ਰਾਣਾ ਅਠੌਲ਼ਾ
ਲੱਗੀ ਵਲ਼ਗਣ ਜਗ੍ਹਾ, ਕੰਡੇਆਲ਼ੀ ਤਾਰ ਸੀ,
ਜੇਸ ਘਰ ਕੱਠੇ ਆਪਾਂ, ਹੋ ਜਾਂਦੇ ਯਾਰ ਸੀ ||
ਕੁੱਕੜਾਂ ਦਾ ਖੁੱਡਾ ਇੱਕ, ਹੁੰਦਾ ਖੂੰਜੇ ਵਿੱਚ ਸੀ,
ਇੱਟਾਂ ਉੱਤੇ ਮਿੱਟੀ ਨੂੰ,ਬਣਾਇਆਂ ਲਿੱਪ ਲਿੱਪ ਸੀ ||
ਲੱਗਾ ਅਮਰੂਦਾਂ ਵਾਲਾ, ਬੂਟਾ ਕੋਲ਼ ਖੁਰੇ ਦੇ,
ਤੂੜੀ ਵਾਲੀ ਕੁੱਪੀ ਬੰਨ੍ਹੀ, ਹੁੰਦੀ ਰਾਹ ਤੋਂ ਉਰ੍ਹੇ ਜਿਹੇ ||
ਪਸ਼ੂਆਂ ਲਈ ਪਾਸੇ ਜਿਹੇ, ਬਣਾਈ ਹੁੰਦੀ ਛੰਨ ਸੀ,
ਠੰਡ ਦੇ ਦਿਨਾਂ ‘ਚ ਪਸ਼ੂ, ਦਿੰਦੇ ਵਿੱਚ ਬੰਨ੍ਹ ਸੀ ||
ਬਾਣ ਵਾਲਾ ਲਾਣਾ ਮੰਜਾ, ਰਾਹ ਕੋ ਬਹਿਣਾ ਡਾਹ ਕੇ,
ਆਉਂਦੇ ਜਾਂਦੇ ਰਾਹੀਆਂ ਸਾਨੂੰ, ਲੰਘਣਾ ਬੁਲਾ ਕੇ ||
ਕਦੇ ਕਦੇ ਖੌਅ ਪੀਏ, ਮੂੰਹ ਸੀ ਕੌੜਾ ਕਰਦੇ,
ਆ ਜਾਏ ਨਾ ਕਿਸੇ ਨੂੰ ਮਹਿਕ, ਏਦੂੰ ਵੀ ਸੀ ਡਰਦੇ ||
ਨਿੱਕਾ ਜਿਹਾ ਦਲ਼ਾਨ ਇੱਕ, ਬੈਠਕ ਸਬਾਤ ਸੀ,
ਗ਼ੁਰਬਤ ਵਿੱਚ ਘਰ, ਅੱਤ ਦਾ ਥਫ਼ਾਕ ਸੀ ||
ਖ਼ੂਨ ਸੀ ਜਵਾਨ ਪਰ, ਨਮਕ ਹਲ਼ਾਲ ਸੀ,
ਧੀਆਂ ਭੈਣਾਂ ਦਾ ਵੀ ਪੂਰਾ, ਰੱਖਦੇ ਖਿਆਲ ਸੀ ||
ਰੌਣਕ ਮੇਲੇ ਲਈ ਟੀ ਵੀ, ਉੱਤੇ ਰਹਿਣ ਨਜ਼ਰਾਂ,
ਰਮਨ ਕੁਮਾਰ ਸਾਢੇ, ਸੱਤ ਦਿੰਦਾ ਖ਼ਬਰਾਂ ||
ਰਹਿ ਕੇ ਪ੍ਰਦੇਸ ਵਿੱਚ, ਯਾਰਾ ਟੁੱਟ ਚੁੱਕੇ ਹਾਂ,
ਚੱਲਦੇ ਨੇ ਸਾਹ ਪਰ, ਵਿੱਚੋਂ ਮੁੱਕ ਚੁੱਕੇ ਹਾਂ ||
ਚੱਲ ਯਾਰਾ ਕੱਠੇ ਕਦੇ, ਪਿੰਡ ਆਪਾਂ ਚੱਲੀਏ,
ਪਿਆਰ ਵਾਲਾ “ਠੌਲ਼ੇ” ਉਹ ਮਹੌਲ ਫਿਰ ਮੱਲੀਏ ||