3.4 C
United Kingdom
Sunday, March 8, 2026

More

    ਖ਼ੁਦ ਨੂੰ ਖ਼ਤ

    ਪਿਆਰੇ ਸੁਰਿੰਦਰ,
    ਆਦਾਬ,
    ਰੋਜ ਸੋਚਦਾ ਹਾਂ..ਤੇਰੇ ਨਾਲ ਗੱਲਬਾਤ ਕਰਾਂ, ਤੇਰਾ ਹਾਲ ਚਾਲ ਪੁੱਛਾਂ, ਤੇਰੇ ਨਾਲ ਦਿਲ ਦੇ ਭੇਦ ਸਾਂਝੇ ਕਰਾਂ। ਬੱਸ ਸੋਚਦਾ ਹੀ ਹਾਂ, ਸਮਾਂ ਨਹੀਂ ਕੱਢਦਾ। ਕਦੇ ਮਜਬੂਰੀ ਵੱਸ, ਕਦੇ ਕੰਮ ਧੰਦਿਆਂ ਵਿੱਚ ਵਿਅਸਤ ਹੋਣ ਕਰਕੇ ਤੇ ਕਦੇ ਦੁਨੀਆ ਦੀ ਚਕਾਚੌਂਧ ਵਿੱਚ ਗੁਆਚਿਆ ਹੋਣ ਕਰਕੇ।
    ਹਰ ਰੋਜ ਮਨ ਵਿਚ ਆਉਂਦਾ ਹੈ ਕਿ ਤੇਰੇ ਨਾਲ ਗੱਲਬਾਤ ਕਰਾਂ, ਤੈਨੂੰ ਵੀ ਖੁਸ਼ ਰੱਖਾਂ ਜਿਵੇਂ ਹੋਰਨਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਹਾਂ। ਤੈਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਮਿਲਦਾ ਨਹੀਂ ਸਗੋਂ ਹੋਰਨਾਂ ਨੂੰ ਮਿਲਦਾ ਹਾਂ, ਉਹਨਾਂ ਦੀ ਖੁਸ਼ੀ ਗਮੀ ਵਿੱਚ ਸ਼ਾਮਲ ਹੁੰਦਾ ਹਾਂ, ਕਦੇ ਚਾਹੁੰਦੇ ਹੋਏ ਵੀ ਤੇ ਕਈ ਵਾਰ ਨਾ ਚਾਹੁੰਦੇ ਹੋਏ ਵੀ। ਸ਼ਾਇਦ ਇਸ ਡਰ ਤੋਂ ਕਿ ਉਹ ਕੀ ਕਹਿਣਗੇ?ਸਮਾਜ ਕੀ ਕਹੇਗਾ?
    ਪਰ ਕਦੇ ਮੈਂ ਇਹ ਨਹੀਂ ਸੋਚਿਆ ਕਿ ਤੂੰ ਕੀ ਕਹੇਗਾ?
    ਤੂੰ ਵੀ ਤਾਂ ਚਾਹੁੰਦਾ ਹੋਵੇਗਾ, ਮੈਂ ਤੇਰੇ ਨਾਲ ਗੱਲਬਾਤ ਕਰਾਂ ।
    ਤੇ ਸ਼ਾਇਦ ਤੂੰ ਕੋਸ਼ਿਸ਼ ਵੀ ਕੀਤੀ ਹੋਵੇ, ਪਰ ਹਰ ਵਾਰ ਮੈਂ ਵਿਅਸਤ ਹੀ ਮਿਲਿਆ ਹੋਵਾਂਗਾ। ਇੰਝ ਹੀ ਹੁੰਦਾ ਹੈ, ਆਪਣਾ ਨੰਬਰ ਡਾਇਲ ਕਰਨ’ਤੇ ਵਿਅਸਤ ਹੀ ਮਿਲਦਾ ਹੈ।
    ਅੱਜ ਹੀਲਾ ਕੀਤਾ ਹੈ, ਤੇਰੇ ਨਾਲ ਗੱਲਬਾਤ ਕਰਨ ਦਾ, ਇਸ ਚਿੱਠੀ ਦੇ ਜਰੀਏ। ਚਿੱਠੀਆਂ ਵੀ ਕਿੰਨੀਆਂ ਚੰਗੀਆਂ ਹੁੰਦੀਆਂ ਨੇ, ਸਬਰ ਸੰਤੋਖ ਸਿਖਾਉਂਦੀਆ ਨੇ । ਆਪਣੇ ਕਿਸੇ ਪਿਆਰੇ ਨੂੰ ਚਿੱਠੀ ਲਿਖਣੀ, ਫਿਰ ਕਈ ਦਿਨ, ਕਈ ਹਫਤੇ ਤੇ ਕਈ ਵਾਰ ਮਹੀਨਿਆਂ ਬੱਧੀ ਇੰਤਜ਼ਾਰ ਕਰਦੇ ਰਹਿਣਾ। ਡਾਕੀਏ ਦੇ ਸਾਈਕਲ ਦੀ ਘੰਟੀ ਸੁਣ ਕੇ ਬਾਹਰ ਨੂੰ ਭੱਜਣਾ। ਪਰ ਹੁਣ ਦੇ ਮਾਡਰਨ ਜਮਾਨੇ ਵਿੱਚ ਸਬਰ ਕਿੱਥੇ? ਹੁਣ ਤਾਂ ਜੇ ਕੋਈ ਸ਼ਾਮ ਤੱਕ ਵਟਸਐਪ’ਤੇ ਤੁਹਾਡੇ ਸੁਨੇਹੇ ਦਾ ਜਵਾਬ ਨਾ ਦੇਵੇ, ਤਾਂ ਬਲੌਕ ਤੱਕ ਕਰਨ ਦੀ ਨੋਬਤ ਆ ਜਾਂਦੀ ਹੈ। ਸਾਡਾ ਸਬਰ ਹੀ ਮੁੱਕ ਚੱਲਿਆ ਹੈ ਮਾਡਰਨ ਹੁੰਦਿਆਂ- ਹੁੰਦਿਆਂ ।
    ਚੱਲ ਛੱਡ, ਹੋਰ ਸੁਣਾ ਕੀ ਹਾਲ ਹੈ ਤੇਰਾ। ਯਾਦ ਹੈ ਤੈਨੂੰ, ਛੋਟੇ ਹੁੰਦਿਆਂ, ਕਿੰਨਾ ਖੁਸ਼ ਰਹਿੰਦਾ ਸੀ ਤੂੰ, ਨਾ ਕੋਈ ਫਿਕਰ, ਨਾ ਕੋਈ ਸੋਚ। ਬੱਸ ਮਸਤੀ। ਤੂੰ ਨਾਲ- ਨਾਲ ਰਹਿੰਦਾ ਸੀ ਮੇਰੇ। ਬੱਸ ਪੜ੍ਹਣਾ, ਖੇਡਣਾ, ਖੇਤਾਂ ਦੇ ਚੱਕਰ ਕੱਢਣੇ, ਸਾਇਕਲ ਦਾ ਟਾਇਰ ਭਜਾਉਣਾ, ਗੁੱਲੀ ਡੰਡਾ, ਬਾਂਦਰ ਕੀਲਾ, ਲੁੱਕਣ ਮੀਟੀ ਖੇਡਣਾ।
    ਕਦੇ ਛਿਟੀਆਂ ਤੇ ਛਾਲਾਂ ਮਾਰਨੀਆਂ, ਕਦੇ ਕੋਠੇ ਦੇ ਨਾਲ ਪਈ ਮਿੱਟੀ ਤੇ, ਕਦੇ ਤੂੜੀ ਤੇ।
    ਦੋਸਤਾਂ ਦੀ ਰੋਟੀ ਕੱਢ ਕੇ ਖਾ ਜਾਣੀ ਤੇ ਕਦੇ ਕਿਸੇ ਦਾ ਸਮਾਨ ਲਕੋ ਕੇ ਅਣਜਾਣ ਬਣੇ ਰਹਿਣਾ। ਬਹੁਤ ਸ਼ਰਾਰਤੀ ਸੀ ਤੂੰ, ਸਭ ਨੂੰ ਚੰਗਾ ਵੀ ਲੱਗਦਾ ਸੀ, ਸ਼ਰਾਰਤਾਂ ਕਰਦਾ। ਬੱਚੇ ਤਾਂ ਸਭ ਨੂੰ ਹੀ ਚੰਗੇ ਲੱਗਦੇ ਨੇ। ਸ਼ਰਾਰਤਾਂ ਕਰਦੇ ਨੇ, ਸਾਜਿਸ਼ਾਂ ਨਹੀਂ।
    ਯਾਦ ਹੈ ਤੈਨੂੰ, ਜਦੋਂ ਬਾਪੂ ਨੇ ਲਾਲ ਰੰਗ ਦਾ ਸਾਇਕਲ ਲੈ ਕੇ ਦਿੱਤਾ ਸੀ। ਸਾਰਾ ਦਿਨ ਭਜਾਈ ਫਿਰਨਾ । ਪਹਿਲਾਂ ਕੈਂਚੀ ਸਿਖੀ ਤਾਂ ਇੰਝ ਲੱਗਦਾ ਸੀ ਜਿਵੇਂ ਸਭ ਕੁਝ ਮਿਲ ਗਿਆ ਹੋਵੇ। ਫਿਰ ਡੰਡਾ ਚਲਾਉਣਾ ਸਿਖਿਆ ਤੇ ਕਾਠੀ ਤੇ ਬੈਠਾ ਤਾਂ ਤੈਨੂੰ ਨਵਾਬਾਂ ਵਾਲੀ ਫੀਲਿੰਗ ਆਉਂਦੀ ਸੀ। ਜਿਵੇਂ ਦੁਨੀਆ ਦਾ ਸਭ ਤੋਂ ਵੱਡਾ ਸਿੰਘਾਸਨ ਥੱਲੇ ਹੋਵੇ।
    ਇਥੋਂ ਤੱਕ ਤਾਂ ਤੂੰ ਨਾਲ – ਨਾਲ ਸੀ ਮੇਰੇ ਪੂਰੀ ਤਰ੍ਹਾਂ। ਫਿਰ ਥੋੜ੍ਹਾ ਥੋੜ੍ਹਾ ਦੂਰ ਹੁੰਦਾ ਰਿਹਾ ਤੂੰ, ਮੇਰੇ ਨਾਲ ਨਾਲ ਰਹਿੰਦੇ ਹੋਏ ਵੀ। ਫਿਰ ਕਾਲਜ ਆਇਆ, ਨਵੇਂ ਦੋਸਤ, ਨਵੀਂਆਂ ਗੱਲਾਂ, ਨਵੀਆਂ ਬਾਤਾਂ,ਨਵੇਂ ਰੰਗ, ਸਭ ਕੁਝ ਚੰਗਾ ਤਾਂ ਲੱਗਦਾ ਹੀ ਸੀ, ਪਰ ਤੇਰੇ ਤੋਂ ਦੂਰ ਵੀ ਜਾਣ ਲੱਗ ਪਿਆ ਸੀ।
    ਅੰਤ ਪੜ੍ਹਾਈ ਵੀ ਪੂਰੀ ਹੋ ਗਈ। ਨੌਕਰੀ ਵੀ ਮਿਲ ਗਈ । ਵਿਆਹ ਵੀ ਹੋ ਗਿਆ ਤੇ ਬੱਚੇ ਵੀ। ਘਰ ਵੀ ਬਣਾ ਲਿਆ ਤੇ ਕਾਰ ਵੀ ਖੜ੍ਹੀ ਹੈ ਘਰ ਵਿੱਚ । ਸਭ ਕੁਝ ਮਿਲਦਾ ਗਿਆ, ਜੋ ਵੀ ਚਾਹਿਆ। ਸਭ ਨੂੰ ਖੁਸ਼ ਰੱਖਣਾ । ਸਭ ਨਾਲ ਗੱਲਬਾਤ ਕਰਨੀ। ਪਰ ਹਰ ਵਾਰ ਆਪਣੀ ਗੱਲ ਵਿੱਚ ਰਹਿ ਜਾਂਦੀ, ਕਦੇ ਕਬੀਲਦਾਰੀ ਕਰਕੇ ਤੇ ਕਦੇ ਦਫਤਰ ਦੀਆਂ ਫਾਈਲਾਂ ਥੱਲੇ ਦੱਬ ਕੇ ਰਹਿ ਜਾਂਦੀ। ਸਭ ਕੁਝ ਹੁੰਦਿਆਂ ਵੀ ਇੰਝ ਲੱਗਦਾ ਕਿ ਕੁਝ ਪਿਛੇ ਰਹਿ ਗਿਆ। ਕਸਕ ਜਿਹੀ ਤਾਂ ਉੱਠਦੀ। ਪਰ ਕਚੀਚੀ ਜਿਹੀ ਵੱਟ ਕੇ ਰਹਿ ਜਾਂਦਾ।ਤੈਨੂੰ ਖੁਸ਼ ਕਰਨ ਦਾ ਯਤਨ ਵੀ ਕਰਦਾ ਕਿ ਕਿਸੇ ਹੀਲੇ ਤੈਨੂੰ ਰਿਝਾਵਾਂ । ਤੇਰਾ ਨਾਮ ਅਖਬਾਰਾਂ ਵਿੱਚ ਛਪਵਾਉਂਦਾ। ਕਦੇ ਕਵੀ ਦਰਬਾਰਾ ਵਿੱਚ, ਤੇਰੀ ਵਾਹ ਵਾਹ ਕਰਵਾਉਂਦਾ, ਬਾਹਰਲੇ ਕਮਰੇ ਵਿੱਚ ਚਿਣ ਕੇ ਰੱਖੇ ਪੁਰਸਕਾਰ ਤੇ ਯਾਦਗਾਰੀ ਚਿੰਨ੍ਹ ਤੈਨੂੰ ਵਿਖਾ ਕੇ, ਭਰਮਾਉਣ ਦੀ ਕੋਸ਼ਿਸ਼ ਕਰਦਾ। ਬਹਿਸ ਵਿੱਚ ਦੂਜਿਆਂ ਨੂੰ ਹਰਾ ਕੇ ਵੱਜੀਆਂ ਤਾੜੀਆਂ ਸੁਣਾ ਕੇ, ਤੈਨੂੰ ਖੁਸ਼ ਕਰਨ ਲੋਚਦਾ।ਧਨ ਦੌਲਤ ਤੇ ਪਤਾ ਨਹੀਂ ਕੀ ਕੀ ਦਿੱਤਾ। ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਪਰ ਤੇਰੇ ਕੋਲ ਨਾ ਆਇਆ।
    ਅੱਜ ਚਿੱਠੀ ਲਿਖਦਿਆਂ ਇੰਝ ਲੱਗਿਆ ਕਿ ਕਿੰਨਾ ਦੂਰ ਨਿਕਲ ਆਇਆ ਤੇਰੇ ਕੋਲੋਂ। ਸਭ ਕੁਝ ਹੁੰਦਿਆਂ ਵੀ ਇੱਕ ਕਮੀ ਮਹਿਸੂਸ ਹੁੰਦੀ ਹੈ। ਇੱਕ ਖੱਪਾ ਜਿਹਾ ਮਹਿਸੂਸ ਕਰਦਾ ਹਾਂ । ਕਾਗਜ਼ੀ ਪ੍ਰਮਾਣ ਪੱਤਰ, ਡਿਗਰੀਆਂ, ਧਨ ਦੌਲਤ, ਸਭ ਪਾਸੇ ਫਿਰਦੇ ਲੋਕ, ਵਾਹ ਵਾਹ ਕਰਨ ਵਾਲੇ, ਸਲਾਹਾਂ ਲੈਣ ਵਾਲੇ, ਭਰੇ ਬਾਜ਼ਾਰ, ਸਭ ਦੇ ਵਿੱਚ ਤੂੰ ਵੀ ਇੱਕਲਾ ਹੈ, ਮੇਰੇ ਵਾਂਗ।ਇਸ ਭੀੜ ਵਿੱਚ ਗੁਆਚਿਆ, ਹੁਣ ਤਾਂ ਚਿੜੀਆਂ ਦੀ ਚੀਂ ਚੀਂ ਸੁਣਨੀ ਵੀ ਬੰਦ ਹੋ ਗਈ ਹੈ , ਬੱਚਿਆਂ ਦਾ ਖੇਡਣਾ ਵੀ ਆਨੰਦ ਨਹੀਂ ਦਿੰਦਾ। ਫੁੱਲਾਂ ਦਾ ਖਿੜਨਾ ਵੀ ਇੱਕ ਰੁਟੀਨ ਪੱਤਾ ਵਿਗਿਆਨ ਦੀ ਕਿਰਿਆ ਲੱਗਦੀ ਹੈ।
    ਸੂਰਜ ਚੜ੍ਹਨਾ ਛਿਪਣਾ ਆਮ ਜਿਹਾ ਲੱਗਦਾ ਹੈ। ਇੱਕ ਮੁੱਠੀ ਚੱਕ ਲੈ, ਦੂਜੀ ਤਿਆਰ ਵਾਂਗ ਚੱਲ ਰਹੀ ਹੈ ਜਿੰਦਗੀ।
    ਚੱਲ ਕੋਈ ਨਾ! ਹੁਣ ਰਾਤ ਪੈਣ ਲੱਗੀ ਹੈ ਤੇ ਸੋਣ ਜਾ ਰਿਹਾ ਹਾਂ ਚਿੱਠੀ ਖਤਮ ਕਰਕੇ। ਤੂੰ ਘਬਰਾਈ ਨਾ! ਸਵੇਰੇ ਸਾਜਰੇ ਜਾਗ ਪਵਾਂਗਾ ।ਤੈਨੂੰ ਨਾਲ ਲੈ ਕੇ ਜਾਵਾਂਗਾ ਸੈਰ ਕਰਨ ਤੇ ਫਿਰ ਚੱਲਾਂਗੇ ਤਿਤਲੀਆਂ ਪਿਛੇ, ਮੱਛੀਆਂ ਫੜ੍ਹਨ, ਸੂਰਜ ਚੜ੍ਹਦਾ ਤੱਕਣ। ਫੁੱਲਾਂ ਦੀ ਖੁਸ਼ਬੂ ਲੈਣ।
    ਤੇ ਇਸ ਵਾਅਦੇ ਨਾਲ ਹੁਣ ਜਿੱਥੇ ਵੀ ਜਾਵਾਂਗਾ, ਜੋ ਵੀ ਕਰਾਂਗਾ ਤੈਨੂੰ ਨਾਲ ਨਾਲ ਰੱਖਾਂਗਾ।
    ਤੇਰਾ ਆਪਣਾ,

    ਸੁਰਿੰਦਰ ਸੱਚਦੇਵਾ

    ਡੀ ਐਮ ਅੰਗਰੇਜ਼ੀ /ਸਸ

    ਫਰੀਦਕੋਟ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!