ਬਹਾਦਰ ਸਿੰਘ ਸੋਨੀ ਪਥਰਾਲਾ
ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਓਸ ਮਹਾਨ ਸ਼ਖਸੀਅਤ ਦੇ ਨਾਲ ਜਿੰਨਾ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਆਪਣੀ ਕਲਾ ਦੇ ਜਰੀਏ ਆਪਣਾ ਤੇ ਆਪਣੇ ਪਿੰਡ ਪਥਰਾਲਾ ਜਿਲ੍ਹਾ ਬਠਿੰਡਾ ਦਾ ਨਾਮ ਰੌਸ਼ਨ ਕੀਤਾ।
ਗੱਲ ਕਰਨ ਜਾ ਰਹੇ ਹਾਂ ਗ੍ਰੰਥੀ ਸਿੰਘ, ਫਿਲਮ ਅਦਾਕਾਰ, ਉੱਘੇ ਸਮਾਜਸੇਵੀ ਨੇਕ ਦਿਲ ਇਨਸਾਨ ਭਾਈ ਬਲਦੇਵ ਸਿੰਘ ਚੀਨਾ ਜੀ ਦੀ।

ਚੀਨਾ ਜੀ ਦਾ ਜਨਮ ਪਿੰਡ ਪਥਰਾਲਾ ਵਿਖੇ ਸਾਢੇ ਤਿੰਨ ਕੁ ਦਹਾਕੇ ਪਹਿਲਾਂ ਹੋਇਆ। ਸਾਰਾ ਪਰਿਵਾਰ ਗੁਰਸਿੱਖ ਹੋਣ ਕਰਕੇ ਬਚਪਨ ਤੋਂ ਹੀ ਹਾਰਮੋਨੀਅਮ ‘ਤੇ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ। ਪੜ੍ਹਾਈ ਦੀ ਗੱਲ ਕਰੀਏ ਇਹਨਾਂ ਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ।
ਕਥਾ ਕੀਰਤਨ ਗੁਰਮਤਿ ਮਾਰਸ਼ਲ ਆਰਟ ਗੱਤਕਾ ਦੀ ਸਿਖਲਾਈ ਤਲਵੰਡੀ ਸਾਬੋ ਤੋਂ ਹਾਸਲ ਕੀਤੀ।
ਚੀਨਾ ਜੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਗੌਸਾਈਆਣਾਂ ਪਾਤਸ਼ਾਹੀ ਦਸਵੀਂ ਵਿੱਚ ਬਤੌਰ ਗ੍ਰੰਥੀ ਸਿੰਘ ਸੇਵਾ ਸੰਭਾਲ ਲਈ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਦਸਤਾਰ ਸਿਖਲਾਈ , ਗੱਤਕਾ ਸਿਖਲਾਈ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾਂ ਨਸ਼ਿਆਂ ਵਰਗੀ ਭੈੜੀ ਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਤ ਕਰਨਾ ਆਪਣਾ ਮੁਢਲਾ ਕਾਰਜ ਸਮਝਿਆ।

ਭਾਈ ਬਲਦੇਵ ਸਿੰਘ ਚੀਨਾ ਜੀ ਨੂੰ ਪ੍ਰਮਾਤਮਾ ਵਲੋਂ ਮਿਲੀ ਕਲਾ ਐਕਟਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਫੀਚਰ ਫਿਲਮਾਂ ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਦਰਜਨ ਤੋਂ ਵੱਧ ਗਾਣਿਆਂ ਵਿੱਚ ਸਮਾਜ ਨੂੰ ਸੇਧ ਦੇਣ ਵਾਲੇ ਰੋਲ ਨਿਭਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ।

ਸਮਾਜਸੇਵੀ ਚੀਨਾ ਜੀ ਨੌਜਵਾਨਾਂ ਵਲੋਂ ਬਣਾਈ ਸੰਸਥਾ ਬਾਬਾ ਜਿਉਂਣ ਸਿੰਘ ਜੀ ਗੱਤਕਾ ਅਤੇ ਸੇਵਾ ਸੁਸਾਇਟੀ ਰਜਿ ਪਥਰਾਲਾ ਦੇ ਪਿਛਲੇ ਲੰਬੇ ਸਮੇਂ ਤੋਂ ਬਤੌਰ ਪ੍ਰਧਾਨ ਸੇਵਾ ਨਿਭਾ ਰਹੇ ਹਨ।
ਚੀਨਾ ਜੀ ਦੀ ਰਹਿਨੁਮਾਈ ਹੇਠ ਸੰਸਥਾ ਵਲੋਂ ਲੋੜਬੰਦ ਲੜਕੀਆਂ ਦੀਆਂ ਸ਼ਾਦੀਆਂ, ਲੋੜਬੰਦ ਪਰਿਵਾਰਾਂ ਨੂੰ ਬਿਨਾਂ ਭੇਦ ਭਾਵ ਦੇ ਰਾਸ਼ਨ ਦਵਾਈਆਂ ਮੁਹਈਆ ਕਰਵਾਉਣਾ , ਲੋੜਬੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਣਾ , ਪੰਚਾਇਤ ਦੇ ਨਾਲ ਸਾਥ ਦੇ ਕੇ ਪਿੰਡ ਦੀ ਸਾਫ ਸਫਾਈ ਪੇੜ ਪੌਦੇ ਲਗਾਉਣਾ ਆਦਿ ਮਹਾਨ ਕਾਰਜ ਕੀਤੇ ਜਾਂਦੇ ਹਨ।
ਅਸੀਂ ਅਰਦਾਸ ਕਰਦੇ ਹਾਂ ਪਿੰਡ ਪਥਰਾਲਾ ਦਾ ਗੁਰਸਿੱਖ ਨੌਜਵਾਨ ਦਿਨ ਦੁੱਗਣੀ ਰਾਤ ਚੌਗਣੀ ਤੱਰਕੀ ਕਰੇ ਆਪਣੇ ਨਗਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕਰੇ।