੌਰ ਭੰਮਰਾ

    ਯਾਦਾਂ ਦੇ ਸਹਿਰਾ ਵਿੱਚ ਸੁਰਤੀ ਦਾ ਜਾਣਾ,
    ਸਾਗਰ ‘ਚੋਂ ਸਿੱਪੀਆਂ ਲੱਭ ਕੇ ਲਿਆਉਣਾ,
    ਮੱਥੇ ‘ਚ ਜੜ ਲੈਣਾ ਫਿਰ ਇੱਕ ਇੱਕ ਮੋਤੀ,
    ਮੋਤੀਆਂ ਦੀ ਮਾਲ਼ਾ ਨੂੰ ਗਲ਼ ਵਿੱਚ ਪਾਉਣਾ।

    ਭਾਵਾਂ ਦੀ ਬੰਦਗੀ ਤੇ ਰੂਹਾਂ ਦੀ ਸਾਂਝ ਸੁੱਚੀ,
    ਸੰਭਵ ਹੁੰਦੀ ਤਾਂ ਹੀ ਜੇਕਰ ਹੋਵੇ ਸੋਚ ਉੱਚੀ,
    ਰੂਹਾਨੀ ਰਿਸ਼ਤੇ ਅਜਨਬੀ ਨਾ,ਨੇੜੇ ਦੇ ਹੁੰਦੇ,
    ਜੋਤ ਜਗਦੀ ਦਿਲਾਂ ਵਿੱਚ ਪ੍ਰੀਤ ‘ਚ ਪਰੁੱਚੀ।

    ਮਨੁੱਖਤਾ ਦੇ ਅੰਦਰ ਹੁੰਦਾ ਭਾਵਾਂ ਦਾ ਮੰਦਰ,
    ਸਾਫ਼ ਪਾਕ ਹਿਰਦਿਆਂ ਚ ਤੈਰਦਾ ਸਮੁੰਦਰ,
    ਪਰਦੇਸੀਂ ਬੈਠੇ ਮਾਵਾਂ ਦੇ ਪੁੱਤਰ ਅਤੇ ਧੀਆਂ,
    ਪਨਪਦਾ ਪਿਆਰ ਸਭਨਾਂ ਮਨਾਂ ਦੇ ਅੰਦਰ।

    ਹਿੱਕੜੀ ਵਿੱਚ ਮੋਹ ਵਾਲ਼ਾ ਦੀਵਾ ਬਲ਼ੇ ਸਦਾ,
    ਆਤਮਾ ਵਿੱਚ ਜਗਦੀ ਨੂਰਾਨੀ ਜੋਤ ਸਦਾ,
    ਜ਼ੁੰਬਸ਼ਾਂ ਦੀ ਸ਼ਿੱਦਤ ਜੋ ਉਮਰਾਂ ਦਾ ਗਹਿਣਾ,
    ਯਾਦਾਂ ਦੇ ਜੰਗਲ਼ ‘ਚ ਰਹਿੰਦੇ ਮੰਗਲ਼ ਸਦਾ।

    ਹਸਰਤਾਂ ਦੀ ਬਸਤੀ ਜਦੋਂ ਵਸਦੀ ਨਿਰਾਲੀ,
    ਜੀਵਨ ਵਿੱਚ ਮਿਲ਼ ਜਾਵਣ ਦੋ ਹਮਖਿਆਲੀ,
    ਸਵਰਗਾਂ ਤੋਂ ਸੋਹਣੇ ਤਾਂ ਹੋਵਣਗੇ ਪਰਿਵਾਰ,
    ਰੂਹਾਂ ਦੀ ਜੇ ਹੋਵੇ ਇੱਕ ਦੂਜੇ ਸੰਗ ਭਿਆਲੀ!

    ਜੀਵਨਧਾਰਾ ਦਾ ਰੁਖ ਬਦਲਣਾ ਹੈ ਜ਼ਰੂਰੀ,
    ਮੁਸ਼ਕਲ ਬੜੀ ਹੁੰਦੀ ਜੇ ਮਨਾਂ ‘ਚ ਹੋਵੇ ਦੂਰੀ,
    ਬੱਚਿਆਂ ਦੇ ਮਨਾਂ ‘ਚ ਕੋਮਲਤਾ ਵਾਲ਼ੇ ਜਜ਼ਬੇ,
    ਰੁੱਸਵਾ ਕਰ ਦੇਵੇ ਅਕਸਰ ਸਾਡੀ ਮਗ਼ਰੂਰੀ।

    ਜਜ਼ਬਿਆਂ ਦੇ ਜ਼ਖੀਰੇ ਵਿੱਚੋਂ ਅਕਲਾਂ ਲੱਭੀਏ,
    ਸਮਝ ਅਤੇ ਬੁੱਧੀ ਦਾ ਜਦ ਪਿਟਾਰਾ ਖੋਲ੍ਹੀਏ,
    ਯਾਦ ਵਿੱਚੋਂ ਲੱਭ ਕੇ ਲਿਆਈਏ ਸੁੱਚਮੇ ਮੋਤੀ,
    ਤਕਦੀਰ ਦੇ ਮੱਥੇ ਉੱਪਰ ਫਿਰ ਜੜ ਦੇਈਏ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!