ਮਹਿਲ ਕਲਾਂ 13 ਜੂਨ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)

ਅਜ ਇੱਥੇ ਦਿਹਾਤੀ ਮਜ਼ਦੂਰ ਸਭਾ ਜਿਲਾ ਬਰਨਾਲਾ ਦੇ ਸਰਗਰਮ ਸਾਥੀਆਂ ਦੀ ਮੀਟਿੰਗ ਸਾਥੀ ਭਾਨ ਸਿੰਘ ਸੰਘੇੜਾ ਦੀ ਪਰਧਾਨਗੀ ਹੇਠ ਹੋਈ । ਅਜ ਦੀ ਮੀਟਿੰਗ ਵਿੱਚ ਉਚੇਚੇ ਤੌਰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਹੋਰਾਂ ਨੇ ਸਮੂਲੀਅਤ ਕੀਤੀ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਉਕਤ ਦੋਹਾਂ ਆਗੂਆਂ ਨੇ ਕਿਹਾ ਕਿ ਅਜ ਝੋਨੇ ਦੀ ਲਵਾਈ ਸਬੰਧੀ ਪੰਜਾਬ ਦੇ ਕਈ ਪਿੰਡਾਂ ਵਿੱਚ ਧਨਾਢ ਕਿਸਾਨਾਂ ਵਲੋਂ ਆਪਣੇ ਤੌਰ ਤੇ ਰੇਟ ਤਹਿ ਕੀਤੇ ਗਏ ਹਨ ਜੋ ਬਹੁਤ ਹੀ ਨਗੂਣੇ ਹਨ ਜੋ ਸਰਾਸਰ ਮਜਦੂਰਾਂ ਨਾਲ ਧੱਕਾ ਹੈ । ਆਗੂਆਂ ਨੇ ਕਿਹਾ ਕਿ ਧਨਾਢਾਂ ਵਲੋਂ ਮਜਦੂਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਜਾਦੀਆਂ ਹਨ ਅਤੇ ਸਮਾਜਿਕ ਬਾਈਕਾਟ ਕਰਨ ਦੇ ਐਲਾਨ ਵੀ ਕੀਤੇ ਜਾ ਰਹੇ ਹਨ ਇਥੇ ਹੀ ਬਸ ਨਹੀਂ ਜੋ ਕਿਸਾਨ ਧਨਾਢਾਂ ਵਲੋਂ ਮਿੱਥੇ ਹੋਏ ਰੇਟ ਤੋਂ ਵਧੇਰੇ ਪੈਸੇ ਦੇਕੇ ਮਜਦੂਰਾਂ ਕੋਲੋਂ ਝੋਨਾ ਲਵਾਏਗਾ ਉਸ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ ਅਤੇ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ ਆਦਿ ਦੀ ਉਕਤ ਆਗੂਆਂ ਵਲੋਂ ਸਖਤ ਸਬਦਾਂ ਚ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅਜਿਹੇ ਮਜਦੂਰ ਵਿਰੋਧੀ ਮਤੇ ਪਾਉਣ ਵਾਲੇ ਧਨਾਢ ਕਿਸਾਨਾ ਦੇ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਗੁਰੂ ਘਰਾਂ ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਸਰਵਸਾਝੀਂਵਾਲਤਾ ਦੇ ਹਕ ਵਿੱਚ ਅਤੇ ਜਾਤਾਂ ਪਾਤਾਂ ਤੋਂ ਉਪਰ ਉੱਠ ਕੇ ਰਲਕੇ ਰਹਿਣ ਦਾ ਸੰਦੇਸ਼ ਦਿੰਦੀ ਹੈ ਉਨ੍ਹਾਂ ਪਵਿੱਤਰ ਥਾਵਾਂ ਤੇ ਇਸ ਤਰਾਂ ਦੇ ਮਜਦੂਰ ਵਿਰੋਧੀ ਮਤੇ ਪਾਉਣੇ ਗੁਰੂ ਨਾਨਕ ਦੇਵ ਜੀ ਨਾਲੋ ਭਾਈ ਲਾਲੋਆਂ ਨੂੰ ਵਖ ਕਰਨ ਦੀ ਕੋਝੀ ਚਾਲ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ । ਆਗੂਆਂ ਨੇ ਮਜਦੂਰਾਂ ਨੂੰ ਅਪੀਲ ਕੀਤੀ ਕਿ ਕਿਸੇ ਭੜਕਾਹਟ ਚ ਆਉਣ ਬਿਨਾਂ ਹਰ ਤਰਾਂ ਦੇ ਧੱਕਿਆਂ ਦੇ ਖਿਲਾਫ ਜਥੇਬੰਦੀ ਨੂੰ ਮਜਬੂਤ ਕਰਕੇ ਸੰਘਰਸ਼ ਕੀਤਾ ਜਾਵੇ । ਅਜ ਦੀ ਮੀਟਿੰਗ ਵਿੱਚ ਸਾਥੀ ਭੋਲਾ ਸਿੰਘ ਕਲਾਲ ਮਾਜਰਾ ,ਪਰਕਾਸ਼ ਸਿੰਘ ਸੱਦੋਵਾਲ, ਭਾਨ ਸਿੰਘ ਸੰਘੇੜਾ ਆਦਿ ਸਾਥੀ ਹਾਜਰ ਸਨ ।