ਅਸ਼ੋਕ ਵਰਮਾ
ਬਠਿੰਡਾ, 10 ਜੂਨ
ਕਰੋਨਾ ਵਾਇਰਸ ਕਾਰਨ ਬਣੇ ਮਜਦੂਰਾਂ ਦੇ ਸੰਕਟ ਕਾਰਨ ਬਠਿੰਡਾ ਖਿੱਤੇ ’ਚ ਅੱਜ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਪਰ ਝੁਨਾ ਲਾਉਣ ਦੇ ਰੇਟ ਵਧ ਗਏ ਹਨ। ਮੁੱਢਲੇ ਪੜਾਅ ‘ਤੇ ਹੀ ਖੇਤਾਂ ਵਿੱਚ ਲੇਬਰ ਦਾ ਸੰਕਟ ਵੀ ਬਣ ਗਿਆ ਹੈ। ਬਹੁਤੇ ਕਿਸਾਨਾਂ ਨੇ ਪਹਿਲਾਂ ਹੀ ਝੋਨੇ ਵਾਸਤੇ ਖੇਤ ਤਿਆਰ ਕਰ ਲਏ ਸਨ। ਪਰਵਾਸੀ ਮਜ਼ਦੂਰਾਂ ਦਾ ਸੰਕਟ ਹੋਣ ਕਰਕੇ ਲਵਾਈ ਦੇ ਰੇਟਾਂ ਵਿੱਚ ਕਾਫੀ ਵਾਧਾ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲੇ ਵਿੱਚ ਪ੍ਰਤੀ ਏਕੜ 38 ਸੌ ਤੋਂ 4 ਹਜਾਰ ਰੁਪਏ ਤਕ ਝੋਨੇ ਦੀ ਲਵਾਈ ਦੀ ਲੇਬਰ ਲਈ ਜਾ ਰਹੀ ਹੈ ਜਦੋਂਕਿ ਪਿਛਲੇ ਸਾਲ ਇਹ ਭਾਅ 2700 ਤੋਂ 3000 ਰੁਪਏ ਸੀ। ਉਂਜ ਕਈ ਥਾਵਾਂ ਤੇ ਝੋਨੇ ਦੀ ਲਵਾਈ 4500 ਰੁਪਏ ਪਤੀਏਕੜ ਤੱਕ ਪੁੱਜਣ ਦੀਆਂ ਖਬਰਾਂ ਹਨ ਜੋਕਿ ਕਰੀਬ ਸਭ ਤੋਂ ਉੱਚਾ ਭਾਅ ਹੈ। ਜਾਣਕਾਰੀ ਅਨੁਸਾਰ ਸਾਲ 2014 ਦੌਰਾਨ ਝੋਨੇ ਦੀ ਅਵਾਈ ਦਾ1800 ਤੋਂ 2000 ਰੁਪਏ ਤਕ ਸੀ ਪਿੰਡ ਮਹਿਰਾਜ ਦੇ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰ ਪਹਿਲਾਂ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਦੀ ਮਾਤਰਾ ਦੇਖਦੇ ਹਨ ਅਤੇ ਉਸ ਪਿੱਛੋਂ ਭਾਅ ਖੋਲਦੇ ਹਨ।

ਉਨਾਂ ਦੱਸਿਆ ਕਿ ਐਤਕੀਂ ਲੇਬਰ ਦਾ ਪ੍ਰਤੀ ਏਕੜ ਔਸਤਨ ਹਜਾਰ ਰੁਪਏ ਭਾਅ ਵਧਿਆ ਹੈ। ਏਦਾਂ ਹੀ ਪਿੰਡ ਲਹਿਰਾ ਦੇ ਕਿਸਾਨ ਗੁਰਲਾਭ ਸਿੰਘ ਨੇ ਦੱਸਿਆ ਕਿ ਘੱਟ ਰਕਬੇ ਵਾਲੇ ਕਿਸਾਨਾਂ ਨੂੰ ਲੇਬਰ ਦਾ ਸੰਕਟ ਹੈ ।ਉਨਾਂ ਦੱਸਿਆ ਕਿ ਲੇਬਰ ਵੱਡੇ ਰਕਬੇ ਨੂੰ ਤਰਜੀਹ ਦਿੰਦੀ ਹੈ । ਸੰਗਤ ਇਲਾਕੇ ਦੇ ਕਿਸਾਨ ਬਲਬੀਰ ਸਿੰਘ ਅਨੁਸਾਰ ਮੌਸਮ ਠੀਕ ਹੋਣ ਕਰਕੇ ਬਹੁਤੇ ਖੇਤਰਾਂ ’ਚ ਕਿਸਾਨਾ ਨੂੰ ਬਿਜਲੀ ਅੱਠ ਘੰਟੇ ਮਿਲੀ ਹੈ। ਮੌੜ ਇਲਾਕੇ ’ਚ ਨੁਕਸ ਕਾਰਨ ਬਿਜਲੀ ਦੀ ਸਮੱਸਿਆ ਆਈ ਜਿਸ ਨੂੰ ਠੀਕ ਕਰ ਦਿੱਤਾ ਗਿਆ। ਮੰਗਲਵਾਰ ਰਾਤ ਨੂੰ ਨਥਾਣਾ ਦੇ ਇੱਕ ਫੀਡਰ ’ਚ ਆਈ ਦਿੱਕਤ ਕਾਰਨ ਕਿਸਾਨ ਬਿਜਲੀ ਉਡੀਕਦੇ ਰਹੇ । ਕਿਸਾਨਾਂ ਨੇ ਮੰਨਿਆ ਕਿ ਕਿਸਾਨ ਪਛੜਨ ਦੇ ਡਰੋਂ ਝੋਨੇ ਦੀ ਲਵਾਈ ਲਈ ਕਾਹਲ ਦਿਖਾਉਣ ਲੱਗੇ ਹਨ। ਪਿੰਡ ਮਹਿਰਾਜ ਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਲੇਬਰ ਨੂੰ ਵੱਧ ਕੀਮਤ ਤੋਂ ਇਲਾਵਾ ਰਾਸ਼ਨ ਵੀ ਦੇਣਾ ਪੈਂਦਾ ਹੈ ਉਨਾਂ ਦੱਸਿਆ ਕਿ ਐਤਕੀਂ ਸੰਕਟ ਕਾਰਨ ਮਜਦੂਰਾਂ ਦੇ ਨਖਰੇ ਕਾਫੀ ਉੱਚੇ ਹੋ ਗਏ ਹਨ। ਦੂਜੇ ਪਾਸੇ ਮਜਦੂਰ ਆਖਦੇ ਹਨ ਕਿ ਮਹਿੰਗਾਈ ਨੂੰ ਦੇਖਦਿਆਂ ਵਾਧਾ ਜਾਇਜ ਹੈ। ਉਨਾਂ ਆਖਿਆ ਕਿ ਅਸਲ ’ਚ ਕਿਸਾਨੀ ਨੂੰ ਖੇਤੀ ਲਾਗਤ ਵਸਤਾਂ ਦੀ ਕੀਮਤ ’ਚ ਹੋਏ ਵਾਧੇ ਦੀ ਲੇਬਰ ਨਾਂਲੋਂ ਵੱਧ ਮਾਰ ਪੈਂਦੀ ਹੈ।
ਪਿੰਡ ਕੋਠਾ ਗੁਰੂ ਦੇ ਕਿਸਾਨ ਜਸਬੀਰ ਸਿੰਘ ਦਾ ਕਹਿਣਾ ਸੀ ਕਿ ਝੋਨੇ ਦੀ ਲਵਾਈ ਵਿੱਚ ਜ਼ਿਆਦਾ ਦੇਰੀ ਹੋਣ ਕਾਰਨ ਝੋਨਾ ਪੱਕਣ ਵਿੱਚ ਦਿੱਕਤ ਆਉਂਦੀ ਹੈ। ਉਸ ਨੇ ਦੱਸਿਆ ਕਿ ਝੋਨਾ ਅਕਤੂਬਰ ਤੱਕ ਪਕਦਾ ਨਹੀਂ ਜਿਸ ਕਰਕੇ ਨਮੀ ਦੀ ਮਾਤਰਾ ਵੀ ਵੱਧ ਜਾਂਦੀ ਹੈ । ਉਨਾਂ ਆਖਿਆ ਕਿ ਇਲਾਕੇ ਵੰਡ ਕੇ ਝੋਨਾ ਲਾਉਣ ਦੀਆਂ ਤਰੀਕਾਂ ਤੈਅ ਕਰ ਦਿੱਤੀਆਂ ਜਾਣ ਤਾਂ ਮਜਦੂਰਾਂ ਦਾ ਸੰਕਟ ਕਾਫੀ ਹੱਦ ਤੱਕ ਹੱਲ ਹੋ ਸਕਦਾ ਹੈ। ਉਨਾਂ ਦੱਸਿਆ ਕਿ ਬਿਜਾਈ ਸ਼ੁਰੂ ਹਣ ਨਾਲ ਕਿਸਾਨਾਂ ਨੂੰ ਲੇਬਰ ਤਾਂ ਮਿਲਦੀ ਹੈ ਪਰ ਮਜਦੂਰ ਝੋਨਾ ਲਾਉਣ ਦੀ ਕੀਮਤ ਉੱਚੀ ਮੰਗਣ ਲੱਗੇ ਹਨ। ਜਾਣਕਾਰੀ ਅਨੁਸਾਰ ਐਤਕੀਂ ਝੋਨੇ ਹੇਠੋਂ ਰਕਬਾ ਨਿਕਲਣ ਦੀ ਉਮੀਦ ਹੈ, ਜਿਸ ਦੀ ਥਾਂ ਕਿਸਾਨ ਨਰਮੇ ਕਪਾਹ ਨੂੰ ਤਰਜੀਹ ਦੇਣ ਲੱਗੇ ਹਨ। ਕਿਸਾਨ ਆਗੂ ਜਸਬੀਰ ਸਿੰਘ ਬੁਰਜਸੇਮਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਲੇਬਰ ਸੰਕਟ ਨਾਲ ਨਜੱਠਣ ਲਈ ਸਹਾਇਤਾ ਦੇਵੇ ਅਤੇ 12 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਏ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ
ਝੋਨੇ ਦੀ ਬਿਜਾਈ ਹੇਠ ਰਕਬਾ ਘਟਿਆ
ਜ਼ਿਲਾ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਬਹਾਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਜਿਲੇ ’ਚ ਇਸ ਵਾਰ ਝੋਨੇ ਦਾ ਕੋਈ ਟੀਚਾ ਨਹੀਂ ਬਲਕਿ ਵੱਧ ਤੋਂ ਵੱਧ ਰਕਬਾ ਇਸ ਫਸਲ ਹੇਠੋਂ ਕੱਢਣਾ ਹੈ। ਉਨਾਂ ਦੱਸਿਆ ਕਿ ਫਿਰ 70 ਤੋਂ 75 ਹਜਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਂਦ ਦਾ ਅਨੁਮਾਨ ਹੈ ਜਦੋਂਕਿ ਲੰਘੇ ਵਰੇ 1 ਲੱਖ 30 ਹਜਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਸ ਵਾਰ 30 ਹਜਾਰ ਹੈਕਟੇਅਰ ਤੋਂ ਵੱਧ ਰਕਬਾ ਝੋਨੇ,ਗੁਆਰੇ ਤੇ ਮੱਕੀ ਵੱਲ ਚਲਾ ਜਾ ਸਕਦਾ ਹੈ ਜੋਕਿ ਚੰਗਾ ਸ਼ਗਨ ਹੈ।
ਮਹਿੰਗਾਈ ਵਧਣ ਕਰਕੇ ਲੇਬਰ ਭਾਅ ਵਧੇ: ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਕਾਲਾ ਬਜਾਰੀ ਵਾਲੀ ਕੋਈ ਗੱਲ ਨਹੀਂ ਹੈ ਬਲਕਿ ਲੇਬਰ ਦੀ ਘਾਟ ਕਾਰਨ ਪਿਛਲੇ ਸਾਲ ਨਾਲੋਂ ਵਾਧਾ ਹੋਣਾ ਸੁਭਾਵਿਕ ਹੈ। ਉਨਾਂ ਆਖਿਆ ਕਿ ਦੇਖਿਆ ਜਾਏ ਤਾਂ ਸਵੇਰੇ ਸੱਤ ਵਜੇ ਤੋਂ ਦੇਰ ਸ਼ਾਮ ਤੱਕ ਚੱਲਦੀ ਲੁਵਾਈ ਕਾਰਨ ਦਿਹਾੜੀ ਦੇ ਹਿਸਾਬ ਨਾਲ ਕੋਈ ਜਿਆਦਾ ਨਹੀਂ ਹੈ। ਉਨਾਂ ਆਖਿਆ ਕਿ ਇਕਦਮ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਲੇਬਰ ਦਾ ਸੰਕਟ ਬਣਦਾ ਹੈ । ਉਨਾਂ ਕਿਹਾ ਕਿ ਮੰਗ ਅਤੇ ਉਪਲਬਧਤਾ ਦੇ ਪਾੜੇ ਕਾਰਨ ਵੀ ਭਾਅ ਤੇਜ ਹੁੰਦੇ ਹਨ ਪੰ੍ਰਤੂ ਇਹ ਤੇਜੀ ਆਰਜੀ ਹੁੰਦੀ ਹੈ । ਸ੍ਰੀ ਸੇਵੇਵਾਲਾ ਨੇ ਕਿਹਾ ਕਿ ਉਨਾਂ ਦੀ ਜੱਥੇਬੰਦੀ ਕਾਲਾਬਜਾਰੀ ਕਰਨ ਵਾਲਿਆਂ ਦਾ ਵਿਰੋਧ ਕਰਦੀ ਹੈ।