ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

ਮੁਡਿਸਟੋ ਦੇ ਲਾਗਲੇ ਸ਼ਹਿਰ ਸੀਰੀਜ਼ ਦੇ ਵਿੰਡਮੇਰੇ ਅਪਾਰਟਮੈਂਟ ਵਿਚ ਇਕ 55 ਸਾਲਾ ਪੰਜਾਬੀ ਜੰਗਬਹਾਦਰ ਸਿੰਘ ਸੰਧੂ ਨੇ ਆਪਣੀ ਪਤਨੀ ਅਤੇ ਸਤੌਲੇ ਪੁੱਤ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੰਜਾਬ ਮੇਲ ਵੱਲੋਂ ਪ੍ਰਾਪਤ ਕੀਤੀ ਸੂਚਨਾ ਅਨੁਸਾਰ ਜੰਗਬਹਾਦਰ ਸਿੰਘ ਸੰਧੂ ਨੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਆਪਣੀ ਪਤਨੀ ਮਨਪ੍ਰੀਤ ਕੌਰ (34) ਅਤੇ ਸਤੌਲੇ ਪੁੱਤ ਗੁਰਮਨ ਸਿੰਘ (12) ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੁਆਂਢ ਵਿਚ ਰਹਿੰਦੇ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਗੋਲੀ ਚੱਲਣ ਬਾਰੇ ਇਤਲਾਹ ਦਿੱਤੀ। ਜਿਸ ‘ਤੇ ਪੁਲਿਸ ਤੁਰੰਤ ਪਹੁੰਚ ਗਈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਤਿੰਨਾਂ ਦੇ ਸਾਹ ਨਹੀਂ ਚੱਲ ਰਹੇ ਸਨ ਅਤੇ ਪੁਲਿਸ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਹ ਪਰਿਵਾਰ ਵਿੰਡਮੇਰੇ ਅਪਾਰਟਮੈਂਟ, ਜੋ ਕਿ ਰੋਡਿੰਗ ਰੋਡ ਅਤੇ 10th ਸਟਰੀਟ ਵਿਖੇ ਸਥਿਤ ਹੈ, ਵਿਖੇ ਕਿਰਾਏ ‘ਤੇ ਰਹਿੰਦਾ ਸੀ।
55 ਸਾਲਾ ਜੰਗਬਹਾਦਰ ਸਿੰਘ ਸੰਧੂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਉਸ ਦਾ ਇਕ ਲੜਕਾ ਵੀ ਸੀ। ਹੁਣ ਉਸ ਨੇ ਇਹ ਦੂਜਾ ਵਿਆਹ ਕਰਵਾਇਆ ਸੀ। ਪਰ ਮ੍ਰਿਤਕ ਬੱਚਾ ਉਸ ਦਾ ਆਪਣਾ ਨਹੀਂ ਸੀ।
ਜੰਗਬਹਾਦਰ ਸਿੰਘ ਸੰਧੂ ਦਾ ਪਿਛਲਾ ਪਿੰਡ ਰੁੜਕਾਂ ਕਲਾ, ਜ਼ਿਲ੍ਹਾ ਜਲੰਧਰ ਸੀ। ਉਹ ਪਿਛਲੇ 15 ਸਾਲਾਂ ਤੋਂ ਅਮਰੀਕਾ ਰਹਿ ਰਿਹਾ ਸੀ ਅਤੇ ਖੁਦ ਅੰਮ੍ਰਿਤਧਾਰੀ ਸੀ।
ਸੀ.ਸੀ.ਟੀ.ਵੀ. ਤੋਂ ਪ੍ਰਾਪਤ ਹੋਈ ਫੁਟੇਜ ਤੋਂ ਪੁਲਿਸ ਨੂੰ ਪਤਾ ਚੱਲਿਆ ਹੈ ਕਿ ਜੰਗਬਹਾਦਰ ਸਿੰਘ ਸੰਧੂ ਨੇ ਆਪਣੇ ਪਤਨੀ ਅਤੇ ਬੇਟੇ ਨੂੰ ਸੁੱਤੇ ਪਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਉਪਰੰਤ ਉਹ ਆਪਣੇ ਬੈੱਡਰੂਮ ‘ਚ ਗਿਆ ਅਤੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ। ਜੰਗਬਹਾਦਰ ਸਿੰਘ ਸੰਧੂ ਦਾ ਮਨਪ੍ਰੀਤ ਕੌਰ ਨਾਲ ਚਾਰ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮਨਪ੍ਰੀਤ ਕੌਰ 4 ਮਹੀਨੇ ਪਹਿਲਾਂ ਹੀ ਆਪਣੇ ਬੇਟੇ ਗੁਰਮਨ ਸਿੰਘ ਨਾਲ ਅਮਰੀਕਾ ਪਹੁੰਚੀ ਸੀ। ਪੁਲਿਸ ਅਤੇ ਖੁਫੀਆ ਏਜੰਸੀਆਂ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।