ਜਰਨੈਲ ਸਿੰਘ ਘੋਲੀਆ (ਅਮਰੀਕਾ)
ਇੱਕ ਜੰਮਣ ਵਾਲੀ ਮਾਂ ਹੁੰਦੀ, ਇੱਕ ਦੇਸ ਦੀ ਮਿੱਟੀ ਮਾਂ ਹੁੰਦੀ।
ਜਦ ਲੋੜ ਪੈਂਦੀ ਏ ਵਤਨਾਂ ਨੂੰ, ਕਦੇ ਫੌਜੀ ਤੋਂ ਨਾ ਨਾਂਹ ਹੁੰਦੀ।
ਏਸੇ ਗੱਲ ਤੇ ਮਾਂ ਵੀ ਕਰਦੀ ਮਾਣ ਫੌਜੀਆਂ ਦੀ।
ਦੇਸ ਦੀ ਖਾਤਰ ਸਦਾ ਤਲੀ ਤੇ ਜਾਨ ਫੌਜੀਆਂ ਦੀ।
ਕਦੇ ਗੋਡੇ ਗੋਡੇ ਬਰਫਾਂ ਵਿੱਚ, ਕਦੇ ਅੱਗ ਵਰਗੀਆਂ ਧੁੱਪਾਂ ਵਿੱਚ।
ਕਦੇ ਠਾਹ ਠਾਹ ਚਲਦੀਆਂ ਗੋਲੀਆਂ ਵਿੱਚ, ਕਦੇ ਰੋਹੀਆਂ ਵਰਗੀਆਂ ਚੁੱਪਾਂ ਵਿੱਚ।
ਚੌਵੀ ਘੰਟੇ ਰਹਿਦੀ ਤਣੀ ਕਮਾਨ ਫੌਜੀਆਂ ਦੀ।
ਇੱਥੇ ਵੰਨ ਰੈੰਕ ਵੰਨ ਪੈਨਸ਼ਨ ਲਈ ਵੀ ਧਰਨੇ ਲਾਉਣੇ ਪੈੰਦੇ ਆ।
ਲੀਡਰ ਜਿੰਨੇ ਵਾਰੀ ਜਿੱਤ ਜਾਵੇ ਉਨੀਆਂ ਹੀ ਪੈਨਸ਼ਨਾ ਲੈਦੇ ਆ।
ਕਿਉ ਨੀ ਹੁੰਦੀ ਏਹੇ ਮੰਗ ਪ੍ਰਵਾਨ ਫੌਜੀਆਂ ਦੀ।
ਪਿੰਡ ਘੋਲੀਏ ਦਾ ਜਰਨੈਲ ਕਰੇ ਪ੍ਰਣਾਮ ਸ਼ਹੀਦਾਂ ਨੂੰ।
ਪੀਰਾਂ ਵਾਗੂੰ ਪੂਜਦਾ ਏ ਸੁਬਾ ਸ਼ਾਮ ਸ਼ਹੀਦਾਂ ਨੂੰ।
ਜੱਗ ਤੋਂ ਵੱਖਰੀ ਹੁੰਦੀ ਏ ਪਹਿਚਾਣ ਫੌਜੀਆਂ ਦੀ।
ਦੇਸ ਦੀ ਖਾਤਰ ਸਦਾ ਤਲੀ ਤੇ ਜਾਨ ਫੌਜੀਆਂ ਦੀ।