19.2 C
United Kingdom
Sunday, September 6, 2026

More

    ਖੋਸਾ ਪਾਂਡੋ ਕਾਂਡ- ਮ੍ਰਿਤਕ ਪੁਲਿਸ ਮੁਲਾਜਮ ਦਾ ਪੂਰੇ ਸਨਮਾਨਾਂ ਨਾਲ ਅੰਤਿਮ ਸੰਸਕਾਰ

    ਫਾਈਰਿੰਗ ਦੌਰਾਨ ਇੱਕ ਪੁਲਿਸ ਕਰਮੀ ਦੀ ਮੌਤ, ਦੋ ਜਖਮੀ

    ਮੋਗਾ (ਮਿੰਟੂ ਖੁਰਮੀ)

    ਪਿੰਡ ਖੋਸਾ ਪਾਂਡੋ ਵਿਖੇ ਫਾਈਰਿੰਗ ਦੇ ਹਮਲੇ ਵਿੱਚ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਮੌਤ ਹੋ ਗਈ ਹੈ ਜਦਕਿ ਦੋ ਪੁਲਿਸ ਕਰਮੀ ਜਖਮੀ ਹੋਏ ਹਨ। ਇਸ ਨਾਲ ਸਬੰਧਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 8 ਜੂਨ ਨੂੰ ਸ਼ਾਮ 7:30 ਵਜੇ ਪਿੰਡ ਖੋਸਾ ਪਾਂਡੋ, ਪੁਲਿਸ ਸਟੇਸ਼ਨ ਸਦਰ ਮੋਗਾ ਦੇ ਵਾਸੀ ਬਲਦੇਵ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸਦੇ ਭਤੀਜੇ ਗੁਰਵਿੰਦਰ ਸਿੰਘ ਨੇ ਤੂੜੀ ਵਾਲੇ ਕਮਰੇ ਨੂੰ ਅੱਗ ਲਗਾ ਦਿੱਤੀ ਹੈ।
    ਸ਼ਿਕਾਇਤ ਮਿਲਣ ਤੇ ਡਿਊਟੀ ਅਫ਼ਸਰ ਏ.ਐਸ.ਆਈ ਬੂਟਾ ਸਿੰਘ ਮੌਕੇ ਤੇ ਪਹੁੰਚੇ ਪ੍ਰੰਤੂ ਗੁਰਵਿੰਦਰ ਸਿੰਘ ਨੇ ਪੁਲਿਸ ਨੂੰ ਦਾਖਲ ਹੋਣ ਲਈ ਗੇਟ ਨਾ ਖੋਲ੍ਹਿਆ। ਮੁਲਜ਼ਮ ਗੁਰਵਿੰਦਰ ਸਿੰਘ ਘਰ ਦੀ ਛੱਤ ਉੱਤੇ ਲੁਕ ਗਿਆ ਜਿੱਥੋ ਉਸ ਨੇ ਪੁਆਇੰਟ 12 ਬੋਰ ਦੀ ਬੰਦੂਕ ਨਾਲ ਫਾਇਰ ਕਰਨ ਦੀ ਧਮਕੀ ਦਿੱਤੀ। ਅੇਸ.ਐਚ.ਓ. ਪੁਲਿਸ ਸਟੇਸ਼ਨ ਸਦਰ ਮੋਗਾ ਕਰਮਜੀਤ ਸਿੰਘ ਮੌਕੇ ਤੇ ਹੋਰ ਵਧੇਰੇ ਫੋਰਸ ਨਾਲ ਪੁੱਜੇ, ਪ੍ਰੰਤੂ ਮੁਲਜ਼ਮ ਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ। ਐਸ.ਐਚ.ਓ. ਕਰਮਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੁੰ ਬੇਨਤੀ ਕੀਤੀ ਕਿ ਮੌਕੇ ਤੇ ਸੀਨੀਅਰ ਅਫ਼ਸਰ ਭੇਜੇ ਜਾਣ ਕਿਉਕਿ ਮੁਲਜ਼ਮ ਬਹੁਤ ਜਿਆਦਾ ਗੁੱਸੇ ਵਿੱਚ ਸੀ।
    ਇਸ ਤੋ ਬਾਅਦ ਐਸ.ਪੀ.(ਆਈ.) ਹਰਿੰਦਰਪਾਲ ਸਿੰਘ ਪਰਮਾਰ, ਡੀਐਸ.ਪੀ. (ਆਈ) ਜੰਗਜੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਮੌਕੇ ਤੇ ਪਹੁੰਚੇ। ਜਦ ਇਹ ਸਾਰੇ ਅਫ਼ਸਰ ਮੁਲਜ਼ਮ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕਰ ਰਹੇ ਸਨ ਤਾਂ ਉਸ ਨੇ ਕਾਂਸਟੇਬਲ ਜਗਮੋਹਨ ਸਿੰਘ ਤੇ ਫਾਇਰਿੰਗ ਕੀਤੀ ਜਿਸ ਤੇ ਗੋਲੀ ਲੱਗਣ ਤੇ ਜਗਮੋਹਣ ਸਿੰਘ ਡਿੱਗ ਪਿਆ। ਇਸ ਦੌਰਾਨ ਦੋ ਪੁਲਿਸ ਮੁਲਾਜਮ ਵੀ ਜ਼ਖਮੀ ਹੋਏ ਜਿੰਨ੍ਹਾਂ ਵਿੱਚ ਇੰਚਾਰਜ ਸੀ.ਆਈ.ਏ. ਮੋਗਾ ਇੰਸਪੈਕਟਰ ਤਰਲੋਚਨ ਸਿੰਘ ਅਤੇ ਹੈਡ ਕਾਂਸਟੇਬਲ ਵੇਦਮ ਸਿੰਘ 206/ਮੋਗਾ ਸ਼ਾਮਿਲ ਹਨ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਵੀ ਮੌਕਾ ਏ ਵਾਰਦਾਤ ਤੇ ਪੁੱਜੇ।
    ਉਨ੍ਹਾਂ ਦੱਸਿਆ ਕਿ ਉਸ ਵਕਤ ਇਹ ਨਹੀ ਪਤਾ ਸੀ ਕਿ ਜਗਮੋਹਨ ਸਿੰਘ ਜਿੰਦਾ ਹਨ ਜਾਂ ਮਾਰੇ ਗਏ ਹਨ। ਮੌਕੇ ਉਤੇ ਕਵਰ ਫਾਇਰ ਦੇ ਕੇ ਜਗਮੋਹਣ ਸਿੰਘ ਨੂੰ ਉੱਥੋ ਚੱਕਿਆ ਗਿਆ ਪ੍ਰੰਤੂ ਉਦੋ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮੁਲਜ਼ਮ ਵੱਲੋ ਪੁਲਿਸ ਪਾਂਰਟੀ ਉੱਤੇ ਫਾਇਰਿੰਗ ਜਾਰੀ ਰਹੀ ਪ੍ਰੰਤੂ ਪੁਲਿਸ ਵੱਲੋ ਸੰਜਮ ਵਰਤਦੇ ਹੋਏ ਕੰਮ ਕੀਤਾ ਗਿਆ ਤਾਂ ਜੋ ਮੁਲਜ਼ਮ ਨੂੰ ਫੜ੍ਹ ਲਿਆ ਜਾਵੇ।
    ਉਨ੍ਹਾਂ ਦੱਸਿਆ ਕਿ ਅਗਲੇ ਦਿਨ 9 ਜੂਨ ਨੂੰ ਸਵੇਰੇ 4 ਵਜੇ ਗੁਰਵਿੰਦਰ ਸਿੰਘ ਨੇ ਆਪਣੇ ਘਰ ਦਾ ਗੇਟ ਤੋੜਦੇ ਹੋਏ ਟਾਟਾ ਸਫਾਈ ਗੱਡੀ ਨੰਬਰ ਪੀ.ਬੀ. 05 0117 ਵਿੱਚ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰਦੇ ਹੋਏ ਫਰਾਰ ਹੋਣ ਦੀ ਕੋਸ਼ਿਸ ਕੀਤੀ। ਪੁਲਿਸ ਨੇ ਵੀ ਜਵਾਬ ਵਿੱਚ ਫਾਇਰਿੰਗ ਕੀਤੀ ਜਿਸ ਕਾਰਣ ਮੁਲਜ਼ਮ ਜਖਮੀ ਹੋ ਗਿਆ।
    ਮੁਲਜ਼ਮ ਪਿੰਡ ਪੰਡੋਰੀ ਖੱਤਰੀ, ਪੁਲਿਸ ਸਟੇਸ਼ਨ ਜੀਰਾ ਪਹੁੰਚਿਆ ਜਿੱਥੇ ਉਸ ਨੇ ਆਪਣੀ ਸਫਾਰੀ ਗੱਡੀ ਛੱਡ ਦਿੱਤੀ ਅਤੇ ਆਸ ਪਾਸ ਦੇ ਪਿੰਡ ਵਾਲਿਆਂ ਨੂੰ ਇਹ ਦੱਸਿਆ ਕਿ ਉਸਦਾ ਐਕਸੀਡੈਟ ਹੋ ਗਿਆ ਹੈ ਅਤੇ ਉਸਦੇ ਸੱਟਾਂ ਵੱਜੀਆਂ ਹਨ। ਆਸ ਪਾਸ ਦੇ ਲੋਕਾਂ ਨੇ 108 ਐਬੂਲੈਸ ਉੱਤੇ ਫੋਨ ਕਰਕੇ ਮੁਲਜ਼ਮ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾ ਦਿੱਤਾ ਗਿਆ।
    ਪੁਲਿਸ ਪਾਰਟੀ ਮੁਲਜ਼ਮ ਨੂੰ ਲੱਭਦੀ ਹੋਈ ਸਿਵਲ ਹਸਪਤਾਲ ਮੋਗਾ ਪਹੁੰਚੀ ਜਿੱਥੇ ਉਸਤੋ ਵਾਰਦਾਤ ਵਿੱਚ ਵਰਤੀ ਗਈ ਬੰਦੂਕ ਮਿਲੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
    ਇੰਸਪੈਕਟਰ ਤ੍ਰਿਲੋਚਨ ਸਿੰਘ ਅਤੇ ਹੈਡ ਕਾਂਸਟੇਬਲ ਵੇਦਮ ਸਿੰਘ ਦਾ ਇਲਾਜ਼ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਰਿਹਾ ਹੈ। ਮੁਲਜ਼ਮ ਗੁਰਵਿੰਦਰ ਸਿੰਘ ਖਿਲਾਫ ਐਫ.ਆਈ.ਆਰ. ਨੰਬਰ 67 ਅੰਡਰ ਸੈਕਸ਼ਨ 302, 307, 353, 186 ਆਈ.ਪੀ.ਸੀ. ਅਤੇ 25-27 ਅਸਲਾ ਐਕਟ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।
    ਸ਼ਹੀਦ ਜਗਮੋਹਨ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਮਾਣੂੰਕੇ ਵਿਖੇ ਪੁਲਿਸ ਦੇ ਨਿਯਮਾਂ ਅਨੁਸਾਰ ਕੀਤਾ ਗਿਆ। ਜਿਸ ਵਿੱਚ ਸਪੈਸ਼ਲ ਡੀ.ਜੀ.ਪੀ. ਪੰਜਾਬ ਆਰਮਡ ਫੋਰਸ ਸ੍ਰੀ ਆਈ.ਪੀ.ਐਸ. ਸਹੋਤਾ ਨੇ ਡੀ.ਜੀ.ਪੀ. ਪੰਜਾਬ ਵੱਲੋ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਈਂ.ਜੀ. ਫਰੀਦਕੋਟ ਰੇਜ ਸ੍ਰੀ ਕੌਸਤੁਭ ਸ਼ਰਮਾ ਅਤੇ ਐਸ.ਐਸ.ਪੀ. ਸ੍ਰੀ ਹਰਮਨਬੀਰ ਸਿੰਘ ਗਿੱਲ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!