ਅਸ਼ੋਕ ਵਰਮਾ
ਬਠਿੰਡਾ,10 ਜੂਨ

ਕਰੋਨਾ ਵਾਇਰਸ ਕਾਰਨ ਬਣੇ ਲੇਬਰ ਦੇ ਸੰਕਟ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਰਾਹ ਪਾ ਦਿੱਤਾ ਹੈ। ਖੇਤੀ ਮ੍ਰਾਹਿਰਾਂ ਮੁਤਾਬਕ ਤਜਰਬਾ ਸਫਲ ਹੋਣ ਦੇ ਬਾਵਜੂਦ ਇਸ ਤੋਂ ਪਹਿਲਾਂ ਕਿਸਾਨ ਇਸ ਵਿਧੀ ’ਚ ਰੁਚੀ ਨਹੀਂ ਦਿਖਾ ਰਹੇ ਸਨ। ਇਹੋ ਕਾਰਨ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਹੇਠਲੇ ਰਕਬੇ ‘ਚ ਵਾਧਾ ਨਹੀਂ ਹੋ ਰਿਹਾ ਸੀ। ਇਸ ਵਾਰ ਜਿਲਾ ਖੇਤੀਬਾੜੀ ਵਿਭਾਗ ਵੱਲੋਂ 30 ਹਜਾਰ ਹੈਕਟੇਅਰ ਰਕਬੇ ‘ਚ ਸਿੱਧੀ ਬਿਜਾਈ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ 22 ਹਜਾਰ ਹੈਕਟੇਅਰ ’ਚ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ। ਆਮ ਤੂਰ ਤੇ ਜਿਲੇ ‘ਚ ਇਸ ਸਿਰਫ ਸਾਲ 2014 ਵਿੱਚ ਖੇਤੀ ਮਹਿਕਮਾਂ ਆਪਣਾ 12 ਹਜਾਰ ਹੈਕਟੇਅਰ ਦਾ ਟੀਚਾ ਪੂਰਾ ਕਰਨ ‘ਚ ਸਫਲ ਹੋਇਆ ਸੀ। ਬਠਿੰਡਾ ਜਿਲੇ ‘ਚ ਉਂਗਲਾਂ ਤੇ ਗਿਣਨ ਜੋਗੇ ਕਿਸਾਨ ਰਹਿ ਗਏ ਸਨ ਜਿੰਨਾਂ ਵੱਲੋਂ ਸਿੱਧੀ ਬਿਜਾਈ ਕੀਤੀ ਜਾ ਰਹੀ ਸ। ਇਸ ਵਾਰ ਮਜਬੂਰੀ ਵੱਸ ਹੀ ਸਹੀ ਕਿਸਾਨਾਂ ਨੇ ਸਿੱਧੀ ਬਿਜਾਈ ਵੱਲ ਪੈਰ ਵਧਾਏ ਹਨ।
ਖੇਤੀ ਮਾਹਿਰਾਂ ਨੂੰ ਉਮੀਦ ਹੈ ਕਿ ਜੇਕਰ ਇਸ ਵਾਰ ਨਤੀਜਾ ਚੰਗਾ ਨਿਕਲਦਾ ਹੈ ਤਾਂ ਅਗਲੇ ਵਰੇ ਤੋਂ ਹੋਰ ਵੀ ਕਿਸਾਨ ਇਸ ਰਾਹ ਪੈ ਸਕਦੇ ਹਨ। ਇਸ ਨਾਲ ਮਜਦੂਰਾਂ ਦੀ ਮਾਰਾਮਾਰੀ ਤੇ ਕਾਬੂ ਪਾਇਆ ਜਾ ਸਕੇਗਾ ਅਤੇ ਕਿਸਾਨ ਵੀ ਵਕਤ ਸਿਰ ਆਪਣਾ ਕੰਮ ਨਿਪਟਾ ਸਕਣਗੇ। ਖੇਤੀ ਮਾਹਿਰਾਂ ਨੇ ਦੱਸਿਆ ਹੈ ਕਿ ਸਿੱਧੀ ਬਿਜਾਈ ਨਾਲ ਲਾਏ ਜਾਣ ਵਾਲੇ ਝੋਨੇ ਵਿੱਚ ਪਾਣੀ ਦੀ ਕਾਫੀ ਬਚਤ ਹੁੰਦੀ ਹੈ ਤੇ ਖਾਦਾਂ ਦੇ ਖਰਚੇ ਵੀ ਘਟਦੇ ਹਨ। ਵੇਰਵਿਆਂ ਮੁਤਾਬਕ ਸਿੱਧੀ ਬਿਜਾਈ ਵਾਲੀ ਮਸ਼ੀਨ ਰਾਹੀਂ ਪ੍ਰਤੀ ਏਕੜ 7 ਕਿੱਲੋ ਬੀਜ ਪੈਂਦਾ ਹੈ ਇੱਕ ਮਸ਼ੀਨ ਇਕ ਦਿਨ ਵਿੱਚ 7-8 ਏਕੜ ਬਿਜਾਈ ਕਰਦੀ ਹੈ । ਸਿੱਧੀ ਬਿਜਾਈ ਨਾਲ ਦੋ ਹਜਾਰ ਰੁਪਏ ਖਰਚਾ ਕੱਦੂ ਕਰਨ ਦਾ ਬਚ ਜਾਂਦਾ ਹੈ ਇਸ ਤੋਂ ਬਿਨਾਂ ਝੋਨੇ ਦੀ ਲਵਾਈ ‘ਚ ਵੀ ਬੱਚਤ ਹੁੰਦੀ ਹੈ ਅਤੇ ਯੂਰੀਆ ਖਾਦ ਵੀ ਦੂਸਰੇ ਤਰੀਕਿਆਂ ਦੇ ਮੁਕਾਬਲੇ ਘੱਟ ਪਾਉਣੀ ਪੈਂਦੀ ਹੈ।
ਇੱਕ ਖੇਤੀ ਵਿਗਿਆਨੀ ਦਾ ਪ੍ਰਤੀਕਰਮ ਸੀ ਕਿ ਜਾਗਰੂਕਤਾ ਦੀ ਘਾਟ ਕਾਰਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਡਰਾ ਦਿੱਤਾ ਜਾਂਦਾ ਹੈ ਇਸ ਕਰਕੇ ਫਾਇਦੇ ਦੇ ਬਾਵਜੂਦ ਕਿਸਾਨ ਤਿਆਰ ਨਹੀਂ ਹੁੰਦੇ ਹਨ। ਮਾਹਿਰਾਂ ਮੁਤਾਬਕ ਕਣਕ ਦੀ ਤਰਜ਼ ਤੇ ਬੀਜਿਆ ਜਾਂਦਾ ਹੋਣ ਕਰਕੇ ਸਿੱਧੀ ਬਿਜਾਈ ੇ ਵਾਲਾ ਖੇਤ ਪੂਰੀ ਨਿਗਰਾਨੀ ਮੰਗਦਾ ਹੈ। ਇਸ ’ਚ ਬਿਜਾਈ ਦੇ ਦੋ ਹਫ਼ਤੇ ਅਤੇ ਚਾਰ ਹਫ਼ਤੇ ਬਾਅਦ ਅੱਧੀ ਅੱਧੀ ਬੋਰੀ ਯੂਰੀਆ ਖਾਦ ਪਾਉਣ ਤੋਂ ਇਲਾਵਾ ਸੱਤ ਅਤੇ ਦਸ ਹਫ਼ਤੇ ਬਾਅਦ ਲੋੜ ਅਨੁਸਾਰ ਖਾਦ ਪਾਉਣੀ ਹੁੰਦੀ ਹੈ। ਉਨਾਂ ਕਿਹਾ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਦਾ ਝਾੜ ਆਮ ਝੋਨੇ ਜਿੰਨਾਂ ਹੀ ਹੁੰਦਾ ਹੈ। ਖੇਤੀ ਮਾਹਿਰਾਂ ਨੇ ਮਿਸਾਲ ਦਿੱਤੀ ਕਿ ਬਠਿੰਡਾ ਜ਼ਿਲੇ ਦੇ ਪਿੰਡ ਕੋਟ ਸ਼ਮੀਰ ਅਤੇ ਘੁੰਮਣ ਕਲਾਂ ਦੇ ਕਿਸਾਨ ਪਹਿਲਾਂ ਤੋਂ ਇਸ ਤਕਨੀਕ ਨਾਲ ਝੋਨਾ ਲਾਉਂਦੇ ਆ ਰਹੇ ਸਨ ਇਸ ਲਈ ਹੁਣ ਬਾਕੀ ਕਿਸਾਨਾਂ ਨੂੰ ਵੀ ਇਹ ਵਿਧੀ ਅਪਨਾਉਣੀ ਚਾਹੀਦੀ ਹੈ।
ਪਾਣੀ ਅਤੇ ਲਾਗਤ ਖਰਚਿਆਂ ਦੀ ਬੱਚਤ
ਮੁੱਖ ਖੇਤੀਬਾੜੀ ਅਫ਼ਸਰ ਸ: ਬਹਾਦਰ ਸਿੰਘ ਦਾ ਕਹਿਣਾ ਸੀ ਕਿ ਪਿੱਛਲੇ ਸਾਲ ਜ਼ਿਲੇ ਵਿੱਚ 2200 ਹੈਕਟੇਅਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦੋਂ ਕਿ ਇਸ ਵਾਰ ਹੁਣ ਤੱਕ 22 ਹਜਾਰ ਹੈਕਟੇਅਰ ’ਚ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ ਜਾ ਚੁੱਕਿਆ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਵਿਭਾਗ ਨੇ 854 ਮਸ਼ੀਨਾਂ ਵੀ ਕਿਸਾਨਾਂ ਨੂੰ ਉਪਲਬੱਧ ਕਰਵਾਈਆਂ ਹਨ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਇਸ ਨਾਲ 30 ਫੀਸਦੀ ਤੱਕ ਪਾਣੀ ਬਚਦਾ ਹੈ ਅਤੇ 6 ਤੋਂ 7 ਹਜਾਰ ਰੁਪਏ ਲਾਗਤ ਖਰਚੇ ਘਟਦੇ ਹਨ ਜੋ ਕਿ ਵੱਡੀ ਗੱਲ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਇਸ ਤਕਨੀਕ ਨਾਲ ਕਰਨ ਅਤੇ ਲੋੜ ਪੈਣ ਤੇ ਖੇਤੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਚੇਤਨਾ ਪੈਦਾ ਕਰੇ ਖੇਤੀ ਵਿਭਾਗ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਕਿਸੇ ਵੀ ਨਵੀਂ ਵਿਧੀ ਨੂੰ ਅਪਣਾਉਣ ਵਿੱਚ ਲੰਬਾ ਸਮਾਂ ਲੱਗਦਾ ਹੈ ।ਉਨਾਂ ਆਖਿਆ ਕਿ ਕਿਸਾਨਾਂ ਨੂੰ ਇਸ ਤਰਫ ਮੋੜਨ ਵਾਸਤੇ ਖੇਤੀ ਵਿਭਾਗ ਅਤੇ ਸਰਕਾਰ ਨੂੰ ਭਰੋਸਾ ਪੈਦਾ ਕਰਨ ਲਈ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਕੈਂਪ ਲਾਉਣੇ ਚਾਹੀਦੇ ਹਨ ਤਾਂ ਹੀ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਈ ਜਾ ਸਕਦੀ ਹੈ । ਉਨਾਂ ਆਖਿਆ ਕਿ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸਲਾਹ ਤਾਂ ਦਿੱਤੀ ਜਾਂਦੀ ਹੈ ਪਰ ਮਹਿਕਮਾ ਬਣਦੀ ਸਹਾਇਤਾ ਨਹੀਂ ਕਰਦਾ ਜਿਸ ਕਰਕੇ ਕਿਸਾਨ ਡਰਦੇ ਪਾਸਾ ਵੱਟ ਜਾਂਦੇ ਹਨ। ਕਿਸਾਨ ਆਗੂ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਪੂਰੀ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ ਜੋ ਇਸ ਵਿਧੀ ਨੂੰ ਅਪਨਾਉਣ ’ਚ ਸਹਾਈ ਹੋ ਸਕਦੀ ਹੈ।