ਇਕਾਂਤਵਾਸ ਤੇ ‘ਹੋਮ ਆਈਸੋਲੇਸ਼ਨ’ ਵਿਚ ਅਣਗਿਹਲੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਵਧੀਕ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸ਼ੱਕੀ ਵਿਅਕਤੀਆਂ, ਜਿੰਨਾ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਵੀ ਸ਼ਾਮਿਲ ਹਨ, ਨੂੰ ਘਰਾਂ ਵਿਚ ਇਕਾਂਤਵਾਸ ਕਰਨ ਤੋਂ ਇਲਾਵਾ ਉਹ ਵਿਅਕਤੀ, ਜੋ ਕਿ ਕੋਵਿਡ-19 ਟੈਸਟ ਵਿਚ ਪਾਜ਼ੀਟਵ ਆਏ ਹਨ, ਪਰ ਉਨਾਂ ਵਿਚ ਕੋਵਿਡ ਦੇ ਲੱਛਣ, ਜਿਵੇਂ ਕਿ ਗਲਾ ਖਰਾਬ, ਖੰਘ, ਜ਼ੁਕਾਮ, ਬੁਖਾਰ ਆਦਿ ਨਹੀਂ ਹਨ, ਨੂੰ ਘਰਾਂ ਵਿਚ ਆਈਸੋਲੇਟ ਕੀਤਾ ਜਾ ਸਕਦਾ ਹੈ, ਪਰ ਇਸ ਲਈ ਸਿਹਤ ਵਿਭਾਗ ਤੇ ਸੈਕਟਰ ਮੈਜਿਸਟਰੇਟ ਵੱਲੋਂ ਘਰ ਦੀ ਜਾਂਚ ਕੀਤੀ ਜਾਵੇਗੀ। ਡਾ. ਹਿਮਾਂਸ਼ੂ ਨੇ ਕਿਹਾ ਕਿ ਇਸ ਤੋਂ ਇਲਾਵਾ ਮਰੀਜ ਨੂੰ ਘਰ ਵਿਚ ਆਈਸੋਲੇਟ ਕਰਦੇ ਸਮੇਂ ਇਸ ਗੱਲ ਦਾ ਧਿਆਨ ਵੀ ਰੱਖਿਆ ਜਾਵੇ ਕਿ ਉਕਤ ਮਰੀਜ਼ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ, ਹਾਈਪਰਟੇਨਸ਼ਨ ਵਗੈਰਾ ਦੀ ਕੋਈ ਹੋਰ ਬਿਮਾਰੀ ਨਾ ਹੋਵੇ।
ਉਨਾਂ ਕਿਹਾ ਕਿ ਦੋਵੇਂ ਵਿਭਾਗਾਂ ਦੇ ਅਧਿਕਾਰੀ ਸਬੰਧਤ ਦੇ ਘਰ ਪਹੁੰਚ ਕੇ ਇਹ ਗੱਲ ਯਕੀਨੀ ਬਨਾਉਣਗੇ ਕਿ ਉਸ ਘਰ ਵਿਚ ਖੁੱਲਾ ਮਾਹੌਲ, ਮਰੀਜ਼ ਲਈ ਵੱਖਰਾ ਕਮਰਾ, ਬਾਥਰੂਮ, ਧੁੱਪ-ਹਵਾ ਆਦਿ ਦੀ ਪਹੁੰਚ ਹੈ ਕਿ ਨਹੀਂ। ਉਨਾਂ ਕਿਹਾ ਕਿ ਦੋਵਾਂ ਅਧਿਕਾਰੀਆਂ ਵੱਲੋਂ ਜੇਕਰ ਉਕਤ ਮਾਹੌਲ ਨੂੰ ਮਰੀਜ਼ ਲਈ ਢੁੱਕਵਾਂ ਮੰਨ ਲਿਆ ਜਾਂਦਾ ਹੈ, ਤਾਂ ਹੀ ਮਰੀਜ ਨੂੰ ਘਰ ਵਿਚ ਆਇਸੋਲੇਟ ਕੀਤਾ ਜਾਵੇਗਾ।
ਇਸ ਮੁੱਦੇ ਉਤੇ ਸਿਹਤ ਵਿਭਾਗ, ਸੈਕਟਰ ਮੈਜਿਸਟੇਰਟ, ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਕੀਤੀ ਗੱਲਬਾਤ ਵਿਚ ਉਨਾਂ ਕਿਹਾ ਕਿ ਇਹ ਦੋਵੇਂ ਅਜਿਹੇ ਵਿਸ਼ੇ ਹਨ, ਜਿੰਨਾ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਜੋ ਵੀ ਅਧਿਕਾਰੀ ਕਿਸੇ ਘਰ ਨੂੰ ਇਕਾਂਤਵਾਸ ਤੇ ਆਈਸੋਲੇਸ਼ਨ ਲਈ ਢੁੱਕਵਾਂ ਕਰਾਰ ਦੇਵੇਗਾ, ਉਹ ਆਪਣੀ ਰਿਪੋਰਟ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ ਅਤੇ ਕਿਸੇ ਵੇਲੇ ਵੀ ਉਸ ਦੀ ਜਾਂਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਕਤ ਤੋਂ ਇਲਾਵਾ ਸੈਕਟਰ ਮੈਜਿਸਟਰੇਟ ਸਮੇਂ-ਸਮੇਂ ਆਪ ਜਾਂਚ ਕਰਨਗੇ ਕਿ ਕੀ ਉਹ ਸ਼ੱਕੀ ਵਿਅਕਤੀ ਜਾਂ ਮਰੀਜ਼ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਹੈ ਕਿ ਨਹੀਂ। ਉਨਾਂ ਕਿਹਾ ਕਿ ਜੇਕਰ ਉਨਾਂ ਨੂੰ ਕੋਈ ਵੀ ਅਣਗਿਹਲੀ ਨਜ਼ਰ ਪਵੇ ਤਾਂ ਉਹ ਸਬੰਧਤ ਵਿਅਕਤੀ ਨੂੰ ਸਰਕਾਰੀ ਕੇਂਦਰਾਂ ਵਿਚ ਤਰੁੰਤ ਤਬਦੀਲ ਕਰਨਗੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਫ਼ਤਿਹ ਤਹਿਤ ਉਨਾਂ ਦੀਆਂ ਟੀਮਾਂ ਵੀ ਸਬੰਧਤ ਘਰਾਂ ਵਿਚ ਸਮੇਂ-ਸਮੇਂ ਜਾ ਕੇ ਮਰੀਜ਼ ਦੀ ਸਿਹਤ ਦਾ ਨਿਰੀਖਣ ਕਰਨ ਤੋਂ ਇਲਾਵਾ ਮਰੀਜ਼ ਨੂੰ ਮਾਨਸਿਕ ਤੌਰ ਉਤੇ ਮਜ਼ਬੂਤ ਕਰਨ ਲਈ ਉਸਦੀ ਕੌਂਸਲਿੰਗ ਕਰਨਗੀਆਂ। ਇਸ ਮੌਕੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਡਾ. ਮਦਨ ਮੋਹਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।