22.5 C
United Kingdom
Sunday, June 21, 2026

More

    ਮੇਰੇ ਅੰਦਰਲਾ ਪਾਕਿਸਤਾਨ !

    ਇੰਦਰਜੀਤ ਚੁਗਾਵਾਂ

    ਫਰੇਜ਼ਨੋ ਕਾਊਂਟੀ ਦਾ ਸ਼ਹਿਰ ਰੀਡਲੀ । ਮਾਊਂਟੇਨਵਿਊ ‘ਤੇ ਆਪਣੇ ਲੋਡ ਦੀ ਉਡੀਕ ਕਰ ਰਹੇ ਸੀ। ਟਰੱਕ ‘ਚੋਂ ਥੱਲੇ ਉਤਰ ਕੇ ਰੈਸਟ ਰੂਮ ਜਾਣ ਲਈ ਵਧੇ ਤਾਂ ਜਾਪਿਆ ਕਿ ਕੋਈ ਸਾਡੇ ਵੱਲ ਗਹੁ ਨਾਲ ਦੇਖ ਰਿਹਾ ਹੈ। ਨਿਗਾਹ ਖੱਬੇ ਪਾਸੇ ਗਈ ਤਾਂ ਦੋ ਨੌਜਵਾਨ ਮੁੰਡੇ ਸਾਡੇ ਵੱਲ ਦੇਖ ਮੁਸਕਰਾ ਰਹੇ ਸਨ। “ਜ਼ਰੂਰ ਪੰਜਾਬੀ ਹੋਣਗੇ,” ਇਹ ਸੋਚ ਕੇ ਹੱਥ ਹਿਲਾ ਦਿੱਤਾ ਤੇ ਪੈਰ ਆਪ ਮੁਹਾਰੇ ਉਨ੍ਹਾਂ ਵੱਲ ਹੋ ਤੁਰੇ। ਸਾਨੂੰ ਦੇਖ ਉਹ ਵੀ ਛੜੱਪਾ ਮਾਰ ਹੇਠਾਂ ਉੱਤਰ ਆਏ। “ਕੀ ਹਾਲ ਬਈ ਜਵਾਨੋ,” ਮੈਂ ਕਿਹਾ। ਉਨ੍ਹਾਂ ‘ਚੋਂ ਉੱਚੇ ਕੱਦ ਵਾਲਾ ਮੁੰਡਾ ਅੱਗੇ ਹੋ ਗਰਮਜੋਸ਼ੀ ਨਾਲ ਮਿਲਿਆ।

    “ਤੁਸੀਂ ਕਿੱਥੋਂ?” ਇਹ ਸਵਾਲ ਪਰਵਾਸੀਆਂ ਦੀ ਜ਼ੁਬਾਨ ‘ਤੇ ਆਮ ਹੀ ਹੁੰਦੈ ਤੇ ਮੈਂ ਵੀ ਕਰ ਦਿੱਤਾ। ਉਹ ਕਹਿਣ ਲੱਗਾ, “ ਜੀ ਮੈਂ ਸਿਆਲਕੋਟ ਤੋਂ , ਇਹ ਆਤਿਫ ਲਾਹੌਰ ਤੋਂ !” ਮੇਰੇ ਮੂੰਹੋਂ ਸਹਿਵਨ ਹੀ ਨਿੱਕਲ ਗਿਆ, “ ਉਹੋ, ਤੁਸੀਂ ਪਾਕਿਸਤਾਨ ਤੋਂ…!” ਮੇਰੇ ਅੰਦਰੋਂ ਜਿਵੇਂ ਉਬਾਲ ਜਿਹਾ ਉੱਠ ਖੜੋਇਆ ਹੋਵੇ ।ਮੈਂ ਕਿਹਾ,” ਮੇਰੀਆਂ ਜੜ੍ਹਾਂ ਵੀ ਪਾਕਿਸਤਾਨ ‘ਚ ਹੀ ਹਨ । ਮੇਰੇ ਬਜ਼ੁਰਗ ਜੜ੍ਹਾਂਵਾਲਾ ਦੇ ਨਾਲ ਲੱਗਦੇ ਪਿੰਡ ਪਾਓਲਾਣੀ ਜੰਡਿਆਲਾ( ਚੱਕ ਨੰ. 101) ‘ਚੋਂ ਉੱਠ ਕੇ ਆਏ ਸਨ!” ਜਾਵੇਦ ਨੇ ਦੱਸਿਆ ਕਿ ਉਸ ਦੇ ਕੁੱਝ ਰਿਸ਼ਤੇਦਾਰ ਨਵਾਂ ਸ਼ਹਿਰ ਤੋਂ ਆਏ ਸਨ। ਉਨ੍ਹਾਂ ਦੀ ਜ਼ੁਬਾਨ ‘ਤੇ ਹਮੇਸ਼ਾ ਨਵਾਂ ਸ਼ਹਿਰ ਈ ਰਹਿੰਦਾ ਸੀ ।ਉਹ ਬਜ਼ੁਰਗ ਭਾਵੇਂ ਹੁਣ ਨਹੀਂ ਰਹੇ ਪਰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੇ ਬਜ਼ੁਰਗਾਂ ਦੀ ਜੰਮਣ ਭੋਇੰ ਨੂੰ ਓਨੇ ਹੀ ਮੋਹ ਨਾਲ ਯਾਦ ਕਰਦੀਆਂ ਹਨ ਤੇ ਸਾਨੂੰ ਚੰਗਾ ਲਗਦੈ ਇਹ ਮੋਹ ਦੀਆਂ ਤੰਦਾਂ ਦੇਖ ਕੇ। ਜਾਵੇਦ ਜਦ ਇਹ ਗੱਲ ਕਰ ਰਿਹਾ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਮੇਰੀ ਹੀ ਗੱਲ ਕਰ ਰਿਹਾ ਹੋਵੇ !

    ਜਾਵੇਦ ਦਾ ਪਿੰਡ ਕਰਤਾਰਪੁਰ ਸਾਹਿਬ ਦੇ ਨਾਲ ਈ ਹੈ। ਉਹ ਬਾਬਾ ਨਾਨਕ ਬਾਰੇ ਗੱਲਾਂ ਕਰਨ ਲੱਗਾ,” ਬਜ਼ੁਰਗ ਦੱਸਦੇ ਹਨ ਕਿ ਜਦ ਬਾਬਾ ਨਾਨਕ ਫ਼ੌਤ ਹੋਏ ਤਾਂ ਹਿੰਦੂ ਤੇ ਮੁਸਲਮਾਨ ਲੜ ਪਏ। ਦੋਨੋ ਆਖਣ ਕਿ ਇਹ ਤਾਂ ਸਾਡਾ ਬਾਬਾ ਐ , ਹੋਰ ਕਿਸੇ ਦਾ ਕੋਈ ਹੱਕ ਨਹੀ ਇਸ ‘ਤੇ । ਫੇਰ ਆਖਰ ਫੈਸਲਾ ਹੋਇਆ ਕਿ ਬਾਬੇ ਦਾ ਕਫ਼ਨ ਪਾੜ ਕੇ ਦੋ ਹਿੱਸਿਆਂ ‘ਚ ਕਰ ਦਿੱਤਾ ਜਾਵੇ। ਜਿਸ ਜਗ੍ਹਾ ਤੋਂ ਚਾਦਰ ਪਾੜੀ ਗਈ, ਵੰਡ ਦੀ ਲਕੀਰ ਵੀ ਆ ਕੇ ਉਸੇ ਥਾਂ ਪਈ।” ਮੈਂ ਉਸ ਦੇ ਹਾਵ-ਭਾਵ ਨੋਟ ਕਰ ਰਿਹਾ ਸੀ। ਉਹ ਜਿਵੇਂ ਕਹਿਣਾ ਚਾਹੁੰਦਾ ਹੋਵੇ ਕਿ ਜੇ ਬਾਬੇ ਦੀ ਚਾਦਰ ਨਾ ਪਾੜੀ ਜਾਂਦੀ ਤਾਂ ਵੰਡ ਦੀ ਲਕੀਰ ਵੀ ਨਾ ਪੈਂਦੀ ! ਇਹ ਸੋਚ ਕੇ ਮਾਣ ਵੀ ਮਹਿਸੂਸ ਹੋਇਆ ਕਿ ਬਾਬਾ ਨਾਨਕ ਅੱਜ ਵੀ ਸਾਂਝੀਵਾਲਤਾ ਦਾ ਪ੍ਰਤੀਕ ਹੈ !

    ਮੇਰੇ ਨਾਲ ਮੇਰਾ ਸਹਿਯੋਗੀ ਦਲਜੀਤ ਵਿਰਕ ਵੀ ਸੀ। ਉਸ ਨੇ ਜਦ ਕਿਹਾ ਕਿ ਜੇ ਨਵਜੋਤ ਸਿੱਧੂ ਤੇ ਇਮਰਾਨ ਨਾ ਹੁੰਦੇ ਤਾਂ ਲਾਂਘਾ ਕਿੱਥੋਂ ਖੁੱਲ੍ਹਣਾ ਸੀ! ਮੈਂ ਨਾਲ ਈ ਗੱਲ ਜੋੜੀ ਕਿ ਆਪਣਾ ਪੰਜਾਬ ਪੁਲਸ ਮੁਖੀ ਤਾਂ ਕਹਿੰਦੈ ਕਿ ਜੋ ਲਾਂਘਾ ਪਾਰ ਕਰਕੇ ਜਾਂਦੇ ਹਨ ਬਾਬੇ ਦੇ ਦੁਆਰੇ, ਉਹ ਅੱਤਵਾਦੀ ਬਣਕੇ ਵਾਪਸ ਆਉਂਦੇ ਹਨ।

    ਅੱਤਵਾਦ ਦਾ ਜ਼ਿਕਰ ਛਿੜਿਆ ਤਾਂ ਜਾਵੇਦ ਕਹਿਣ ਲੱਗਾ ਕਿ ਮੀਡੀਆ ਦਾ ਹਾਲ ਭਾਵੇਂ ਸਾਡੇ ਵੀ ਚੰਗਾ ਨਹੀਂ ਪਰ ਤੁਹਾਡੇ ਮੀਡੀਆ ਨੂੰ ਤਾਂ ਪਾਕਿਸਤਾਨ ਨੂੰ ਗਾਲ਼ਾਂ ਕੱਢਣ ਤੋਂ ਬਿਨਾ ਕੋਈ ਗੱਲ ਈ ਨਹੀਂ ਆਉਂਦੀ। ਉਹ ਬੀਬੀ ਜੀਹਦਾ ਨਾਂਅ ਅੰਜਨਾ ਓਮ ਕਸ਼ਿਅਪ ਐ, ਬਾਹਲੀ ਜ਼ਿਆਦਾ ਜ਼ਹਿਰ ਉਗਲਦੀ ਐ ।ਮੈਂ ਉਸ ਨੂੰ ਦਰੁਸਤ ਕਰਦਿਆਂ ਕਿਹਾ ਕਿ ਇਕੱਲੀ ਅੰਜਨਾ ਨਹੀਂ , ਸਾਡਾ ਸਾਰਾ ਮੀਡੀਆ ਹੀ ਜ਼ਹਿਰ ਉਗਲ ਰਿਹਾ ਹੈ। ਸਾਡੇ ਕੋਲ ਤਾਂ ਹੁਣ ਐਨਡੀਟੀਵੀ ਤੋਂ ਸਿਵਾਏ ਹੈ ਈ ਕੁੱਝ ਨਹੀਂ । ਮੈਨੂੰ ਚੰਗਾ ਲੱਗਾ ਜਦ ਉਸ ਨੇ ਰਵਿਸ਼ ਦਾ ਨਾਂਅ ਲੈਂਦਿਆਂ ਕਿਹਾ,” ਭਾਜੀ ਉਹ ਬੰਦਾ ਹੈ ਜੋ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਈ ਕਰਦੈ । ਉਸ ਨੂੰ ਸੁਣਕੇ ਚੰਗਾ ਲਗਦੈ।”

    ਜਾਵੇਦ ਨੇ ਇੱਕ ਹੋਰ ਮਜ਼ੇਦਾਰ ਗੱਲ ਸੁਣਾਈ। ਕਹਿਣ ਲੱਗਾ,”ਇੱਕ ਇੰਡੀਅਨ ਦੋਸਤ ਨੂੰ ਜਦ ਪਤਾ ਲੱਗਾ ਕਿ ਮੈਂ ਪਾਕਿਸਤਾਨੀ ਹਾਂ ਤਾਂ ਉਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਕਿ ਯਾਰ, ਮੈਨੂੰ ਤਾਂ ਲਗਦਾ ਸੀ ਕਿ ਤੁਸੀਂ ਕਿਸੇ ਪਾਕਿਸਤਾਨੀ ਨੂੰ ਮਿਲੇ ਨਹੀਂ ਤੇ ਬੰਬ ਧਮਾਕਾ ਹੋਇਆ ਨਹੀਂ ! ਤੁਸੀਂ ਤਾਂ ਬਿਲਕੁਲ ਈ ਵੱਖਰੇ ਓ ਯਾਰ ! ਮੈਂ ਉਸ ਨੂੰ ਦੱਸਿਆ ਕਿ ਸਾਨੂੰ ਵੀ ਇਹੋ ਦੱਸਿਆ ਜਾਂਦਾ ਰਿਹੈ ਕਿ ਇੰਡੀਆ ਜਾਂਦੇ ਤੁਸੀਂ ਚੰਗੇ ਭਲੇ ਓ ਤੇ ਓਥੋਂ ਅੱਵਲ ਤਾਂ ਵਾਪਸ ਨਹੀਂ ਮੁੜਦੇ, ਤੁਹਾਨੂੰ ਅਗਵਾ ਕਰ ਲਿਆ ਜਾਂਦੈ ਤੇ ਜੇ ਮੁੜਦੇ ਓ ਤਾਂ ਤਾਬੂਤ ‘ਚ ਬੰਦ ਹੋ ਕੇ।”

    ਆਤਿਫ ਆਖਣ ਲੱਗਾ ਕਿ ਕੁੱਝ ਇੱਕ ਲੋਕ ਬੁਰੇ ਹੁੰਦੇ ਆ ਪਰ ਸਾਰੇ ਨਹੀਂ ! ਮੈਂ ਕਿਹਾ ਕਿ ਲੋਕ ਦਰਅਸਲ ਬੁਰੇ ਹੁੰਦੇ ਈ ਨਹੀਂ, ਉਨ੍ਹਾਂ ਨੂੰ ਬੁਰੇ ਬਣਨ ਲਈ ਉਕਸਾਇਆ ਜਾਂਦੈ। ਦੋਹਾਂ ਨੇ ਮੇਰੀ ਗੱਲ ‘ਤੇ ਸਹਿਮਤੀ ਜਤਾਈ।
    ਜਾਵੇਦ ਆਖਣ ਲੱਗਾ,”ਤੁਹਾਡੇ ਕੁੱਝ ਇੰਡੀਅਨ ਵਿਦਿਆਰਥੀ ਮਿਲੇ ਸਨ, ਪੁੱਛ ਰਹੇ ਸਨ ਕਿ ਪਾਕਿਸਤਾਨ ਵਿਚਲੇ ਅੱਤਵਾਦੀ ਕੈਂਪ ਕਦੋਂ ਬੰਦ ਹੋਣਗੇ। ਮੇਰਾ ਜੁਆਬ ਸੀ ਕਿ ਗੁਜਰਾਤ ‘ਚ ਕਤਲੇਆਮ ਕਰਨ ਪਾਕਿਸਤਾਨ ਤੋਂ ਅੱਤਵਾਦੀ ਨਹੀਂ ਸਨ ਗਏ, ਦਿੱਲੀ ‘ਚ ਕਤਲੇਆਮ ਪਾਕਿਸਤਾਨ ਤੋਂ ਗਏ ਅੱਤਵਾਦੀਆਂ ਨੇ ਨਹੀਂ ਕੀਤਾ ਸੀ। ਬਿਹਤਰੀ ਇਸੇ ‘ਚ ਹੈ ਕਿ ਆਪੋ-ਆਪਣਾ ਘਰ ਸਾਂਭੀਏ।ਇਹ ਜੁਆਬ ਸੁਣਕੇ ਉਹ ਥੋੜਾ ਸੋਚਣ ਲਈ ਮਜਬੂਰ ਹੋਏ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਦੇ ਸੋਚਿਆ ਕਿ ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਹੀ ਕਿਉਂ ਮਰਦੇ ਐ, ਗੁਜਰਾਤੀ ਜਾਂ ਕਿਸੇ ਹੋਰ ਕੌਮ ਦੇ ਜਵਾਨ ਕਿਓਂ ਨਹੀਂ ਮਰਦੇ ? ਮਾਮਲਾ ਕਸ਼ਮੀਰ ਦਾ ਤੇ ਮਰਨ ਪੰਜਾਬੀ , ਭਲਾ ਇਹ ਕੀ ਗੱਲ ਹੋਈ ! ਛੋਟੀ ਉਮਰ ਦੇ ਸਨ, ਉਨ੍ਹਾਂ ਕੋਲ ਮੇਰੀਆਂ ਗੱਲਾਂ ਦਾ ਜੁਆਬ ਕੋਈ ਨਹੀਂ ਸੀ ਪਰ ਚੰਗੀ ਗੱਲ ਇਹ ਕਿ ਉਹ ਮੇਰੀਆਂ ਗੱਲਾਂ ‘ਤੇ ਵਿਚਾਰ ਜ਼ਰੂਰ ਕਰ ਰਹੇ ਸਨ।”

    ਜਾਵੇਦ ਦੀ ਨਜ਼ਰ ‘ਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਸਭ ਠੀਕ ਸੀ ਤੇ ਉਸ ਤੋਂ ਬਾਅਦ ਬਚਿਆ ਕੁੱਝ ਨਹੀਂ।
    ਜਾਵੇਦ ਤੇ ਆਤਿਫ ਦੀਆਂ ਗੱਲਾਂ ਸੁਣਕੇ, ਸਮੁੱਚੇ ਪੰਜਾਬ ( ਚੜ੍ਹਦਾ ਤੇ ਲਹਿੰਦਾ ਪੰਜਾਬ) ਬਾਰੇ ਉਨ੍ਹਾਂ ਦੀ ਫਿਕਰਮੰਦੀ ਦੇਖ ਕੇ ਮੈਨੂੰ ਚੰਗਾ ਲੱਗਾ। ਲੋਕ-ਪੱਖੀ ਮੀਡੀਆ ਦਾ ਅੰਗ ਹੁੰਦਿਆਂ ਮੈਂ ਦੋਹਾਂ ਦੇਸ਼ਾਂ ਦੇ ਅਵਾਮ ਦੀ ਦਿਲੀ ਤਮੰਨਾ ਤੋਂ ਭਲੀ-ਭਾਂਤ ਜਾਣੂੰ ਸੀ, ਪਤਾ ਹੈ ਕਿ ਦੋਵੇਂ ਪਾਸੇ ਚੋਣਾਂ ਜਿੱਤਣ ਲਈ ਲਾਸ਼ਾਂ ਦੀ ਧੂਣੀ ਸੇਕੀ ਜਾਂਦੀ ਹੈ, ਲੋਕਾਂ ਦੇ ਜਜ਼ਬਾਤ ਦੀ ਪਰਵਾਹ ਕਿਸੇ ਵੀ ਪਾਸੇ ਨਹੀਂ ਹੈ ਪਰ ਇਹ ਅਹਿਸਾਸ ਪਹਿਲੀ ਵਾਰ ਹੋ ਰਿਹਾ ਸੀ ਕਿ ਮੇਰੇ ਭਾਪਾ ਜੀ ਵੱਲੋਂ ਮੇਰੇ ਅੰਦਰ ਸਿਰਜਿਆ ਪਾਕਿਸਤਾਨ ਬਿਲਕੁਲ ਉਵੇਂ ਹੀ ਜਿਊਂਦਾ ਜਾਗਦਾ ਹੈ ਜਿਸ ਤਰਾਂ ਦਾ ਭਰੋਸਾ ਭਾਪਾ ਜੀ ਨੂੰ ਸੀ ! ਉਨ੍ਹਾ ਦੇ ਮੂੰਹੋਂ ਮੈਂ ਕਦੇ ਵੀ ਕਿਸੇ ਮੁਸਲਮਾਨ ਵਿਰੁੱਧ ਕੋਈ ਮੰਦਾ ਬੋਲ ਨਹੀਂ ਸੀ ਸੁਣਿਆਂ ! ਉਹ ਕਿਹਾ ਕਰਦੇ ਸਨ ਕਿ ਵੰਡ ਵੇਲੇ ਕਾਫ਼ਲਿਆਂ ‘ਤੇ ਹਮਲੇ ਕਰਨ ਵਾਲੇ ਸ਼ਰਾਰਤੀ ਸਨ, ਮੁਸਲਮਾਨ ਨਹੀਂ ! ਜਾਵੇਦ ਤੇ ਆਤਿਫ ਦੇ ਮੂੰਹੋਂ ਵੀ ਕੋਈ ਨਫਰਤੀ ਬੋਲ ਨਹੀਂ ਨਿਕਲਿਆ ।

    ਜਾਵੇਦ ਦੀ ਇਹ ਗੱਲ ਮੇਰੇ ਦਿਲ ‘ਚ ਡੂੰਘੀ ਉੱਤਰ ਗਈ,”ਕਿਹੜਾ ਮਸਲਾ ਐ ਜਿਹੜਾ ਗੱਲ-ਬਾਤ ਨਾਲ ਹੱਲ ਨਹੀਂ ਹੁੰਦਾ ? ਆਹਮੋ-ਸਾਹਮਣੇ ਬੈਠਣ ਤੇ ਰੱਟਾ ਮੁਕਾਉਣ । ਲੋਕਾਂ ਨੂੰ ਚੈਨ ਨਾਲ ਜੀਊਣ ਦੇਣ !”
    ਜਾਵੇਦ ਤੇ ਆਤਿਫ ਨੂੰ ਲੋਡ ਮਿਲ ਗਿਆ ਸੀ, ਗੱਲਾਂ ਸੀ ਕਿ ਮੁੱਕ ਨਹੀਂ ਸਨ ਰਹੀਆਂ । ਲੂਹ ਦੇਣ ਵਾਲੀ ਧੁੱਪ ਦਾ ਵੀ ਸਾਨੂੰ ਕੋਈ ਅਹਿਸਾਸ ਨਾ ਹੋਇਆ। ਆਪੋ-ਆਪਣੇ ਰਾਹ ਪੈਣਾ ਮਜਬੂਰੀ ਸੀ ਤੇ ਫਰਜ਼ ਵੀ ! ਅਸੀਂ ਇੱਕ ਦੂਸਰੇ ਦੇ ਨੰਬਰ ਲਏ ਤੇ ਜੱਫੀਆਂ ਪਾ ਕੇ ਵੱਖ ਹੋਏ ! ਉਹ ਸੱਦਾ ਦੇ ਕੇ ਗਏ ਹਨ ਕਿ ਪਾਕਿਸਤਾਨ ਜ਼ਰੂਰ ਆਉਣਾ ਤੇ ਸਾਡੇ ਘਰ ਵੀ ! ਉਨ੍ਹਾਂ ਦਾ ਇਹ ਸੱਦਾ ਏਨੀ ਅਪਣੱਤ ਵਾਲਾ ਸੀ ਕਿ ਮੇਰਾ ਜੀ ਕਰੇ ਕਿ ਮੈਂ ਹੁਣੇ ਪਾਕਿਸਤਾਨ ਚਲੇ ਜਾਵਾਂ ! ਉਸ ਪਾਕਿਸਤਾਨ, ਜਿੱਥੇ ਸਾਡੇ ‘ਰਾਸ਼ਟਰਵਾਦੀ’ ਹਰ ਉਸ ਵਿਅਕਤੀ ਨੂੰ ਭੇਜਣ ਦੀ ਧਮਕੀ ਦਿੰਦੇ ਹਨ ਜਿਹੜਾ ਉਨ੍ਹਾਂ ਦੇ ਫਾਸ਼ੀਵਾਦੀ ਏਜੰਡੇ ਦਾ ਵਿਰੋਧ ਕਰਦਾ ਹੈ ! ਉਸ ਪਾਕਿਸਤਾਨ, ਜਿੱਥੋਂ ਬਾਬੇ ਨਾਨਕ ਦਾ ਸ਼ਰਧਾਲੂ ‘ਅੱਤਵਾਦੀ’ ਬਣਕੇ ਵਾਪਸ ਪਰਤਦਾ ਹੈ।

    ਸੋਚ ਰਿਹਾ ਹਾਂ ਕਿ ਸਾਡੇ ਬਾਬਾ ਨਾਨਕ ਵੱਲੋਂ ਲਾਇਆ ਸਾਂਝੀਵਾਲਤਾ ਦਾ ਬਰੋਟਾ ਕਿੰਨਾ ਵਿਸ਼ਾਲ ਹੈ ! ਇਸ ਦੀਆਂ ਜੜ੍ਹਾਂ ਸਾਡੇ ਵਿਹੜਿਆਂ ‘ਚੋਂ ਹੁੰਦੀਆਂ ਹੋਈਆਂ ਸਰਹੱਦਾਂ ਦੇ ਆਰ-ਪਾਰ ਆਪਸ ‘ਚ ਕਰਿੰਘੜੀ ਪਾਈ ਬੈਠੀਆਂ ਹਨ । ਇਸ ਵੱਲੋਂ ਘੋਲੀ ਗਈ ਮੁਹੱਬਤੀ ਮਿਠਾਸ ਸਾਡੀਆਂ ਰਗ਼ਾਂ ‘ਚ ਵਸੀ ਹੋਈ ਹੈ। ਇਹ ਬਰੋਟਾ ਕਦੇ ਵੀ ਸੁੱਕ ਨਹੀਂ ਸਕਦਾ ! ਇਹ ਹਰ ਰੰਗ ਦੀ ਹਨੇਰੀ, ਹਰ ਤੂਫ਼ਾਨ ਅੱਗੇ ਤਣੇਂਗਾ ! ਕਿਸੇ ਵੀ ਪਾਸਿਓਂ ਫਿਰਕੂ-ਫਾਸ਼ੀਵਾਦ ਤੇ ਕੱਟੜਵਾਦ ਦਾ ਕੁਹਾੜਾ ਜਿੰਨਾ ਇਸ ਨੂੰ ਛਾਂਗਣ ਦੀ ਕੋਸ਼ਿਸ਼ ਕਰੇਗਾ, ਇਹ ਓਨਾ ਹੀ ਵਧੇਰੇ ਮੌਲ਼ੇਗਾ !

    ਜੀਓ ਜਾਵੇਦ- ਜੀਓ ਆਤਿਫ !
    ਜੀਵੇ ਸਾਡਾ ਪੰਜਾਬ !!
    ਜੀਵੇ ਹਿੰਦੁਸਤਾਨ-ਜੀਵੇ ਪਾਕਿਸਤਾਨ !!!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!