ਜਰਨੈਲ ਸਿੰਘ ਘੋਲੀਆ, ਅਮਰੀਕਾ

ਜੱਟ ਦੀ ਜਿੰਦਗੀ ਵਿੱਚ ਗਾਹ ਪੈ ਗਿਆ,
ਜੱਟ ਖੁਦਕੁਸ਼ੀਆਂ ਦੇ ਰਾਹ ਪੈ ਗਿਆ,
ਜੱਟ ਸੀਰੀ ਬਣ ਕੇ ਰਹਿ ਗਿਆ ਏ ਸ਼ਾਹੂ ਕਾਰਾਂ ਦੀਆਂ ਹੱਟਾਂ ਦਾ,
ਗੀਤਾਂ ਵਿੱਚ ਵਧੀਆ ਲੱਗਦਾ ਏ ਉੰਝ ਬੁਰਾ ਹਾਲ ਹੈ ਜੱਟਾਂ ਦਾ।
ਗੀਤਾਂ ਵਿੱਚ ਵੈਲੀ ਦਿਸਦਾ ਏ ਉੰਝ ਬੁਰਾ ਹਾਲ ਹੈ ਜੱਟਾਂ ਦਾ।
?ਕਦੇ ਆਲੂ ਰੁਲਦੇ ਸੜਕਾਂ ‘ਤੇ ਕਦੇ ਝੋਨਾ ਵਾਹੁਣਾ ਈ ਪੈਂਦਾ ਏ,
ਜਿਹੜੀ ਮਰਜੀ ਆ ਸਰਕਾਰ ਜਾਵੇ ਹਾਲ ਜੱਟ ਦਾ ਏਹੋ ਈ ਰਹਿੰਦਾ ਏ,
ਜਿੱਤ ਕੇ ਫਿਰ ਕਿਹੜਾ ਪੁੱਛਦਾ ਏ ਕਾਰਨ ਬਿਜਲੀ ਦੇ ਕੱਟਾਂ ਦਾ।
?ਬੱਸ ਅੰਨਦਾਤਾ ਦੇ ਪੱਲੇ ਹੈ ਮਸਾਂ ਖਾਣ ਜੋਕਰੇ ਦਾਣੇ ਬਈ,
ਬਾਕੀ ਸਭ ਕਿੱਥੇ ਜਾਂਦਾ ਏ ਵਹੀ ਆੜਤੀਏ ਦੀ ਜਾਣੇ ਬਈ,
ਜੱਟੀ ਨੂੰ ਫਿਕਰ ਹੀ ਰਹਿੰਦਾ ਏ ਆਟੇ ਵਾਲੇ ਖਾਲੀ ਮੱਟਾਂ ਦਾ।
?ਕਿਹੜਾ ਮੇਲਾ ਵਿੱਚ ਕਚਿਹਰੀ ਦੇ,ਉਹਨੂੰ ਪਤਾ ਹੁੰਦਾ ਜੋ ਰੁਲਦੇ ਆ,
ਇਹ ਕਹਿੰਦੇ ਜੱਟ ਆਯਾਸ਼ ਬੜੇ, ਉਹ ਨਾਲ ਗਰੀਬੀ ਘੁਲਦੇ ਆ,
ਜੱਟ ਦੇ ਸਿਰ ਸਿਹਰਾ ਬੰਨ੍ਹ ਦਿੱਤਾ, ਬੋਤਲ ਦਿਆਂ ਖਾਲੀ ਡੱਟਾਂ ਦਾ।
?ਫਿਕਰਾਂ ਵਿੱਚ ਘਿਰੀ ਜਵਾਨੀ ਨੂੰ ,ਇਹ ਰਾਂਝੇ ਮਿਰਜ਼ੇ ਕਹਿੰਦੇ ਨੇ,
ਕੀ ਜਾਨਣ ਮੁੜਕਾ ਕੀ ਹੁੰਦਾ ,ਜਿਹੜੇ ਏ.ਸੀਆਂ ਦੇ ਵਿੱਚ ਰਹਿੰਦੇ ਨੇ,
ਬਣ ਜੋਕ ਗਰੀਬੀ ਚੂਸ ਗਈ,ਇਹਦਾ ਖੂਨ ਜੋਸ਼ੀਲਾ ਪੱਟਾਂ ਦਾ।
?ਪਿੰਡ ਘੋਲੀਏ ਦਾ ਜਰਨੈਲ ਕਹੇ,ਜਰਾ ਸੁਣ ਲਓ ਕਲਮਾਂ ਵਾਲਿਓ ਵੇ ,
ਕੋਈ ਦੁਖੀ ਲੋਕਾਂ ਦਾ ਦਰਦ ਲਿਖੋ, ਭਾਵੇਂ ਇੱਕ ਡੰਗ ਰੋਟੀ ਖਾਲਿਓ ਵੇ ,
ਬਣਦਾ ਨਹੀਂ “ਗਿੱਲ”ਯਾਰ ਕਦੇ ,ਤਕੜੇ ਦਿਆਂ ਕੌਲੀ ਚੱਟਾਂ ਦਾ।