13.1 C
United Kingdom
Sunday, June 7, 2026

More

    ਵਰ੍ਹਦੀ ਅੱਗ ਦੌਰਾਨ ਝੋਨੇ ਦੇ ਖੇਤਾਂ ‘ਚੋਂ ਤਕਦੀਰ ਤਲਾਸ਼ਦੇ ਪਾੜੇ

    ਅਸ਼ੋਕ ਵਰਮਾ
    ਬਠਿੰਡਾ, 17 ਜੂਨ। ਸਰਕਾਰਾਂ ਵੱਲੋਂ ਬਾਲਾਂ ਦੀ ਭਲਾਈ ਦੇ ਦਾਅਵਿਆਂ ਦੌਰਾਨ ਦਰਜਨਾਂ ਸਕੂਲੀ ਬੱਚੇ ਵਰਦੀ ਅੱਗ ਦੇ ਦਿਨਾਂ ’ਚ ਝੋਨਾ ਲਾ ਰਹੇ ਹਨ। ਹਾਲਾਂਕਿ ਤਕੜੇ ਘਰਾਂ ਦੇ ਬੱਚੇ ਕਰੋਨਾ ਸੰਕਟ ਮੌਕੇ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹਨ ਜਦੋਂਕਿ ਢਿੱਡ ਦੀ ਅੱਗ ਮੂਹਰੇ ਗਰੀਬ ਪ੍ਰੀਵਾਰਾਂ ਨੂੰ ਵਾਇਰਸ ਦਾ ਡਰ ਵੀ ਛੋਟਾ ਬਣ ਗਿਆ ਹੈ। ਇਨਾਂ ਬੱਚਿਆਂ ਲਈ ਸਕੂਲਾਂ ਚੋਂ ਕਿਸੇ ਵੀ ਤਰਾਂ ਦੀਆਂ ਛੁੱਟੀਆਂ ਹੋਣ  ਦਾ ਮਤਲਬ ਮਿੱਟੀ ਨਾਲ ਮਿੱਟੀ ਹੋਣਾ ਹੈ। ਅੱਜ ਬਠਿੰੰਡਾ ਪੱਟੀ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ। ਪਿਛਲੇ ਇੱਕ ਹਫਤੇ ਤੋਂ ਤਾਪਮਾਨ 41 ਡਿਗਰੀ ਦੇ ਕਰੀਬ ਹੀ ਚੱਲ ਰਿਹਾ ਹੈ। ਅੱਤ ਦੀ ਗਰਮੀ ’ਚ ਵੀ ਖੇਤ ਮਜ਼ਦੂਰਾਂ ਦੇ ਬੱਚਿਆਂ ਨੂੰ ਆਪਣੀਆਂ ਘਰੇਲੂ ਮਜਬੂਰੀਆਂ ਦੇ ਚਲਦਿਆਂ ਖੇਤਾਂ ‘ਚ ਦਿਹਾੜੀਆਂ ਕਰਨੀਆਂ ਪੈ ਰਹੀਆਂ ਹਨ। ਪਿੰਡ ਖੁੰਡੇ ਹਲਾਲ ਦੀ ਲੜਕੀ ਹਰਮਨਪ੍ਰੀਤ ਕੌਰ ਅੱਜ ਕੱਲ ਝੋਨਾ ਲਾ ਰਹੀ ਹੈ ਅਤੇ ਨਾਲੋ ਨਾਲ ਪੜਨਾ ਵੀ ਨਹੀਂ ਛੱਡਿਆ ਹੈ। ਉਸ ਨੇ ਆਖਿਆ ਕਿ ਜਿਸ ਤਰਾਂ ਦੇ ਹਾਲਾਤ ਹਨ ਉਸ ਹਿਸਾਬ ਨਾਲ ਸਾਰੇ ਟੱਬਰ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਹੈ।
                              ਉਸ ਨੇ ਦੱਸਿਆ ਕਿ ਉਨਾਂ ਦੇ ਪ੍ਰੀਵਾਰਾਂ ਨਾਲ ਸਬੰਧਤ ਹੋਰ ਵੀ ਕਈ ਬੱਚੇ ਗਰਮੀਆਂ ਦੀਆਂ ਛੁੱਟੀਆਂ ‘ਚ ਕੰਮ ਕਰਾਉਂਦੇ ਹਨ ਜਦੋਂਕਿ ਐਤਕੀਂ ਤਾਂ ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਉਸਨੇ ਦੱਸਿਆ ਕਿ ਬੱਚਿਆਂ ਦੇ ਹੱਥ ਵਟਾਉਣ ਨਾਲ ਪੈਸੇ ਵੱਧ ਮਿਲ ਜਾਂਦੇ ਹਨ ਅਤੇ ਕੰਮ ਵੀ ਜਿਆਦਾ ਨਿਬੜਦਾ ਹੈ। ਇਸੇ ਤਰਾਂ ਹੀ ਨੌਵੀਂ ਕਲਾਸ ’ਚ ਪੜਦਾ ਬੱਚਾ ਰੋਹਨਦੀਪ ਸਿੰਘ ਨੂੰ ਵੀ ਮਜਬੂਰੀ ਨੇ ਇਸ ਪਾਸੇ ਪਾਇਆ ਹੈ। ਕਰੋਨਾਂ ਵਾਇਰਸ ਕਾਰਨ ਕੰਮ ਬੰਦ ਹੋ ਗਿਆ ਤਾਂ ਪ੍ਰੀਵਾਰ ਤੇ ਰੋਜੀ ਰੋਟੀ ਦਾ ਸੰਕਟ ਬਣ ਗਿਆ ਸੀ। ਉਸ ਨੇ ਆਖਿਆ ਕਿ ਉਨਾਂ ਦੇ ਤਾਂ ਇਹੋ ਦਿਨ ਹੰੁਦੇ ਹਨ ਜਦੋਂ ਚਾਰ ਛਿੱਲੜਾਂ ਦੀ ਕਮਾਈ ਹੁੰਦੀ ਹੈ।  ਬੱਚਾ ਗੁਰਪ੍ਰੀਤ ਸਿੰਘ ਝੋਨਾ ਲਾ ਰਿਹਾ ਹੈ ਅਤੇ ਜਦੋਂ ਕੁੱਝ ਪਲ ਅਰਾਮ ਕਰਨਾ ਹੁੰੰਦਾ ਹੈ ਤਾਂ ਕਿਤਾਬ ਵੀ ਚੁੱਕ ਲੈਂਦਾ ਹੈ। ਉਸ ਨੇ ਆਖਿਆ ਕਿ ਸਕੂਲ ਬੰੰਦ ਹੋਣ ਕਾਰਨ ਪੜਨਾਂ ਬੰਦ ਹੋ ਗਿਆ ਅਤੇ ਆਨਲਾਈਨ ਪੜਨ ਲਈ ਮੋਬਾਇਲ ਖਰੀਦਣ ਵਾਸਤੇ ਪੈਸੇ ਨਹੀਂ ਹਨ। ਉਸ ਨੇ ਆਖਿਆ ਕਿ ਇਸੇ ਕਰਕੇ ਉਹ ਆਪਣਾਂ ਵਕਤ ਘਰ ਦੇ ਆਰਥਿਕ ਸੰਕਟ ਨੂੰ ਘਟਾਉਣ ਲਈ ਝੋਨਾ ਲਾਉਣ ਲੱਗਿਆ ਹੈ।
                            ਦੇਖਿਆ ਗਿਆ ਕਿ ਕਾਫੀ ਪਿੰਡਾਂ ’ਚ ਸਰਕਾਰੀ ਸਕੂਲਾਂ ’ਚ ਪੜਦੇ ਬੱਚੇ ਮਾਪਿਆਂ ਦੇ ਨਾਲ ਕੰਮ ਕਰਵਾਉਣ ’ਚ ਜੁਟੇ ਹੋਏ ਹਨ। ਬਠਿੰਡਾ ਜਿਲੇ ਦੇ ਪਿੰਡ ਮਹਿਰਾਜ ਦਾ ਬੱਚਾ ਹਰਜੀਤ ਸਿੰਘ ਨਰਮੇ ਦੀ ਗੋਡੀ ਕਰਾ ਰਿਹਾ ਹੈ ।ਹਰਜੀਤ  ਸਿੰਘ ਦਾ ਕਹਿਣਾ ਸੀ ਕਿ ਕਮਾਈ ਨਾਲ ਘਰ ਚੱਲਦਾ ਹੈ ਅਤੇ ਮੁਸ਼ਕਲਾਂ ਘਟਦੀਆਂ ਹਨ। ਇਸ ਪਿੰਡ ਦਾ ਹੀ ਸਰਕਾਰੀ ਸਕੂਲ ’ਚ ਪੜਦਾ ਵਿਦਿਆਰਥੀ ਖੇਤਾਂ ‘ਚ ਝੋਨਾ ਲਵਾ ਰਿਹਾ ਹੈ।  ਇਹ ਲੜਕਾ ਨੇ ਝੋਨਾ ਲਾ ਕੇ ਕੀਤੀ ਕਮਾਈ ਨਾਲ ਕਿਤਾਬਾਂ ,ਕਾਪੀਆਂ ਅਤੇ ਕੱਪੜੇ ਆਦਿ ਖ਼ਰੀਦਣ ਦੀ ਇੱਛਾ ਰੱਖਦਾ ਹੈ। ਉਸ ਦੇ ਦੋ ਭਰਾ ਵੀ ਹਨ ਜੋ ਸਕੂਲ ਪੜਦੇ ਹਨ ਤੇ ਛੁੱਟੀ ਵਾਲੇ ਦਿਨ ਦਿਹਾੜੀ ਕਰ ਲੈਂਦੇ ਹਨ।।ਪਿੰਡ ਕਲਿਆਣ ਦੇ ਮਜ਼ਦੂਰ ਪ੍ਰੀਵਾਰ  ਦੇ ਸਕੂਲ ਪੜਦੇ ਤਿੰਨ ਬੱਚੇ ਵੀ ਇਨਾਂ ਦਿਨਾਂ ‘ਚ ਮਾਪਿਆਂ ਨਾਲ ਝੋਨਾ ਲਵਾਉਣ ਗਏ ਹੋਏੇ ਹਨ। ਬੱਚਿਆਂ ਦਾ ਕਹਿਣਾ ਸੀ ਕਿ ਇਹੋ ਚਾਰ ਦਿਨ ਕੰਮ ਕਰਨ ਦੇ ਹਨ। ਖਾਸ ਤੌਰ ਤੇ ਐਤਕੀਂ ਚੰਗੀ ਮਜਦੂਰੀ ਮਿਲ ਰਹੀ ਹੈ ਤਾਂ ਕਿਉਂ ਨਾ ਇਸਦਾ ਲਾਹਾ ਲਿਆ ਜਾਵੇ।
                     ਆਰਥਿਕ ਮਜਬੂਰੀਆਂ ਵੱਡਾ ਕਾਰਨ
    ਲੋਕ ਮੋਰਚਾ ਪੰਜਾਬ ਦੇ ਆਗੂ ਅਤੇ ਈਟੀਟੀ ਅਧਿਆਪਕ ਗੁਰਮਖ ਸਿੰਘ ਦਾ ਕਹਿਣਾ ਸੀ ਕਿ ਪਿੰਡਾਂ ਵਿਚਲੇ ਸਰਕਾਰੀ ਸਕੂਲਾਂ ‘ਚ ਬਹੁਤੇ ਬੱਚੇ ਗਰੀਬ ਘਰਾਂ ਦੇ ਹੀ ਪੜਦੇ ਹਨ ਜਿੰਨਾਂ ਲਈ ਛੁੱਟੀਆਂ ਖੁਸ਼ੀ ਨਹੀਂ ਸਗੋਂ ਕੰਮ ਦਾ ਜਰੀਆ ਬਣਦੀਆਂ ਹਨ। ਉਨਾਂ ਕਿਹਾ ਕਿ ਦਲਿਤ ਪਰਿਵਾਰਾਂ ਦੇ ਬੱਚੇ ਤਾਂ ਆਪਣੀ ਰੋਜ਼ੀ ਰੋਟੀ ਦੇ ਜੁਗਾੜ ‘ਚ ਹੀ ਹਰ ਸਾਲ ਦਿਹਾੜੀਆਂ ਕਰਦੇੇ ਹਨ। ਉਨਾਂ ਕਿਹਾ ਕਿ ਛੁੱਟੀਆਂ ‘ਚ ਮੌਜ ਮਸਤੀ ਕਰਨ ਦੇ ਅਰਮਾਨ ਤਾਂ ਇਨਾਂ ਦੇ ਦਿਲ ‘ਚ ਵੀ ਹੁੰਦੇ ਹਨ ਪ੍ਰੰਤੂ ਜੇਬ ਇਜਾਜ਼ਤ ਨਹੀਂ ਦਿੰਦੀ। ਉਨਾਂ ਕਿਹਾ ਕਿ ਹੇਠਲੇ ਪੱਧਰ ਦੇ ਕਿਸਾਨ ਤੇ ਮਜਦੂਰ ਪ੍ਰੀਵਾਰਾਂ ਦੇ ਬੱਚਿਆਂ ਲਈ ਖੇਤਾਂ ਵਿੱਚ ਕੰਮ ਕਰਨਾ ਮਜਬੂਰੀ ਤੇ ਮਾਪਿਆਂ ਨੂੰ  ਲਾਹਾ ਹੁੰਦਾ ਹੈ।
                     ਢਿੱਡ ਦਾ ਫਿਕਰ ਪਾਉਂਦਾ ਬਚਪਨ ਨੂੰ ਇਸ ਰਾਹ
    ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਸੀ ਕਿ ਅਨੁਸਾਰ ਸਰਕਾਰੀ ਸਕੂਲਾਂ ‘ਚ ਜਿਆਦਾਤਰ ਬੱਚੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਜਦੋਂ ਵੀ ਹਾੜੀ ਸਾਉਣੀ ਮੌਕੇ ਕੰਮ ਦਾ ਸੀਜ਼ਨ ਆਉਂਦਾ ਹੈ, ਉਦੋਂ ਇੰਨਾਂ ਦੇ ਮਾਪਿਆਂ ਦੀ ਦਿਲਚਸਪੀ ਵੀ ਦਿਹਾੜੀ ‘ਚ ਵੱਧ ਜਾਂਦੀ ਹੈ।  ਸ੍ਰੀ ਖੁੰਡੇ ਹਲਾਲ ਨੇ ਕਿਹਾ ਕਿ ਬੱਚਿਆਂ ਨੂੰ ਵਧੇਰੇ ਫਿਕਰ ਰੋਜ਼ੀ ਰੋਟੀ ਦਾ ਹੁੰਦਾ ਹੈ ਜਿਸ ਕਰਕੇ ਉਹ ਆਰਥਿਕ ਮਜਬੂਰੀਆ ਕਾਰਨ ਖੇਤਾਂ ‘ਚ ਮਜ਼ਦੂਰੀ ਕਰਨ ਲਈ ਚਲੇ ਜਾਂਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!