ਅਸ਼ੋਕ ਵਰਮਾ
ਬਠਿੰਡਾ, 12 ਜੂਨ

ਅਧਿਆਪਕ ਰਜਿੰਦਰ ਸਿੰਘ ਦੇ ਦਿਮਾਗ ‘ਤੇ ਪਛੜੇਪਨ ਨਾਲ ਲੜਨ ਦਾ ਜਨੂੰਨ ਸ਼ਿਕਾਰ ਹੈ। ਤਾਹੀਂਓਂ ਹੁਣ ਉਹ ਘਰ ਘਰ ਹੋਕਾ ਦੇ ਰਿਹਾ ਹੈ ਕਿ ਕਿਧਰੇ ਕੋਈ ਬੱਚਾ ਪੜਨ ਤੋਂ ਵਾਂਝਾ ਤਾਂ ਨਹੀਂ ਰਹਿ ਗਿਆ ਹੈ। ਉਹ ਆਖਦਾ ਹੈ ਕਿ ਹੁਣ ‘ਦੇਖਿਆ ਤੇਰਾ ਬਠਿੰਡਾ ਨਾਂ ਤੋਰੀ ਨਾਂ ਟਿੰਡਾ‘ ਵਾਲਾ ਮਿਹਣਾ ਰਹਿਣ ਨਹੀਂ ਦੇਣਾ ਹੈ। ਬਠਿੰਡਾ ਜਿਲੇ ਦੇ ਕੋਠੇ ਇੰੰੰਦਰ ਸਿੰਘ ਵਾਲਾ ਸਮਾਰਟ ਪ੍ਰਾਇਮਰੀ ਸਕੂਲ ’ਚ ਤਾਇਨਾਤ ਰਜਿੰਦਰ ਸਿੰਘ ਗੋਨਿਆਣਾ ਨੇ ਸਿਰਫ ਸਕੂਲ ਹੀ ਸਮਾਰਟ ਨਹੀਂ ਬਣਾਇਆ ਬਲਕਿ ਉਹ ਸਕੂਲ ਨੂੰ ਤਰੱਕੀ ‘ਤੇ ਲਿਜਾਣ ਲਈ ਵਿਉਂਤਾਂ ਵੀ ਘੜਦਾ ਰਹਿੰਦਾ ਹੈ। ਉਸ ਦੇ ਇਸ ਜਨੂੰਨ ਸਦਕਾ ਇਸ ਵਾਰ ਦਾਖਲਿਆਂ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਪਿਛਲੇ ਵਿੱਦਿਅਕ ਵਰੇ ਦੌਰਾਨ ਸਕੂਲ ’ਚ 36 ਬੱਚੇ ਸਨ ਜਦੋਂਕਿ 70 ਨਵੇਂ ਬੱਚਿਆਂ ਨੇ ਦਾਖਲਾ ਲਿਆ ਸੀ। ਇਸ ਹਿਸਾਬ ਨਾਂਲ ਇਹ ਵਾਧਾ 194 ਫੀਸਦੀ ਤੋਂ ਵੱਧ ਬਣਦਾ ਹੈ। ਇਸ ਵਾਰ ਗਿਣਤੀ 106 ਤੋਂ ਸ਼ੁਰੂ ਕੀਤੀ ਗਈ ਜਿਸ ਨੂੰ ਵਧਾਉਣ ਲਈ ਰਜਿੰਦਰ ਸਿੰਘ ਨੇ ਘਰ ਘਰ ਹੋਕਾ ਦਿੱਤਾ ਅਤੇ ਇੱਕ ਲਹਿਰ ਖੜਾ ਕਰਨ ’ਚ ਕਾਮਯਾਬ ਹੋ ਗਿਆ। ਇਸ ਵਾਰ ਸਕੂਲ ’ਚ 101 ਨਵੇਂ ਬੱਚਿਆਂ ਨੇ ਦਾਖਲਾ ਲਿਆ ਹੈ। ਰੌਚਕ ਤੱਥ ਹੈ ਕਿ ਪਿੰਡ ਕੋਠੇ ਇੰਦਰਸਿੰਘ ਵਾਲਾ ਦੇ ਸਿਰਫ 55 ਬੱਚੇ ਹਨ ਜਦੋਂਕਿ ਬਾਕੀਆਂ ਦਾ ਸਬੰਧ 10 ਬਾਹਰਲੇ ਵੱਡੇ ਪਿੰਡਾਂ ਨਾਲ ਹੈ। ਮਾਮਲੇ ਦਾ ਜਿਕਰਯੋਗ ਪਹਿਲੂ ਹੈ ਕਿ ਸਕੂਲ ਦੀ ਤਰੱਕੀ ਨੂੰ ਦੇਖਦਿਆਂ ਕਈ ਨਾਮੀ ਗਿਰਾਮੀ ਸਕੂਲਾਂ ਤੋਂ ਪੜਦੇ ਬੱਚਿਆਂ ਨੂੰ ਮਾਪਿਆਂ ਨੇ ਕੋਠੇ ਇੰੰਦਰ ਸਿੰਘ ਵਾਲਾ ਸਕੂਲ ’ਚ ਲੈ ਆਂਦਾ ਹੈ। ਰਜਿੰਦਰ ਸਿੰਘ ਬੱਚਿਆਂ ਨੂੰ ਪੜਾਉਦਾ ਹੀ ਨਹੀਂ ਬਲਕਿ ਨੈਤਿਕ ਸਿੱਖਿਆ ਵੀ ਦਿੰੰਦਾ ਹੈ ਤਾਂ ਜੋ ਬੱਚੇ ਪੜ ਲਿਖ ਕੇ ਚੰਗੇ ਨਾਗਰਿਕ ਬਣ ਸਕਣ। ਉਸ ਨੇ ਸਕੂਲ ’ਚ ਹਰੀ ਪੱਟੀ ਵਿਕਸਤ ਕੀਤੀ ਹੈ ਜਿਸ ਦਾ ਅਸਰ ਬੱਚਿਆਂ ਦੇ ਦਿਲੋ ਦਿਮਾਗ ਤੇ ਰਹਿਣ ਲੱਗਿਆ ਹੈ। ਉਹ ਦੱਸਦਾ ਹੈ ਕਿ ਬਦਲੇ ਮਹੌਲ ’ਚ ਬੱਚੇ ਖੁਸ਼ ਰਹਿਣ ਲੱਗੇ ਹਨ । ਰਜਿੰਦਰ ਸਿੰਘ ਨੂੰ ਇਸ ਕੰਮ ਲਈ ਸਟਾਫ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅਧਿਆਪਕ ਉਸ ਦੇ ਇਸ਼ਾਰੇ ਤੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਹਰ ਕੰਮ ਕਰਨ ਵਾਸਤੇ ਤਿਆਰ ਰਹਿੰਦੇ ਹਨ। ਹੁਣ ਤਾਂ ਪਿੰਡ ਵਾਸੀ ਵੀ ਆਖਣ ਲੱਗੇ ਹਨ ਕਿ ਰਜਿੰਦਰ ਸਿੰਘ ਨੇ ਵਰਿਆਂ ਦੇ ਖੱਪੇ ਨੂੰ ਭਰਿਆ ਹੈ, ਜਿਸ ਨਾਲ ਬੱਚਿਆਂ ਨਵਾਂ ਜਾਗ ਲੱਗਾ ਹੈ। ਅੱਜ ਅਧਿਆਪਕ ਦਿਵਸ ਮੌਕੇ ਇਨਾਂ ਅਧਿਆਪਕਾਂ ਨੇ ਫਖਰ ਮਹਿਸੂਸ ਕੀਤਾ। ਉਨਾਂ ਆਖਿਆ ਕਿ ਰਜਿੰਦਰ ਸਿੰਘ ਨੇ ਨਵੇਂ ਕਦਮ ਚੁੱਕ ਕੇ ਲੋਕਾਂ ਦੇ ਉਲਾਂਭੇ ਵੀ ਲਾਹੇ ਅਤੇ ਪਛੜੇਪਨ ਦੇ ਮਿਹਣੇ ਮਾਰਨ ਵਾਲਿਆਂ ਦੀ ਮੜਕ ਵੀ ਭੰਨੀ ਹੈ।
ਬਾਕੀ ਸਕੂਲ ਵੀ ਸੇਧ ਲੈਣ:ਸੰਦੋਹਾ

ਉੱਪ ਜਿਲਾ ਸਿੱਖਿਆ ਅਫਸਰ ਬਲਜੀਤ ਸਿੰਘ ਸੰਦੋਹਾ ਦਾ ਕਹਿਣਾ ਸੀ ਕਿ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਤੋਂ ਬਾਕੀ ਸਕੂਲਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਉਨਾਂ ਦਾਖਲਿਆਂ ’ਚ ਝੰਡੇ ਗੱਡਣ ਲਈ ਅਧਿਆਪਕ ਰਜਿੰਦਰ ਸਿੰਘ ਅਤੇ ਸਟਾਫ ਨੂੰ ਇਸ ਬੇਜੋੜ ਸਫਲਤਾ ਪ੍ਰਤੀ ਵਧਾਈ ਵੀ ਦਿੱਤੀ ਹੈ।
ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ

ਅਧਿਆਪਕ ਰਜਿੰਦਰ ਸਿੰਘ ਵੱਲੋਂ ਕੀਤੇ ਇਸ ਉੱਦਮ ਦੇ ਪਿੰਡ ਵਾਸੀ ਵੀ ਮੁਰੀਦ ਹਨ। ਪਿੰਡ ਵਾਸੀਆਂ ਨੇ ਸਕੂਲ ਦੀ ਤਰੱਕੀ ਲਈ ਕਦੇ ਜੇਬ ਦੀ ਪ੍ਰਵਾਹ ਨਹੀਂ ਕੀਤੀ ਤਾਂ ਲੋਕਾਂ ਨੇ ਵੀ ਮੁੱਲ ਮੁੜਿਆ ਹੈ। ਅੱਜ ਤਾਂ ਰਜਿੰਦਰ ਸਿੰਘ ਦੇ ਜਮਾਤੀ ਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਬੱਚਿਆਂ ਦੇ ਖੇਡਣ ਲਈ ਮੈਦਾਨ ਵਾਸਤੇ ਕਰੀਬ 15 ਲੱਖ ਰੁਪਏ ਕੀਮਤ ਦੀ 1 ਕਨਾਲ ਜਮੀਨ ਹੀ ਸਕੂਲ ਨੂੰ ਦੇ ਦਿੱਤੀ ਹੈ। ਸਾਬਕਾ ਸਰਪੰਚ ਨੇ ਸਿਰਫ ਜਮੀਨ ਦਾ ਦਾਨ ਹੀ ਨਹੀਂ ਕੀਤਾ ਬਲਕਿ 100 ਦੇ ਕਰੀਬ ਟਰਾਲੀਆਂ ਮਿੱਟੀ ਦੀਆਂ ਪਾਕੇ ਜਮੀਨ ਨੂੰ ਪੱਧਰੀ ਕਰ ਦਿੱਤਾ ਹੈ । ਹੁੱਣ ਬੱਚੇ ਖੇਡ ਬਕਣਗੇ ਜਿਸ ਨਾਲ ਉਨਾਂ ਦਾ ਮਾਨਸਿਕ ਅਤੇ ਸ਼ਰੀਰਕ ਵਿਕਾ ਹੋ ਸਕੇਗਾ।
ਰਜਿੰਦਰ ਸਿੰਘ ਦੀ ਸ਼ਲਾਘਾ
ਸਿਦਕ ਫੋਰਮ ਦੇ ਪ੍ਰਧਾਨ ਤੇ ਸਮਾਜ ਸੇਵੀ ਸਾਧੂ ਰਾਮ ਕਸੁਲਾ ਦਾ ਕਹਿਣਾ ਸੀ ਕਿ ਵਿਸ਼ਵੀਕਰਨ ਅਤੇ ਸੰਚਾਰ ਕਰਾਂਤੀ ਨੇ ਪੰਜਾਬ ਦੇ ਸਰਕਾਰੀ ਸਿੱਖਿਆ ਢਾਂਚੇ ਨੂੰ ਹਲੂਣਾ ਦਿੱਤਾ ਹੈ। ਉਨਾਂ ਆਖਿਆ ਕਿ ਆਮ ਲੋਕਾਂ ’ਚ ਦਿਖਾਵੇ ਦੀ ਚੌਧਰ ਵਧੀ ਅਤੇ ਖਾਹਸ਼ਾਂ ਦੇ ਬੰਨ ਟੁੱਟੇ ਤਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ ਪਰ ਉਹ ਪੰੰਜਾਬੀ ਸੱਭਿਆਚਾਰ ਤੋਂ ਦੂਰ ਹੋ ਗਏ। ਉਨਾਂ ਆਖਿਆ ਕਿ ਜਿਸ ਸਫਰ ਤੇ ਅਧਿਆਪਕ ਰਜਿੰਦਰ ਸਿੰਘ ਤੁਰਿਆ ਹੈ ਉਸ ਦੀ ਮੰਜਿਲ ਔਖੀ ਹੋ ਸਕਦੀ ਹੈ ਪਰ ਪੰਜਾਬੀਅਤ ਦਾ ਕਈ ਗੁਣਾ ਭਲਾ ਹੋਵੇਗਾ। ਉਨਾਂ ਆਖਿਆ ਕਿ ਸੰਕਟ ਭਰੇ ਹਾਲਾਤਾਂ ’ਚ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਸੰਵਾਰਨ ’ਚ ਜੁਟਿਆ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਸ੍ਰੀ ਕੁਸਲਾ ਨੇ ਰਜਿੰਦਰ ਸਿੰਘ ਦਾ ਸੁਫਨਾ ਸਾਰਥਿਕ ਹੋਣ ਦੀ ਕਾਮਨਾ ਵੀ ਕੀਤੀ ਹੈ।