ਨਵੀ ਦਿੱਲੀ (ਪੰਜ ਦਰਿਆ ਬਿਊਰੋ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ‘ਚ ਭਾਰਤ-ਚੀਨ ਸਰਹੱਦੀ ਖੇਤਰ ਦੀ ਸਥਿਤੀ ‘ਤੇ ਚਰਚਾ ਕਰਨ ਲਈ 19 ਜੂਨ ਨੂੰ ਸ਼ਾਮ 5 ਵਜੇ ਸਰਬ ਪਾਰਟੀ ਬੈਠਕ ਬੁਲਾਈ ਹੈ। ਪੀਐੱਮ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇਸ ਵਰਚੁਅਲ ਬੈਠਕ ‘ਚ ਹਿੱਸਾ ਲੈਣਗੇ। ਦੱਸ ਦੇਈਏ ਕਿ ਲੱਦਾਖ ਸਰਹੱਦ ‘ਤੇ ਗਲਵਾਂ ਘਾਟੀ ਨੇੜੇ ਚੀਨੀ ਫ਼ੌਜੀਆਂ ਨਾਲ ਹੋਈ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ, ਉੱਥੇ ਹੀ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਸਰਹੱਦ ‘ਤੇ ਹੋਈ ਇਸ ਝੜਪ ‘ਚ ਚੀਨ ਦੇ 40 ਤੋਂ ਜ਼ਿਆਦਾ ਫ਼ੌਜੀਆਂ ਦੇ ਮਾਰੇ ਗਏ ਹਨ।
ਭਾਰਤੀ-ਚੀਨ ਸਰਹੱਦੀ ਵਿਵਾਦ ‘ਤੇ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਆਗੂ ਕੇਂਦਰ ਦੀ ਮੋਦੀ ਸਰਕਾਰ ਤੋਂ ਸਵਾਲ ਕਰ ਰਹੇ ਹਨ। ਹਾਲਾਂਕਿ, ਸਾਰੀ ਪਾਰਟੀਆਂ ਨੇ ਕੇਂਦਰ ਸਰਕਾਰ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ। ਮੋਦੀ ਸਰਕਾਰ ਹੁਣ ਸਾਰੇ ਵਿਰੋਧੀ ਪਾਰਟੀਆਂ ਸਬੰਧੀ ਚੀਨ ਨਾਲ ਸਰਹੱਦ ਵਿਵਾਦ ਨੂੰ ਹੱਲ ਕਰਨ ਸਬੰਧੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਇਸ ਲਈ ਸਰਬ ਪਾਰਟੀ ਬੈਠਕ ‘ਚ ਸਾਰੇ ਪਾਰਟੀ ਮੁਖੀਆਂ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਭਾਰਤ-ਚੀਨ ਸਰਹੱਦ ‘ਤੇ ਤਣਾਅ ਵਿਚਕਾਰ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨ ਫ਼ੌਜ ਮੁਖੀਆਂ ਨਾਲ ਅਹਿਮ ਬੈਠਕ ਕੀਤੀ ਹੈ।