ਦੁੱਖਭੰਜਨ ਰੰਧਾਵਾ
ਐ ਮੇਰੇ ਮਾਲਕ ਰੌਸ਼ਨ ਕਰਦੇ,
ਅੱਜ ਤੋਂ ਮੇਰੇ ਅੰਦਰ ਨੂੰ।
ਮਸਜਿਦ, ਗਿਰਜਾ ਗੂਰੂਦਵਾਰਾ,
ਸੀਸ ਝੁਕਾਵਾਂ ਮੰਦਰ ਨੂੰ।
ਜਿੰਨਾਂ ਰਾਹਾਂ ਤੇ ਮੈਂ ਤੁਰਿਆ ਹਾਂ,
ਓਨਾਂ ਰਾਹਾਂ ਤੇ ਤਾਂ ਬਰਕਤ ਹੈ।
ਮੈਂ ਊਣੇਂ ਨੂੰ ਪੂਰਾ ਕਰਦੀ ਜਾਪੇ,
ਮੌਲਾ ਏ ਜੋ ਤੇਰੀ ਹਰਕਤ ਹੈ।
ਮੈਨੂੰ ਭਟਕਣ ਤੋਂ ਬਚਾ ਲਵੇ,
ਏਨਾਂ ਦੱਸਦੇ ਦਿਲ ਪਤੰਦਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਹੁਣ ਨਾ ਗਲਾਂ ਚ ਟਾਇਰ,
ਪਾ ਕੇ ਬੰਦੇ ਸਾੜੇ ਜਾਵਣਗੇ।
ਅਮਨ ਵੀ ਕਿੱਕਲੀਆਂ ਪਾਵੇਗਾ,
ਨਾ ਹਾਲਾਤ ਵਿਗਾੜੇ ਜਾਵਣਗੇ।
ਮਨ ਸ਼ੀਸ਼ੇ ਜਿਆ ਸਾਫ ਹੋ,
ਜਾਣੈਂ ਖੂਨ ਨੀ ਲੱਗਣਾਂ ਖੰਜਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਕਾਸ਼ ਨਾ ਉੱਤਰੇ ਕਿਸੇ ਵੀ ਧੀ,
ਦੇ ਸਿਰ ਦੇ ਉੱਤੋਂ ਦੁਪੱਟਾ ਹੁਣ।
ਮਾਣੇਂ ਧੀ ਆਜ਼ਾਦੀ ਆਪਣੀਂ ਤੇ,
ਸਿਰ ਤੇ ਪਵੇ ਨਾ ਘੱਟਾ ਹੁਣ।
ਪਤ ਰੁਲਦੀ ਨੀ ਵੇਖਣੀਂ ਚਾਹੁੰਦੇ,
ਨਈਂ ਵੇਖਣਾਂ ਚਾਹੁੰਦੇ ਮੰਜ਼ਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਸਭਦੇ ਜ਼ਹਿਨ ਦੇ ਵਿੱਚੋਂ ਕੱਢ,
ਕੇ ਸੁੱਟਦੇ ਤੂੰ ਹੰਕਾਰ ਦਾ ਕੰਢਾ।
ਮੋਹ ਦਾ ਇੱਕ ਖਜ਼ਾਨਾ ਦੇ ਦੇ,
ਜਿਸ ਨੂੰ ਗਲੀਏ ਗਲੀਏ ਵੰਡਾਂ।
ਅੱਜ ਮੈਂ ਸੀਸ ਨਿਵਾਉਣਾ,
ਹੈ ਦਿੱਤਾ ਆਖ ਕਲੰਦਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਕਰ ਮੇਰੇ ਮੌਲਾ ਐਸੀ ਬਾਰਿਸ਼,
ਧਰਤੀ ਦੇ ਕਣ ਕਣ ਨੂੰ ਨੀਰ ਮਿਲੇ।
ਸਿੱਟੇ ਨੂੰ ਸਿੱਟਾ ਇੰਝ ਗਲ ਲਾਵੇ,
ਜੀਉਂ ਰਾਂਝੇ ਨੂੰ ਬੇਲੇ ਹੀਰ ਮਿਲੇ।
ਆਪਣੇ ਹਿੱਸੇ ਦਾ ਪਾਣੀ ਮਿਲ ਜੇ,
ਧਰਤੀ ਹਰ ਇੱਕ ਬੰਜਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਭੁੱਲਿਆ ਨਹੀਂ ਨਨਕਾਣਾ ਹਾਲੇ,
ਤੇ ਭੁੱਲਿਆ ਨਈਂ ਕਰਤਾਰਪੁਰਾ।
ਇੱਕ ਦਿਨ ਮੈਂ ਵੀ ਜਾ ਕੇ ਆਉਣੈਂ,
ਜੋ ਹੈ ਸਿੱਖੀ ਦਾ ਅਹਿਮ ਧੁਰਾ।
ਦੁੱਖਭੰਜਨ ਅੱਜ ਵੀ ਟੇਕੇ ਮੱਥੇ,
ਗੂਰੂ ਨਾਨਕ ਦੇ ਲੰਗਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਹਰਿੰਦਰ ਸੋਹਲ ਤੇਰੀ ਰਜ਼ਾ
ਚ ਰਾਜ਼ੀ ਰਹਿਣਾ ਸਿੱਖ ਗਿਆ।
ਮੈਨੂੰ ਤੇਰੇ ਦਰ ਆਉਂਦੇ ਨੂੰ
ਓ ਇਲਾਹੀ ਨਜ਼ਾਰਾ ਦਿਖ ਗਿਆ।
ਕੋਈ ਨੀ ਟੱਕਰ ਦੇਵਣ ਵਾਲਾ
ਇੱਕ ਤੈਨੂੰ ਸ਼ਾਹ ਧੁਨੰਤਰ ਨੂੰ।
ਐ ਮੇਰੇ ਮਾਲਕ ਰੌਸ਼ਨ ਕਰਦੇ
ਅੱਜ ਤੋਂ ਮੇਰੇ ਅੰਦਰ ਨੂੰ
ਸੰਪਰਕ ਸੂਤਰ
0351920036369
0919855884418
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ