9.6 C
United Kingdom
Saturday, March 7, 2026

More

    ਚੀਨ, ਆਸਟ੍ਰੇਲੀਆ ਵਿਰੁੱਧ ਵਪਾਰ ਨੂੰ ਹਥਿਆਰ ਬਣਾਉਣ ਦੀ ਤਾਕ ‘ਚ : ਸਕੌਟ ਮੌਰੀਸਨ

    (ਹਰਜੀਤ ਲਸਾੜਾ, ਬ੍ਰਿਸਬੇਨ 12 ਜੂਨ)

    ਇੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੱਖ-ਵੱਖ ਰੇਡੀਓ ਸਟੇਸ਼ਨਾਂ(2GB, 3AW ਆਦਿ) ਨੂੰ ਆਪਣੇ ਰਾਸ਼ਟਰੀ ਸੰਬੋਧਨਾਂ ‘ਚ ਕਿਹਾ ਹੈ ਕਿ ਚੀਨ ਆਸਟ੍ਰੇਲੀਆ ਵਿਰੁੱਧ ਵਪਾਰ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਚੀਨ ਦੀਆਂ ਇਹਨਾਂ ਕੂਟਨੀਤਕ ਸਾਜਿਸ਼ਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਗੌਰਤਲਬ ਹੈ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਨਾਲ-ਨਾਲ ਆਸਟ੍ਰੇਲੀਆ ਵੀ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਸੀ ਜਿਸ ਨੇ ਕਰੋਨਾਵਾਇਰਸ ਦੇ ਪੂਰੀ ਦੁਨੀਆ ਵਿਚ ਫੈਲਣ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਸੀ। ਜਿਸਦੇ ਚੱਲਦਿਆਂ ਪਿਛਲੇ 2 ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਖਿੱਚੋ-ਤਾਣ ਚਰਮ ਸੀਮਾ ‘ਤੇ ਹੈ ਅਤੇ ਚੀਨ ਨਾਰਾਜ਼ਗੀ ਬਾਬਤ ਆਸਟ੍ਰੇਲੀਆ ਨੂੰ ਲਗਾਤਾਰ ਧਮਕੀਆਂ ਦੇ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਧਰ ਚੀਨੀ ਸਿੱਖਿਆ ਅਤੇ ਵਿਦੇਸ਼ ਮੰਤਰਾਲੇ ਨੇ ਨਸਲਵਾਦ ਦਾ ਦੋਸ਼ ਮੜ੍ਹਦੇ ਹੋਏ ਆਪਣੇ ਪਾੜ੍ਹਿਆਂ ਅਤੇ ਯਾਤਰੀਆਂ ਨੂੰ ਆਸਟ੍ਰੇਲੀਆ ਜਾਣ ਤੋਂ ਵਰਜਿਆ ਹੈ। ਦੱਸਣਯੋਗ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਤੋਂ ਆਸਟ੍ਰੇਲੀਆ ਨੂੰ ਸਾਲਾਨਾ 26 ਅਰਬ ਡਾਲਰ ਦੀ ਕਮਾਈ ਹੁੰਦੀ ਹੈ। ਚੀਨ ਦੀ ਇਸ ਧਮਕੀ ਨਾਲ ਆਸਟ੍ਰੇਲੀਆ ਨੂੰ ਸਿੱਖਿਆ ਖੇਤਰ ਵਿਚ ਵੱਡੇ ਭਵਿੱਖੀ ਘਾਟੇ ਦੀ ਖਦਸ਼ਾ ਹੈ। ਚੀਨ ਦੇ ਇਸ ਵਰਤਾਰੇ ‘ਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨੀ ਨਾਗਰਿਕਾਂ ਦਾ ਆਸਟ੍ਰੇਲੀਆ ਨੂੰ ਚੁਨਣਾ ਜਾਂ ਨਾ ਚੁਨਣਾ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਨਿੱਜੀ ਫੈਸਲਾ ਹੋਵੇਗਾ। ਉਹਨਾਂ ਦਾ ਦੇਸ਼ ਸੈਲਾਨੀਆਂ ਅਤੇ ਵਿਦਿਆਰਥੀਆਂ ਦੇ ਲਈ ਅੱਜ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸਣਯੋਗ ਹੈ ਕਿ ਚੀਨ ਨੇ ਹਾਲ ਹੀ ਵਿਚ ਆਸਟ੍ਰੇਲੀਆ ਤੋਂ ਬੀਫ ਦੇ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉੱਥੋਂ ਆਉਣ ਵਾਲੇ ਜੌਂ ‘ਤੇ ਵੀ ਭਾਰੀ ਟੈਰਿਫ ਲੱਗਾ ਦਿੱਤਾ ਸੀ। ਚੀਨੀ ਚਿਤਾਵਨੀਆਂ ਨੂੰ ਲੈ ਕੇ ਆਸਟ੍ਰੇਲੀਆ ਨੇ ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਕੈਨਬਰਾ ਸਥਿਤ ਚੀਨੀ ਦੂਤਾਵਾਸ ਨੂੰ ਵਿਰੋਧ ਦਰਜ ਕਰਵਾਇਆ ਹੈ। ਦੱਸਦੇ ਚਲੀਏ ਕਿ ਦੋਹਾਂ ਦੇਸ਼ਾਂ ਵਿਚਾਲੇ ਹਰੇਕ ਸਾਲ 235 ਅਰਬ ਆਸਟ੍ਰੇਲਿਆਈ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਵਪਾਰ ਆਸਟ੍ਰੇਲੀਆ ਦੇ ਪੱਖ ਵਿਚ ਝੁੱਕਿਆ ਹੋਣ ਕਰਕੇ ਆਸਟ੍ਰੇਲੀਆ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!