ਕੋਵਾ ਐਪ ਕਰੋ ਡਾਊਨਲੋਡ
ਅੰਮ੍ਰਿਤਸਰ,(ਰਾਜਿੰਦਰ ਰਿਖੀ)

ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਣ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਅਨੇਕਾਂ ਟਿਪਸ ਦਿੱਤੇ ਗਏ ਹਨ ਜਿੰਨਾਂ ਵਿੱਚ ਮੂੰਹ ਤੇ ਮਾਸਕ ਪਾਉਣਾ, ਹੱਥਾਂ ਨੂੰ ਸਮੇਂ ਸਮੇਂ ਸਿਰ ਸਾਫ ਕਰਨਾ, ਹੱਥ ਨਾ ਮਿਲਾਉਣਾ, ਜਨਤਕ ਥਾਂਵਾਂ ਤੇ ਥੁੱਕਣ ਤੋਂ ਪ੍ਰਹੇਜ, ਗੱਲਵਕੜੀ ਆਦਿ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਹੋਰ ਵਧੇਰੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਣ ਲਈ ਸਰਕਾਰ ਵੱਲੋਂ ਕਰੋਨਾ ਵਾਰੀਅਰਜ਼ ਚੁਣੇ ਜਾਣੇ ਹਨ। ਇਸ ਲਈ ਲੋਕਾਂ ਵੱਲੋਂ ਆਪਣੇ ਮੋਬਾਇਲ ਫੋਨ ਤੇ ਪਲੇਅ ਸਟੋਰ ਵਿੱਚ ਕੋਵਾ ਐਪ ਡਾਊਨਲੋਡ ਕੀਤਾ ਜਾਣਾ ਹੈ ਜਿਸ ਵਿੱਚ ਹਰੇਕ ਵਿਅਕਤੀ ਵੱਲੋਂ ਕੋਵਾ ਐਪ ‘ਤੇ ਮਿਸ਼ਨ ਫਤਿਹ ਕਲਿਕ ਕਰਨਾ ਹੈ ਜਿਸ ਨਾਲ ਵਿਅਕਤੀ ਦਾ ਨਾਮ ਅਤੇ ਮੋਬਾਇਲ ਨੰਬਰ ਆਪਣੇ ਆਪ ਆ ਜਾਵੇਗਾ ਅਤੇ ਉਸ ਵਿਅਕਤੀ ਨੂੰ ਸਿਰਫ ਆਪਣੇ ਘਰ ਦਾ ਪਤਾ ਅਤੇ ਆਪਣੀ ਫੋਟੋ ਡਾਊਨਲੋਡ ਕਰਕੇ ਸਬਮਿੱਟ ਕਰਨੀ ਹੈ। ਇਸ ਉਪਰੰਤ ਦਰਜ ਹਦਾਇਤਾਂ ਤੇ ਕਲਿਕ ਕਰਕੇ ਉਸ ਨੂੰ ਸਬਮਿੱਟ ਕਰਨਾ ਹੈ। ਉਨਾਂ ਦੱਸਿਆ ਕਿ ਇਹ ਕੰਮ ਲਗਾਤਾਰ 28 ਦਿਨ ਤੱਕ ਕੀਤਾ ਜਾਣਾ ਹੈ।
ਢਿਲੋਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 25 ਮਿਸ਼ਨ ਵਾਰੀਅਰਜ਼ ਨੂੰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ ਅਤੇ ਉਨਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਹਸਤਾਖਰ ਵਾਲਾ ਅਤੇ ਚੁਣੇ ਗਏ ਵਿਅਕਤੀ ਦੀ ਫੋਟੋ ਵਾਲਾ ਗੋਲਡ, ਸਿਲਵਰ ਅਤੇ ਬਰੌਨਜ਼ ਸਰਟੀਫਿਕੇਟ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਵਾ ਐਪ ਤੇ ਰੋਜਾਨਾ ਡਾਊਨਲੋਡ ਕਰਨ ਵਾਲੇ ਵਿਅਕਤੀ ਦੀ ਚੋਣ ਵੀ ਕੀਤੀ ਜਾਵੇਗੀ ਅਤੇ ਉੋਨਾਂ ਨੂੰ ਮਿਸ਼ਨ ਫਤਿਹ ਦੇ ਬੈਚ ਅਤੇ ਟੀ ਸ਼ਰਟ ਵੀ ਦਿੱਤੀ ਜਾਇਆ ਕਰੇਗੀ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਡਾਊਨਲੋਡ ਕਰਨ ਅਤੇ ਸਮਾਜ ਸੇਵਾ ਦੇ ਨਾਲ ਨਾਲ ਸਰਟੀਫਿਕੇਟ ਵੀ ਜਿੱਤਣ। ਢਿਲੋਂ ਨੇ ਕਿਹਾ ਕਿ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰੇ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।
ਇਸ ਸਬੰਧੀ ਅੱਜ ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਇਕ ਟ੍ਰੇਨਿਗ ਵੀ ਆਯੋਜਤ ਕੀਤੀ ਗਈ ਜਿਸ ਵਿੱਚ ਵਿਭਾਗਾਂ ਦੇ ਮੁਖੀਆਂ ਨੂੰ ਕੋਵਾ ਐਪ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਣ। ਮੈਡਮ ਕਾਲੀਆ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿਉਹ ਆਨ ਲਾਈਨ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਕੋਵਾ ਐਪ ਸਬੰਧੀ ਜਾਣਕਾਰੀ ਦੇਣ ਅਤੇ ਇਸ ਸਬੰਧੀ ਆਨ ਲਾਈਨ ਹੀ ਬੱਚਿਆਂ ਕੋਲੋ ਘਰ ਬੈਠੇ ਹੀ ਪੇਟਿੰਗ, ਸਲੋਗਨ ਅਤੇ ਗੀਤ ਦੇ ਮੁਕਾਬਲੇ ਕਰਵਾਏ ਜਾਣ। ਉਨਾ ਸਮੂਹ ਸੀਡੀਪੀਓਜ਼ ਨੂੰ ਕਿਹਾ ਕਿ ਉਹ ਆਂਗਨਵਾੜੀ ਵਰਕਰਾਂ/ਹੈਲਪਰਾਂ ਦੇ ਰਾਹੀਂ ਘਰ ਘਰ ਵਿੱਚ ਜਾ ਕੇ ਇਸ ਮਹਾਂਮਾਰੀ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਕੋਵਾ ਐਪ ਡਾਊਨਲੋਡ ਕਰਵਾਉੋਣ।
ਇਸ ਮੌਕੇ ਜਿਲਾ ਸੂਚਨਾ ਅਫਸਰ ਰਣਜੀਤ ਸਿੰਘ ਤੋਂ ਇਲਾਵਾ ਸਮੂਹ ਸੀਡੀਪੀਓਜ਼ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।