ਰਜਨੀ ਵਾਲੀਆ, ਕਪੂਰਥਲਾ

ਬੇਵਜ਼ਾ ਹੀ ਅੱਜ,
ਧੁੱਪ ਮੇਰੇ ਦਿਲ ਦੇ ਵਿਹੜੇ,
ਆਣ ਵੜੀ ਹੈ।
ਮੈਂ ਗੁੱਸੇ ਵਿੱਚ ਭਰੀ ਪੀਤੀ ਨੇਂ,
ਉਸਨੂੰ ਤਲਖੀ ਤੇ ਕਰਾਰੇ,
ਅੰਦਾਜ਼ ਵਿੱਚ ਆਪਣੇਂ,
ਵਿਹੜੇ ਚੋਂ ਜਾਣ ਨੂੰ ਕਿਹਾ।
ਦਿਲ ਦੇ ਵਿਹੜੇ ਪਹਿਲਾਂ ਹੀ,
ਗਮਾਂ ਦੀ ਬਰਾਤ ਢੁੱਕੀ,
ਪਈ ਸੀ।
ਹੌਕਿਆਂ ਦੀਆਂ,
ਘੋੜੀਆਂ ਗਾਈਆਂ,
ਜਾ ਰਹੀਆਂ ਸਨ।
ਹੰਝੂ ਆਪ ਮੁਹਾਰੇ,
ਵਿਰਲਾਪ ਕਰੀ ਜਾ ਰਹੇ ਸਨ।
ਉਦਾਸੀ ਆਪਣੀਂ ਚਰਮ ਸੀਮਾਂ,
ਤੇ ਸੀ।
ਤੇ ਸਿਸਕੀਆਂ ਦੇ,
ਕਲੀਰਾ ਹਾਲੋਂ ਬੇਹਾਲ,
ਹੋਏ।
ਸੋਚਾਂ ਦੀਆਂ ਕੰਧਾਂ ਚ ਟੱਕਰਾਂ,
ਮਾਰ ਰਹੇ ਸਨ।
ਕੱਲਰਾਂ ਨਾਲ ਭਰੀਆਂ ਕੰਧਾਂ,
ਵੀ ਜੀਵੇਂ ਡਿੱਗਣ ਨੂੰ,
ਤਿਆਰ ਸਨ।
ਤੇ ਬੇਵਕਤ ਓਧਰੋਂ ਇਸ,
ਤਿਖੇਰੀ ਧੁੱਪ ਨੇ ਆ ਕੇ,
ਮੇਰੇ ਨਾਲ ਸੰਵਾਦ ਰਚਾ ਲਿਆ।
ਤੇ ਧੁੱਪ ਨੂੰ ਗਲੀ ਦਾ ਰਸਤਾ,
ਦਿਖਾਉਣ ਲਈ।
ਰਜਨੀ,
ਮੈਨੂੰ ਖੁਦ ਨੂੰ ਵੀ ਭੱਠ ਬਣਕੇ,
ਤੰਦੂਰ ਵਾਂਗੂ ਤਪਣਾ ਪਿਆ ਸੀ।