ਯੂਪੀ ਸਰਕਾਰ ਪੀੜਤ ਸਿੱਖ ਨੂੰ ਨਿਆਂ ਦੇਵੇ- ਤਰਨਦੀਪ ਸਿੰਘ ਸੰਧਰ
ਲੁਧਿਆਣਾ,18 ਜੂਨ (ਖਾਲਸਾ )
ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਸ. ਤਰਨਦੀਪ ਸਿੰਘ ਸੰਧਰ ਨੇ ਉੱਤਰ ਪ੍ਰਦੇਸ਼ ਅੰਦਰ ਕੁਝ ਲੋਕਾਂ ਵੱਲੋਂ ਇੱਕ ਸਿੱਖ ਦੀ ਕੀਤੀ ਗਈ ਕੁੱਟਮਾਰ ਅਤੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਤੋ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਯੂਪੀ ਸਰਕਾਰ ਪਾਰਦਰਸ਼ੀ ਰੋਲ ਅਦਾ ਕਰੇ ਅਤੇ ਪੀੜਤ ਸਿੱਖ ਨੂੰ ਨਿਆਂ ਦੇਵੇ। ਸ. ਸੰਧਰ ਨੇ ਦੱਸਿਆ ਕਿ ਬੀਤੇ ਦਿਨੀਂ ਯੂਪੀ ਦੇ ਜ਼ਿਲ੍ਹਾ ਅਮਰੋਹਾ ਦੇ ਥਾਣਾ ਧਨੋਰਾ ਵਿਚ ਪੈਂਦੇ ਪਿੰਡ ਚਾਂਦਰਾ ਫਾਰਮ ਵਿਖੇ ਸ. ਗੁਰਵਿੰਦਰ ਸਿੰਘ ਨਾਂ ਦੇ ਸਿੱਖ ਨੂੰ ਬੁਰੀ ਤਰਾਂ ਕੁੱਟਿਆ ਗਿਆ ਸੀ ਅਤੇ ਉਸ ਦੀ ਦਸਤਾਰ ਨੂੰ ਪੈਰਾਂ ਵਿਚ ਰੋਲ਼ਿਆ ਗਿਆ। ਜੋ ਕਿ ਸਿੱਧੇ ਰੂਪ ਵਿੱਚ ਘੱਟ ਗਿਣਤੀ ਸਿੱਖਾਂ ਨਾਲ ਧੱਕਾ ਹੈ। ਉਨ੍ਹਾਂ ਨੇ ਆਖਿਆ ਕਿ ਉੱਤਰ ਪ੍ਰਦੇਸ਼ ਅੰਦਰ ਅਜੇ ਕਿਸਾਨਾਂ ਨੂੰ ਉਜਾੜਨ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਹੁਣ ਸਿੱਖ ਦੀ ਸ਼ਰੇਆਮ ਕੁੱਟਮਾਰ ਦਾ ਮਾਮਲਾ ਸਾਹਮਣੇ ਆ ਗਿਆ। ਇਹ ਸੂਬਾ ਸਰਕਾਰ ਦੀ ਕਾਰਜਸ਼ੈਲੀ ’ਤੇ ਵੱਡਾ ਸਵਾਲ ਹੈ। ਸ.ਸੰਧਰ ਨੇ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਨਾਲ ਦੇਸ਼ ਦੁਨੀਆ ਅੰਦਰ ਆਪਣੇ ਵਿਰਸੇ ਦੀ ਸੇਧ ਵਿਚ ਨਾਮ ਕਮਾਇਆ ਹੈ। ਸਿੱਖ ਜਿਥੇ ਵੀ ਵਸਦੇ ਹਨ ਉਸ ਖਿੱਤੇ ਦੀ ਖੁਸ਼ਹਾਲੀ ਲਈ ਕਾਰਜਸ਼ੀਲ ਰਹਿੰਦੇ ਹਨ। ਪਰੰਤੂ ਜਦੋਂ ਸਿੱਖਾਂ ਨੂੰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਰੋਸ ਪੈਦਾ ਹੋਣਾ ਕੁਦਰਤੀ ਹੈ।