ਮਨਦੀਪ ਕੌਰ ਭੰਮਰਾ

ਆਤਮਾ ਦੇ ਕਣ-ਕਣ ਵਿੱਚ ਮਹਿਕਦੀ ਖੁਸ਼ਬੂ
ਚੇਤਨਾ ਵਿੱਚ ਜਗ ਰਹੀ ਤੇਰੇ ਚਾਨਣੀ ਹੂਬਹੂ
ਹਸਤੀ ਦਾ ਹਾਸਲ ਬਖਸ਼ਿਸ਼ ਹੈ ਗਿਆਨ ਦੀ
ਜਜ਼ਬੇ ਨਾਲ਼ ਭਰੀ ਹੋਈ ਹਰ ਸਿੱਖ ਦੇ ਰੂਬਰੂ
ਚਾਨਣ ਆਤਮਾ ਵਿੱਚ ਘੁਲ਼ ਸਕਦਾ ਹੈ ਜੇਕਰ
ਅੰਦਰ ਕਿਸੇ ਦੇ ਕੰਵਲ ਖਿੜ ਸਕਦਾ ਹੈ ਜੇਕਰ
ਸ਼ਖਸ ਉਹ ਫਿਰ ਮਸਤ ਹੋ ਕੇ ਚੁੱਪ ਕਰ ਜਾਂਦਾ
ਮਹਿਕ ਕਸਤੂਰੀ ਦੀ ਮਾਣ ਲੈਂਦਾ ਉਹ ਜੇਕਰ
ਜ਼ਹਿਰ ਉਸ ਲਈ ਹੁੰਦਾ ਅੰਮ੍ਰਿਤ ਦੀ ਨਿਆਂਈ
ਜ਼ਿੰਦਗੀ ਉਸਨੇ ਐਵੇਂ ਹੀ ਨਾਂਹ ਹੁੰਦੀ ਗਵਾਈ
ਜਾਣਦਾ ਉਹ ਸਭ ਤਰੀਕੇ ਜਿਉਣ ਦੇ ਨਿਰਾਲੇ
ਮਾਣਦਾ ਉਹ ਜ਼ਿੰਦਗੀ ਤੇ ਸੱਚ ਹੁੰਦਾ ਸਹਾਈ
ਰਹਿਮਤ ਤੋਂ ਬਿਨਾਂ ਪ੍ਰਾਪਤੀ ਸੰਭਵ ਨਾ ਇੱਕੱਲੀ
ਸ਼ਰਤ ਇੱਕੋ ਹੁੰਦੀ ਪਰਮ ਨਿਗਾਹ ਹੋਵੇ ਸਵੱਲੀ
ਭਰਪੂਰ ਰਹਿੰਦੇ ਫਿਰ ਖ਼ਜ਼ਾਨੇ ਨਾਲ਼ ਬਰਕਤਾਂ
ਉੱਦਮ, ਹਿੰਮਤ ਤੇ ਮਿਹਨਤ ਦੀ ਹੁੰਦੀ ਤਸੱਲੀ
ਜੁਗਤਾਂ, ਵਿਉਂਤਾਂ ਤੇ ਸਿਲਸਿਲਾ ਰਹਿਮਤਾਂ ਦਾ
ਜ਼ਰੂਰ ਸਭ ਭੁੱਲ ਜਾਂਦੇ ਗਿਲਾ ਵਕਤ ਆਂਵਦਾ
ਜਗਤ ਸਾਰਾ ਕਿਵੇਂ ਜਿਉਂਦਾ ਉਹ ਹੋਵੇ ਜਾਣਦਾ
ਸਿੱਖੀ ਦੇ ਮਹਿਲ ਦਾ ਜ਼ਿਕਰ ਹੈ ਕਿਵੇਂ ਉਸਰਦਾ
ਸਿੱਖੀ ਦੇ ਸ਼ਾਨਦਾਰ ਗੁੰਬਦ ਮੀਨਾਰੇ ਲਿਸ਼ਕਦੇ
ਭਗਤੀ ਦੇ ਘਰ ਵਿੱਚ ਧਰੂ ਤਾਰੇ ਵਾਂਗ ਚਮਕਦੇ
ਰਹਿਣ ਸਦਾ ਲਿਸ਼ਕਦੇ ਸਭ ਜੋ ਪੰਨੇ ਸੁਨਹਿਰੀ
ਵਿਚਾਰ ਲਵੋ ਰਲ਼ ਮਿਲ਼ ਜੇ ਇੰਝ ਨਹੀਂ ਸੁਲ਼ਝਦੇ
ਕਸਤੂਰੀ ਦੀ ਖਾਤਰ ਕਿਤੇ ਜਿੰਦੜੀ ਜਦ ਭਟਕੇ
ਸਹਿਣੇ ਪੈਂਦੇ ਫਿਰ ਜੰਗਲ਼ਾਂ ਵਿੱਚ ਬਹੁਤ ਝਟਕੇ
ਸਿਮਟ ਜਾਵੇ ਜਦ ਕਿਸੇ ਬਿੰਦੂ ‘ਤੇ ਸੋਚ ਟਿਕਵੀਂ
ਬਿਰਤੀ ਅਜਿਹੀ ਵਿਰਲਾ ਹੀ ਪਾਵੇ ਪਰ ਹਟਕੇ
-ਮਨਦੀਪ ਕੌਰ ਭੰਮਰਾ