ਐਕਟਿਵ ਕੇਸ ਰਹਿ ਗਏ ਪੰਜ
ਅਸ਼ੋਕ ਵਰਮਾ
ਬਠਿੰਡਾ 10 ਜੂਨ
ਬਠਿੰਡਾ ਜ਼ਿਲੇ ਲਈ ਬੁੱਧਵਾਰ ਦੀ ਸਵੇਰ ਸੁਭ ਖ਼ਬਰ ਲੈ ਕੇ ਆਈ। ਅੱਜ ਜ਼ਿਲੇ ਵਿਚ 3 ਜਣੇ ਕਰੋਨਾ ਤੇ ਜਿੱਤ ਪ੍ਰਾਪਤ ਕਰਕੇ ਹਸਪਤਾਲ ਤੋਂ ਘਰਾਂ ਨੂੰ ਪਰਤ ਗਏ। ਜਦ ਕਿ ਜ਼ਿਲੇ ਵਿਚੋਂ ਭੇਜੇ 291 ਨਮੂਨਿਆਂ ਦੀ ਨੈਗੇਟਿਵ ਰਿਪੋਰਟ ਵੀ ਅੱਜ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ। ਹੁਣ ਜ਼ਿਲੇ ਵਿਚ ਐਕਟਿਵ ਕੇਸ ਕੇਵਲ 5 ਰਹਿ ਗਏ ਹਨ। ਉਨਾਂ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਮਿਸ਼ਨ ਫਤਿਹ ਦੀਆਂ ਅਗਵਾਈ ਲੀਹਾਂ ਅਨੁਸਾਰ ਮਾਸਕ ਪਾਉਣ, ਹੱਥ ਧੋਂਦੇ ਰਹਿਣ ਅਤੇ ਸਮਾਜਿਕ ਦੂਰੀ ਰੱਖਣ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨਾਂ ਵਿਚੋਂ ਇਕ ਵਿਦੇਸ਼ ਤੋਂ ਪਰਤਿਆਂ ਨਾਗਰਿਕ ਅਤੇ ਦੋ ਸਥਾਨਕ ਬਸ਼ਿੰਦੇ ਹਨ। ਹੁਣ ਇਹ ਤਿੰਨੋਂ ਕੁਝ ਸਮਾਂ ਆਪਣੇ ਘਰ ਵਿਚ ਇਕਾਂਤਵਾਸ ਵਿਚ ਰਹਿਣਗੇ। ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਇੰਨਾਂ ਨੂੰ ਡਾਕਟਰੀ ਅਮਲੇ ਨੇ ਸੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ ਅਤੇ ਇੰਨਾਂ ਨੂੰ ਘਰ ਵਿਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ।ਉਨਾਂ ਨੇ ਹੋਰ ਦੱਸਿਆ ਕਿ ਬੀਤੇ ਕੱਲ 313 ਨਮੂਨੇ ਜਾਂਚ ਲਈ ਲੈ ਕੇ ਪ੍ਰਯੋਗਸ਼ਾਲਾ ਭੇਜੇ ਗਏ ਹਨ ਹਨ ਜਦ ਕਿ ਅੱਜ 291 ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ 326 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।