ਮਹਿਲ ਕਲਾਂ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)

ਮਸਕਟ ‘ਚ ਮੌਤ ਦਾ ਸ਼ਿਕਾਰ ਹੋਏ ਪਿੰਡ ਮਹਿਲ ਕਲਾਂ ਸੋਢੇ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ 22 ਸਾਲਾ ਨੌਜਵਾਨ ਗੁਰਜੀਤ ਸਿੰਘਧ ਦੀ ਲਾਸ਼ ਅੱਜ ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਜੱਦੀ ਪਿੰਡ ਮਹਿਲ ਕਲਾਂ ਪੁੱਜੀ, ਜਿੱਥੇ ਵੱਡੀ ਗਿਣਤੀ ‘ਚ ਹਾਜ਼ਰ ਲੋਕਾਂ ਨੇ ਜੋਬਨ ਰੁੱਤੇ ਤੁਰ ਗਏ ਇਸ ਨੌਜਵਾਨ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ (22) ਪੁੱਤਰ ਬਲਵਿੰਦਰ ਸਿੰਘ ਵਾਸੀ ਮਹਿਲ ਕਲਾਂ ਸੋਢੇ ਜੋ ਕਿਤੇ ਵਜੋਂ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ, ਰੋਜ਼ੀ ਰੋਟੀ ਦੀ ਭਾਲ ‘ਚ 4 ਅਗਸਤ 2019 ਨੂੰ ਮਸਕਟ ਗਿਆ ਸੀ। ਜਿੱਥੇ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਚੰਗੇ ਭਵਿੱਖ ਦੀ ਆਸ ‘ਚ ਚਾਰ ਪੈਸੇ ਜੋੜਨ ਲੱਗਾ। ਪਰ ਉੱਥੇ ਕੰਮ ਕਰਦੇ ਸਮੇਂ ਉਸ ਦੀ ਟਿਊਬਵੈੱਲ ਦੇ ਬੋਰ ‘ਚ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਇਹ ਦੁਖਦਾਈ ਖ਼ਬਰ ਨੌਜਵਾਨ ਦੇ ਸਾਥੀਆਂ ਵੱਲੋਂ ਫ਼ੋਨ ਰਾਹੀਂ ਦਿੱਤੀ ਗਈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਗੁਰਜੀਤ ਸਿੰਘ ਦੀ ਲਾਸ਼ ਲਿਆਉਣ ਲਈ ਸੰਸਦ ਮੈਂਬਰ ਭਗਵੰਤ ਮਾਨ ਕੋਲ ਗੁਹਾਰ ਲਗਾਈ, ਜਿਨ੍ਹਾਂ ਵੱਲੋਂ ਭਾਰਤ ਦੇ ਗ੍ਰਹਿ ਵਿਭਾਗ ਨਾਲ ਗੱਲਬਾਤ ਕਰ ਕੇ ਮ੍ਰਿਤਕ ਗੁਰਜੀਤ ਸਿੰਘ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ‘ਚ ਸਫਲਤਾ ਹਾਸਿਲ ਕੀਤੀ। ਅੱਜ ਅੰਤਿਮ ਸਸਕਾਰ ਸਮੇਂ ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਆੜ੍ਹਤੀਆ ਸਰਬਜੀਤ ਸਿੰਘ ਸਰਬੀ ਆਦਿ ਆਗੂ ਹਾਜ਼ਰ ਸਨ।