1982 ਵਿੱਚ ਵਿਸਟਨ ਟੈਲੀਵਿਜ਼ਨ ਲਿਆਂਦਾ ਸੀ ਰੰਗੀਨ। ਚੁਬਾਰੇ ਤੇ ਐਨਟੀਨਾ ਲਾ ਕੇ ਟੈਲੀਵਿਜ਼ਨ ਥੱਲੇ ਖੁੱਲੇ ਬਰਾਂਡੇ ਵਿੱਚ ਰੱਖ ਦਿੱਤਾ ਸੀ। ਓਦੋਂ ਰਿਮੋਟ ਕੰਟਰੋਲ ਨਹੀਂ ਹੁੰਦਾ ਸੀ।
ਤੇ ਦੋ ਈ ਚੈਨਲ ਆਉਂਦੇ ਹੁੰਦੇ ਸਨ ,ਇੱਕ ਜਲੰਧਰ ਦੂਰਦਰਸ਼ਨ ਤੇ ਇੱਕ ਲਹੌਰ ਪੀ ਟੀਵੀ।
ਚੋਵੀ ਘੰਟੇ ਨਹੀਂ ਚੱਲਦੇ ਸਨ ਦੋਵੇਂ ਚੈਨਲ ਜਲੰਧਰ ਦੂਰਦਰਸ਼ਨ ਸ਼ਾਮ ਨੂੰ ਪੰਜ ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਚਲਦਾ ਤੇ ਲਹੌਰ ਟੀਵੀ ਸਾਢ਼ੇ ਪੰਜ ਤੋਂ ਬਾਰਾਂ ਵਜੇ ਤੱਕ ਰਾਤ। ਜਲੰਧਰ ਟੀਵੀ ਤੇ ਡਰਾਮੇਂ ਬਹੁਤ ਬੋਰ ਹੁੰਂਦੇ ਸਨ ਪਰ ਓਥੇ ਵੀਰਵਾਰ ਨੂੰ ਆਉਂਦਾ ਚਿਤਰਹਾਰ ਜ਼ਰੂਰ ਵਧੀਆ ਹੁੰਦਾ ਸੀ ਤੇ ਜਾਂ ਐਤਵਾਰ ਨੂੰ ਆਉਂਦੀ ਹਿੰਦੀ ਫ਼ਿਲਮ । ਤੇ ਫੇਰ ਬੁਨਿਆਦ ਸੀਰੀਅਲ ਚੱਲਣ ਲੱਗਾ ਸੀ ਓਹ ਬਹੁਤ ਵਧੀਆ ਸੀ।
ਓਹਦੇ ਸ਼ੁਰੂ ਚ ਗੀਤ ਚਲਦਾ,
ਤੇਰੇ ਮੇਰੇ ਜੀਵਨ ਕੀ ਯਹੀ ਬੁਨਿਆਦ,
ਮੈਨੂਂ ਅੱਜ ਵੀ ਯਾਦ ਆ।
ਪਰ ਮੈਂ ਹਮੇਸ਼ਾ ਲਹੌਰ ਟੈਲੀਵਿਜ਼ਨ ਈ ਲਾਈ ਰੱਖਦਾ। ਪਾਕਿਸਤਾਨੀ ਡਰਾਮਿਆਂ ਦਾ ਕੋਈ ਤੋੜ ਨਹੀਂ ਸੀ ਹੁੰਦਾ। ਸਾਹਿਲ ਤੇ ਗੈਸਟ ਹਾਊਸ ਵਰਗੇ ਡਰਾਮੇਂ ਸਾਹ ਰੋਕ ਕੇ ਵੇਖਣ ਵਾਲੇ ਹੁੰਦੇ।
ਕਿਧਰੇ ਨੂਰ ਜਹਾਂ ਗੂੜ੍ਹੇ ਰੰਗ ਦੀ ਸੁਰਖ਼ੀ ਲਾ ਗਾ ਰਹੀ ਹੁੰਦੀ ,
ਸੁਣ ਵੰਝਲੀ ਦੀ ਮਿੱਠੜੀ ਤਾਨ ਵੇ,
ਮੈਂ ਤੇ ਹੋ ਹੋ ਗਈ ਕੁਰਬਾਨ ਵੇ।
ਜਾਂ
ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ,
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ।
ਕਰੀਂ ਨਾ ਦੂਰ ਕਦਮਾਂ ਤੋਂ,
ਅਸਾਂ ਤੈਨੂੰ ਹੋਰ ਕੀ ਕਹਿਣਾ।
ਕਿਧਰੇ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀਆਂ ਕਵਾਲੀਆਂ ਗੂੰਜਣ ਲੱਗ ਪੈਂਦੀਆਂ ,
ਜਦੋਂ ਮਿੱਠੀ ਨੀਂਦੇ ਸੋਂਦੀ ਏ ਖ਼ੁਦਾਈ,
ਸਹੁੰਂ ਰੱਬ ਦੀ ਅੱਖ ਕਦੇ ਲਾਈ।
ਮੈਂ ਰੋਵਾਂ ਤੈਨੂੰ ਯਾਦ ਕਰਕੇ।
ਮੈਨੂੰ ਤੇਰੇ ਭੁਲੇਖੇ ਪੈਂਦੇ ਨੇ,
ਮੈਨੂੰ ਲੋਕ ਸ਼ੁਦਾਈ ਕਹਿੰਦੇ ਨੇ।
ਮੈਂ ਰੋਵਾਂ ਤੈਨੂੰ ਯਾਦ ਕਰਕੇ।
ਪੰਦਰਾਂ ਪੰਦਰਾਂ ਮਿੰਟ ਲੰਬੀ ਕਵਾਲੀ ਚਲਦੀ।
ਪਾਕਿਸਤਾਨ ਦੀ ਬੁਲੰਦ ਅਵਾਜ਼ ਸ਼ੌਕਤ ਅਲੀ ਖ਼ਾਨ ਗਾਉਂਦੇ,
ਸੂਖੇ ਪੱਤੇ ਪਾਓਂ ਤਲੇ ਜਬ ਆਤੇ ਹੈਂ,
ਆਪਨੀ ਬੇਕਦਰੀ ਪੇ ਸ਼ੋਰ ਮਚਾਤੇ ਹੈਂ।
ਦਰਿਆ ਸੂਖੇ ਹੋ ਤੋ ਖ਼ਾਕ ਉਡਾਤੇਂ ਹੈਂ।
ਤੇ ਫੇਰ ਮੇਰਾ ਸਭ ਤੋਂ ਮਨਪਸੰਦ ਕਲਾਕਾਰ ਅਤਾਉਲਾ ਖ਼ਾਨ ਈਸਾਖੇਲਵੀ ਆ ਜਾਂਦਾ,
ਦਿਲ ਕੇ ਮੁਆਮਲਾਤ ਸੇ ,
ਅਨਜਾਨ ਤੋਂ ਨਾ ਤਾਂ।
ਇਸ ਘਰ ਕਾ ਫਰਦ ਥਾ,
ਕੋਈ ਮਹਿਮਾਨ ਤੋਂ ਨਾ ਤਾਂ।
ਥੀ ਜਿਨ ਕੇ ਦਮ ਸੇ ਰੋਨਕੇਂ
ਸ਼ਹਿਰੋਂ ਮੇਂ ਜਾ ਵਸੇ।
ਵਰਨਾ ਹਮਾਰਾ ਗਾਓਂ,
ਯੂਂ ਵੀਰਾਨ ਤੋਂ ਨਾ ਤਾਂ।
ਬਾਹੋਂ ਮੇਂ ਜਬ ਲੀਆ ,
ਨਦਾਨ ਥਾ ਜ਼ਰੂਰ।
ਜਬ ਛੋੜ ਕਰ ਗਯਾ,
ਨਦਾਨ ਤੋਂ ਨਾਂ ਥਾ।
ਦਿਲ ਕੇ ਮੁਆਮਲਾਤ ਸੇ,,,,
ਕਿਆ ਖੂਬਸੂਰਤ ਸ਼ਾਇਰੀ ਆ ਯਾਰ ,
ਅਤਾਉਲਾ ਖ਼ਾਨ ਸਾਹਿਬ ਦੀ।
ਪੂਰੀਆਂ ਇੱਕ ਸੋ ਬਵੰਜਾ ਕੈਸੇਟਾਂ ਦੀ ਕੂਲੈਕਸਨ ਸੀ ਮੇਰੇ ਕੋਲ਼ ਪਿੰਡ। ਚੁਬਾਰੇ ਵਾਲੀ ਅਲਮਾਰੀ ਵਿੱਚ। ਬਾਕੀ ਸਾਰੀ ਕੈਸਟ ਵਿੱਚ ਭਾਵੇਂ ਤਿੰਨ ਗਾਣੇ ਓਹੋ ਈ ਹੁੰਦੇ ਇੱਕ ਵੀ ਗੀਤ ਓਸ ਕੈਸਟ ਵਿੱਚ ਨਵਾਂ ਹੁੰਦਾ ਮੈਂ ਖ਼ਰੀਦ ਲੈਂਦਾ।
ਓਸ ਵਿਸਟਨ ਟੈਲੀਵਿਜ਼ਨ ਨੇ ਮੇਰੀ ਅਜ਼ੀਬ ਈ ਖਿੱਚ ਤੇ ਮੁਹੱਬਤ ਪਾ ਦਿੱਤੀ ਲਹੌਰ ਸ਼ਹਿਰ ਨਾਲ!
ਵੈਸੇ ਵੀ ਹਰ ਪੰਜਾਬੀ ਲਈ ਮੁਕੱਦਸ ਥਾਂ ਹੈ ਲਹੌਰ ਸ਼ਹਿਰ , ਤਕਰੀਬਨ ਅੱਧੀ ਸਦੀ ਪੰਜਾਬੀਆਂ ਦੀ ਰਾਜਧਾਨੀ ਰਹੀ ਆ ਲਹੌਰ।
ਦਿੱਲੀ ਆਪਣੇ ਦੇਸ਼ ਦੀ ਰਾਜਧਾਨੀ ਆ ਪਰ ਓਹ ਆਪਣੀ ਨੀਂ ਲਗਦੀ ਤੇ ਲਹੌਰ ਬੇਗਾਨੇ ਦੇਸ਼ ਹੁੰਦਿਆਂ ਵੀ ਆਪਣਾ ਲਗਦਾ ,
ਪ੍ਰੋ ਗੁਰਭਜਨ ਗਿੱਲ ਸਾਹਿਬ ਨੇ ਕਿਆ ਕਮਾਲਾਂ ਲਿਖਿਆ
ਦਿੱਲੀ ਵਰਗੇ ਚੋਂਕ ਚੁਰੱਸਤੇ,
ਕਾਰ ਵਿਹਾਰ ਤੇ ਬਜ਼ਾਰ ਵੀ ਓਹੀ।
ਮਿਕਨਾਤੀਸੀ ਖਿੱਚ ਦੀ ਸ਼ਕਤੀ,
ਸ਼ਹਿਰ ਲਹੌਰ ਵਿੱਚ ਖ਼ਾਸ ਕਿਉਂ ਹੈ।
ਸਾਡੇ ਪਿੰਡ ਦੀ ਸੰਤੀਂ ਵਰਗਾ,
ਮੈਲਾ ਸੂਟ ਅਨਾਇਤਾ ਪਾਇਆ।
ਮੈਂ ਸੰਤਾਲ਼ੀ ਪਿਛੋਂ ਜੰਮਿਆ,
ਮੇਰੇ ਪਿੰਡੇ ਲਾਸ਼ ਕਿਉਂ ਹੈ।
ਮੇਰੀ ਭੂਆ ਜੀ ਵਿਆਹੇ ਹੋਏ ਨੇ ਝੋਕ ਹਰੀਹਰ ਫਿਰੋਜ਼ਪੁਰ ਦੇ ਨਾਲ । ਹੂਸੈਨੀਵਾਲਾ ਵਾਲਾ ਬਾਰਡਰ ਭੂਆ ਪਿੰਡੋਂ ਦਸ ਕੁ ਕਿਲੋਮੀਟਰ ਈ ਆ । ਤੇ ਓਥੇ ਆਥਣੇ ਪੰਜ ਵਜੇ ਦੋਵਾਂ ਪਾਸਿਆਂ ਦੀ ਪ੍ਰੇਡ ਹੁਂਦੀ ਤੇ ਪਰੇਡ ਤੋਂ ਬਾਅਦ ਝੰਡਾ ਲਹਿਰਾਇਆ ਜਾਂਦਾ। ਜਦੋਂ ਕਦੇ ਭੂਆ ਪਿੰਡ ਜਾਣਾਂ ਤੇ ਫੁੱਫੜ ਜੀ ਨੇ ਓਹ ਪ੍ਰੇਡ ਵਿਖਾਉਂਣ ਲੈ ਜਾਣਾ ਮੈਨੂੰ ਤੇ ਭੂਆ ਦੇ ਮੁੰਡੇ ਰਵਿੰਦਰ ਨੂੰ।
ਸਾਨੂੰ ਓਹਨਾ ਨੇ ਓਥੇ ਚਾਰ ਕੁ ਵਜਦੇ ਨੂੰ ਲਾਹ ਦੇਣਾ ਤੇ ਆਪ ਨੇੜੇ ਜ਼ਮੀਨ ਆ ਓਹਨਾ ਦੀ ਆਪ ਖੇਤ ਚਲੇ ਜਾਣਾ।
ਇਤਰਾਂ ਕਰਿਓ ਸਾਢ਼ੇ ਪੰਜ ਨੂੰ ਐਥੈ ਆ ਜਿਓਂ
ਓਹਨਾਂ ਨੇਂ ਭਾਉਆਂ ਵਾਲ਼ੀ ਬੋਲੀ ਚ ਕਹਿਣਾ।
ਮੈਨੂੰ ਓਹਨਾਂ ਦੀ ਮਝੈਲ ਬੋਲੀ ਵੜੀ ਅਜ਼ੀਬ ਲੱਗਣੀ ਤੇ ਮੈਂ ਆਵਦੇ ਦਾਦਾ ਜੀ ਨੂੰ ਪੁਛਣਾ ਕੇ ਭੂਆ ਜੀ ਦੇ ਪਿੰਡ ਦੇ ਲੋਕ ਕਿਵੇਂ ਬੋਲਦੇ ਨੇ ਮੈਨੂੰ ਤਾਂ ਅੱਧੀ ਓਹਨਾ ਦੀ ਸਮਝ ਨਹੀਂ ਆਉਂਦੀ ਤਾਂ ਓਹਨਾਂ ਕਹਿਣਾ ਰਾਜਿਆ ਬੋਲੀ ਤਾਂ ਬਾਰੀਂ ਕੋਹੀਂ ਜਾ ਕੇ ਬਦਲ ਜਾਂਦੀ ਆ ਓਹ ਤਾਂ ਫੇਰ ਆਪਣੇ ਤੋਂ ਚਾਲ਼ੀ ਕੋਹ ਦੂਰ ਬੈਠੇ ਆ। ਪ੍ਰੇਡ ਵਿੱਚ ਅਸੀਂ ਚਾਰ ਵਜੇ ਈ ਜਾ ਕੇ ਬਹਿ ਜਾਂਦੇ , ਦੂਜੇ ਪਾਸੇ ਪਾਕਿਸਤਾਨ ਪਾਸੇ ਵੀ ਲੋਕ ਆਉਂਣੇ ਸ਼ੁਰੂ ਹੋ ਜਾਂਦੇ। ਬੰਦਿਆਂ ਦੇ ਸਲਵਾਰਾਂ ਪਾਈਆਂ ਮੈਨੂੰ ਬੜੀਆਂ ਅਜ਼ੀਬ ਲਗਦੀਆਂ। ਕਸੂਰ ਦਾ ਤੇ ਲਹੌਰ ਦਾ ਪੁਰਾਣਾ ਮੀਲ ਪੱਥਰ ਅਜੇ ਵੀ ਹੂਸੈਨੀਵਾਲਾ ਬਾਰਡਰ ਤੇ ਲੱਗਿਆ ਹੋਇਆ ਸੰਤਾਲ਼ੀ ਤੋਂ ਪਹਿਲਾਂ ਦਾ,
ਕਸੂਰ ਤੇਰਾਂ ਮੀਲ ਤੇ ਲਹੌਰ ਤੀਹ ਮੀਲ।
ਓਦੋਂ ਲਹੌਰ ਟੈਲੀਵਿਜ਼ਨ ਤੇ ਸ਼ੁਕਰਵਾਰ ਨੂੰ ਤਾਰਿਕ ਅਜ਼ੀਜ਼ ਸਾਹਿਬ ਦਾ ਨਿਲਾਮ ਘਰ ਚਲਦਾ ਹੁੰਦਾ ਸੀ। ਬੈਕ ਸਟੇਜ ਤੋਂ ਓਹ ਭੱਜ ਕੇ ਸਟੇਜ ਤੇ ਚੜਦੇ, ਤੇ ਸ਼ੁਰੂ ਕਰਦੇ
ਰੱਬ ਦੇ ਨਾਂ ਤੋਂ ਜੋ ਦਿਲੋਂ ਕੇ ਭੇਤ ਖ਼ੂਬ ਜਾਨਤਾ ਹੈ,
ਦੇਖਤੀ ਆਂਖੋਂ ਸੁਨਤੇ ਕਾਨੋਂ ਤਾਰਿਕ ਅਜ਼ੀਜ਼ ਕਾ ਆਪ ਕੋ ਸਲਾਮ ਕਰਤਾ ਹੈ,
ਓਹਦਾ ਅੰਦਾਜ਼ ਰੂਹ ਕੱਢ ਕੇ ਲੈ ਜਾਂਦਾ।
ਤੇ ਫੇਰ ਓਹ ਪੰਜਾਬੀ ਚ ਕਹਿੰਦੇ ।
ਹੌਲੀ ਹੌਲੀ ਭੁੱਲ ਜਾਵਾਂਗੇ,
ਇੱਕ ਦੂਜੇ ਦੀਆਂ ਸ਼ਕਲਾਂ ਵੀ।
ਹੋਲੀ ਹੋਲੀ ਸਿੱਖ ਜਾਵਾਂਗੇ,
ਜ਼ਿੰਦਾ ਰਹਿਣ ਦੀਆਂ ਅਕਲਾਂ ਵੀ।
ਓਹਨਾਂ ਦੇ ਪ੍ਰੋਗਰਾਮ ਵਿੱਚ ਸਿਰ ਤੇ ਚੁੰਨੀਆਂ ਲਈ ਬੈਠੀਆਂ ਲਹੌਰਨਾ ਮੈਨੂੰ ਬੜੀਆਂ ਸੌਹਣੀਆਂ ਲੱਗਦੀਆਂ।
ਤਾਰਿਕ ਅਜ਼ੀਜ਼ ਦੇ ਨਿਲਾਮ ਘਰ ਦਾ ਮੈਂ ਸ਼ੁਦਾਈ ਹੋ ਗਿਆ।
ਕਿਆ ਸ਼ੇਅਰ ਪੜਦੇ ਓਹ,
ਇਤਨੀ ਸਿਆਹ ਕਿਸਮਤ ਤਾਰਿਕ਼ ਅਜ਼ੀਜ਼ ਅਪਨੀ,
ਹਮ ਕਫ਼ਨ ਕੀ ਦੁਕਾਨ ਖੋਲੇਂ ਤੋਂ ਲੋਗ ਮਰਨਾਂ ਛੋਡ ਦੇਂ।
ਮੈਂ ਇੱਕ ਦਿਨ ਐਵੇਂ ਬੈਠੇ ਨੇ ਚਿੱਠੀ ਲਿਖਤੀ ਨਿਲਾਮ ਘਰ ਲਹੌਰ ਨੂੰ
ਤਾਰਿਕ ਅਜ਼ੀਜ਼ ਅੰਕਲ ਮੈਂ ਚੜਦੇ ਪੰਜਾਬ ਤੋਂ ਬਲਰਾਜ ਬਰਾੜ ਮੋਗੇ ਕੋਲ਼ ਮੇਰਾ ਪਿੰਡ ਆ ,
ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਈ ਜ਼ਿਆਦਾ ਪਸੰਦ ਆ , ਖ਼ਾਸ ਕਰਕੇ ਜਿਹੜੀਆਂ ਕੁੜੀਆਂ ਸਿਰ ਤੇ ਚੁੰਨੀ ਲਈ ਬੈਠੀਆਂ ਹੁੰਦੀਆਂ , ਚੜਦੇ ਪੰਜਾਬ ਚ ਅੱਜਕਲ੍ਹ ਕੁੜੀਆਂ ਸਿਰ ਤੇ ਚੁੰਨੀਆਂ ਬਹੁਤ ਘੱਟ ਲੈਂਦੀਆਂ ਸ਼ਾਇਦ ਤਾਂ ਕਰਕੇ।
ਮੈਨੂੰ ਕੋਈ ਉਮੀਦ ਨਹੀਂ ਸੀ ਕੇ ਚਿੱਠੀ ਦਾ ਜਵਾਬ ਆਊਗਾ ਕਿਉਂਕਿ ਬਹੁਤ ਚਿਠੀਆਂ ਮੈਂ ਜਲੰਧਰ ਤੇ ਲਹੌਰ ਸਟੇਸ਼ਨਾਂ ਨੂੰ ਲਿੱਖ ਚੁੱਕਾ ਸੀ। ਕਦੇ ਵੀ ਕਿਸੇ ਚਿੱਠੀ ਦਾ ਜਵਾਬ ਨਹੀਂ ਸੀ ਆਇਆ।
ਕੋਈ ਦੋ ਕੁ ਮਹੀਨਿਆਂ ਪਿੱਛੋਂ ਤਾਰਿਕ ਅਜ਼ੀਜ਼ ਸਾਹਿਬ ਨੇ ਮੇਰੀ ਓਹ ਚਿੱਠੀ ਪੜ੍ਹੀ,
ਲਓ ਵੀ ਖਵਾਤੀਨੋ ਹਜਰਾਤ ਇੱਕ ਚੜਦੇ ਪੰਜਾਬ ਤੋਂ ਇੱਕ ਵੜੀ ਪਿਆਰੀ ਚਿੱਠੀ ਆਈ ਆ
ਖ਼ਾਸ ਕਰਕੇ ਓਹ ਖਵਾਤੀਨ ਜ਼ਰੂਰ ਤਵੱਜੋਂ ਫਰਮਾਉਣ ਜਿੰਨਾ ਦੀ ਅਜੇ ਸ਼ਾਦੀ ਨਹੀਂ ਹੋਈ ,ਏਹ ਬਲਰਾਜ ਬਰਾੜ ਸਾਹਿਬ ਚੜਦੇ ਪੰਜਾਬ ਤੋਂ ਲਿਖਦੇ ਨੇ ਕੇ ਪ੍ਰੋਗਰਾਮ ਤਾਂ ਥੋਡਾ ਸੌਹਣਾ ਹੈ ਈ ਪਰ ਜਿਹੜੀਆਂ ਸਿਰ ਤੇ ਚੁੰਨੀਆਂ ਲਈ ਲਹੌਰਨਾ ਬੈਠੀਆਂ ਹੁੰਦੀਆਂ ਓਹ ਮੈਨੂੰ ਬਹੁਤ ਚੰਗੀਆਂ ਲਗਦੀਆਂ ,ਹੈ ਕੋਈ ਬੀਬੀ ਲਹੌਰਨ ਜਿਹੜੀ ਏਸ ਸਾਹਿਬ ਨਾਲ ਵਿਆਹ ਕਰਵਾ ਸਕੇ ਤੇ ਆਪਾਂ ਏਹਨੂੰ ਵੀ ਲਹੌਰੀਆ ਬਣਾ ਸਕੀਏ, ਸਰੋਤਿਆਂ ਚ ਹਾਸੜ ਮੱਚ ਗਈ ਸੀ।
ਬੀਬੀ ? ਮੈਂ ਆਵਦੀ ਮਾਂ ਨੂੰ ਅਵਾਜ਼ ਮਾਰੀ ਸੀ,
ਚੋਕੇਂ ਚ ਮਾਂ ਦੀ ਅਵਾਜ਼ ਆਈ ਸੀ,
ਕੀ ਹੋ ਗਿਆ ਤੈਨੂੰ।
ਵੇਖ ਲਹੌਰ ਟੈਲੀਵਿਜ਼ਨ ਵਾਲੇ ਭਾਈ ਨੇਂ ਮੇਰਾ ਨਾ ਲਿਆ।
ਕਿਥੇ ਆ ਓਹ ਭੱਜੀ ਆਈ ਸੀ।
ਹੁਣ ਤਾਂ ਲੰਗ ਗਿਆ।
ਓਸ ਦਿਨ ਤੋਂ ਬਾਅਦ ਮੈਨੂੰ ਤਾਰਿਕ ਅਜ਼ੀਜ਼ ਹੋਰ ਵੀ ਆਪਣਾ ਆਪਣਾ ਲੱਗਣ ਲੱਗ ਪਿਆ ਸੀ।
28ਅਪਰੈਲ 1936 ਨੂੰ ਓਹਨਾ ਦਾ ਜਨਮ ਸ਼ਾਹਕੋਟ , ਜਲੰਧਰ ਚੜਦੇ ਪੰਜਾਬ ਵਿੱਚ ਹੋਇਆ , ਓਹਨਾ ਇੱਕ ਮੁਲਾਕਾਤ ਵਿਚ ਦੱਸਿਆ ਕੇ ਮੈਂ ਓਦੋਂ ਗਿਆਰਾਂ ਵਰ੍ਹਿਆਂ ਦੀ ਸੀ ,
ਸੰਤਾਲੀ ਵੇਲੇ ਸੜਕ ਦੇ ਦੋਵੀਂ ਪਾਸੀਂ ਲਾਸ਼ਾਂ ਈ ਲਾਸ਼ਾਂ ਵਿਛੀਆਂ ਹੋਈਆਂ ਸਨ,ਓਸ ਮੰਜ਼ਰ ਨੂੰ ਯਾਦ ਕਰ ਓਹ ਇੰਟਰਵਿਊ ਵਿਚ ਈ ਰੋਣ ਲੱਗ ਪਏ ਸਨ।
ਪੜਾਈ ਖਤਮ ਕਰਨ ਤੋਂ ਬਾਅਦ ਓਹਨਾ ਕਈ ਫਿਲਮਾਂ ਵਿੱਚ ਕੰਮ ਕੀਤਾ ,
ਵਕ਼ਤ ਤੇ ਚਿਰਾਗ ਕਹਾਂ ਰੋਸ਼ਨੀ ਕਹਾਂ ਬੇਹੱਦ ਮਕਬੂਲ ਹੋਈਆਂ। ਤੇ ਜਦੋਂ ਫੇਰ ਲਹੌਰ ਟੈਲੀਵਿਜ਼ਨ ਸ਼ੁਰੂ ਹੋਇਆ ਤਾਂ ਓਹ ਪਹਿਲੇ ਅਨਾਉਸਰ ਬਣੇ ਤੇ ਓਸ ਤੋਂ ਬਾਅਦ 1975ਵਿੱਚ ਓਹਨਾ ਦਾ ਨਿਲਾਮ ਘਰ ਸ਼ੁਰੂ ਹੋਇਆ। ਵੜੇ ਵਧੀਆ ਅੰਦਾਜ਼ ਵਿੱਚ ਭੱਜਦੇ ਭੱਜਦੇ ਓਹ ਦਰਸ਼ਕਾਂ ਚ ਵੜ ਜਾਂਦੇ, ਤੇ ਮਾਇਕ ਤੇ ਪੁਛਦੇ ਪਾਕਿਸਤਾਨ ਕਾ ਕੌਮੀ ਦਰੱਖਤ ਕਿਆ ਹੈ ਜਵਾਬ ਸਹੀ ਦੇਣ ਵਾਲੇ ਨੂੰ ਓਹ ਖੜਕਵੀਂ ਅਵਾਜ਼ ਵਿੱਚ ਕਹਿੰਦੇ,
ਜਵਾਬ ਦਰੁਸਤ ਹੈ ਸਾਹਿਬ,
ਸਟੇਜ ਤੇ ਬੁਲਾ ਕੇ ਕਹਿੰਦੇ ਕੇ ਯੇਹ ਲਿਪਟਨ ਚਾਏ ਕੀ ਤਰਫ਼ ਸੇ ਤੋਹਫ਼ੇ ਭੇਜੇਂ ਹੈ,ਸਾਥ ਮੇਂ ਕੁਛ ਪੈਸੇ ਭੀ ਹੈਂ ਅਪਨੇ ਵਾਲ-ਛਾਲ ਠੀਕ ਕਰਵਾ ਲੈਨਾ।ਜੋ ਬੇਵਜ੍ਹਾ ਬੜਾਏ ਹੂਏ ਹੈਂ ਆਪ ਨੇ।
ਦਰਸ਼ਕਾਂ ਵਿੱਚ ਹਾਸੜ ਮੱਚ ਜਾਂਦੀ।ਮੇਰੀ ਓਹਨਾ ਵੱਲੋਂ ਪੜੀ ਚਿੱਠੀ ਤੋਂ ਬਾਅਦ ਮੈਂ ਫੇਰ ਹੂਸੈਨੀਵਾਲੇ ਪ੍ਰੇਡ ਵੇਖਣ ਗਿਆ ਤਾਂ ਕੁਦਰਤੀ ਸ਼ੁਕਰਵਾਰ ਸੀ, ਲਹੌਰ ਤੀਹ ਮੀਲ ਪੜਿਆ ਵੇਖਿਆ ਕੇ ਯਾਰ ਮੇਰੇ ਪਿੰਡੋਂ ਜਗਰਾਵਾਂ ਜਿਨੀਂ ਵਾਟ ਆ ਲਹੌਰ ਜੇ ਬਾਰਡਰ ਨਾ ਹੁੰਦਾ ਤਾਂ ਮੈਂ ਤਾਰਿਕ ਅਜ਼ੀਜ਼ ਸਾਹਿਬ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਮੇਰੀ ਪੜੀ ਚਿੱਠੀ ਦਾ ਧੰਨਵਾਦ ਕਰਕੇ ਆਉਣਾ ਸੀ।
ਤੇਰੇ ਨਾਲੋਂ ਚੰਗੇ ਨੇਂ ,
ਜਨੌਰ ਓਏ ਹਮੀਦਿਆ।
ਬਿਨਾਂ ਵੀਜੇ ਜਾਂਦੇ ਨੇ,
ਲਹੌਰ ਓਏ ਹਮੀਦਿਆ।
ਮੇਰੇ ਮਿਤ੍ਰ ਨੇ ਅੰਜੁਮ ਗਿੱਲ ਜਿਹੜੇ ਨਨਕਾਣਾ ਸਾਹਿਬ ਕੋਲ ਰਹਿੰਦੇਂ ਨੇ ਮਹੀਨਾ ਕੁ ਪਹਿਲਾਂ ਮੈਂ ਓਹਨੂੰ ਫ਼ੋਨ ਕੀਤਾ ਕੇ ਯਾਰ ਤਾਰਿਕ ਅਜ਼ੀਜ਼ ਸਾਹਿਬ ਦਾ ਨੰਬਰ ਲੱਭ,ਓਹ ਕਹਿਣ ਲੱਗਾ ਲੱਭ ਲੈਨਾਂ।
ਅੱਜ ਅੰਜੁਮ ਗਿੱਲ ਨੇ ਤਾਰਿਕ਼ ਅਜ਼ੀਜ਼ ਸਾਹਿਬ ਦੀ ਫੌਤ ਹੋਣ ਦੀ ਖ਼ਬਰ ਪੋਸਟ ਕੀਤੀ ਪੜ ਕੇ ਮਨ ਬਹੁਤ ਉਦਾਸ ਹੋ ਗਿਆ।
ਇੱਕ ਸ਼ੇਅਰ ਓਹ ਵਾਰ ਵਾਰ ਪੜਿਆ ਕਰਦੇ ਸਨ।
ਜ਼ਿੰਦਗੀ ਤੋਂ ਖ਼ਾਕੀ ਹੈ,
ਖ਼ਾਕ ਮੇਂ ਖ਼ਾਕ ਹੋਨਾ ਹੈ,
ਖ਼ਾਕ ਮੇਂ ਖ਼ਾਕ ਹੋਨੇ ਸੇ ਪਹਿਲੇ,
ਇਸ ਖ਼ਾਕ ਕੀ ਸਿਫਾਕ ਕੋ,
ਆਪਨੇ ਮਾਥੇ ਕਾ ਝੂਮਰ ਬਨਾ ਲੇ,
ਦੁਨੀਆਂ ਭੀ ਖੁਸ਼,
ਅਗਲੀ ਜ਼ਿੰਦਗੀ ਭੀ ਖੁਸ਼।
ਵਾਕਿਆ ਈ ਈ ਤਾਰਿਕ ਅਜ਼ੀਜ਼ ਅੰਕਲ
ਤੁਹਾਡੀ ਏਹ ਜ਼ਿੰਦਗੀ ਭੀ ਖੁਸ਼ ਈ ਰਹੀ ਹੈ ਤੇ ਖੁਸ਼ੀਆਂ ਈ ਖੁਸ਼ੀਆਂ ਵੰਡ ਕੇ ਗਏ ਓ ,ਅਗਲੀ ਜ਼ਿੰਦਗੀ ਭੀ ਖੁਸ਼ ਹੀ ਹੋਵੇਗੀ।
ਮੈਨੂੰ ਬਹੁਤ ਬਹੁਤ ਖੁਸ਼ੀ ਹੈ ਕੇ ਤੁਹਾਡੀ ਜ਼ੁਬਾਨ ਨੇਂ ਮੇਰੀ ਲਿਖੀ ਚਿੱਠੀ ਵੜੇ ਮੋਹ ਭਿੱਜੇ ਲਫ਼ਜ਼ਾਂ ਵਿੱਚ ਪੜੀ , ਅਫਸੋਸ ਕੇ ਮੈਂ ਫੋਨ ਤੇ ਥੋਡਾ ਧੰਨਵਾਦ ਨਹੀਂ ਕਰ ਸਕਿਆ।
ਬਚਪਨ ਤੋਂ ਜਵਾਨੀ ਵਿੱਚ ਕਦਮ ਰੱਖਦਿਆਂ ਓਹ ਮੇਰੀ ਸਭ ਤੋਂ ਪਿਆਰੀ ਯਾਦ ਆ।
ਉਦਾਸੇ ਮਨ ਨਾਲ,
ਕਾਫ਼ਲੇ ਵਿੱਚ ਭਾਵੇਂ ਤੂਂ ਨਹੀਂ ਰਿਹਾ,
ਪਰ ਯਾਦ ਤੇਰੀ ਦਿੱਲ ਚੋਂ ਜਾਣੀਂ ਨਹੀਂ।
ਅਲਵਿਦਾ ਤਾਰਿਕ ਅਜ਼ੀਜ਼ ਅੰਕਲ।
(ਤੁਸੀਂ ਵੀ ਲਿਖਿਓ ਯਾਦਾਂ ਨਿਲਾਮ ਘਰ ਦੀਆਂ)
ਬਲਰਾਜ ਬਰਾੜ ਚੋਟੀਆਂ ਠੋਬਾ।
ਮਾਂ ਜ਼ੁਬਾਨ ਪੰਜਾਬੀ ਜ਼ਿੰਦਾਬਾਦ।