ਮਨਦੀਪ ਕੌਰ ਭੰਮਰਾ
ਕੁੰਦਨ ਹੋਣ ਲਈ ਸਾਧਨਾ ਦੇ
ਪਹਾਰੇ ਵਿੱਚ ਤਪਣਾ ਪੈਂਦਾ ਹੈ
ਨਹੀਂ ਤਾਂ ਸੋਨਾ ਕੇਵਲ ਪੀਲਾ
ਅਣਘੜਿਆ ਪੱਥਰ ਹੁੰਦਾ ਹੈ
ਹੀਰਿਕ ਡਲ੍ਹਕ ਪਾਉਣ ਲਈ
ਚਿੱਪਰਾਂ ਲੁਹਾਉਣੀਆਂ ਪੈਂਦੀਆਂ ਹਨ
ਨਹੀਂ ਤਾਂ ਹੀਰਾ ਵੀ ਅਣਘੜਤ
ਪੱਥਰ ਹੀ ਹੁੰਦਾ ਹੈ ਨਿਰੀ ਕਾਲ਼ਖ
ਪਹਾਰੇ ਵਿੱਚ ਪੈਣਾ ਸੇਕ ਨੂੰ ਸਹਿਣਾ
ਚਿੱਪਰਾਂ ਲੁਹਾਉਣ ਸਮੇਂ ਦਰਦ ਹੋਣਾ
ਅਥਾਹ ਪੀੜਾ ਨੂੰ ਪਰ ਜਜ਼ਬ ਕਰ ਜਾਣਾ
ਅਤੇ ਅੰਤ ਸੂਰਜ ਵਾਂਗ ਲਿਸ਼ਕ ਜਾਣਾ
ਜ਼ਿੰਦਗੀ ਵਿੱਚ ਵਾਪਰਨ ਵਾਲ਼ਾ
ਕਮਾਲ ਦਾ ਸੂਤਰ ਵੀ ਇਹੋ ਹੈ
ਹਰ ਤਰ੍ਹਾਂ ਦੇ ਤਲ ਉੱਪਰ
ਦਰਦਾਂ,ਕਸਕਾਂ ਦੀ ਚੱਕੀ ਵਿੱਚ ਪਿਸਣਾ
ਕਸੀਸ ਵੱਟ ਸਭ ਸਹਿ ਜਾਣਾ
ਸਿਦਕ ਦਾ ਪੱਲਾ ਘੁੱਟ ਕੇ ਫੜਨਾ
ਸੇਕਾਂ ਅਤੇ ਰਗੜਾਂ ਨੂੰ ਜਰ ਜਾਣਾ
ਫਿਰ ਤੋਂ ਚੜ੍ਹਦੇ ਸੂਰਜ ਵਾਂਗ ਲਿਸ਼ਕਣਾ
ਜੀਵਨ ਦੀ ਕਰਮਗਤੀ ਅਤੇ ਗਤੀ ਵਿੱਚ
ਸਾਧਨਾ ਸਫਲਤਾ ਲਈ ਪਰਮ ਸਰੋਤ ਹੈ
ਸੋ ਸਾਧਨਾ ਦੇ ਪਹਾਰੇ ਵਿੱਚ ਪੈਣ ਤੋਂ ਨਾ ਡਰੋ
ਸਾਧਨਾ ਦੀ ਮਹਾਨ ਸ਼ਕਤੀ ਦਾ ਸਹਾਰਾ ਲਵੋ!
-ਮਨਦੀਪ ਕੌਰ ਭੰਮਰਾ