ਪੰੰਜ ਨਵੇਂ ਮਾਮਲਿਆਂ ਚੋਂ 4 ਪੁਲਿਸ ਕਰਮਚਾਰੀ
ਅਸ਼ੋਕ ਵਰਮਾ
ਬਠਿੰਡਾ ,17 ਜੂਨ । ਬਠਿੰਡਾ ਜਿਲੇ ਦੇ ਪੁਲਿਸ ਮੁਲਾਜਮਾਂ ਤੇ ਕਰੋਨਾ ਵਾਇਰਸ ਨੇ ਅੱਜ ਵੱਡਾ ਹੱਲਾ ਬੋਲਿਆ ਹੈ। ਜਿਲੇ ’ਚ ਅੱਜ ਕੋਵਿਡ 19 ਬਿਮਾਰੀ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ ਜਿੰਨਾਂ ਚੋਂ ਚਾਰ ਪੁਲਿਸ ਮੁਲਾਜਮ ਅਤੇ ਇੱਕ ਮਰੀਜ ਹਸਪਤਾਲ ਨਾਂਲ ਸਬੰਧਤ ਹੈ ਜੋਕਿ ਫਰੀਦਾਬਾਦ ਚੋਂ ਪਰਤਿਆ ਸੀ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜਾਣਕਾਰੀ ਦਿੰੰਦਿਆਂ ਦੱਸਿਆ ਕਿ ਇਸ ਨਾਲ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਘੱਟ ਤੋਂ ਘੱੱਟ ਬਾਹਰ ਨਿਕਲਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜੋ 5 ਲੋਕ ਪਾਜਿਟਿਵ ਆਏ ਹਨ ਉਨਾਂ ਵਿਚ 4 ਪੁਲਿਸ ਮੁਲਾਜ਼ਮ ਹਨ, ਅਤੇ ਇਕ ਵਿਅਕਤੀ ਫਰੀਦਾਬਾਦ ਤੋਂ ਪਰਤਿਆ ਸੀ। ਫਰੀਦਾਬਾਦ ਤੋਂ ਪਰਤਿਆ ਸਖ਼ਸ ਆਪਣੇ ਘਰ ਵਿਚ ਇਕਾਂਤਵਾਸ ਵਿਚ ਸੀ ਅਤੇ ਆਪਣੇ ਕੰਮ ਵਾਲੀ ਥਾਂ ਨਹੀਂ ਗਿਆ ਸੀ। ਪੰਜਾਂ ਵਿਚੋਂ ਤਿੰਨ ਪੁਰਸ਼ ਅਤੇ 2 ਔਰਤਾਂ ਹਨ ਅਤੇ ਸਾਰੇ ਬਾਲਗ ਹਨ।
ਇਸ ਸਬੰਧੀ ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਦੱਸਿਆ ਕਿ 4 ਪੁਲਿਸ ਮੁਲਾਜਮਾਂ ਦੇ ਕਰੋਨਾ ਪਾਜਿਟਿਵ ਆਉਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਸਾਰੇ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ। ਇਸ ਤਹਿਤ ਲਗਭਗ 4 ਦਰਜਨ ਪੁਲਿਸ ਕਰਮਚਾਰੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਹਿਲਾ ਥਾਣੇ ਦੇ ਸਾਰੇ ਸਟਾਫ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਅਤੇ ਥਾਣੇ ਨੂੰ ਸੈਨੇਟਾਈਜ ਕੀਤਾ ਜਾਵੇਗਾ। ਇੱਥੇ ਨਵੇਂ ਐਸਐਚਓ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਚਾਰਾਂ ਵਿਚੋਂ ਇਕ ਮੁਲਾਜਮ ਇਸ ਥਾਣੇ ਤੋਂ ਸੀ। ਇਸੇ ਤਰਾਂ ਇਕ ਮੁਲਾਜਮ ਵਰਧਮਾਨ ਚੌਕੀ ਨਾਲ ਸਬੰਧਤ ਸੀ ਜਿਸ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕੈਂਟ ਅਤੇ ਸਿਵਲ ਲਾਈਨ ਥਾਣੇ ਦਾ ਇਕ ਇਕ ਮੁਲਾਜਮ ਪਿਛਲੇ ਦਿਨੀ ਥਾਣੇ ਤੋਂ ਬਾਹਰ ਡਿਊਟੀ ਤੇ ਸੀ ਅਤੇ ਥਾਣੇ ਨਹੀਂ ਗਿਆ ਹੈ ਫਿਰ ਵੀ ਇੰਨਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।