14.2 C
United Kingdom
Saturday, September 5, 2026

More

    ਬਿਨਾਂ ਸਹੂਲਤ ਲਾਈ ਆਂਗਣਵਾੜੀ ਵਰਕਰਾਂ ਦੀ ਕੋਰੋਨਾ ਚੇਤਨਾ ਡਿਊਟੀ


    ਅਸ਼ੋਕ ਵਰਮਾ
    ਸ੍ਰੀ ਮੁਕਤਸਰ ਸਾਹਿਬ

    ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਖਾਤਮਾ ਕਰਨ ਲਈ ਲਾਈਆਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜਾ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਂਜ ਤਾਂ ਕੋਰੋਨਾ ਦੇ ਖਿਲਾਫ਼ ਜੰਗ ਲੜਨ ਵਾਲਿਆਂ ਨੂੰ ਕੋਰੋਨਾ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ, ਪਰ ਜੰਗ ਲੜਨ ਵਾਲੇ ਇਹਨਾਂ ਯੋਧਿਆਂ ਦੇ ਕੋਲ ਹਥਿਆਰ ਨਹੀ ਹਨ ਜਿਸ ਦੀ ਮਿਸਾਲ ਆਂਗਣਵਾੜੀ ਵਰਕਰਾਂ ਤੋਂ ਮਿਲਦੀ ਹੈ। ਯੂਨੀਅਨ ਦਾ ਪ੍ਰਤੀਕਰਮ ਹੈ ਕਿ  ਪੰਜਾਬ ਸਰਕਾਰ ਵੱਲੋਂ ਸਰਕਾਰ ਨੇ ਮਿਸ਼ਨ ਫਤਿਹ ਤਹਿਤ ਇਹਨਾਂ ਵਰਕਰਾਂ/ਹੈਲਪਰਾਂ ਦੀ ਡਿਊਟੀ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਤੇ ਸੁਚੇਤ ਕਰਨ ਲਈ ਲਗਾਈ ਹੈ ਪਰ ਕੋਈ ਸਾਜੋ-ਸਮਾਨ ਨਹੀ ਦਿੱਤਾ ਗਿਆ ਜਦੋਂਕਿ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਨਾਮ ਹੇਠ ਉਨਾਂ ਨੂੰ ਬਲਦੀ ਦੇ ਬੁੱਥੇ ਸੁੱਟ ਦਿੱਤਾ ਗਿਆ ਹੈ।
                           ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਉਨਾਂ ਕੋਲ ਸੈਨੇਟਾਈਜਰ ਅਤੇ ਦਸਤਾਨੇ ਨਹੀ ਹਨ ਤੇ ਕੋਈ ਹੋਰ ਸਮਾਨ ਵੀ ਨਹੀ ਹੈ। ਉਨਾਂ ਆਖਿਆ ਕਿ ਸਰਕਾਰ ਮਿਸ਼ਨ ਫਤਿਹ ਦੀ ਮਸ਼ਹੂਰੀ ਜਿਆਦਾ ਕਰ ਰਹੀ ਹੈ ਪਰ ਜਮੀਨੀ ਹਕੀਕਤ ਇਸ ਦੇ ਉਲਟ ਹੈ। ਉਨਾਂ ਕਿਹਾ ਕਿ ਡਿਊਟੀ ਕਰਨਾ ਵਰਕਰਾਂ ਦਾ ਫਰਜ ਹੈ, ਪਰ ਅਧਿਕਾਰ ਕੋਈ ਨਹੀ। ਹਾਸੋਹੀਣੀ ਗੱਲ ਤਾਂ ਇਹ ਵੀ ਹੈ ਕਿ ਸਰਕਾਰ ਦਾ ਫੁਰਮਾਨ ਹੈ ਕਿ ਡਿਊਟੀ ਦੌਰਾਨ ਵਰਕਰਾਂ ਵਰਦੀ ਪਾ ਕੇ ਤੇ ਬੈਂਜ ਲਾ ਕੇ ਜਾਣ ਪਰ ਵਰਦੀਆਂ ਵਰਕਰਾਂ ਕਿੱਥੋਂ ਪਾਉਣ ਕਿਉਂਕਿ ਵਰਦੀ ਲਈ ਸਰਕਾਰ ਤਿੰਨਾਂ ਮਹੀਨਿਆਂ ਬਾਅਦ ਇਕ ਵਰਕਰ ਨੂੰ ਸਿਰਫ਼ 200 ਰੁਪਏ ਦਿੰਦੀ ਹੈ। ਉਨਾਂ ਆਖਿਆ ਕਿ ਦੋ ਸੌ ਰੁਪਏ ਵਿਚ ਕਿਥੋ ਕੱਪੜਾ ਆਊ ਤੇ ਕਿੱਥੋ ਵਰਦੀ ਸਵਾਈ ਜਾਊ ਜਦੋਂਕਿ  ਬੈਂਜ ਵੀ ਸਰਕਾਰ ਨੇ ਥੋੜੇ ਜਿਹੇ ਦਿੱਤੇ ਆ। ਉਨਾਂ ਆਖਿਆ ਕਿ  ਪੰਜਾਂ ਰੁਪਏ ਦਾ ਬੈਂਜ ਹੈ ਜਿਸ ਬਾਰੇ ਵੀ ਕਿਹਾ ਗਿਆ ਹੈ ਕਿ ਵਰਕਰਾਂ ਇਕ ਦੂਜੀ ਕੋਲੋਂ ਲੈ ਕੇ ਵੰਡ ਕੇ ਸਾਰ ਲੈਣ।
                             ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਚਿੰਤਾ ਜਤਾਈ ਕਿ ਵਰਕਰਾਂ ਆਪਣੀ ਜਾਨ ਜੋਖਮ ਵਿਚ ਪਾ ਕੇ ਕੰਮ ਕਰ ਰਹੀਆਂ ਹਨ ਜਦ ਕਿ ਉਹਨਾਂ ਨੂੰ ਸਮਾਨ ਦੀ ਜ਼ਰੂਰਤ ਹੈ। ਵਰਕਰਾਂ ਲੋਕਾਂ ਦੇ ਘਰਾਂ ਵਿਚ ਜਾ ਰਹੀਆਂ ਹਨ, ਉਹ ਖੁਦ ਤਾਂ ਬਿਮਾਰ ਹੋਣਗੀਆਂ ਹੀ, ਉਲਟਾ ਇਕ ਘਰ ਤੋਂ ਦੂਜੇ ਘਰ ਜਾ ਕੇ ਬਿਮਾਰੀ ਹੋਰ ਫ਼ੈਲਣ ਦਾ ਵੀ ਖਤਰਾ ਹੈ। ਉਨਾਂ ਵਰਕਰਾਂ ਨੂੰ ਪੂਰਾ ਸਾਮਾਨ ਮੁਹੱਈਆਂ ਕਰਵਾਉਣ, ਇਹ ਅਤੇ ਵਰਕਰਾਂ/ਹੈਲਪਰਾਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕਰਨ ਦੀ ਮੰਗ ਕੀਤੀ । ਉਹਨਾਂ ਕਿਹਾ ਕਿ ਹੋਰਨਾਂ ਰਾਜਾਂ ਵਿਚ ਵਰਕਰਾਂ ਨੂੰ ਸਮਾਰਟ ਫੋਨ ਦਿੱਤਿਅਂ 7 ਸਾਲ ਹੋ ਗਏ ਪਰ ਪੰਜਾਬ ਵਿਚ ਅੱਜ ਤੱਕ ਰਾਹ ਤੱਕ ਰਹੀਆਂ ਹਨ ਜਦੋਂਕਿ  ਵਰਕਰਾਂ ਨੂੰ ਕੋਵਿਡ ਐਪ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ ਹੈ ਜੋਕਿ ਕਿਸ ਤੇ ਡਾਊਨਲੋਡ ਕੀਤਾ ਜਾਏ। ਹਰਗੋਬਿੰਦ ਕੌਰ ਨੇ ਦੁੱਖ ਜਤਾਇਆ ਕਿ ਅਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤਾਂ ਮੋਬਾਇਲ ਭੱਤਾ ਵੀ ਨਹੀ ਦਿੱਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!