ਹੰਡਿਆਇਆ,ਮਹਿਲ ਕਲਾਂ ( ਲਿਆਕਤ ਅਲੀ, ਜਗਸੀਰ ਸਿੰਘ ਧਾਲੀਵਾਲ ਸਹਿਜੜਾ )

ਇਹ ਅਕਸਰ ਕਿਹਾ/ਸੁਣਿਆ ਜਾਂਦਾ ਹੈ ਕਿ “ਕਾਨੂੰਨ ਦੇ ਹੱਥ ਬਹੁਤ ਲੰਬੇ” ਹੁੰਦੇ ਹਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਵਿਅਕਤੀਆਂ ਖ਼ਿਲਾਫ਼ ਦਰਜ ਵੱਖ ਵੱਖ ਕੇਸਾਂ ਸਬੰਧੀ ਪੰਜਾਬ ਪੁਲਸ ਦੀ ਢਿੱਲ ਮੱਠ/ਢੀਠਤਾਈ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਨੂੰਨ ਦੇ ਹੱਥ “ਆਮ ਲੋਕਾਂ” ਲਈ ਹੀ ਲੰਬੇ ਹੁੰਦੇ ਹਨ, ਜਦਕਿ ਅਸਰ ਰਸੂਖ ਰੱਖਣ ਵਾਲੇ ਦੋਸ਼ੀਆਂ ਦੇ ਸਬੰਧ ਵਿੱਚ ਕਾਨੂੰਨ ਦੇ ਹੱਥ ਹਮੇਸ਼ਾ ਬੰਨ੍ਹੇ ਹੋਏ ਹੁੰਦੇ ਹਨ। ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਦੋ ਵੱਖ ਵੱਖ ਥਾਣਿਆਂ ਚ ਸਿੱਧੂ ਮੂਸੇਵਾਲਾ ਖਿਲਾਫ਼ ਦਰਜ ਕੇਸਾਂ ਸਬੰਧੀ ਸਿੱਧੂ ਮੂਸੇਵਾਲਾ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟਾਂ ਤੋਂ ਬਾਅਦ ਵੀ ਪੰਜਾਬ ਪੁਲਿਸ ਪੂਰੀ ਰਹਿਮਦਿਲੀ ਦਿਖਾ ਰਹੀ ਹੈ। ਇੱਕ ਪਾਸੇ ਪੁਲਿਸ ਸਿੱਧੂ ਮੂਸੇਵਾਲਾ ਦੀ ਗ੍ਰਿਫਤਾਰੀ ਕਰਨ ਲਈ ਉਸ ਦੇ ਪਿੰਡ ਛਾਪੇਮਾਰੀ ਕਰ ਰਹੀ ਹੈ ਪਰ ਦੂਜੇ ਪਾਸੇ ਨਾਭਾ ਪੁਲਿਸ ਦੇ ਅੜਿੱਕੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਬਾਇੱਜ਼ਤ ਜਾਣ ਦਿੱਤਾ ਜਾਂਦਾ ਹੈ। ਆਖ਼ਰ ! ਸਿੱਧੂ ਮੂਸੇਵਾਲਾ ਦੀ ਕਿਹੜੇ ਵੱਡੇ ਨੇਤਾ ਜਾਂ ਵੱਡੇ ਪੁਲਸ ਅਫਸਰ ਨਾਲ ਰਿਸ਼ਤੇਦਾਰੀ/ਯਾਰੀ ਹੈ ਕਿ ਪੁਲਿਸ ਮੂਸੇਵਾਲੇ ਨੂੰ ਬਚਾਉਣ ਲਈ “ਖਾਕੀ ਦੀ ਕਿਰਕਰੀ” ਕਰਵਾ ਰਹੀ ਹੈ। ਵੈਸੇ ਤਾਂ ਹੋਰ ਵੀ ਅਨੇਕਾਂ ਅਜਿਹੇ ਕੇਸ ਹਨ ਜਿਨ੍ਹਾਂ ਵਿੱਚ ਲੋੜੀਂਦੇ ਮੁਜਰਮਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਪੰਜਾਬ ਪੁਲਸ ਕਾਬੂ ਨਹੀਂ ਕਰਦੀ ਪ੍ਰੰਤੂ ਸਿੱਧੂ ਮੂਸੇਵਾਲਾ ਕੇਸ ਵਿੱਚ ਹਾਈ ਕੋਰਟ ਦੇ ਵਕੀਲਾਂ ਤੱਕ ਦੀ ਦਖਲਅੰਦਾਜ਼ੀ ਤੋਂ ਬਾਅਦ ਵੀ ਪੰਜਾਬ ਪੁਲਿਸ ਮੂਸੇਵਾਲਾ ਨੂੰ ਕਾਬੂ ਨਹੀਂ ਕਰ ਰਹੀ। ਇਸ ਨੂੰ “ਦੀਵੇ ਥੱਲੇ ਹਨੇਰਾ” ਕਿਹਾ ਜਾਵੇ ਜਾਂ “ਦਾਲ ਵਿੱਚ ਕੁਝ ਕਾਲਾ” ਹੋਣ ਵਾਲੀ ਗੱਲ ਕੀਤੀ ਜਾਵੇ। ਇਹ ਵੀ ਅਤਿਕਥਨੀ ਨਹੀਂ ਕਿ ਸਿੱਧੂ ਮੂਸੇਵਾਲਾ ਮਾਮਲੇ ਚ “ਸਾਰੀ ਦਾਲ ਹੀ ਕਾਲੀ” ਹੋ ਸਕਦੀ ਹੈ ਤੇ ਇਸੇ ਕਾਲੇ ਰੰਗ ਨੇ ਖਾਕੀ ਰੰਗ ਨੂੰ ਦਾਗਦਾਰ ਕੀਤਾ ਹੋਇਆ ਹੈ। ਕੀ ਇਹ ਮੰਨ ਲਿਆ ਜਾਵੇ ਕਿ ਸਾਡੇ ਮੁਲਕ ਵਿੱਚ ਅਸਰ ਰਸੂਖ ਵਾਲਿਆਂ ਅਤੇ ਆਮ ਲੋਕਾਂ ਲਈ ਦੋ ਵੱਖਰੇ ਵੱਖਰੇ ਕਾਨੂੰਨ ਹਨ।