14.2 C
United Kingdom
Saturday, September 5, 2026

More

    ਉਦਾਸ ਨਾ ਹੋ

    ਨਵਗੀਤ ਕੌਰ

    ਬਹੁਤ ਜ਼ਰੂਰੀ ਹੈ
    ਇਸ ਵਕਤ
    ਆਪਣੇ ਮੱਥਿਆਂ ਦੀ ਕਾਰ ਸੇਵਾ।
    ਬੜੀ ਗਾਰ ਜੰਮ ਗਈ ਹੈ ਇਨ੍ਹਾਂ ਤੇ।
    ਸਾਨੂੰ ਖੁਦਕੁਸ਼ੀ ਨਹੀਂ
    ਖ਼ੁਦ ਖ਼ੁਸ਼ੀ ਦਾ ਮਤਲਬ ਜੀਣਾ ਪਏਗਾ।
    ਖ਼ੁਦ ਨੂੰ ਖੁਸ਼ ਰੱਖਣਾ
    ਬਹੁਤ ਜ਼ਰੂਰੀ ਹੈ
    ਉਦਾਸ ਮੌਸਮਾਂ ਵਿੱਚ।

    ਖ਼ੁਦ ਦੀ ਖੁਸ਼ੀ ਲਈ
    ਹਮੇਸ਼ਾਂ ਉੱਡਦੇ ਪੰਛੀ ਵੇਖੋ।
    ਚੜ੍ਹਦੀ ਕਲਾ ਦਾ ਸਿਰਫ਼
    ਜੈਕਾਰਾ ਨਹੀਂ ,ਹੁੰਗਾਰਾ ਬਣੋ।
    ਸਫ਼ਲਤਾ ਸਬਰ ਮੰਗਦੀ ਹੈ।

    ਖੁਦਕੁਸ਼ੀ ਕਰਨ ਲਈ ਤਾਂ
    ਬਹੁਤਾ ਕੁਝ ਕਰਨ ਦੀ ਲੋੜ ਨਹੀਂ,
    ਅਸੰਤੁਸ਼ਟੀ ਤੇ ਕਾਇਰਤਾ ਹੀ
    ਬਹੁਤ ਹੈ ਏਸ ਕਦਮ ਲਈ।
    ਜਿੰਦਗੀ ਨੂੰ ਜਿਊਣ ਲਈ
    ਬਹਾਦਰੀ ,ਜ਼ਿੰਦਾਦਿਲੀ ਤੇ
    ਰੂਹ ਚ ਪੂਰਾ ਬਲ ਚਾਹੀਦਾ।
    ਪਰ ਪਹਿਲਾਂ ਆਪ ਤਾਂ ਇਹ ਸਬਕ ਸਿੱਖੀਏ ਔਲਾਦ ਚ ਆਪੇ ਪਹੁੰਚ ਜਾਵੇਗਾ।
    ਆਲੇ-ਦੁਆਲੇ ਸੋਚ ਸੁਗੰਧੀ ਫੈਲਾਉ।

    ਖ਼ੁਦਕੁਸ਼ੀ ਕਰਨ ਵਾਲਾ
    ਇਕ ਵਾਰ ਮਰਦਾ
    ਪਰ ਪਿਛੇ ਰਹਿ ਗਏ ਹਰ ਪਲ
    ਤਿਲ ਤਿਲ ਮਰਦੇ।
    ਮਾਂ-ਬਾਪ ਪੌਦੇ ਨੂੰ ਰੁੱਖ ਬਣਨ ਤੱਕ
    ਆਪਣੇ ਖ਼ੂਨ ਨਾਲ ਸਿੰਜਦੇ ਨੇ।
    ਪਰ ਜੀਵਨ ਲੀਲ੍ਹਾ ਖਤਮ ਕਰਨ ਲੱਗਿਆਂ ਤੁਸੀਂ ਇਕ ਪਲ ਵੀ ਨਹੀਂ ਸੋਚਦੇ।
    ਤੁਹਾਡੇ ਜੀਵਨ ਤੇ ਉਨ੍ਹਾਂ ਦਾ ਵੀ ਹੱਕ ਹੈ।
    ਜਦ ਮੌਤ ਆਈ ਉਦੋਂ ਤਾਂ ਮਰ ਈ ਜਾਣਾ
    ਜਿਉਂਦੇ ਜੀ ਤਾਂ ਰੱਜ ਕੇ ਜੀਵੋ।

    ਸ਼ਾਇਰ ਮੋਹਨ ਸਿੰਘ ਦਾ ਧਿਆਨ ਧਰੋ
    ਜੀਵਨ ਸੀ ਇਕੋ ਪਹਿਲੀ ਹੀ ਵਾਰੀ ਚ ਹਾਰਿਆ,
    ਹਾਏ!ਜੇ ਹੋਰ ਹੋਂਵਦੇ ਰੱਜ ਕੇ ਤਾਂ ਹਾਰਦਾ।

    ਨਿਰਾਸ਼ਾ ਦੀ ਖਾਈ ਚ
    ਵੜਨਾ ਸੌਖਾ, ਨਿਕਲਣਾ ਔਖਾ ਹੈ ਜਨਾਬ!
    ਆਪਣੇ ਦੁਆਲੇ ਖਿੜੇ
    ਮਹਿਕਦੇ ਫੁੱਲਾਂ ਜਿਹਾ
    ਘੇਰਾ ਮਜਬੂਤ ਰੱਖੋ
    ਨਿਰਾਸ਼ਾ ਨੂੰ ਅੰਦਰ ਆਉਣ ਦੀ
    ਸਖ਼ਤ ਮਨਾਹੀ ਕਰੋ।
    ਕੋਈ ਝੀਥ ਵੀ ਨਾ ਲੱਭੇ
    ਮਨ ਦੇ ਦੁਆਰ।

    ਦੂਜਾ ਕਦੇ ਨਹੀਂ ਹਰਾ ਸਕਦਾ ਤੁਹਾਨੂੰ
    ਜਿੰਨਾ ਚਿਰ ਤੁਸੀਂ ਆਪ ਨਹੀਂ ਹਾਰਦੇ।
    ਮਨ ਜਿੱਤਿਆਂ ਜਿੱਤ ਹੈ
    ਤੇ ਮਨ ਹਾਰਿਆਂ ਹਾਰ, ਹਾ ਹਾ ਕਾਰ।
    ਜਿੰਦ ਤੁਰਦੀ ਹੀ ਚੰਗੀ ਲੱਗਦੀ ਐ।
    ਜਿਵੇਂ ਨਦੀ ਵਗਦੀ ਹੋਈ,
    ਹਵਾ ਰੁਮਕਦੀ ਸਹਿਜ ਸੁਭਾਅ।
    ਝੀਲ ਕੰਢਿਆਂ ਤੀਕ ਭਰੀ ਹੋਈ।
    ਰੂਹ ਮੁਹੱਬਤ ਚ ਭਿੱਜੀ ਸਰਸ਼ਾਰ ਹੋਈ।
    ਸੋਹਣੀ ਤੋਰ ਤੁਰਦੀ ਹੋਈ,
    ਮਿੱਠੇ ਗੀਤ ਦੀ ਰਸੀਲੀ ਤਰਜ਼ ਜਹੀ।
    ਮਾਹੀ ਦੀ ਬੁੱਕਲ ਚ ਸਾਂਝੇ ਭੇਤ ਜਹੀ।
    ਅੰਬਰੋਂ ਝਾਤੀਆਂ ਮਾਰਦੇ
    ਚੰਨ ਤਾਰਿਆਂ ਦੇ ਹੁੰਗਾਰੇ ਜਹੀ।
    ਧਰਤ ਤੇ ਚੌਧਵੀਂ ਦੇ ਚੰਨ ਦੀਆਂ
    ਰੇਸ਼ਮੀ ਕਿਰਨਾਂ ਦੇ
    ਮਖ਼ਮਲੀ ਬਿਸਤਰ ਜਹੀ।
    ਉਦਾਸ ਨਾ ਹੋ!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!