9.6 C
United Kingdom
Monday, May 20, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (5)

    ਕਾਂਡ 5



    ਨੇਕੇ ਅਤੇ ਜੰਗੀਰੋ ਦੀ ਦਿਲੀ ਅਤੇ ਆਤਮਿਕ ਨੇੜਤਾ ਵਧਦੀ-ਵਧਦੀ ਸੱਚੀ-ਸੁੱਚੀ ਅਤੇ ਪਾਕ-ਪਵਿੱਤਰ ਮੁਹੱਬਤ ਦਾ ਰੂਪ ਧਾਰਨ ਕਰ ਗਈ।
    ਰੂਹ ਅਤੇ ਜਿਸਮਾਂ ਦੀ ਖਿੱਚ ਦੋਨੋ ਪਾਸੀਂ ਹੋਣ ਲੱਗ ਪਈ। ਹੁਣ ਉਹ ਦੋਵੇਂ ਤਕਰੀਬਨ ਹਰ ਰੋਜ਼ ਵਾਂਗ ਹੀ ਇੱਕ-ਦੂਜੇ ਨੂੰ ਮਿਲਣ ਲੱਗ ਪਏ ਸਨ। ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ – ਤੇਰੀ ਮੇਰੀ ‘ਇੱਕ’ ਜਿੰਦੜੀ ਵਾਲ਼ੀ ਗੱਲ ਹੋ ਗਈ ਸੀ। ਜੇ ਉਹਨਾਂ ਵਿਚੋਂ ਇੱਕ ਦੀ ਅੱਖ ਦੁਖਦੀ ਤਾਂ ਲਾਲੀ ਦੂਜੇ ਦੀਆਂ ਅੱਖਾਂ ਵਿਚ ਰੜਕਦੀ ਸੀ। ਜਦ ਉਹ ਮਿਲ਼ਦੇ ਤਾਂ ਘੰਟਿਆਂ ਬੱਧੀ ਪਤਾ ਨਹੀਂ ਕੀ-ਕੀ ਗੱਲਾਂ ਕਰਦੇ ਰਹਿੰਦੇ…? ਟਿੱਕੀ ਛੁਪਦੀ ਨਾਲ਼ ਵੀ ਉਹਨਾਂ ਦਾ ਇੱਕ ਦੂਜੇ ਤੋਂ ਵਿਛੜਨ ਨੂੰ ਜੀਅ ਨਾ ਕਰਦਾ! ਉਹ ਦੋ ਰੂਹਾਂ, ਇੱਕ ਜਾਨ ਹੀ ਤਾਂ ਹੋ ਗਏ ਸਨ।
    ਨੇਕਾ ਅੱਠੇ ਪਹਿਰ ਜੰਗੀਰੋ ਦੀ ਹਿੱਕ ‘ਤੇ ਹੀ ਚੜ੍ਹਿਆ ਰਹਿੰਦਾ, ਤੇ ਜੰਗੀਰੋ ਇੱਕ ਪਲ ਵੀ ਉਸ ਦੇ ਦਿਲ ਤੋਂ ਨਾ ਉੱਤਰਦੀ। ਨੇਕੇ ਦੇ ਮੁਕਾਬਲੇ ਜੰਗੀਰੋ ਨੂੰ ਆਪਣਾ ਘਰਵਾਲ਼ਾ ਜੈਲਾ ਕਿਸੇ ‘ਲੰਗੂਰ’ ਵਾਂਗ ਲੱਗਦਾ।
    ਸਾਰੀ ਉਮਰ ਪਿਆਰ ਵਿਹੂਣੀਂ ਜੰਗੀਰੋ ਨੂੰ ਹੁਣ ਆਪਣੀ ਜ਼ਿੰਦਗੀ ਚੰਗੀ-ਚੰਗੀ ਅਤੇ ਰੰਗੀਨ-ਹੁਸੀਨ ਲੱਗਣ ਲੱਗ ਪਈ ਸੀ। ਸਾਰੀ ਜ਼ਿੰਦਗੀ ਉਸ ਨੂੰ ਕਿਸੇ ਨੇ ਮੁਹੱਬਤ ਨਹੀਂ ਕੀਤੀ ਸੀ, ਉਜੱਡ ਘਰਵਾਲ਼ੇ ਨੇ ਵੀ ਉਸ ਦਾ ਸਰੀਰ ਹੀ ‘ਚੂੰਡਿਆ’ ਸੀ ਅਤੇ ਬੱਚੇ ਜੰਮਣ ਵਾਲ਼ੀ ‘ਮਸ਼ੀਨ’ ਸਮਝ ਕੇ ਉਸ ਦੀ ‘ਵਰਤੋਂ’ ਹੀ ਕੀਤੀ ਸੀ।
    ਪਰ ਨੇਕੇ ਨੇ ਤਾਂ ਉਸ ਨੂੰ ਪਾਕਿ-ਪਵਿੱਤਰ ਮੁਹੱਬਤ ਬਖ਼ਸ਼ੀ ਅਤੇ ਮੋਹ-ਪ੍ਰੇਮ ਦਾ ਖ਼ਜ਼ਾਨਾ ਹੀ ਹੱਥ ਫ਼ੜਾ ਦਿੱਤਾ ਸੀ। ਹੁਣ ਦੋਹਾਂ ਵਿਚ ‘ਤੇਰ-ਮੇਰ’ ਨਹੀਂ ਰਹੀ ਸੀ। ਬੱਸ ‘ਤੂੰ ਹੀ ਤੂੰ’ ਵਾਲ਼ੀ ਭਾਵਨਾ ਬਾਕੀ ਰਹਿ ਗਈ ਸੀ। ਦੋ ਰੂਹਾਂ ਇੱਕ-ਮਿੱਕ ਹੀ ਹੋ ਗਈਆਂ ਸਨ। ਨੇਕਾ ਵੀ ਜੰਗੀਰੋ ‘ਤੇ ਜਾਨ ਛਿੜਕਦਾ ਸੀ।
    ਨੇਕਾ ਵੀ ‘ਕੱਲੀ-‘ਕੱਲੀ ਜਾਨ ਸੀ। ਉਸ ਨੂੰ ਵੀ ਜੇ ਕਿਸੇ ਦੀ ਮੁਹੱਬਤ ਦੀ ਕਿਰਨ ਨਸੀਬ ਹੋਈ ਸੀ, ਤਾਂ ਉਹ ਜੰਗੀਰੋ ਵੱਲੋਂ ਹੋਈ ਸੀ। ਦੋਨੋ ਇੱਕ-ਦੂਜੇ ਦੇ ‘ਪੂਰਕ’ ਸਨ। ਹੁਣ ਤਾਂ ਢਲ਼ਦੀ ਉਮਰ ਕਾਰਨ ਉਸ ਨੂੰ ਕੋਈ ਜੀਵਨ ਸਾਥਣ ਮਿਲਣ ਦੀ ਆਸ ਵੀ ਮਰ ਗਈ ਸੀ। ਪਰ ਜੰਗੀਰੋ ਉਸ ਦੀ ਬੰਜਰ-ਉਜਾੜ ਜ਼ਿੰਦਗੀ ਵਿਚ ਫ਼ੁੱਲ ਬਣ ਕੇ ਟਹਿਕੀ ਸੀ, ਜਿਸ ਨੇ ਉਸ ਦੀ ਬੇਅਬਾਦ ਅਤੇ ਉਜਾੜ ਜ਼ਿੰਦਗੀ ਮਹਿਕਣ ਲਾ ਦਿੱਤੀ ਸੀ। ਨੇਕਾ ਖੇਤਾਂ ਵਿਚ ਤੁਰਿਆ ਫ਼ਿਰਦਾ ਵੀ ਜੰਗੀਰੋ ਦੇ ਸੁਫ਼ਨੇ ਲੈਂਦਾ ਰਹਿੰਦਾ। ਅੱਠੇ ਪਹਿਰ ਉਸ ਦੀ ਸੁਰਤ ਜੰਗੀਰੋ ਨਾਲ਼ ਜੁੜੀ ਰਹਿੰਦੀ।
    -“ਓਏ ਐਧਰੋਂ ਬੱਕਰੀਆਂ ਮੋੜ ਓਏ, ਮਾਂਈਂ ਯ੍ਹਾਵਿਆ…! ਫ਼ਸਲ ਦਾ ਉਜਾੜਾ ਕਰੀ ਜਾਂਦੀਐਂ…!” ਘਰਾਂ ‘ਚੋਂ ਲੱਗਦੇ ਤਾਏ ਨੇ ਨੇਕੇ ਨੂੰ ਗਾਲ਼ ਕੱਢੀ। ਉਹ ‘ਅੜਬ’ ਸੁਭਾਅ ਵਜੋਂ ਜਾਣਿਆਂ ਜਾਂਦਾ ਸੀ।
    -“ਹੈਅ….ਤੇਰੇ ਦੀ….!” ਉਸ ਨੇ ਢਾਂਗੀ ਨਾਲ਼ ਬੱਕਰੀਆਂ ਮੋੜ ਲਈਆਂ।
    -“ਅੱਜ ਕੱਲ੍ਹ ਤੇਰੀ ਸੁਰਤ ਕਿੱਥੇ ਰਹਿੰਦੀ ਐ ਓਏ, ਸਾਲ਼ਿਆ ਗਿੱਟਲ਼ਾ…?” ਤਾਇਆ ਭਾਫ਼ਾਂ ਛੱਡੀ ਜਾ ਰਿਹਾ ਸੀ।
    -“ਸਿਹਤਾਂ ਕੁਛ ਢਿੱਲੀਐਂ ਤਾਇਆ…! ਹੋਰ ਕੋਈ ਗੱਲ ਨ੍ਹੀ…!”
    -“ਢਿੱਲੀਐਂ ਇਹਦੀਆਂ ਸਿਹਤਾਂ…!” ਤਪੇ ਹੋਏ ਤਾਏ ਨੇ  ਮੂੰਹ ‘ਚੋਂ ਝੱਗ ਸੁੱਟੀ, “ਨਾਸਾਂ ‘ਚ ਸਾਲ਼ਾ ਦੇ ਲਊ ਉਂਗਲ਼, ਤੇ ਹਲ਼ਕੇ ਕੁੱਤੇ ਮਾਂਗੂੰ ਨੀਵੀਂ ਪਾ ਕੇ ਤੁਰਿਆ ਜਾਊ…! ਤੂੰ ਮਾਂ ਦੇ ਫੇਰੇ ਦੇ ਲਿਆ ਕਰ, ਆਬਦੇ ਇੱਜੜ ਵੱਲ ਵੀ ਦੇਖ ਲਿਆ ਕਰ, ਲੋਕਾਂ ਦਾ ਉਜਾੜਾ ਕਰੀ ਜਾਂਦੈ…!”
    -“ਹੁਣ ਧਿਆਨ ਰੱਖੂੰਗਾ ਤਾਇਆ…! ਗਲਤੀ ਹੋ’ਗੀ…!”
    -“ਮੈਨੂੰ ਪਤੈ ਅੱਜ ਕੱਲ੍ਹ ਤੇਰਾ ਡਮਾਕ ਕਿੱਥੇ ਖੇਹ ਖਾਂਦੈ, ਬੰਦਾ ਬਣ’ਜਾ ਬੰਦਾ…! ਅਗਲੇ ਮਾਰ ਮਾਰ ਟੰਬੇ ਚੱਪਣੀਆਂ ਤੋੜ ਦੇਣਗੇ!” ਅੱਗ ਵਾਂਗ ਤਪਦਾ ਤਾਇਆ ਅੱਗੇ ਨਿਕਲ਼ ਗਿਆ।
    ਨੇਕੇ ਨੂੰ ਤਾਏ ਦਾ ਬਹੁਤਾ ਗੁੱਸਾ ਨਹੀਂ ਆਉਂਦਾ ਸੀ। ਜਦੋਂ ਤੋਂ ਉਸ ਨੇ ਸੁਰਤ ਸੰਭਾਲ਼ੀ ਸੀ, ਤਾਇਆ ਉਸ ਨੇ ਮੱਚਦਾ-ਬੁਝਦਾ ਤੇ ਖਿਝਦਾ-ਖਪਦਾ ਹੀ ਦੇਖਿਆ ਸੀ।
    ਅਚਾਨਕ ਅਗਲੇ ਦਿਨ ਜੰਗੀਰੋ ਦੇ ਪਿੰਡ ਧੂੰਆਂ ਰੋਲ਼ ਹੋ ਗਿਆ।
    ਢੋਲ ਵੱਜ ਗਏ।
    ਲੁਕ-ਲੁਕ ਕੇ ਲਾਈਆਂ ਪ੍ਰਗਟ ਹੋ ਗਈਆਂ ਸਨ!
    ਨੇਕੇ ਅਤੇ ਜੰਗੀਰੋ ਦੇ ਸਬੰਧਾਂ ਬਾਰੇ ਦੁਨੀਆਂ ਨੂੰ ਪਤਾ ਲੱਗ ਗਿਆ ਅਤੇ ਜੰਗੀਰੋ ਦੇ ਬੂਝੜ ਅਤੇ ਮੂਰਖ ਜਿਹੇ ਘਰਵਾਲ਼ੇ ਨੇ ਡਾਂਗ ਲੈ ਕੇ ਜੰਗੀਰੋ ਦੇ ਹੱਡ ਸੇਕ ਦਿੱਤੇ ਅਤੇ ਮੱਛੀਓਂ ਮਾਸ ਕਰ ਸੁੱਟਿਆ। ਬੇਰਹਿਮ ਕੁੱਟ ਨਾਲ਼ ਜੰਗੀਰੋ ਦੇ ਸਰੀਰ ‘ਤੇ ਥਾਂ-ਥਾਂ ਲਾਸ਼ਾਂ ਪਾ ਦਿੱਤੀਆਂ ਸਨ। ਜੰਗੀਰੋ ਬਾਣ ਦੇ ਮੰਜੇ ‘ਤੇ ਡਿੱਗੀ ਵਿਰਲਾਪ ਕਰ ਰਹੀ ਸੀ, “ਤੇਰਾ ਕੱਖ ਨਾ ਰਹੇ ਵੇ ਮੈਨੂੰ ਕੁੱਟਣ ਆਲ਼ਿਆ ਵੈਰੀਆ…! ਪੈ ਜਾਣ ਤੇਰੇ ਕਸਾਈ ਦੇ ਕੀੜੇ…! ਰਹਿਜੇਂ ਸੁੱਤਾ ਈ ਤੂੰ ਜਾਲਮ ਬੁੱਚੜਾ…!”
    -“ਮੈਨੂੰ ਨੀ ਸੀ ਪਤਾ ਬਈ ਹੁਣ ਮੈਂ ਚੰਗਾ ਕਿਉਂ ਨੀ ਸੀ ਲੱਗਦਾ ਇਹਨੂੰ ਕੰਜਰੀ ਨੂੰ…! ਬੱਕਰੀਆਂ ਆਲ਼ਾ ਯਾਰ ਜਿਉਂ ਮਿਲ਼ ਪਿਆ ਸੀ….! ਸਾਰੀ ਦਿਹਾੜੀ ਟਪੂੰ-ਟਪੂੰ ਕਰਦੀ ਫ਼ਿਰਦੀ ਸੀ…! ਆਜੜੀ ਯਾਰ ਦੇ ਨਸ਼ੇ ‘ਚ ਪੈਰ ਈ ਨੀ ਸੀ ਲਾਉਂਦੀ, ਘੋੜਿਆਂ ਦੀ ਰੰਨ…!” ਜੈਲੇ ਨੇ ਅਣਘੜਤ ਜਿਹਾ ਡੰਡਾ ਲੈ ਕੇ ਇੱਕ ਝੁੱਟੀ ਜੰਗੀਰੋ ‘ਤੇ ਹੋਰ ਲਾ ਦਿੱਤੀ।
    -“ਸਾਹ ਪੀ ਕੇ ਦਮ ਲਊਂ ਸਾਲ਼ੀਏ… ਤੇਰੇ ਸਾਹ….!”
    ਬੇਰਹਿਮ ਕੁੱਟ ਨੇ ਉਸ ਦਾ ਰਹਿੰਦਾ ਸਰੀਰ ਵੀ ਪੋਰੀ ਵਾਂਗ ਤੋੜ ਧਰਿਆ ਸੀ।
    …..ਅਸਲ ਵਿਚ ਵੱਢਖਾਣਿਆਂ ਦੇ ਖੰਡੂ ਨੇ ਜੰਗੀਰੋ ਨੂੰ ਨੇਕੇ ਦੀ ਇੰਜਣ ਵਾਲ਼ੀ ਕੋਠੜੀ ‘ਚ ਵੜਦੀ ਨੂੰ ਦੇਖ ਲਿਆ ਸੀ। ਖੰਡੂ ਤਾਂ ਜੰਗੀਰੋ ‘ਤੇ ਅੱਗੇ ਹੀ ਖਾਰ ਖਾਂਦਾ ਸੀ। ਖੰਡੂ ਦੀ ਗੱਲ ਨਾ ਮੰਨਣ ਕਰ ਕੇ ਜੰਗੀਰੋ ਤਾਂ ਅੱਗੇ ਹੀ ਖੰਡੂ ਦੀ ‘ਅੱਖਤਿਣ’ ਬਣੀ ਹੋਈ ਸੀ। ਹੁਣ ਜੰਗੀਰੋ ਖੰਡੂ ਦੀ ਜਾੜ੍ਹ ਹੇਠ ਆਈ ਸੀ ਤੇ ਹੁਣ ਉਹ ਰਿਊੜੀ ਵਾਂਗ ‘ਕੜਾਕਾ’ ਪਾ ਦੇਣਾ ਚਾਹੁੰਦਾ ਸੀ। ਉਸ ਨੇ ਆਪਣਾ ਪੂਰਾ ਤਾਣ ਲਾ ਕੇ ਜੰਗੀਰੋ ਦੇ ਘਰਵਾਲ਼ੇ ਦੇ ਕੰਨ ਭਰ ਦਿੱਤੇ, ਦੋਵੇਂ ਨੇਕੇ ਦੇ ਖੇਤ ਇਕੱਠੇ ਪਏ ਅੱਖੀਂ ਦਿਖਾ ਦਿੱਤੇ ਅਤੇ ਪਿੰਡ ਵਿਚ ਢੰਡੋਰਾ ਵੀ ਪਿੱਟ ਦਿੱਤਾ, “ਮੈਂ ਤਾਂ ਬਾਈ ਸਿਆਂ ਅੱਜ ਦੋਹਾਂ ਦੀ ਚੱਲਦੀ ਭੱਠੀ ਫ਼ੜੀ ਐ…! ਸਾਲ਼ੇ ਇੱਕ-ਦੂਜੇ ਨੂੰ ਸੱਪ ਮਾਂਗੂੰ ਲਿਪਟੇ ਪਏ…! ਮੇਰੇ ਸਾਲ਼ੇ ਦੀ ਮੈਨੂੰ ਨੇੜੇ ਨੀ ਸੀ ਲੱਗਣ ਦਿੰਦੀ, ਤੇ ਬਿਗਾਨੇ ਪਿੰਡ ਦੇ ਚਗਲ਼ ਬੱਕਰੀਆਂ ਆਲ਼ੇ ਨਾਲ਼ ਘੁੱਟ-ਘੁੱਟ ਜੱਫ਼ੀਆਂ ਪਾਉਂਦੀ ਐ…!” ਖੰਡੂ ਸਾਰੇ ਪਿੰਡ ਵਿਚ ਬੱਕੜਵਾਹ ਕਰਦਾ ਫ਼ਿਰਦਾ ਸੀ।
    ਟੁੱਟੀ-ਭੱਜੀ, ਫ਼ੱਟੜ ਅਤੇ ਖਿਝੀ ਜੰਗੀਰੋ ਖੰਡੂ ‘ਤੇ ਆਪਣਾ ਗੁੱਸਾ ਕੱਢ ਰਹੀ ਸੀ।
    -“ਮੇਰੇ ਪਿਉ ਦੇ ਸਾਲ਼ੇ ਮੇਰੀ ਇਉਂ ਬਿੜਕ ਰੱਖਦੇ ਐ, ਜਿਵੇਂ ਮੈਂ ਇਹਨਾਂ ਦੀ ਬੇਬੇ ਲੱਗਦੀ ਹੁੰਨੀ ਆਂ…!” ਜੰਗੀਰੋ ਆਪਣੀ ‘ਭੜ੍ਹਾਸ’ ਕੱਢ ਰਹੀ ਸੀ।
    -“ਟਿਕ ਜਾਹ…! ਕੁਛ ਨਾ ਭਾਲ਼..!! ਵੱਢ ਕੇ ਕੰਧ ਹੇਠ ਦੇ ਦਿਊਂ, ਰੰਡੀ ਨੂੰ…!” ਜੈਲੇ ਨੇ ਫ਼ਿਰ ਸੱਪ ਵਾਂਗ ਫ਼ਣ ਚੁੱਕਿਆ।
    -“ਤੂੰ ਕੀ ਕਰਲੇਂਗਾ…? ਮੈਨੂੰ ਮਾਰ ਈ ਦੇਵੇਂਗਾ ਨ੍ਹਾਂ…? …ਤੇ ਮਰਨ ਨੂੰ ਬੁੱਚੜਾ ਮੈਂ ਤਿਆਰ ਐਂ..! ਲੈ, ਲੈ ਮਾਰ ਮੈਨੂੰ..! ਮਾਰ ਹਰਾਮ ਦਿਆ ਜੇ ਤੂੰ ਆਬਦੇ ਅਸਲ ਪਿਉ ਦੀ ਸੱਟ ਐਂ ਤਾਂ…!” ਉਹ ਫ਼ੱਟੜ ਸ਼ੇਰ ਵਾਂਗ ਆਈ ਅਤੇ ਘਰਵਾਲ਼ੇ ਨੇ ਕੱਪੜੇ ਧੋਣ ਵਾਲ਼ੀ ਥਾਪੀ ਚੁੱਕ ਕੇ ਮੁੜ ਤਹਿ ਲਾ ਦਿੱਤੀ।
    ਬੱਚੇ ਮਾਂ ਦੀ ਬੇਹਾਲ ਹਾਲਤ ਦੇਖ ਕੇ ਡਾਡਾਂ ਮਾਰਨ ਲੱਗ ਪਏ।
    ਗੁਆਂਢ ‘ਚੋਂ ਤਾਈ ਨੇ ਆ ਕੇ ਜੰਗੀਰੋ ਨੂੰ ਉਸ ਦੇ ਘਰਵਾਲ਼ੇ ਹੇਠੋਂ ਕੱਢਿਆ।
    -“ਵੇ ਇਹੇ ਮਾਰਨੀ ਐਂ ਕਮਲ਼ਿਆ ਲਾਣਿਆਂ…!” ਉਸ ਨੇ ਧੱਕਾ ਮਾਰ ਕੇ ਜੰਗੀਰੋ ਦੇ ਘਰਵਾਲ਼ੇ ਨੂੰ ਪਾਸੇ ਕੀਤਾ।
    -“ਮਾਰ’ਤੀ ਨੀ, ਤਾਈ…! ਮਾਰ’ਤੀ ਨੀ ਔਤਾਂ ਦੇ ਜਾਣੇ ਨੇ..! ਤੋੜਤਾ ਮੇਰਾ ਸਾਰਾ ਸਰੀਰ, ਗੋਲ਼ੀ ਪੈਣੇ ਨੇ…!”
    -“ਤੂੰ ਵੀ ਬਾਹਲ਼ੀ ਅੱਗ ਤੋਂ ਦੀ ਲਿਟਦੀ ਸੀ, ਕਰ ਲੈ ਘਿਉ ਨੂੰ ਭਾਂਡਾ ਹੁਣ…!” ਉਸ ਨੇ ਜੰਗੀਰੋ ਨੂੰ ਵੀ ਮਿਹਣਾ ਜਿਹਾ ਮਾਰਿਆ, “ਇੱਜ਼ਤ ਤੀਮੀ ਦਾ ਗਹਿਣਾਂ ਹੁੰਦੀ ਐ, ਗੀਰੋ…! ਆਪਣੇ ਖ਼ਸਮ ਤੇ ਖਾਨਦਾਨ ਦੀ ਪੱਗ ਦਾ ਖ਼ਿਆਲ ਕਰੀਦਾ ਹੁੰਦੈ, ਰੁੜ੍ਹ ਜਾਣੀਏਂ…! “
    -“ਆਹ ਮੇਰਾ ਖ਼ਸਮ ਐਂ ਤਾਈ..? ਜਿਹੜਾ ਦਿਹਾੜੀ-ਦੱਪਾ ਕਰਦੈ, ਤੇ ਨਸ਼ੇ ਨਾਲ਼ ਰੱਜ ਕੇ ਕੌਲ਼ੇ ਕੱਛਦਾ ਰਹਿੰਦੈ, ਜੁਆਕ ਤਾਂ ਮੈਂ ਪਾਲ਼ਦੀ ਆਂ…!”
    -“ਤੇ ਜਿੰਨ੍ਹਾਂ ਦੇ ਖ਼ਸਮ ਨੀ ਕਿਸੇ ਕੰਮ ਦੇ ਹੁੰਦੇ, ਉਹ ਸਾਰੀਆਂ ਬਾਹਰ ਯਾਰ ਤਾਂ ਨੀ ਕਰ ਲੈਂਦੀਆਂ, ਲੁੱਚੀਏ…? ਬਾਹਰ ਖ਼ਸਮ ਕੰਜਰੀਆਂ ਕਰਦੀਐਂ…!” ਘਰਵਾਲ਼ਾ ਫ਼ਿਰ ਢੁੱਡ ਜਿਹੀ ਮਾਰਨ ਆਇਆ। ਪਰ ਤਾਈ ਨੇ ਫ਼ਿਰ ਰੋਕ ਲਿਆ।
    -“ਇੱਜਤ, ਅਣਖ ਤੇ ਸਬਰ ਵੀ ਕੋਈ ਸ਼ੈਅ ਹੁੰਦੀ ਐ, ਗੀਰੋ…! ਉਹਨੂੰ ਵੀ ਬਾਹਲ਼ਾ ਦੂਸ਼ਣ ਨਾ ਦੇਈ ਚੱਲ਼…! ਤੁਸੀਂ ਦੋਨੋ ਈ ਟਿਕ ਕੇ ਚੱਲੋ…!” ਆਖ ਕੇ ਉਹ ਜੰਗੀਰੋ ਦੇ ਘਰਵਾਲ਼ੇ ਵੱਲ ਨੂੰ ਹੋ ਗਈ, “ਤੇਰਾ ਵੀ ਮਾਰਨ ਦਾ ਕੋਈ ਰਾਹ ਨੀ ਭਾਈ ਜੈਲਿਆ, ਲੱਗ ਪਿਆ ਗੁੜ ਮਾਂਗੂੰ ਭੰਨਣ ਇਹਨੂੰ…! ਖਬਰਦਾਰ ਜੇ ਹੁਣ ਇਹਨੂੰ ਹੱਥ ਲਾਇਆ, ਮੈਥੋਂ ਬੁਰਾ ਕੋਈ ਨੀ ਹੋਊਗਾ…!”
    -“ਤੇ ਹੋਰ ਹੁਣ ਤਾਈ ਮੈਂ ਇਹਨੂੰ ਸ਼ਾਬਾਸ਼ੇ ਦੇਵਾਂ…? ਪੈਰੀ ਹੱਥ ਲਾਇਆ ਕਰਾਂ…? ਆਰਤੀ ਉਤਾਰਾਂ, ਬਈ ਤੂੰ ਯਾਰ ਹੰਢਾ ਕੇ ਆਇਆ ਕਰ ਤੇ ਮੈਂ ਤੇਰੀਆਂ ਲੱਤਾਂ ਘੁੱਟਿਆ ਕਰੂੰਗਾ…?” ਉਹ ਖੜ੍ਹਾ ਹੀ ਚੰਗਿਆੜੇ ਛੱਡੀ ਜਾ ਰਿਹਾ ਸੀ।
    -“ਤਕੜੈਂ ਬਾਈ…?” ਬਾਹਰੋਂ ਵੱਢਖਾਣਿਆਂ ਦਾ ਖੰਡੂ ਖੰਘੂਰਾ ਮਾਰ ਕੇ ਰੜਕਾਵੀਂ ਅਵਾਜ਼ ‘ਚ ਬੋਲਿਆ।
    -“ਆ ਅੱਗ ਲਾਉਣਿਆਂ, ਖਾਵਾਂ ਤੈਨੂੰ ਕੱਚੇ ਨੂੰ ਭੁੰਨ ਕੇ, ਮੇਰੇ ਪਿਉ ਦਿਆ ਸਾਲ਼ਿਆ…!” ਜੰਗੀਰੋ ਅੰਦਰੋਂ ਚੰਡੀ ਦਾ ਰੋਹ ਭਬਕਿਆ ਤਾਂ ਖੰਡੂ ਦੱਬਵੇਂ ਪੈਰੀਂ ਅੱਗੇ ਤੁਰ ਗਿਆ। ਉਸ ਨੂੰ ਜੰਗੀਰੋ ਤੋਂ ਖੌਫ਼ ਆਇਆ ਸੀ।
    -“ਇਹ ਕੁੱਤੀ ਮਰਜੂ ਮੇਰੇ ਹੱਥੋਂ, ਤਾਈ..!” ਹਾਰੇ ਹੁੱਟੇ ਜੁਆਰੀਏ ਵਾਂਗ ਜੰਗੀਰੋ ਦੇ ਘਰਵਾਲ਼ਾ ਬੋਲਿਆ।
    -“ਤੇਰੇ ਹੁਣ ਮੈਂ ਜਮਾਂ ਨੀ ਵਸਦੀ, ਕਸਾਈਆ…! ਜੀਹਦੀ ਖਾਤਰ ਮੈਨੂੰ ਦਾੜ-ਦਾੜ ਗੁੜ ਮਾਂਗੂੰ ਭੰਨਦੈਂ, ਓਸੇ ਖ਼ਸਮ ਦੇ ਵਸੂੰ…!” ਉਸ ਨੇ ਸਿੱਧੀ ਸੁਣਾਈ ਕੀਤੀ।
    -“ਲੈ ਦੇਖ ਲੈ ਤਾਈ…! ਛੱਡਦੀ ਐ ਕੋਈ ਕਸਰ ਇਹ ਕੰਜਰੀ…?”
    -“ਵੇ ਭਾਈ, ਸਿਆਣੇ ਆਖਦੇ ਨੀ ਹੁੰਦੇ…? ਅਖੇ ਰੰਨ ਤੇ ਘੋੜੀ ਦੀ ਅੜੀ ਭੈੜ੍ਹੀ ਹੁੰਦੀ ਐ, ਜੇ ਇਹ ਨੀ ਲੱਤ ਲਾਉਂਦੀ, ਤੂੰ ਈ ਮਾੜੀ ਮੋਟੀ ਸਮਾਈ ਕਰ…! ਨਹੀਂ ਥੋਡਾ ਘਰ ਮੂਧਾ ਵੱਜ-ਜੂ…! ਜੁਆਕ ਰੁਲ਼ ਜਾਣਗੇ…! ਜੁਆਕ ਪਾਲ਼ ਲਓ ਆਬਦੇ ਟਿਕ ਕੇ…!” ਆਖ ਤਾਈ ਤੁਰ ਗਈ।
    -“ਜਾਂ ਤਾਂ ਬਾਈ ਹੱਥ ਨਾ ਲਾਈਏ, ਜੇ ਹੱਥ ਲਾਈਏ ਤਾਂ ਤਹਿ ਲਾ ਦੇਈਏ, ਔਰਤ ਜਾਤ ਐਵੇਂ ਨੀ ਬਾਜ ਆਉਂਦੀ…!” ਮੁੜਦੇ ਖੰਡੂ ਨੇ ਫ਼ੇਰ ਲੂਤੀ ਲਾਈ। ਉਹ ਵੀਹੀ ਵਿਚ ਸਰਕਾਰੀ ਸਾਹਣ ਵਾਂਗ ਗੇੜੇ ਕੱਢੀ ਜਾ ਰਿਹਾ ਸੀ, “ਨਵੇਂ ਯਾਰ ਦਾ ਨਸ਼ਾ ਤਾਂ ਧਤੂਰ੍ਹੇ ਨਾਲ਼ੋਂ ਭੈੜ੍ਹਾ ਹੁੰਦੈ, ਛੇਤੀ ਕੀਤੇ ਲਹਿੰਦਾ ਨੀ, ਬਾਈ…!”
    -“ਤੈਨੂੰ ਲੱਗਜੇ ਅੱਗ ਤੈਨੂੰ…! ਰਹਿਜੇਂ ਤੂੰ ਸੁੱਤਾ ਕੀੜੇ ਪੈਣਿਆਂ…! ਬਲ਼-ਜੇ ਤੇਰੀ ਬੂਥੀ ਜਲ਼ ਜਾਣਿਆਂ, ਊਤਾ…! ਹੋ ਜਾਣ ਤੇਰੇ ਸਿਆਪੇ…!” ਉਸ ਦਾ ਉਚੀ-ਉਚੀ ਰੋਣ ਨਿਕਲ਼ ਗਿਆ।
    ਪਰ ਖੰਡੂ ਮੁਸ਼ਕੜੀਏਂ ਹੱਸਦਾ ਅੱਗੇ ਲੰਘ ਗਿਆ ਸੀ।
    -“ਮੈਂ ਸੀਸੀ ਲੈ ਕੇ ਆਉਨੈਂ ਬਾਈ, ਤੂੰ ਕਰੜਾ ਹੋ…!” ਉਸ ਨੇ ਦੂਰੋਂ ਖੜ੍ਹ ਕੇ ਆਖਿਆ ਸੀ,  “ਇਹ ਵੀ ਕੋਹੜ ਕਿਰਲ਼ੇ ਮਾਂਗੂੰ ਆਕੜੀ ਫ਼ਿਰਦੀ ਸੀ, ਕਿੱਲਾ ਨੀ ਸੀ ਨਿਕਲ਼ਦਾ ਧੌਣ ‘ਚੋਂ…!”
    ਉਸ ਦਿਨ ਤੋਂ ਬਾਅਦ ਜੰਗੀਰੋ ਦਾ ਜਿਉਣਾ ਦੁੱਭਰ ਹੋ ਗਿਆ।
    ਆਂਢ-ਗੁਆਂਢ ਉਹ ਹਰ ਕਿਸੇ ਵੱਲੋਂ ‘ਦੁਰਕਾਰੀ’ ਜਾਣ ਲੱਗ ਪਈ। ਮੂੰਹ ‘ਤੇ ਚਾਹੇ ਉਸ ਨੂੰ ਕੋਈ ਕੁਛ ਨਹੀਂ ਆਖਦਾ ਸੀ। ਪਰ ਪਿੱਠ ਪਿੱਛੇ ਉਸ ਨੂੰ ਹਰ ਕੋਈ “ਬਦਕਾਰ”  ਅਤੇ “ਬਦਚਲਣ”  ਗਰਦਾਨਦਾ ਸੀ!
    ਨੇਕੇ ਬਿਨਾ ਜੰਗੀਰੋ ਦਾ ਇੱਕ-ਇੱਕ ਪਲ ਵਰ੍ਹੇ ਵਾਂਗ ਲੰਘਦਾ ਸੀ। ਪਰ ਉਸ ਦਾ ਉਸ ਨੂੰ ਮਿਲਣ ਦਾ ਸਬੱਬ ਨਹੀਂ ਬਣ ਰਿਹਾ ਸੀ। ਵਿਹਲੜ ਘਰਵਾਲ਼ਾ ਅਤੇ ਉਸ ਦਾ ਘੁਮੰਡੀ ਜੇਠ ਘਰੇ ਸੱਪ ਵਾਂਗ ਫ਼ਣ ਚੁੱਕੀ ਬੈਠੇ ਸਨ। ਕੋਈ ਵੀ ਘਰੋਂ ਬਾਹਰ ਨਹੀਂ ਜਾ ਰਿਹਾ ਸੀ।
    ਅਸਲ ਵਿਚ ਵੱਢਖਾਣਿਆਂ ਦੇ ਖੰਡੂ ਦੀ ਉਹਨਾਂ ਨੂੰ ਪੂਰੀ ਹੱਲਾਸ਼ੇਰੀ ਸੀ। ਉਹ ਉਹਨਾਂ ਨੂੰ ਦੇਸੀ ਦਾਰੂ ਦੀਆਂ ਬੋਤਲਾਂ ਲਿਆ ਲਿਆ ਦੇ ਰਿਹਾ ਸੀ। ਦੇਸੀ ਦਾਰੂ ਪੀ-ਪੀ ਕਮਲ਼ੇ ਹੋਏ ਉਸ ਦਾ ਘੁਮੰਡੀ ਜੇਠ ਅਤੇ ਘਰਵਾਲ਼ਾ ਜੈਲਾ ਜੰਗੀਰੋ ਦੇ ਨਾਸੀਂ ਧੂੰਆਂ ਲਿਆਈ ਰੱਖਦੇ। ਉਹਨਾਂ ਦੇ ਇਸ ਠੀਕਰੀ ਪਹਿਰੇ ਨੇ ਜੰਗੀਰੋ ਦਾ ਜਿਉਣਾ ਹਰਾਮ ਕਰ ਮਾਰਿਆ ਸੀ ਅਤੇ ਉਹ ਜ਼ਿੰਦਗੀ ਨੂੰ ਘੁੱਟ-ਘੁੱਟ ਕੇ ਜਿਉਂ ਰਹੀ ਸੀ।
    -“ਤੁਸੀਂ ਹਫ਼ਤਾ ਖੰਡ ਕੰਮ ‘ਤੇ ਜਮਾਂ ਨਾ ਜਾਓ ਬਾਈ, ਕੁਆਂਟਲ਼ ਕਣਕ ਥੋਡੇ ਘਰੇ ਮੈਂ ਸਿੱਟ ਜਾਨੈ…! ਪਰ ਇਹਦੇ ‘ਤੇ ਪਹਿਰਾ ਰੱਖੋ, ਇਹ ਆਪਣੇ ਸਾਰੇ ਪਿੰਡ ਦੀ ਇੱਜਤ ਰੋਲ਼ਦੀ ਐ…! ਸਾਰੇ ਪਿੰਡ ਦੀ ਇੱਜਤ ਦਾ ਸੁਆਲ ਐ…! ਦਾਰੂ ਦਾ ਡਰੰਮ ਆਪਣੇ ਖੇਤ ਕੱਢਿਆ ਪਿਐ, ਪੀਓ ਤੇ ਇਹਦੀ ਰਾਖੀ ਰੱਖੋ, ਦਾਰੂ ਮੈਂ ਥੋਨੂੰ ਮੁੱਕਣ ਨੀ ਦਿੰਦਾ, ਦਿਨੇ ਰਾਤ ਲਾਈ ਚੱਲੋ ਲਹਿਰ…! ਪੀਓ ਰੱਜ ਕੇ…!”
    ਜੰਗੀਰੋ ਆਪਣੇ ਨੇਕੇ ਬਿਨਾ ਤਿਲ਼-ਤਿਲ਼ ਕਰ ਕੇ ਮਰ ਰਹੀ ਸੀ।
    ਪਰ ਉਸ ਨੂੰ ਮਿਲਣ ਦਾ ਮੌਕਾ ਨਹੀੰਂ ਬਣ ਰਿਹਾ ਸੀ।
    ਉਸ ਦਾ ਦਿਲ ਲਹੂ-ਲੁਹਾਣ ਹੋਇਆ ਨੁੱਚੜ ਰਿਹਾ ਸੀ।
    ਰਾਤ ਨੂੰ ਉਸ ਦੇ ਘਰਵਾਲ਼ਾ ਜੈਲਾ ਅਤੇ ਜੇਠ ਘੁਮੰਡੀ ਦਾਰੂ ਨਾਲ਼ ਬੇਸੁਰਤ ਹੋਏ ਘੁਰਾੜੇ ਮਾਰ ਰਹੇ ਸਨ। ਮੌਕਾ ਪਾ ਕੇ ਜੰਗੀਰੋ ਅੱਧੀ ਰਾਤੋਂ ਘਰੋਂ ਨਿਕਲ਼ ਨੇਕੇ ਦੇ ਬੱਕਰੀਆਂ ਵਾਲ਼ੇ ਵਾੜੇ ਨੂੰ ਤੁਰ ਪਈ। ਘੁੱਪ ਹਨ੍ਹੇਰੇ ਵਿਚ ਉਹ ਕੱਚੇ ਰਾਹ ਘੋੜੇ ਵਾਂਗ ਵਗੀ ਜਾ ਰਹੀ ਸੀ। ਸਰਦ ਰਾਤ ਵਿਚ ਵੀ ਉਸ ਦਾ ਸਰੀਰ ਪਸੀਨੇ ਨਾਲ਼ ਗੜੁੱਚ ਸੀ ਅਤੇ ਕਾਲ਼ਜਾ ‘ਫੜੱਕ-ਫੜੱਕ’ ਵੱਜ ਰਿਹਾ ਸੀ।
    ਜਦ ਉਹ ਵਾੜੇ ਦੇ ਨੇੜੇ ਪਹੁੰਚੀ ਤਾਂ ਕੁੱਤਾ ਭੌਂਕਿਆ।
    ਟਿਕੀ ਅਤੇ ਠਰੀ ਰਾਤ ਵਿਚ ਕੁੱਤੇ ਦੇ ਭੌਂਕਣ ਦੀ ਅਵਾਜ਼ ਨੇ ਖਲਬਲੀ ਮਚਾ ਦਿੱਤੀ ਸੀ। ਜੰਗੀਰੋ ਦਾ ਦਿਲ ਧੜਕ ਨਹੀਂ ਇੱਕ ਤਰ੍ਹਾਂ ਨਾਲ਼ ਫ਼ਟ ਰਿਹਾ ਸੀ। ਕਾਲ਼ੀ ਬੋਲ਼ੀ ਰਾਤ ਦੇ ਹਨ੍ਹੇਰੇ ਵਿਚ ਅਚਾਨਕ ਕਿਸੇ ਨੇ ਜੰਗੀਰੋ ਦੀ ਬਾਂਹ ਫ਼ੜ ਲਈ। ਜੰਗੀਰੋ ਦਾ ਹੇਠਲਾ ਸਾਹ ਹੇਠਾਂ ਅਤੇ ਉਪਰਲਾ ਉਪਰ ਹੀ ਰਹਿ ਗਿਆ। ਉਸ ਦਾ ਸਰੀਰ ਝੂਠਾ ਹੋਇਆ ਪਿਆ ਸੀ ਅਤੇ ਮੱਥੇ ਤੋਂ ਤਰੇਲੀਆਂ ਦੀ ਧਾਰ ਵਹਿ ਰਹੀ ਸੀ।
    -“ਜੰਗੀਰੋ…? ਐਨੀ ‘ਨ੍ਹੇਰੇ…? ਅੱਧੀ ਰਾਤ ਨੂੰ…??” ਨੇਕੇ ਦੀ ਅਵਾਜ਼ ਸੀ।
    ਉਸ ਦੇ ਸਾਹ ਵਿਚ ਸਾਹ ਆਇਆ। ਆਪਣੇ ਨੇਕੇ ਦੀ ਹਮਦਰਦ ਅਵਾਜ਼ ਪਹਿਚਾਣ ਕੇ ਜੰਗੀਰੋ ਦਾ ਰੋਣ ਨਿਕਲ਼ ਗਿਆ।
    -“ਰੋਨੀ ਕਿਉਂ ਐਂ…? ਤੇਰੀ ਖਾਤਰ ਮੈਂ ਆਪਣੀ ਜਾਨ ‘ਲਲਾਮ ਕਰ ਦਿਆਂ…!” ਨੇਕੇ ਨੇ ਉਸ ਨੂੰ ਘੁੱਟ ਕੇ ਹਿੱਕ ਨਾਲ਼ ਲਾ ਲਿਆ। ਜੁੱਗੜਿਆਂ ਤੋਂ ਭਟਕਦੀ ਆਤਮਾਂ ਜਿਵੇਂ ਸ਼ਾਂਤ ਹੋ ਗਈ ਸੀ।
    ਠਰੀ ਰਾਤ ਵਿਚ ਨੇਕੇ ਦੀ ਹਿੱਕ ਨਾਲ਼ ਲੱਗ ਕੇ ਜੰਗੀਰੋ ਅੰਦਰ ਅਜੀਬ ਨਿੱਘ ਭਰ ਗਿਆ। ਨੇਕੇ ਦੀ ਗਲਵਕੜੀ ਉਸ ਨੂੰ ਕੋਈ ਕਿਲ੍ਹਾ ਜਾਪੀ, ਜਿਸ ਨੂੰ ਪਾਰ ਕਰ ਕੇ ਕੋਈ ਉਸ ਦਾ ਕੁਛ ਨਹੀਂ ਵਿਗਾੜ ਸਕਦਾ ਸੀ।
    -“ਓਏ ਗੂੰਗਿਆ…!”
    -“ਆਂ ਬਾਈ…?” ਗੂੰਗਾ ਉਭੜਵਾਹਿਆਂ ਵਾਂਗ ਉਠਿਆ।
    -“ਉਠ ਅੱਗ ਬਾਲ਼…! ਦੇਖ ਤੇਰੀ ਭਰਜਾਈ ਆਈ ਐ…!”
    -“ਭਜਾਈ ਛਾਛੀਆਲ਼æ!” ਗੂੰਗੇ ਨੇ ਹੱਥਾਂ ਦੇ ਨਾਲ਼ ਬਾਂਹਾਂ ਵੀ ਜੋੜ ਲਈਆਂ।
    -“ਸਾਸਰੀਕਾਲ ਫ਼ੇਰ ਬੁਲਾ ਲਈਂ…! ਅੱਗ ਬਾਲ਼…! ਠੰਢ ਐ…!” ਨੇਕਾ ਹੁਕਮ ਦੇਣ ਵਾਲ਼ੇ ਅੰਦਾਜ਼ ਵਿਚ ਬੋਲਿਆ।
    ਗੂੰਗੇ ਨੇ ਕਪਾਹ ਦੀਆਂ ਛਿਟੀਆਂ ਇਕੱਠੀਆਂ ਕਰ ਕੇ ਅੱਗ ਬਾਲ਼ ਦਿੱਤੀ। ਬਲ਼ਦੀ ਅੱਗ ਦੇ ਚਾਨਣ ਵਿਚ ਗੂੰਗੇ ਨੂੰ ਜੰਗੀਰੋ ਭਰਜਾਈ ਦਾ ਚਿਹਰਾ ਸੰਧੂਰੀ ਲੱਗਿਆ ਅਤੇ ਉਸ ਦੇ ਮਨ ‘ਤੇ ਚੂੰਢੀ ਭਰੀ ਗਈ। ਉਸ ਦਾ ਦਿਲ ਕੀਤਾ ਉਹ ਜੰਗੀਰੋ ਨੂੰ ਘੁੱਟ ਕੇ ਆਪਣੇ ਗਲ਼ ਨਾਲ਼ ਲਾ ਲਵੇ। ਪਰ ਉਹ ਨੇਕੇ ਤੋਂ ਡਰਦਾ ਚੁੱਪ ਸੀ।
    -“ਹੁਣ ਚਾਹ ਵੀ ਧਰਲਾ..!” ਨੇਕੇ ਨੇ ਗੂੰਗੇ ਨੂੰ ਹੁਕਮ ਚਾੜ੍ਹਿਆ ਤਾਂ ਗੂੰਗੇ ਨੂੰ ਚੇਹ ਚੜ੍ਹ ਗਈ। ਉਹ ਤਾਂ ‘ਭਰਜਾਈ’ ਦੇ ਰੱਜ ਕੇ ‘ਦਰਸ਼ਣ’ ਕਰਨਾ ਚਾਹੁੰਦਾ ਸੀ, ਪਰ ਨੇਕਾ ਤਾਂ ਉਸ ਨੂੰ ਕੁੱਤੇ ਵਾਂਗ ਛਿਛਕਰੀ ਜਾ ਰਿਹਾ ਸੀ। ਪਰ ਉਸ ਨੇ ਇੱਟਾਂ ਦੇ ਚੁੱਲ੍ਹੇ ‘ਤੇ ਚਾਹ ਧਰ ਦਿੱਤੀ। ਨੇਕੇ ਨੇ ਮੰਜਾ ਅੱਗ ਕੋਲ਼ ਨੂੰ ਖਿੱਚ ਲਿਆ ਅਤੇ ਉਹ ਅਤੇ ਜੰਗੀਰੋ ਨਿੱਘੀ ਰਜਾਈ ਵਿਚ ਵੜ ਗਏ।
    -“ਕੀਹਨੇ ਲਿੱਪ ਕੇ ਭੜ੍ਹੋਲੇ ਵਿਚ ਪਾ’ਲੀ, ਨੀ ਦਿਸਣੋ ਵੀ ਰਹਿਗੀ ਪਤਲੋ…!” ਨਾਜ਼ੁਕ ਹਾਲਾਤਾਂ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਨੇਕੇ ਨੇ ਮਾਹੌਲ ਨੂੰ ਸਾਂਅਵਾਂ ਬਣਾਉਣ ਲਈ ਕਿਹਾ।
    -“ਜਾਂ ਤਾਂ ਹੁਣ ਮੈਨੂੰ ਆਪਣੇ ਨਾਲ਼ ਵਸਾ ਲੈ ਤੇ ਨਹੀਂ ਮੈਂ ਕਿਸੇ ਖੂਹ-ਟੋਭੇ ਪੈ ਜਾਊਂਗੀ…!” ਬੇਵਸੀ ਵਿਚ ਜੰਗੀਰੋ ਦਾ ਫ਼ੇਰ ਰੋਣ ਨਿਕਲ਼ ਗਿਆ।
    -“ਕਮਲ਼ ਨੀ ਮਾਰੀਦਾ ਹੁੰਦਾ…! ਜਿੰਦ ਮੰਗ, ਜਿੰਦ ਹਾਜਰ ਕਰੂੰਗਾ, ਪਰ ਰੋਣਾ ਨੀ…!” ਉਸ ਨੂੰ ਰੋਂਦੀ ਦੇਖ ਕੇ ਨੇਕੇ ਦਾ ਦਿਲ ਛਿੱਲਿਆ ਗਿਆ।
    -“ਤੈਨੂੰ ਕੀ ਪਤੈ ਮੈਂ ਦਿਨ ਕਿਵੇਂ ਕੱਢੇ ਤੇਰੇ ਬਿਨਾਂ…? ਮਰਦ ਜਾਤ ਨੂੰ ਕੀ ਪਤਾ ਮੋਹ ਪਿਆਰ ਦਾ…? ਤੇਰੇ ਬਿਨਾ ਤਪਦੇ ਤਵੇ ‘ਤੇ ਪਈ ਰਹੀ ਐਂ…!” ਉਸ ਨੇ ਉਲਾਂਭਾ ਵੀ ਦੇ ਮਾਰਿਆ।
    -“ਕਾਹਨੂੰ ਮਿਹਣੇ ਮਾਰੀ ਜਾਨੀ ਐਂ…? ਮੈਂ ਤਾਂ ਤੇਰੇ ਕਰ ਕੇ ਨੀ ਆਇਆ ਬਈ ਪਿੰਡ ‘ਚ ਭੰਡੀ ਹੋਊਗੀ, ਮੈਨੂੰ ਸਭ ਤੋਂ ਪਹਿਲਾਂ ਤੇਰੀ ਇੱਜਤ ਐ, ਬਾਕੀ ਸਭ ਗੱਲਾਂ ਬਾਅਦ ‘ਚ…!” ਉਸ ਨੇ ਜੰਗੀਰੋ ਨੂੰ ਆਪਣੇ ਸੀਨੇ ਨਾਲ਼ ਘੁੱਟ ਲਿਆ, “ਓਏ ਗੂੰਗਿਆ, ਬਣੀ ਨੀ ਅਜੇ ਚਾਹ…?”
    ਗੂੰਗਾ ਹੋਰ ਖਿਝ ਗਿਆ।
    -“ਜੱਫ਼ੀਆਂ ਪਾਉਣ ਨੂੰ ਤੂੰ, ਤੇ ਮੈਂ ਸਿਰਫ਼ ਚਾਹ ਬਣਾਉਣ ‘ਤੇ ਈ ਆਂ..?” ਗੂੰਗਾ ਦਿਲ ਵਿਚ ਹੀ ਕੁੜ੍ਹਿਆ। ਅੰਦਰਲੇ ਖ਼ਿਆਲਾਂ ਨਾਲ਼ ਉਹ ਜੁੱਤੀਓ-ਜੁੱਤੀ ਹੋਈ ਜਾ ਰਿਹਾ ਸੀ।
    -“ਸਾਲ਼ਿਆ ਚਾਹ ਬਣਾਉਨੈ ਕਿ ਮੱਝਾਂ ਚੋਣ ਜਾ ਲੱਗਿਆ…?”
    -“ਆਹ ਟੱਕ…!” ਖਿਝੇ ਗੂੰਗੇ ਨੇ ਆਪਣੇ ਦਿਲ ਵਾਂਗ ਤਪਦੇ ਗਿਲਾਸ ਉਹਨਾਂ ਦੇ ਮੰਜੇ ਕੋਲ਼ ਲਿਆ ਰੱਖੇ। ਉਸ ਦੇ ਹੱਥ ਲੂਹੇ ਗਏ ਸਨ। ਹੱਥ ਲੂਹ ਹੋਣ ਨਾਲ਼ੋਂ ਉਸ ਨੂੰ ਆਪਣੇ ਮੱਚ ਕੇ ਕੋਲੇ ਹੋਏ ਦਿਲ ਦਾ ਬਹੁਤਾ ਦੁੱਖ ਸੀ। ਉਸ ਦੇ ਸਾਹਮਣੇ ਨੇਕਾ ਜੰਗੀਰੋ ਨੂੰ ਘੁੱਟ ਕੇ ਬੁੱਕਲ਼ ‘ਚ ਲਈ ਬੈਠਾ ਸੀ। ਦੇਖ ਦੇਖ ਕੇ ਗੂੰਗੇ ਦੇ ਲੂਹਰੀਆਂ ਉਠੀ ਜਾ ਰਹੀਆਂ ਸਨ। ਉਸ ਦੇ ਦਿਲ ਨੂੰ ਤੋੜਾਖੋਹੀ ਲੱਗੀ ਹੋਈ ਸੀ।
    -“ਗੂੰਗਿਆ…!” ਨੇਕੇ ਦੀ ਅਵਾਜ਼ ਗੂੰਗੇ ਦੀ ਹਿੱਕ ਵਿਚ ਮੁੜ ਕੁਹਾੜੇ ਵਾਂਗ ਵੱਜੀ!
    -“ਹੁਨ ਕੀਆ…?” ਉਹ ਅੱਕਿਆਂ ਵਾਂਗ ਬੋਲਿਆ।
    -“ਤੇਰੀ ਭਰਜਾਈ ਤੇਰੀ ਬਚੋਲਣ ਬਣੂੰਗੀ…! ਬਹੂ ਲਿਆ ਕੇ ਦਿਊਗੀ ਤੈਨੂੰ…!!”
    -“ਠੱਚੀਂ…?” ਗੂੰਗਾ ਖ਼ੁਸ਼ ਹੋ ਗਿਆ। ਖ਼ੁਸ਼ੀ ਉਸ ਦੀਆਂ ਕੱਛਾਂ ਵਿਚੋਂ ਦੀ ਬਾਹਰ ਡੁੱਲ੍ਹਣ ਲੱਗ ਪਈ।
    -“ਤੇ ਹੋਰ ਝੂਠੀਂ….?”
    -“ਆਬਦੀ ਭੈਣ ਦਾ ਸਾਕ ਲਿਆਊਗੀ ਤੈਨੂੰ…! ਇਹਦੀ ਨਿੱਕੀ ਭੈਣ ਭੜ੍ਹਾਕੇ ਅਰਗੀ ਐ..! ਗੋਰੀ ਨਿਸ਼ੋਹ…! ਤੁਰਦੀ ਐ ਤਾਂ ਚਾਰ ਕੋਹ ਤੱਕ ਚਾਨਣ ਕਰਦੀ ਐ, ਲਾਲਟੈਣ ਅਰਗੀ ਐ, ਪੱਟ ਹੋਣੀਂ..!” ਨੇਕੇ ਨੇ ਫ਼ਿਰ ਕਿਹਾ ਤਾਂ ਗੂੰਗੇ ਨੇ ਮੱਚਦੀ ਧੂਣੀ ‘ਤੇ ਛਿਟੀਆਂ ਹੋਰ ਲਿਆ ਸੁੱਟੀਆਂ। ਧੂਣੀ ਗੂੰਗੇ ਦੇ ਖ਼ੁਸ਼ ਹੋਏ ਚਿਹਰੇ ਵਾਂਗ ਦਗਣ ਲੱਗ ਪਈ।
    -“ਭਜਾਈ ਨੂੰ ਪੁੱਠ, ਟਾਹ ਓ ਬਾਂਵਾਂ…?” ਗੂੰਗੇ ਨੇ ਪੁੱਛਿਆ।
    -“ਕੀ ਕਹਿੰਦੈ…?” ਜੰਗੀਰੋ ਬੋਲੀ।
    -“ਇਹ ਕਹਿੰਦੈ ਬਈ ਭਰਜਾਈ ਨੂੰ ਪੁੱਛ, ਚਾਹ ਹੋਰ ਬਣਾਵਾਂ…? ਤੇਰੇ ਸਾਕ ਲਿਆਉਣ ਕਰ ਕੇ ਖ਼ੁਸ਼ ਹੋ ਗਿਆ…!”
    ਜੰਗੀਰੋ ਹੱਸ ਪਈ।
    -“ਨਹੀਂ ਚਾਹ ਨੀ ਹੋਰ ਪੀਣੀ, ਦਿਉਰਾ…!”
    ਜੰਗੀਰੋ ਦੇ ਕਹੇ ‘ਦਿਉਰਾ’ ਸ਼ਬਦ ਨੇ ਗੂੰਗੇ ਦੀ ਸੇਵਾ ਦਾ ਮੁੱਲ ਮੋੜ ਦਿੱਤਾ ਅਤੇ ਉਹ ਬੇਥਾਹ ਖ਼ੁਸ਼ ਹੋ ਗਿਆ।
    -“ਤੂੰ ਮੇਰੀ ਗੱਲ ਦਾ ਗੌਗਾ ਈ ਨੀ ਗੌਲ਼ਿਆ…?” ਜੰਗੀਰੋ ਮੁੜ ਨੇਕੇ ਵੱਲ ਨੂੰ ਹੋ ਗਈ, “ਦੱਸ ਮੈਨੂੰ ਨਾਲ਼ ਰੱਖਣੈ, ਕਿ ਨਹੀਂ…? ਹੁਣ ਤਾਂ ਲੰਡੀ ਬੁੱਚੀ ਜੀਭਾਂ ਕੱਢਦੀ ਐ…! ਦਿਨ ਕੱਟਣੇ ਔਖੇ ਹੋਏ ਪਏ ਐ…! ਸੋਚਦੀ ਆਂ, ਤੇਰੇ ਵਿਯੋਗ ‘ਚ ਖੂਹ ਟੋਭੇ ਪਈ ਤਾਂ ਕਚੀਲ੍ਹ ਬਣੂੰਗੀ…! ਤੂੰ ਈ ਕੁਛ ਕਰ…!”  
    -“ਘਰੋਂ ਪੈਰ ਤਾਂ ਪੱਟਲਾਂਗੇ, ਪਰ ਜਾਵਾਂਗੇ ਕਿੱਥੇ…?”
    -“ਤੂੰ ਮਰਦ ਬਣ..! ਕਰਾੜਾਂ ਵਾਲ਼ੀ ਗੱਲ ਨਾ ਕਰ…! ਮੈਂ ਜੁਆਕ ਛੱਡ ਕੇ ਵੀ ਤੇਰੇ ਨਾਲ਼ ਜਾਣ ਨੂੰ ਤਿਆਰ ਐਂ, ਤੇ ਤੂੰ ਮੋਕ ਮਾਰੀ ਜਾਨੈਂ…? ਜੇ ਲਾਈਐਂ ਤਾਂ ਮਰਦ ਬੱਚਾ ਬਣ ਕੇ ਨਿਭਾਅ, ਕੋਹੜੀ ਨਾ ਬਣ…!”
    -“ਭਜਾਈ ਮੈਂ ਮਾੜਾਂ ਮੋੜਚਾ…?” ਗੂੰਗਾ ਉਠ ਕੇ ਥੰਮ੍ਹ ਵਾਂਗ ਖੜ੍ਹਾ ਹੋ ਗਿਆ।
    -“ਹੁਣ ਇਹ ਕੀ ਕਹਿੰਦੈ..?” ਜੰਗੀਰੋ ਦੇ ਕੁਛ ਪਿੜ ਪੱਲੇ ਨਹੀਂ ਪਿਆ ਸੀ।
    ਨੇਕਾ ਹੱਸ ਪਿਆ।
    -“ਇਹ ਕਹਿੰਦਾ ਭਰਜਾਈ ਮੈਂ ਮਾਰਾਂ ਮੋਰਚਾ…?”
    -“ਦੇਖ ਤੇਰੇ ਨਾਲ਼ੋਂ ਤਾਂ ਆਹ ਬੱਜੋਰੱਤਾ ਗੂੰਗਾ ਈ ਦਿਲ ਦਾ ਸ਼ੇਰ ਐ…!”
    -“ਓਏ ਬੇਬੇ ਮੇਰੀਏ, ਮੈਂ ਓਹ ਗੱਲ ਨੀ ਕਰਦਾ…! ਮੈਂ ਗੱਲ ਕਰਦੈਂ ਬਈ ਝੰਡਾ ਪੱਟ ਤਾਂ ਲਵਾਂਗੇ, ਪਰ ਝੰਡਾ ਗੱਡਾਂਗੇ ਕਿੱਥੇ..? ਜਾ ਕੇ ਰਹਾਂਗੇ ਕਿੱਥੇ…?”
    -“ਇਹ ਕੰਮ ਤੇਰੈ…! ਮੇਰਾ ਨੀ…! ਮਰਦ ਤੂੰ ਐਂ, ਮੈਂ ਨੀ..! ਪਿਆਰ ਨੂੰ ਵਿਚ ਵਿਚਾਲ਼ੇ ਛੱਡ ਦੇਣਾ ਮਰਦ ਨੂੰ ਮਿਹਣੈ, ਨੇਕਿਆ…!”
    -“ਮੈਨੂੰ ਬੱਕਰੀਆਂ ਦਾ ਕੰਮ ਸਿਰੇ ਲਾ ਲੈਣਦੇ, ਮਾਰ ਦਿਆਂਗੇ ਉਡਾਰੀ…!” ਉਸ ਨੇ ਚਾਹ ਦੀ ਆਖਰੀ ਘੁੱਟ ਕਸੀਸ ਵੱਟ ਕੇ ਅੰਦਰ ਸੁੱਟੀ ਸੀ। ਉਸ ਦੀ ‘ਮਰਦਾਨਗੀ’ ‘ਤੇ ਸੁਆਲੀਆ ਨਿਸ਼ਾਨ ਆ ਲੱਗਿਆ ਸੀ, ਜੋ ਨੇਕੇ ਲਈ ਮਰਨ ਬਰਾਬਰ ਸੀ।
    -“ਭਜਾਈ ਟਾਹ ਓ ਬਾਂਵਾਂ…?”
    -“ਓਏ ਨਹੀਂ ਪੀਣੀ ਅਸੀਂ ਚਾਹ! ਸਾਲ਼ੇ ਨੇ . . . . ਲੈਣੀ ਕੀਤੀ ਪਈ ਐ…!” ਨੇਕਾ ਉਸ ਨੂੰ ਖਿਝ ਕੇ ਪਿਆ।
    -“ਲੈ ਗੱਲ ਸੁਣ ਲੈ ਮੇਰੀ, ਇੱਕ…! ਮੈਂ ਓਸ ਲਾਲੂ ਜੇ ਦੇ ਜਮਾਂ ਨੀ ਵਸਣਾ…! ਓਹਨੇ ਤਾਂ ਕੁੱਟ-ਕੁੱਟ ਕੇ ਮੇਰੀ ਜੂਨ ਵੈਰਾਨ ਕਰਤੀ…! ਜਦੋਂ ਦਾਰੂ ‘ਚੋਂ ਅੱਖ ਖੋਲ੍ਹਦੈ, ਪੈੱਗ ਲਾ ਕੇ ਮੈਨੂੰ ਢਾਹ ਲੈਂਦੈ…! ਜੇ ਤਾਂ ਮੈਨੂੰ ਕਿਸੇ ਪਾਸੇ ਲੈ ਕੇ ਜਾਣੈ, ਤਾਂ ਦੇਖ ਲੈ, ਨਹੀਂ ਮੈਂ ਕਿਸੇ ਖ਼ੂਹ-ਟੋਭੇ ਪੈ ਜਾਊਂਗੀ…!” ਤੇ ਉਹ ਨੇਕੇ ਦੀ ਰਜਾਈ ਵਿਚੋਂ ਨਿਕਲ਼ ਕੇ ਰਾਹ ਪੈ ਗਈ।
    ਨੇਕੇ ਨੇ ਰਜਾਈ ਚਲਾ ਕੇ ਮਾਰੀ ਅਤੇ ਹਨ੍ਹੇਰੀ ਵਾਂਗ ਜੰਗੀਰੋ ਅੱਗੇ ਜਾ ਖੜ੍ਹਿਆ।
    -“ਦੱਸ਼….?” ਉਹ ਸਰਦ ਰਾਤ ਵਿਚ ਢਾਕਾਂ ‘ਤੇ ਹੱਥ ਧਰੀ ਖੜ੍ਹੀ ਸੀ।
    -“ਦਿਨ ਤਿੰਨ ਦੇ-ਦੇ…!” ਉਸ ਨੇ ਤਿੰਨ ਉਂਗਲ਼ਾਂ ਖੜ੍ਹੀਆਂ ਕੀਤੀਆਂ, “ਬੱਕਰੀਆਂ ਨੂੰ ਕਿਸੇ ਸਿਰੇ ਲਾ ਲੈਣਦੇ…! ਚਾਰ ਪੈਸੇ ਵੀ ਕੋਲ਼ੇ ਚਾਹੀਦੇ ਐ ਨ੍ਹਾਂ…! ਆਪਾਂ ਖਾਲੀ ਠੂਠੇ ਥੋੜ੍ਹੋ ਤੁਰ ਪਵਾਂਗੇ…? ਪੈਸੇ ਬਿਨਾਂ ਤਾਂ ਅੱਜ ਕੱਲ੍ਹ ਕੋਈ ਰੱਬ ਨੂੰ ਮੱਥਾ ਨੀ ਟੇਕਦਾ..! ਆਪਾਂ ਨੂੰ ਘਰੋਂ ਉਧਲ਼ਿਆਂ ਨੂੰ ਕੌਣ ਹੱਥ ਪਾਊ…?”
    -“ਮੇੜੇ ਆਲੀਆਂ ਬੀ ਬੇਚਡੇ, ਭਜਾਈ ਖਾਸਟੇ ਜਿੰਡ ਬਾੜ-ਡੂੰਗਾ…!”
    -“ਹੁਣ ਆਹ ਮੇਰਾ ਨਿੱਕਾ ਖ਼ਸਮ ਕੀ ਕਹਿੰਦੈ…?” ਜੰਗੀਰੋ ਨੇ ਫ਼ਿਰ ਪੁੱਛਿਆ। ਉਸ ਨੂੰ ਗੂੰਗਾ ਚੰਗਾ ਲੱਗਣ ਲੱਗ ਪਿਆ ਸੀ।
    -“ਇਹ ਕਹਿੰਦੈ ਬਈ ਮੇਰੇ ਆਲ਼ੀਆਂ ਬੱਕਰੀਆਂ ਵੀ ਵੇਚਦੇ, ਭਰਜਾਈ ਵਾਸਤੇ ਜਿੰਦ ਵਾਰ ਦਿਊਂਗਾ…!”
    -“ਤੇਰੇ ਨਾਲ਼ੋਂ ਤਾਂ ਆਹੀ ਚੰਗੈ…! ਜਿੰਨੀ ਜੋਕਰਾ ਹੈਗਾ, ਹਿੱਕ ਤਾਂ ਥਾਪੜੀ ਜਾਂਦੈ…! ਤੇ ਤੂੰ ਮਾਰੀ ਜਾਨੈਂ ਮੋਕ…!”
    -“ਤੂੰ ਚਿੰਤਾ ਨਾ ਕਰ…! ਬੱਕਰੀਆਂ ਵੇਚ ਕੇ ਚਾਰ ਪੈਸੇ ਹੱਥ ‘ਚ ਕਰ ਲੈਣਦੇ, ਮਾਰ ਦਿਆਂਗੇ ਉਡਾਰੀ…! ‘ਤਬਾਰ ਕਰ ਮੇਰਾ…!”
    ਸੱਚੀ ਅਤੇ ਅਸਲ ਗੱਲ ਜੰਗੀਰੋ ਦੇ ਦਿਲ ਲੱਗੀ ਸੀ।
    …..ਅਸਲ ਵਿਚ ਜੰਗੀਰੋ ਦਾ ਜਿਉਣਾ ਵੀ ਮੁਹਾਲ ਹੋਇਆ ਪਿਆ ਸੀ। ਪਿੰਡ ਦੀ ਲੰਡੀ-ਬੁੱਚੀ ਵੀ ਉਸ ਨੂੰ ਜੀਭਾਂ ਕੱਢਦੀ ਸੀ। ਇਸ ਲਈ ਉਹ ਹੁਣ ਇਸ ਪਿੰਡ ਵਿਚੋਂ ‘ਬੂਹ’ ਕਰ ਕੇ ਨਿਕਲ਼ ਜਾਣਾ ਚਾਹੁੰਦੀ ਸੀ। ਪਰ ਵੱਢਖਾਣਿਆਂ ਦੇ ‘ਖੰਡੂ’ ਤੋਂ ਉਸ ਨੂੰ ਅਥਾਹ ਭੈਅ ਆਉਂਦਾ ਕਿ ਜੇ ਉਸ ਨੂੰ ਉਸ ਦੀ ‘ਨਿਕਲਣ’ ਵਾਲ਼ੀ ਸਕੀਮ ਦਾ ਪਤਾ ਲੱਗ ਗਿਆ ਤਾਂ ਉਸ ਨੇ ਉਸ ਨੂੰ ਉਸ ਦੇ ਘਰਵਾਲ਼ੇ ਅਤੇ ਪਿੰਡ ਦੇ ਲੋਕਾਂ ਨਾਲ਼ ਮਿਲ਼, ਪਿੰਡੋਂ ਨਹੀਂ ਨਿਕਲਣ ਦੇਣਾ ਸੀ। ਇਸ ਗੱਲ ਦਾ ਭੇਦ ਉਸ ਨੇ ਨੇਕੇ ਨੂੰ ਵੀ ਦੇ ਦਿੱਤਾ ਸੀ ਕਿ ਜੇ ਕਿਸੇ ਨੂੰ ਉਹਨਾਂ ਦੀ ਸਕੀਮ ਦਾ ਪਤਾ ਲੱਗ ਗਿਆ ਤਾਂ ਕਿਸੇ ਨੇ ਵੀ ਉਹਨਾਂ ਨੂੰ ਪਿੰਡ ਦੀ ਜੂਹ ਨਹੀਂ ਟੱਪਣ ਦੇਣੀ ਸੀ। ਇਸ ਲਈ ਨੇਕੇ ਦੇ ਮਨ ਵਿਚ ਵੀ ਆ ਗਿਆ ਕਿ ਘਿਉ ਸਿੱਧੀ ਉਂਗਲ਼ੀ ਨਾਲ਼ ਨਹੀਂ ਨਿਕਲਣਾ, ਇਸ ਨੂੰ ਵਿੰਗੀ ਜ਼ਰੂਰ ਕਰਨਾ ਪਊਗਾ। ਉਹ ਵੈਰੀ ਨੂੰ ਮੌਹਰੇ ਨਾਲ਼ ਨਹੀਂ, ਗੁੜ ਨਾਲ਼ ਹੀ ਮਾਰਨਾ ਚਾਹੁੰਦਾ ਸੀ। ਨੇਕੇ ਨੂੰ ਇਹ ਵੀ ਪਤਾ ਸੀ ਕਿ ਉਹ ਜੰਗੀਰੋ ਦੇ ਸਹੁਰਿਆਂ ਦਾ ‘ਚੋਰ’ ਸੀ ਅਤੇ ਜੇ ਉਹ ਪਿੰਡ ਵਾਲ਼ਿਆਂ ਦੇ ਹੱਥ ਆ ਗਿਆ ਤਾਂ ਉਹਨਾਂ ਨੇ ਉਸ ਨਾਲ਼ ਭਲੀ ਨਹੀਂ ਗੁਜ਼ਾਰਨੀ ਸੀ। ਇੱਥੋਂ ਕੂਚ ਕਰਨ ਲਈ ਉਸ ਨੂੰ ਬੰਦਿਆਂ ਦੀ ਜ਼ਰੂਰਤ ਸੀ।
    ਅਗਲੇ ਦਿਨ ਗੁਪਤ ਤਰੀਕੇ ਨਾਲ਼ ਨੇਕੇ ਨੇ ਬੱਕਰੀਆਂ ਦਾ ਸੌਦਾ ਕਰ ਲਿਆ ਅਤੇ ਵੇਚ ਵੱਟ ਕੇ ਪੈਸੇ ਗੀਝੇ ਪਾ ਲਏ।
    ਜੰਗੀਰੋ ਨੂੰ ਗੁਪਤ ਸੁਨੇਹਾਂ ਭੇਜ ਕੇ ਉਹ ਆਪਣੇ ਬੇਲੀ ਰੰਘੜ ਕੋਲ਼ ਚਲਿਆ ਗਿਆ।
    ਰੰਘੜ ਕਈ ਅਪਰਾਧ ਕਰ ਕੇ ਕਈ ਵਾਰ ਜੇਲ੍ਹ ਜਾ ਚੁੱਕਾ ਸੀ।
    -“ਓਏ ਆ ਬਈ ਨੇਕਿਆ…?” ਨੇਕੇ ਨੂੰ ਦੇਖ ਕੇ ਜਦ ਉਸ ਨੇ ਪਾਸਾ ਮਾਰਿਆ ਤਾਂ ਮੰਜੇ ਦੀਆਂ ਚੂਲਾਂ ਨੇ ਦੁਹਾਈ ਮਚਾ ਦਿੱਤੀ।
    -“ਸਾਰੀ ਉਮਰ ਤੈਨੂੰ ਕੋਈ ਸੁਆਲ ਨੀ ਪਾਇਆ, ਵੱਡੇ ਬਾਈ…! ਅੱਜ ਸੁਆਲੀ ਬਣ ਕੇ ਤੇਰੇ ਦਰ ਆਇਐਂ, ਦੁਹਾਈ ਐ ਮੇਰੇ ਰਾਮ ਦੀ, ਮੈਨੂੰ ਖਾਲੀ ਨਾ ਮੋੜੀਂ…!”
    -“ਤੂੰ ਸਾਡੀ ਹਿੱਕ ਦਾ ਵਾਲ਼, ਤੇਰੀ ਖਾਤਰ ਅਸੀਂ ਬੰਦਾ ਮਾਰ ਦੀਏ, ਤੂੰ ਇੱਕ ਆਰੀ ਗੱਲ ਤਾਂ ਮੂੰਹੋਂ ਕੱਢ…!”
    -“ਬੰਦਾ ਮੈਂ ਜਮਾਂ ਨੀ ਮਰਵਾਉਣਾ…!”
    -“ਹੋਰ ਮੈਥੋਂ ਕੀ ‘ਖੰਡ ਪਾਠ ਕਰਵਾਉਣੈ…?” ਰੰਘੜ ਹੱਸ ਪਿਆ।
    -“ਯਾਰੀ ਸਿਰ ਨਾਲ਼ ਨਿਭਾਉਣੀ ਐਂ…!”
    -“ਯਾਰੀ…? ਕੋਈ ਤੀਮੀ ਕੱਢਣੀ ਐਂ…?”
    -“ਆਹੋ…!”
    -“ਕੱਟੇ ਨੂੰ ਮਣ ਦੁੱਧ ਦਾ ਕੀ ਭਾਅ…?” ਰੰਘੜ ਦੇ ਮੱਥੇ ਵਾਲ਼ਾ ਟੱਕ ਕਿੱਲੇ ਵਾਂਗ ਆਕੜ ਗਿਆ।
    -“ਮੈਂ ਸਮਝਿਆ ਨੀ…! ਮੇਰੇ ਨਾਲ਼ ਕਹਾਣੇ ਜੇ ਨਾ ਪਾ ਮਿੱਤਰਾ, ਸਿੱਧੀ ਗੱਲ ਕਰ…! ਆਪਾਂ ਸਿੱਧੀ ਕਰਨ ਤੇ ਸਿੱਧੀ ਸੁਣਨ ਵਾਲ਼ੇ ਐਂ…!” ਨੇਕਾ ਵਿੰਗ-ਵਲ਼ੇਵੇਂ ਵਾਲ਼ਾ ਬੰਦਾ ਨਹੀਂ ਸੀ।
    -“ਤੂੰ ਤਾਂ ਤੀਮੀ ਕੱਢਲੇਂਗਾ, ਪਰ ਸਾਨੂੰ ਫ਼ੈਦਾ ਕੀ ਹੋਊ…?”
    -“ਤੂੰ ਹੁਕਮ ਕਰ…!”
    -“ਦੋ ਕੁ ਰਾਤਾਂ ਤੀਮੀ ਈ ਸਾਂਝੀ ਕਰ ਲਈਂ…! ਹੋਰ ਮੈਂ ਹਾਥੀ ਘੋੜੇ ਥੋੜ੍ਹੋ ਮੰਗਦੈਂ…?”
    -“ਨਹੀਂ ਬਾਈ…! ਉਹ ਸਾਂਝੀ ਕਰਨ ਆਲ਼ੀ ਹੈਨ੍ਹੀ..! ਉਹ ਤਾਂ ਮੇਰੀ ਜਿੰਦ-ਜਾਨ ਐਂ…! ਉਹਦੀ ਖਾਤਰ ਤਾਂ ਮੈਂ ਮਰਜੂੰ, ਤੂੰ ਹੋਰ ਹੁਕਮ ਕਰ ਕੋਈ…!”
    -“ਜਾਣਾ ਕਿੱਥੇ ਕੁ ਐ…?”
    -“ਪਿੰਡ ਆਲ਼ਿਆਂ ਤੋਂ ਬਚਾ ਕੇ ਸਾਨੂੰ ਬਠਿੰਡਿਓਂ ਰੇਲ ਚਾੜ੍ਹ ਦਿਓ, ਬੱਸ ਅੱਗੇ ਅਸੀਂ ਆਪੇ ਚਲੇ ਜਾਵਾਂਗੇ…!”
    -“ਠੀਕ ਐ…! ਇੱਕ ਕਾਰ ਤੇ ਦਸ ਕੁ ਬੋਤਲਾਂ ਦਾ ਪ੍ਰਬੰਧ ਕਰ, ਜਿੱਦਣ ਕਹੇਂਗਾ, ਢਾਹ ਦਿਆਂਗੇ ਕਿਲ੍ਹੇ ਦੇ ਕਿੰਗਰੇ…!”
    ਉਸ ਦੇ ਬੜ੍ਹਕ ਮਾਰਨ ‘ਤੇ ਨੇਕਾ ਖ਼ੁਸ਼ ਹੋ ਗਿਆ।
    -“ਚੰਦ ਬਾਈ ਦੇ ਛੁੱਟਣ ਦਾ ਪਤੈ ਕੁਛ…?” ਨੇਕੇ ਨੂੰ ਆਪਣੇ ਜਿਗਰੀ ਮਿੱਤਰ ਚੰਦ ਦੀ ਯਾਦ ਅੱਜ ਵਾਰ ਵਾਰ ਸਤਾ ਰਹੀ ਸੀ। ਉਹ ਯਾਰਾਂ ਦਾ ਢਾਰ ਤੇ ਦਿਲਦਾਰ ਬੰਦਾ ਸੀ। ਜੇ ਅੱਜ ਚੰਦ ਹੁੰਦਾ, ਨੇਕੇ ਨੂੰ ਕੋਈ ਫ਼ਿਕਰ ਹੀ ਨਹੀਂ ਹੋਣਾ ਸੀ!
    -“ਓਏ ਕਿੱਥੇ ਤੂੰ ਗਾਂਧੀ ਮਾਰਕਾ ਬੰਦੇ ਦੀ ਗੱਲ ਕਰ ਮਾਰੀ…? ਦਾਰੂ ਦਾ ਸੁਆਦ ਈ ਗਾਲ਼ਤਾ ਸਾਲ਼ੇ ਬੋਕ ਨੇ…!” ਰੰਘੜ ਨੇ ਨੱਕ ਚੜ੍ਹਾਇਆ।
    -“ਜਦੋਂ ਬੈਲੀ ਬੰਦਾ ਸਾਧਾਂ ਦੀਆਂ ਰੀਸਾਂ ਕਰਨ ਪਵੇ, ਓਹਨੇ ਮਰਨਾਂ ਈ ਹੁੰਦੈ…! ਉਹ ਤਾਂ ਸੰਤ ਬਣਦਾ ਬਣਦਾ ਅੰਦਰ ਜਾ ਬਿਰਾਜਿਆ, ਹੁਣ ਤਾਂ ਕਿਸੇ ਗੱਲ ਨਾਲ਼ ਹੀ ਬਾਹਰ ਆਊ…!”
    ਨੇਕਾ ਚੁੱਪ ਚਾਪ ਉਠ ਕੇ ਆ ਗਿਆ।
    ਉਹ ਆਪਣੇ ਬੇਲੀ ਚੰਦ ਦੀ ਬੁਰਾਈ ਨਹੀਂ ਸੁਣ ਸਕਦਾ ਸੀ। ਪਰ ਸਮਾਂ ਹੀ ਕਸੂਤਾ ਸੀ, ਉਹ ਕੁਛ ਕਰ ਨਹੀਂ ਸੀ ਸਕਦਾ। ਨਹੀਂ ਤਾਂ ਉਹ ਆਪਣੇ ਮਿੱਤਰ ਚੰਦ ਦੀ ਬੁਰਾਈ ਕਰਨ ਵਾਲ਼ੇ ਦੀ ਮਕਾਣ ਤੱਕ ਨਹੀਂ ਜਾਂਦਾ ਸੀ। ਪਰ ਹੁਣ ਉਸ ਨੂੰ ਆਪਣੀ ਮੁਹੱਬਤ, ਆਪਣੀ ਜੰਗੀਰੋ ਦੀ ਚਿੰਤਾ ਲੱਗੀ ਹੋਈ ਸੀ।  
    ਅਗਲੇ ਦਿਨ ਹੀ ਨੇਕੇ ਨੇ ਇੱਕ ਕਾਰ ਕਿਰਾਏ ‘ਤੇ ਲੈ ਲਈ ਅਤੇ ਦਾਰੂ ਦੀਆਂ ਬਾਰਾਂ ਬੋਤਲਾਂ ਕਾਰ ‘ਚ ਰੱਖ, ਰਾਹ ਪੈ ਗਏ। ਰੰਘੜ ਅਤੇ ਉਸ ਦਾ ਸਾਥੀ ਮੱਸਾ ਉਸ ਦੀ ਉਡੀਕ ‘ਚ ਤਿਆਰ ਬੈਠੇ ਸਨ। ਦੋ ਦੁਨਾਲ਼ੀਆਂ ਬੰਦੂਕਾਂ ਭਰ ਕੇ ਉਹਨਾਂ ਨੇ ਮੰਜਿਆਂ ਦੇ ਨਾਲ਼ ਖੜ੍ਹੀਆਂ ਕੀਤੀਆਂ ਹੋਈਆਂ ਸਨ। ਇੱਕ ਪਾਸੇ ਚੁੱਲ੍ਹੇ ‘ਤੇ ਬੱਕਰਾ ਰਿੱਝ ਰਿਹਾ ਸੀ ਅਤੇ ਬੱਕਰੇ ਦੀਆਂ ਕੁਝ ਸੈਂਖੀਆਂ ਮੰਜੇ ਦੇ ਦੁਆਲੇ ਖਿੱਲਰੀਆਂ ਪਈਆਂ ਸਨ।
    -“ਆ ਗਿਆ ਖਸਮਾਂ…?” ਬੱਕਰੇ ਦੇ ਮਾਸ ਨਾਲ਼ ਰੱਜੇ ਰੰਘੜ ਨੇ ਵੱਡਾ ਸਾਰਾ ਡਕਾਰ੍ਹ ਮਾਰ ਕੇ ਹੱਥ ਵਾਲ਼ਾ ਪੈੱਗ ਖਾਲੀ ਕਰਦਿਆਂ ਕਿਹਾ।
    -“ਆਉਣਾ ਈ ਸੀ ਬਾਈ…! ਵਾਰਿਸ ਸ਼ਾਹ ਜੇ ਰੱਬ ਦਿਆਲ ਹੋਵੇ, ਖੇਤੀ ਉਗਦੀ ਭੁੱਜਿਆਂ ਦਾਣਿਆਂ ਦੀ…! ਭਰਾ ਨਾਲ਼ ਹੋਣ ਤਾਂ ਰੱਬ ਦਿਆਲ ਈ ਹੁੰਦੈ…!”
    -“ਕੰਜਰ ਆਸ਼ਕੀ ਕਰਦਾ ਕਰਦਾ ਕਵੀਸ਼ਰੀ ਵੀ ਕਰਨ ਲੱਗ ਪਿਆ…!” ਮੱਸਾ ਹੱਡੀ ਚੂੰਡ ਕੇ ਦੂਰ ਸੁੱਟਦਾ ਹੋਇਆ ਬੋਲਿਆ।
    -“ਸ਼ੁਕਰ ਕਰ ਇਹਨੂੰ ਵੀ ਤੀਮੀਂ ਜੁੜ ਗਈ…!”
    ਜਦ ਦਿਨ ਦਾ ਛੁਪਾਅ ਹੋਇਆ ਤਾਂ ਉਹ ਦੋ-ਦੋ ਪੈੱਗ ਲਾ ਕੇ ਜੰਗੀਰੋ ਦੇ ਪਿੰਡ ਦੀ ਜੂਹ ‘ਚ ਪਹੁੰਚ ਗਏ।
    ਮਿਥੀ ਗੱਲ ਅਨੁਸਾਰ ਕਾਰ ਦੀ ਉਡਦੀ ਧੂੜ ਦੇਖ ਕੇ ਕਪਾਹ ਦੇ ਖੇਤ ‘ਚ ਲੁਕੀ ਜੰਗੀਰੋ ਬਾਹਰ ਆ ਗਈ।
    ਖ਼ਰਬੂਜੇ ਵਰਗੀ ਜੰਗੀਰੋ ਦਾ ਸੰਧੂਰੀ ਰੰਗ ਦੇਖ ਕੇ ਰੰਘੜ ਦੇ ਦਿਲ ‘ਤੇ ਛੁਰੀ ਫ਼ਿਰ ਗਈ ਅਤੇ ਉਸ ਦੇ ਮੱਥੇ ‘ਤੇ ਲੱਗਿਆ ਗੰਡਾਸੇ ਦਾ ਟੱਕ ਤਰਸ਼ੂਲ ਵਾਂਗ ਖੜ੍ਹਾ ਹੋ ਗਿਆ।
    ਕਾਰ ਵਿਚ ਬੈਠਦੀ ਜੰਗੀਰੋ ਨੇ ਪਰਦੇ ਨਾਲ਼ ਆਪਣੇ ਕੰਨਾਂ ਦੀਆਂ ਵਾਲ਼ੀਆਂ ਅਤੇ ਇੱਕ ਛਾਪ ਨੇਕੇ ਦੀ ਮੁੱਠੀ ਵਿਚ ਦੇ ਦਿੱਤੀ। ਜੋ ਨੇਕੇ ਨੇ ਬੋਚ ਕੇ ਗੀਝੇ ਵਿਚ ਪਾ ਲਏ।
    ਰੰਘੜ ਅਤੇ ਮੱਸਾ ਕਾਰ ਵਿਚ ਦਾਰੂ ਪੀਂਦੇ ਜਾ ਰਹੇ ਸਨ। ਉਹ ਬੇਈਮਾਨੀ ਨਾਲ਼ ਵਾਰ-ਵਾਰ ਨੇਕੇ ਨੂੰ ਪੈੱਗ ਪਾ ਕੇ ਦਿੰਦੇ, ਪਰ ਨੇਕਾ ਚੁਸਤੀ ਨਾਲ਼ ਪੈੱਗ ਚਾਦਰੇ ਦੀ ਆੜ ‘ਚ ਡੋਲ੍ਹ ਦਿੰਦਾ।  ਜੰਗੀਰੋ ਦਾ ਹੁਸਨ ਰੰਘੜ ਅਤੇ ਮੱਸੇ ਦੇ ਦਿਲ ‘ਤੇ ਫੱਟ ਕਰੀ ਜਾ ਰਿਹਾ ਸੀ।
    -“ਨੇਕਿਆ…!”
    -“ਹਾਂ ਬਾਈ…?”
    -“ਸਦਕੇ ਜਾਂਵਾਂ ਤੇਰੀ ਚੋਣ ਦੇ…! ਮੋਰਚਾ ਵੱਡਾ ਈ ਮਾਰਿਐ, ਸੋਹਣਿਆਂ…!”
    -“ਧਰਮ ‘ਨਾ ਤੀਮੀ ਕਾਹਦੀ ਐ, ਸਹੁਰੀ ਗੈਸ ਮਾਂਗੂੰ ਜਗਦੀ ਐ…!” ਮੱਸੇ ਦੀ ਭੈਂਗੀ ਅੱਖ ਨੇ ਜੰਗੀਰੋ ਦੇ ਸਰੀਰ ਦੀ ਤਲਾਸ਼ੀ ਲਈ ਤਾਂ ਜੰਗੀਰੋ ਨੇ ਕੁਕੜੀ ਵਾਂਗ ਖੰਭ ਘੁੱਟ ਲਏ। ਭੈਂਗੀ ਅੱਖ ਵਿੱਚੋਂ ਰੱਤ ਚੋਂਦੀ ਲੱਗਦੀ ਸੀ।
    -“ਐਹੋ ਜੀ ਤੀਮੀ ਰਾਤ ਨੂੰ ਕੋਲ਼ੇ ਹੋਵੇ, ਲਾਟੂ ਜਗਾਉਣ ਦੀ ਲੋੜ ਨੀ ਪੈਂਦੀ…!”
    -“ਨੂਰ ਈ ਖ਼ਸਮਾਂ ਨੂੰ ਖਾਣੀ ਦੇ ਮੂੰਹ ‘ਤੇ ਕਿੰਨੈ…! ਸਾਡਾ ਵਾਹ ਤਾਂ ਹੁਣ ਤੱਕ ਸਾਲ਼ੀਆਂ ਮੱਝਾਂ ਨਾਲ਼ ਈ ਪਿਐ…!”
    -“ਮੋਮਬੱਤੀ ਮਾਂਗੂੰ ਤਾਂ ਜਗੀ ਜਾਂਦੀ ਐ…!”
    -“ਮੇਰਾ ਗੱਡੀ ‘ਚ ਬੈਠਣ ਲੱਗੇ ਦਾ ਹੱਥ ਘਿਸੜ ਗਿਆ ਸੀ ਏਹਦੇ ਹੱਥ ਨਾਲ਼, ਜਿੱਥੇ ਸਾਲ਼ਾ ਹੱਥ ਘਿਸੜਿਆ ਸੀ, ਓਥੋਂ ਵਾਸ਼ਨਾ ਜੀ ਆਈ ਜਾਂਦੀ ਐ…!”
    -“ਐਹੋ ਜੀ ਤੀਮੀ ਖਾਤਰ ਤਾਂ ਕੋਈ ਵੀ ਮਰਨ ਨੂੰ ਤਿਆਰ ਹੋ ਸਕਦੈ ਯਾਰ…!” ਹੁਣ ਰੰਘੜ ਦੇ ਮੱਥੇ ਦਾ ਟੱਕ ਜੰਗੀਰੋ ਨੂੰ ਬੁਰਕ ਵੱਢਣ ਆ ਰਿਹਾ ਸੀ। ਉਸ ਦੇ ਗਲ਼ੇ-ਸੜੇ ਦੰਦਾਂ ਵਾਲ਼ੇ ਮੂੰਹ ‘ਚੋਂ ਜੰਗੀਰੋ ਨੂੰ ਅਜੀਬ ਬੂਅ ਆ ਰਹੀ ਸੀ, ਜਿਸ ਕਾਰਨ ਉਹ ਤਪਦਿਕ ਦੇ ਮਰੀਜ਼ ਵਾਂਗ ਮੂੰਹ ਘੁੱਟੀ ਬੈਠੀ ਸੀ।
    -“ਇਹ ਜੰਗਲੀ ਬੋਤੇ ਤੂੰ ਕਿੱਥੋਂ ਫ਼ੜ ਲਿਆਇਆ…? ਮੈਨੂੰ ਤਾਂ ਇਹਦੀਆਂ ਅੱਖਾਂ ਤੋਂ ਡਰ ਲੱਗਦੈ…!” ਉਹ ਗੁੱਝੀ ਗੱਲ ਕਰ ਗਈ।
    -“ਐਹੋ ਜੇ ਸਮੇਂ ਆਪਾਂ ਨੂੰ ਇਹਨਾਂ ਦੀ ਲੋੜ ਐ, ਕਮਲ਼ੀਏ…! ਇਹਨਾਂ ਬਿਨਾਂ ਆਪਣਾ ਜੱਗ ਨੀ ਸੀ ਸੰਪੂਰਨ ਹੋਣਾ…! ਕਈ ਵਾਰੀ ਪੰਧ ਮੁਕਾਉਣ ਖਾਤਰ ਐਹੋ ਜੇ ਦੈਂਤਾਂ ਨਾਲ਼ ਵੀ ਸਮਝੌਤਾ ਕਰਨਾ ਪੈਂਦੈ…! ਥੋੜੇ ਸਮੇਂ ਦੀ ਤਾਂ ਗੱਲ ਐ, ਦੜ ਵੱਟ…!” ਨੇਕੇ ਨੇ ਉਸ ਦਾ ਗੋਡਾ ਘੁੱਟਿਆ।
    -“ਸਹੁੰ ਭਾਈਆਂ ਦੀ, ਇਹ ਤਾਂ ਬਾਹਲ਼ੇ ਈ ਡਰਾਉਣੇ ਜੇ ਐ…! ਮੈਨੂੰ ਤਾਂ ਜਮਦੂਤ ਜੇ ਦੀਆਂ ਅੱਖਾਂ ਤੋਂ ਡਰ ਲੱਗੀ ਜਾਂਦੈ..!”
    ਨੇਕੇ ਨੇ ਚੁੱਪ ਰਹਿਣ ਲਈ ਜੰਗੀਰੋ ਦਾ ਗੋਡਾ ਮੁੜ ਦੱਬ ਦਿੱਤਾ।
    -“ਕੀ ਕਹਿੰਦੀ ਐ ਨੱਢੀ..?” ਰੰਘੜ ਨੇ ਬਘਿਆੜ ਵਰਗਾ ਮੂੰਹ ਖੋਲ੍ਹ ਕੇ ਕਿਹਾ। ਉਸ ਦੀ ਗਲ਼ੀ-ਸੜੀ ਦੰਦਬੀੜ ‘ਚੋਂ ਸੋਨੇ ਦੇ ਦੰਦ ਨੇ ਚਾਂਭੜ ਮਾਰੀ।
    -“ਕੋਈ ਤਕਲੀਫ਼ ਤਾਂ ਨ੍ਹੀ ਨੱਢੀਏ…?” ਮੱਸੇ ਦਾ ਅੱਧ-ਮੁੰਨਿਆਂ ਮੂੰਹ ਜਿਵੇਂ ਉਸ ਨੂੰ ਖਾਣ ਆਇਆ ਸੀ। ਲੰਮੀਆਂ-ਲੰਮੀਆਂ ਮੁੱਛਾਂ ਜਿਵੇਂ ਉਸ ਨੂੰ “ਡਾਂਟ” ਰਹੀਆਂ ਸਨ।
    -“ਨਹੀਂ, ਕੋਈ ਤਕਲੀਫ਼ ਨੀ…! ਤਕਲੀਫ਼ ਇਹਨੂੰ ਕੀ ਹੋਣੀ ਸੀ, ਬਾਈ…?” ਨੇਕੇ ਨੇ ਮੌਕਾ ਸਾਂਭਿਆ।
    -“ਜੇ ਸਾਡੇ ਨਾਲ਼ ਬਹਿ ਕੇ ਵੀ ਤਕਲੀਫ਼ ਆਈ, ਤਾਂ ਅਸੀਂ ਆਬਦੇ ਗੋਲ਼ੀ ਨਾ ਮਾਰ ਲਵਾਂਗੇ…?” ਰੰਘੜ ਦਾ ਮੱਥੇ ਵਾਲ਼ਾ ਟੱਕ ਬਾਘੀਆਂ ਪਾਉਣ ਲੱਗ ਪਿਆ। ਉਸ ਨੇ ਬੰਦੂਕ ਦੀ ਨਾਲ਼ੀ ਆਪਣੀ ਪੁੜਪੜੀ ਨਾਲ਼ ਲਾ ਕੇ ਕਿਹਾ ਸੀ।
    -“ਸਾਰਾ ਜਹਾਨ ਫ਼ੂਕ ਦਿਆਂਗੇ, ਜਹਾਨ…! ਸਾਡਾ ਕੋਈ ਮੂਤ ਨੀ ਉਲ਼ੰਘਦਾ…!”
    -“ਤੂੰ ਡਰੀ ਮੁਰਗੀ ਮਾਂਗੂੰ ‘ਕੱਠੀ ਜੀ ਕਾਹਨੂੰ ਹੋਈ ਜਾਨੀ ਐਂ…? ਦਿਲ ਕੱਢ ਕੇ, ਖੁੱਲ੍ਹ ਕੇ ਬੈਠ, ਸਾਥੋਂ ਕਾਹਦਾ ਡਰ…? ਘਰ ਦੇ ਤਾਂ ਬੰਦੇ ਐਂ…! ਅਸੀਂ ਕੱਚ ਖਾ ਕੇ ਹਜਮ ਕਰਜੀਏ…! ਤੂੰ ਕੋਈ ਕੁਆਰੀ ਕੰਜਕ ਥੋੜ੍ਹੋ ਐਂ..?”
    -“ਹੰਢੀ ਵਰਤੀ ਤਾਂ ਚੀਜ ਐਂ…!”
    -“ਬਾਹਲ਼ਾ ਡਰ ਤਾਂ ਕੁਆਰੀਆਂ ਨੱਢੀਆਂ ਨੂੰ ਹੁੰਦੈ, ਜਿਹਨਾਂ ਨੇ ਕੁਛ ਦੇਖਿਆ ਪਰਖਿਆ ਨੀ ਹੁੰਦਾ…! ਤੂੰ ਤਾਂ ਪੂਰੀ ਖਿਡਾਰਨ ਐਂ…!”
    -“ਕਿਉਂ ਨੇਕਿਆ…? ਦਿੰਦੀ ਐ ਸੁਰਗ ਦੇ ਝੂਟੇ ਕਿ ਨਹੀਂ…?”
    -“ਬਣ ਜਾਂਦੀ ਐ ਸਤਰੰਗੀ ਪੀਂਘ ਬੁੱਕਲ਼ ‘ਚ…?”
    ਉਹਨਾਂ ਦੀਆਂ ਸ਼ਰਾਬੀ ਗੱਲਾਂ ਜੰਗੀਰੋ ਦੇ ਹੌਲ ਪਾਈ ਜਾ ਰਹੀਆਂ ਸਨ ਅਤੇ ਨੇਕਾ ਭਰਿਆ-ਪੀਤਾ ਚੁੱਪ ਵੱਟੀ ਬੈਠਾ ਸੀ।
    ਸਮਾਂ ਬਹੁਤ ਸੰਕਟਮਈ ਸੀ।
    ਇਸ ਲਈ ਕੁਛ ਬੋਲ ਵੀ ਨਹੀਂ ਸਕਦਾ ਸੀ।
    ਜੇ ਬੋਲਦਾ ਸੀ ਤਾਂ ਆਪਣੇ ਪੈਰੀਂ ਹੀ ਕੁਹਾੜਾ ਵੱਜਣਾ ਸੀ। ਪਰ ਉਸ ਨੂੰ ਇਹ ਆਸ ਕਦਾਚਿੱਤ ਨਹੀਂ ਸੀ ਕਿ ਉਸ ਦੇ ਜਾਣਕਾਰ ਬੰਦੇ ਉਸ ਦੀ ਜੰਗੀਰੋ ਨੂੰ ਹੀ ਬਦ ਬੋਲ ਬੋਲਣ ਲੱਗ ਪੈਣਗੇ।
    ਸ਼ਰਾਬ ਪੀਂਦੇ ਅਤੇ ਬਕਵਾਸ ਕਰਦੇ ਉਹ ਬਠਿੰਡੇ ਦੇ ਰੇਲਵੇ ਸਟੇਸ਼ਨ ਪਹੁੰਚ ਗਏ।
    ਜੰਗੀਰੋ ਨੂੰ ਉਤਾਰ ਨੇਕੇ ਨੇ ਰੰਘੜ ਹੋਰਾਂ ਦਾ ਧੰਨਵਾਦ ਕੀਤਾ ਅਤੇ ਸਟੇਸ਼ਨ ਦੇ ਅੰਦਰ ਨੂੰ ਤੁਰ ਪਏ। ਕਾਰ ‘ਚੋਂ ਉਤਰ ਕੇ ਜੰਗੀਰੋ ਨੇ ਪੂਰਾ, ਅਤੇ ਸੁਖ ਦਾ ਸਾਹ ਲਿਆ ਸੀ। ਨਹੀਂ ਤਾਂ ਸਾਰੇ ਰਾਹ ਹੀ ਉਹ “ਰੱਬ – ਰੱਬ” ਕਰਦੀ, ਸਾਹ ਘੁੱਟੀ ਆਈ ਸੀ।
    -“ਜੇ ਨੇਕਾ ਨਾ ਪੂਰਾ ਉੱਤਰੇ ਤਾਂ ਮੇਰੇ ਕੋਲ਼ ਜਦੋਂ ਮਰਜ਼ੀ ਆ ਜਾਈਂ, ਦਰਵਾਜੇ ਅੱਠੇ ਪਹਿਰ ਖੁੱਲ੍ਹੇ ਐ…! ਨਾਲ਼ੇ ਵੰਗ ਮਾਂਗੂੰ ਬੋਚ-ਬੋਚ ਰੱਖੂੰਗਾ, ਮਜਾਲ ਐ ਕੋਈ ਅੱਖ ਪੱਟ ਕੇ ਝਾਕ ਜਾਵੇ, ਥਾਂ ‘ਤੇ ਈ ਗੱਡੀ ਚਾੜ੍ਹ ਦਿਊਂਗਾ…!” ਕਾਰ ਵਿਚੋਂ ਰੰਘੜ ਨੇ ਲਲਕਾਰ ਕੇ ਜਿਹੇ ਕਿਹਾ। ਉਸ ਦੀ ਅਵਾਜ਼ ਨਗਾਰੇ ਵਾਂਗੂੰ ਖੜਕੀ ਸੀ।
    -“ਤੇਰੀ ਰਾਖੀ ਕੀਤੀ ਐ, ਇੱਕ ਬੁੱਘੀ ਤਾਂ ਦੇ ਜਾਂਦੀ…?”
    -“ਕਾਹਨੂੰ ਵੇਲ਼ੈ ਭਦਰਕਾਰੀ ਦਾ, ਮੱਸਾ ਸਿਆਂ…?”
    -“ਇਹ ਦੁਨੀਆਂ ਕਦਰ ਨੀ ਪਾਉਂਦੀ…!”
    -“ਕੰਮ ਕੱਢਿਆ ਤੇ ਫ਼ਿਰ ਤੂੰ ਕੌਣ ਤੇ ਮੈਂ ਕੌਣ…!”
    -“ਜੇ ਮੇਰੇ ਵਸੇਂ ਤਾਂ ਸਹੁੰ ਰੱਬ ਦੀ, ਟੂਮ ਬਣਾ ਕੇ ਰੱਖਾਂ…!”
    -“ਕੀ ਲੈਣੈ ਤੂੰ ਐਸ ਲੰਗੂਰ ਤੋਂ…! ਲੰਡੀਆਂ ਬੁੱਚੀਆਂ ਤੋਂ ਤਾਂ ਇਹ ਡਰ ਕੇ ਕੰੰਬੀ ਜਾਂਦੈ, ਕੀ ਪੂਰੀ ਪਾ ਦਿਊ ਇਹੇ…?” ਉਹ ਬਕੜਵਾਹ ਕਰਦੇ ਰਹੇ।
    ਪਰ ਨੇਕਾ ਅਤੇ ਜੰਗੀਰੋ ਦੂਰ ਨਿਕਲ਼ ਗਏ ਸਨ।
    -“ਇਹ ਹਰਾਮ ਦੇ ਖਰੂਦੀ ਰਿੱਛ ਤੂੰ ਕਿੱਥੋਂ ਫੜ ਲਿਆਇਆ…?” ਜੰਗੀਰੋ ਨੇ ਅਗਲਾ ਪਿਛਲਾ ਸਾਰਾ ਗੁੱਸਾ ਨੇਕੇ ‘ਤੇ ਕੱਢਿਆ।
    -“ਇਹਨਾਂ ਬਿਨਾਂ ਆਪਣੀ ਪੂਰੀ ਨੀ ਪੈਣੀਂ ਸੀ…!”
    -“ਹਰਾਮ ਦੇ ਨੇ ਪੱਟ ‘ਤੇ ਚੂੰਢੀਆਂ ਵੱਢ-ਵੱਢ ਪੱਟ ਸੁਜਾ-ਤਾ…!” ਉਹ ਦਰਦਾਂ ਮਾਰੀ “ਸੀ – ਸੀ” ਕਰੀ ਜਾ ਰਹੀ ਸੀ।
    -“ਲਿਆ ਦੇਖਾਂ…!”
    -“ਤੂੰ ਖੌਂਸੜੇ ਨਾ ਖਾਲੀਂ ਮੇਰੇ ਕੋਲ਼ੋਂ…!”
    -“ਮੈਂ ਤਾਂ ਹਮਦਰਦੀ ਨਾਲ਼ ਈ ਕਿਹਾ ਸੀ, ਹੋਰ ਮੇਰੇ ਮਨ ‘ਚ ਕੋਈ ਪਾਪ ਨੀ…!”
    -“ਮੱਚ ਜਾਣੇ ਦੇ ਹੱਥ ਜੰਮੂਰਾਂ ਵਰਗੇ ਸੀ…! ਜਿੱਥੇ ਚੂੰਢੀ ਵੱਢਦਾ ਸੀ, ਮਾਸ ਨੋਚ ਲੈਂਦਾ ਸੀ, ਮੇਰੇ ਤਾਂ ਚੂੰਢੀਆਂ ਵਾਲ਼ੀ ਥਾਂ ਤੋਂ ਪੀੜ ਦੇ ਲਾਂਬੂ ਨਿਕਲ਼ੀ ਜਾਂਦੇ ਐ…!” ਜੰਗੀਰੋ ਦੀ ਗੱਲ ਸੁਣ ਕੇ ਇੱਕ ਲਾਂਬੂ ਨੇਕੇ ਦੀਆਂ ਅੱਖਾਂ ਵਿਚੋਂ ਨਿਕਲ਼ਿਆ। ਪਰ ਉਸ ਨੇ ਕਸੀਸ ਵੱਟ ਕੇ ਦੱਬ ਲਿਆ।
    -“ਹੁੰਦਾ ਅੱਜ ਮੇਰਾ ਆੜੀ, ਚੰਦ…! ਆਹ ਵਕਤ ਹੀ ਨੀ ਆਉਣਾ ਸੀ ਆਪਣੇ ‘ਤੇ, ਜੰਗੀਰੋ..! ਬੜਾ ਦਲੇਰ ਬੰਦੈ..! ਪਰ ਜੇਲ੍ਹ ‘ਚ ਐ ਅੱਜ ਕੱਲ੍ਹ, ਮੇਰੇ ਮਾੜੇ ਕਰਮਾਂ ਨੂੰ..!” ਨੇਕੇ ਨੇ ਮੱਥੇ ‘ਤੇ ਹੱਥ ਮਾਰ ਕੇ ਝੋਰਾ ਕੀਤਾ।
    ਰੰਘੜ ਹੋਰਾਂ ਦੀ ਕਾਰ ਅਜੇ ਵੀ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੀ ਸੀ ਅਤੇ ਦਾਰੂ ਦੇ ਨਸ਼ੇ ਨਾਲ਼ ਝੂਲਦਾ ਮੱਸਾ ਕਾਰ ਦੇ ਬਾਹਰ ਖੜ੍ਹਾ ਕਾਰ ਦੇ ਟਾਇਰ ‘ਤੇ ਮੂਤ ਰਿਹਾ ਸੀ।
    -“ਜੇ ਟਾਇਰ ‘ਤੇ ਮੂਤਣੈਂ ਤਾਂ ਲੱਤ ਚੱਕ ਕੇ ਮੂਤ..!” ਰੰਘੜ ਮੱਸੇ ਨੂੰ ਟਾਂਚ ਕਰ ਰਿਹਾ ਸੀ।
    ਨੇਕੇ ਦਾ ਦਿਲ ਕੀਤਾ ਕਿ ਮੱਸੇ ਦੇ ਸਿਰ ‘ਚ ਇੱਟ ਮਾਰੇ। ਪਰ ਸਮਾਂ ਬਹੁਤ ਕਸੂਤਾ ਸੀ। ਅੱਗੇ ਖ਼ੂਹ ਤੇ ਪਿੱਛੇ ਖਾਤਾ ਸੀ। ਸੱਪ ਦੇ ਮੂੰਹ ਕੋਹੜ ਕਿਰਲੀ ਆਈ ਹੋਈ ਸੀ। ਖਾਂਦਾ ਕੋਹੜੀ, ਤੇ ਜੇ ਛੱਡਦਾ ਤਾਂ ਕਲੰਕੀ ਬਣਦਾ ਸੀ। ਉਹ ਮਨ ਦੇ ਹਾਲਾਤਾਂ ਨਾਲ਼ ਹੇਠ-ਉੱਤੇ ਹੁੰਦਾ ਦਿੱਲੀ ਦੀਆਂ ਦੋ ਟਿਕਟਾਂ ਲੈ ਆਇਆ।
    ਗੱਡੀ ਅਜੇ ਘੰਟੇ ਨੂੰ ਆਉਣੀ ਸੀ।
    -“ਖਾਣੈਂ ਕੁਛ…?” ਨੇਕੇ ਨੇ ਪੁੱਛਿਆ।
    -“ਭੁੱਖ ਜੀ ਤਾਂ ਹੈਨ੍ਹੀ…!”
    -“ਸਾਰੀ ਰਾਤ ਸਫ਼ਰ ਕਰਨੈਂ, ਕੁਛ ਖਾ ਲੈ…!”
    -“ਨੇਕਿਆ, ਇੱਕ ਗੱਲ ਦੱਸਾਂ…?”
    -“ਬੋਲ਼…?”
    -“ਚਾਹੇ ਜੁਆਕ ਮੇਰਾ ਨਹੀਂ ਮੋਹ ਕਰਦੇ, ਪਰ ਜੁਆਕਾਂ ਬਿਨਾਂ ਮੇਰਾ ਜੀਅ ਖੁੱਸੀ ਜਾਂਦੈ…!” ਆਖ ਕੇ ਜੰਗੀਰੋ ਫ਼ਿੱਸ ਪਈ। ਦੋ ਕੋਸੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਕਿਰ ਕੇ ਛਾਤੀ ‘ਤੇ ਡਿੱਗ ਪਏ। ਸਟੇਸ਼ਨ ‘ਤੇ ਤੁਰੀ ਫਿਰਦੀ ਦੁਨੀਆਂ ਦੇ ਡਰ ਕਾਰਨ ਨੇਕਾ ਉਸ ਨੂੰ ਬੁੱਕਲ਼ ਵਿਚ ਲੈਣਾ ਚਾਹੁੰਦਾ ਵੀ ਕਲ਼ਾਵੇ ਵਿਚ ਲੈ ਕੇ ਧਰਵਾਸ ਨਾ ਦੁਆ ਸਕਿਆ। ਉਹ ਜੰਗੀਰੋ ਦੇ ਮਨ ਦੀ ਪੀੜਾ ਨੂੰ ਭਲੀ-ਭਾਂਤ ਪਹਿਚਾਣਦਾ ਸੀ। ਪਰ ਬੇਵੱਸ ਸੀ। ਕੁਛ ਕਰ ਨਹੀਂ ਸਕਦਾ ਸੀ। ਰੋਂਦੀ ਜੰਗੀਰੋ ਉਸ ਤੋਂ ਜਰੀ ਨਹੀਂ ਜਾ ਰਹੀ ਸੀ। ਜੰਗੀਰੋ ਦੇ ਦਰਦ ਵਿਚ ਉਸ ਦਾ ਕਾਲ਼ਜਾ ਦੋਫ਼ਾੜ ਹੋਇਆ ਪਿਆ ਸੀ।
    -“ਜੇ ਕਹੇਂ ਤਾਂ ਆਪਾਂ ਮੁੜ ਚੱਲਦੇ ਐਂ…?”
    -“…….।” ਜੰਗੀਰੋ ਨੇ ‘ਨਾਂਹ’ ਵਿਚ ਸਿਰ ਹਿਲਾਇਆ। ਓਸੇ ਨਰਕ ਵਿਚ ਉਹ ਮੁੜ ਜਾਣਾ ਨਹੀਂ ਚਾਹੁੰਦੀ ਸੀ। ਹੁਣ ਤਾਂ ਲੋਕਾਂ ਨੇ ਉਸ ਦਾ ਜਿਉਣਾ ਹੋਰ ਹਰਾਮ ਕਰ ਦੇਣਾ ਸੀ। ਉਹ ਕਦਮ ਹੀ ਐਡਾ ਵੱਡਾ ਚੁੱਕ ਗਈ ਸੀ ਕਿ ਉਸ ਲਈ ਹੁਣ ਪਿੱਛੇ ਮੁੜਨਾ ਮੁਮਕਿਨ ਜਾਂ ਸੌਖਾ ਨਹੀਂ ਸੀ।
    -“ਦੇਖ ਲੈ…! ਅਜੇ ਵੀ ਵੇਲ਼ੈ…!”
    -“ਮੈਖਿਆ ਨਹੀਂ…!” ਉਸ ਨੇ ਫਿਰ ਸਿਰ ਹਿਲਾਇਆ।
    -“ਸਿਆਣੇ ਕਹਿੰਦੇ ਹੁੰਦੇ ਐ ਬਈ ਕੁਛ ਪਾਉਣ ਲਈ ਕੁਛ ਨਾ ਕੁਛ ਗੁਆਉਣਾ ਵੀ ਪੈਂਦੈ…? ਮੈਨੂੰ ਵੀ ਗੂੰਗੇ ਦੀ ਬਥੇਰੀ ਯਾਦ ਆਉਂਦੀ ਐ…! ਪਰ ਕੀ ਕਰੀਏ..? ਦੁਨੀਆਂ ਨੇ ਜਿਉਣ ਨੀ ਦੇਣਾਂ…!”
    -“………।” ਹੁਣ ਜੰਗੀਰੋ ਚੁੱਪ ਸੀ।
    ਉਸ ਦਾ ਮਨ ਅਤੇ ਅੱਖਾਂ ਨੱਕੋ-ਨੱਕ ਭਰੀਆਂ ਹੋਈਆਂ ਸਨ।
    -“ਉਹ ਤਾਂ ਵਿਚਾਰਾ ਮੱਥੇ ‘ਤੇ ਹੱਥ ਰੱਖ ਕੇ ਆਬਦਾ ਰਿਸ਼ਤਾ ‘ਡੀਕਦਾ ਹੋਊਗਾ ਬਈ ਜੰਗੀਰੋ ਭਾਬੀ ਸਾਕ ਲੈ ਕੇ ਆਊਗੀ…!” ਨੇਕੇ ਦੇ ਆਖਣ ‘ਤੇ ਜੰਗੀਰੋ ਮਸੋਸੇ ਜਿਹੇ ਮਾਹੌਲ ਵਿਚ ਵੀ ਹੱਸ ਪਈ। ਪਰ ਹਾਸੇ ਵਿਚ ਵੀ ਇੱਕ ਦਰਦ ਸੀ। ਚੀਸ ਸੀ।
    -“ਖਾਣ ਨੂੰ ਲਿਆਵਾਂ ਕੁਛ…?”
    -“ਖਾਣ ਨੂੰ ਤਾਂ ਮੈਂ ਰੋਟੀਆਂ ਲਾਹ ਕੇ ਲੜ ਬੰਨ੍ਹ ਲਿਆਈ ਸੀ…! ਭੁੱਖ ਲੱਗੀ ਐ…? ਖਾਣੀਐਂ…?”
    -“ਲਿਆ, ਇੱਕ ਅੱਧੀ ਖਾ ਈ ਲੈਨੇ ਆਂ…!”
    ਜੰਗੀਰੋ ਨੇ ਆਲੂ ਗੋਭੀ ਦੀ ਸਬਜ਼ੀ ਰੋਟੀਆਂ ‘ਤੇ ਧਰ ਕੇ ਨੇਕੇ ਨੂੰ ਫ਼ੜਾ ਦਿੱਤੀ।
    ਅਜੇ ਉਹ ਰੋਟੀ ਖਾ ਕੇ ਵਿਹਲੇ ਹੀ ਹੋਏ ਸਨ ਕਿ ਟਰੇਨ ਆ ਗਈ।
    ਸਟੇਸ਼ਨ ‘ਤੇ ਇੱਕ ਤਰ੍ਹਾਂ ਨਾਲ਼ ਹੰਗਾਮਾ ਮੱਚ ਗਿਆ।
    ਲੋਕ ਆਪਣਾ ਸਮਾਨ ਚੁੱਕੀ ਧਾਵਾ ਬੋਲਣ ਵਾਲ਼ਿਆਂ ਵਾਂਗ ਟਰੇਨ ਵੱਲ ਨੂੰ ਭੱਜ ਤੁਰੇ।  
    -“ਦੇਖ ਭੁੱਜੜਿਆਂ ਨੂੰ ਕਿਵੇਂ ਅੱਗ ਲੱਗੀ ਐ…!” ਜੰਗੀਰੋ ਨੇ ਟਰੇਨ ਦਾ ਸਫ਼ਰ ਪਹਿਲੀ ਵਾਰ ਕਰਨਾ ਸੀ। ਅੱਗੇ ਉਹਨਾਂ ਦੋਵਾਂ ਨੇ ਹੀ ਕਦੇ ਬਠਿੰਡਾ ਨਹੀਂ ਟੱਪਿਆ ਸੀ। ਅੱਜ ਪਹਿਲਾ ਮੌਕਾ ਸੀ, ਜਦ ਉਹ ਕਿਸੇ ਲੰਮੇ ਸਫ਼ਰ ‘ਤੇ ਜਾ ਰਹੇ ਸਨ।
    -“ਕਿਉਂ ਖਿਝੀ ਜਾਨੀ ਐਂ…? ਰੇਲਾਂ ‘ਚ ਲੋਕ ਇਉਂ ਈ ਕਰਦੇ ਹੁੰਦੇ ਐ…!”
    -“……..!” ਜੰਗੀਰੋ ਚੁੱਪ ਹੋ ਗਈ।
    ਰੇਲਵੇ ਗਾਰਡ ਨੇ ਲੰਮੀ ਸੀਟੀ ਮਾਰੀ।
    ਝੰਡੀ ਹੋ ਗਈ ਅਤੇ ਜਦ ਹਝੋਕਾ ਮਾਰ ਕੇ ਗੱਡੀ ਤੁਰੀ ਤਾਂ ਜੰਗੀਰੋ ਦੇ ਮਨ ਅੰਦਰ ਮੋਹ ਅਤੇ ਵੈਰਾਗ ਦਾ ਝੋਕਾ ਜਿਹਾ ਫ਼ਿਰ ਗਿਆ। ਅਗਲੀਆਂ ਪਿਛਲੀਆਂ ਯਾਦਾਂ ਨੇ ਉਸ ਦੁਆਲ਼ੇ ਝੁਰਮਟ ਪਾ ਲਿਆ। ਅਸਲ ਵਿਚ ਪਿੱਛੇ ਛੱਡੇ ਬੱਚੇ ਉਸ ਦੇ ਦਿਲ ਤੋਂ ਨਹੀਂ ਉੱਤਰ ਰਹੇ ਸਨ। ਜਿਸ ਕਰ ਕੇ ਉਸ ਨੂੰ ਰੋਣ ਜਿਹਾ ਆ ਰਿਹਾ ਸੀ। ਗੱਡੀ ਦੇ ਹਝੋਕੇ ਨਾਲ਼ ਉਸ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਉਹ  ਜ਼ਿੰਦਗੀ ਦੇ ਪਿਛਲੇ ਸਫ਼ਰ ਨਾਲ਼ੋਂ ਟੁੱਟ ਗਈ ਸੀ। ਉਸ ਨੂੰ ਜਾਪ ਰਿਹਾ ਸੀ ਕਿ ਅੱਜ ਉਹ ਦਿੱਲੀ ਦੇ ਸਫ਼ਰ ‘ਤੇ ਨਹੀਂ, ਜ਼ਿੰਦਗੀ ਦੇ ‘ਅਸਲ’ ਲੰਮੇ ਸਫ਼ਰ ਲਈ ਨਿਕਲ਼ੀ ਸੀ।
    ਵਾਹੋ-ਦਾਹੀ ਗੱਡੀ ਹਨ੍ਹੇਰੇ ਦੀ ਛਾਤੀ ਪਾੜਦੀ ਛੱਕਾ-ਛੱਕ ਭੱਜੀ ਜਾ ਰਹੀ ਸੀ।
    ਚੁੱਪ-ਚਾਪ ਜੰਗੀਰੋ ਬਾਹਰ ਹਨ੍ਹੇਰੇ ਦੇ ਖਲਾਅ ਨੂੰ ਤੱਕ ਰਹੀ ਸੀ।
    ਸਾਰੇ ਮੁਸਾਫ਼ਿਰ ਨੀਂਦ ਦੇ ਝੂਟੇ ਲੈਂਦੇ, ਊਂਘ ਰਹੇ ਸਨ।
    ਨੇਕਾ ਵੀ ਕਬੂਤਰ ਵਾਂਗ ਕਦੇ ਅੱਖਾਂ ਮੀਟ ਅਤੇ ਕਦੇ ਖੋਲ੍ਹ ਲੈਂਦਾ ਸੀ।
    -“ਟੇਢੀ ਹੋ ਕੇ ‘ਰਾਮ ਕਰ ਲੈ…?” ਨੇਕੇ ਨੇ ਕਿਸੇ ਉਧੇੜ-ਬੁਣ ਵਿਚ ਬੈਠੀ ਜੰਗੀਰੋ ਨੂੰ ਕਿਹਾ। ਉਸ ਨੂੰ ਉਸ ਅੰਦਰ ਲੱਗੀ ਅੱਚਵੀ ਦਾ ਪੂਰਾ ਅਹਿਸਾਸ ਸੀ ਕਿ ਭਰਿਆ ਭਰਾਇਆ ਘਰ ਛੱਡਣਾ ਜੰਗੀਰੋ ਲਈ ਸੌਖਾ ਨਹੀਂ ਸੀ। ਖ਼ਾਸ ਤੌਰ ‘ਤੇ ਬੱਚੇ ਉਸ ਦੇ ਮਨ ‘ਤੇ ਤਾਪ ਵਾਂਗੂੰ ਚੜ੍ਹੇ ਬੈਠੇ ਸਨ।
    -“ਲੈ ਮੈਂ ਉਠ ਖੜ੍ਹਦੈਂ, ਤੂੰ ਪੈ ਕੇ ‘ਰਾਮ ਕਰ’ਲਾ…!” ਨੇਕਾ ਉਠਣ ਲੱਗਿਆ, ਪਰ ਜੰਗੀਰੋ ਨੇ ਰੋਕ ਦਿੱਤਾ। ਉਸ ਦੀਆਂ ਅੱਖਾਂ ਵਿਚ ਅੱਥਰੂ ਕੰਬ ਰਹੇ ਸਨ। ਪਰ ਉਹ ਜਜ਼ਬਾਤਾਂ ਨੂੰ ਬੜੇ ਜ਼ਾਬਤੇ ਨਾਲ਼ ਦਬਾਈ ਬੈਠੀ ਸੀ।
    ਸਫ਼ਰ ਵਿਚ ਪਤਾ ਨਹੀਂ ਕਦੋਂ ਜੰਗੀਰੋ ਦੀ ਅੱਖ ਲੱਗ ਗਈ।
    ਕਿਸੇ ਰੌਲ਼ੇ-ਗੌਲ਼ੇ ਨਾਲ਼ ਜਦ ਉਸ ਦੀ ਅੱਖ ਖੁੱਲ੍ਹੀ ਤਾਂ ਟਰੇਨ ਜੀਂਦ ਪਹੁੰਚ ਚੁੱਕੀ ਸੀ।
    ਚਾਹ ਵਾਲ਼ਿਆਂ ਦੇ ਰੌਲ਼ੇ ਨਾਲ਼ ਸਵਾਰੀਆਂ ਜਾਗ ਪਈਆਂ ਸਨ।
    -“ਚਾਹ ਪੀਣੀ ਐਂ…?” ਨੇਕ ਨੇ ਪੁੱਛਿਆ।
    -“ਨਹੀਂ…!” ਉਸ ਨੇ ਸਿਰ ਫ਼ੇਰ ਦਿੱਤਾ।
    -“ਕਿੰਨੀ ਕੁ ਵਾਟ ਰਹਿਗੀ…?”
    -“ਦਿੱਲੀ ਕਿੰਨੀ ਕੁ ਵਾਟ ਹੋਊ ਅਜੇ…?” ਨੇਕੇ ਨੇ ਨਾਲ਼ ਦੀ ਸਵਾਰੀ ਨੂੰ ਪੁੱਛਿਆ।
    -“ਅਜੇ ਤਾਂ ਕਾਫ਼ੀ ਦੂਰ ਐ ਭਾਈ…!” ਕਿਸੇ ਬਿਰਧ ਮਾਤਾ ਨੇ ਅੱਖਾਂ ਖੋਲ੍ਹ ਕੇ ਫ਼ੇਰ ਬੰਦ ਕਰ ਲਈਆਂ।
    -“ਪਹਿਲੀ ਵਾਰ ਚੱਲੇ ਓਂ…?” ਕਿਸੇ ਚੁਸਤ ਜਿਹੀ ਨਜ਼ਰ ਵਾਲ਼ੇ ਨੇ ਪੁੱਛਿਆ।
    -“ਆਹੋ, ਪਹਿਲੀ ਵਾਰ ਈ ਚੱਲੇ ਆਂ…!”
    -“ਜਾਣਾ ਕਿੱਥੇ ਐ…?”
    -“ਦਿੱਲੀ…!” ਨੇਕੇ ਨੇ ਫ਼ਾਹਾ ਵੱਢਣ ਵਾਲ਼ਿਆਂ ਵਾਂਗ ਕਿਹਾ।
    -“ਦਿੱਲੀ ਤਾਂ ਬਹੁਤ ਵੱਡੀ ਐ…!” ਉਸ ਨੇ ਖਚਰਾ ਹਾਸਾ ਹੱਸ ਕੇ ਕਿਹਾ।
    -“ਤੂੰ ਟਿੰਢੀਆਂ ਲੈਣੀਐਂ…? ਜਰੈਂਦ ਨਾਲ਼ ਬੈਠਾ ਨੀ ਜਾਂਦਾ…? ” ਨੇਕਾ ਉਸ ਦੀ ਚੁਸਤੀ ਤੋਂ ਅੱਕ ਗਿਆ ਸੀ।
    -“ਮੈਂ ਤਾਂ ਵੈਸੇ ਈ ਪੁੱਛਿਆ ਸੀ ਭਾਅ ਜੀ…! ਤੁਸੀਂ ਤਾਂ ਮਤ੍ਰੇਈ ਮਾਂ ਮਾਂਗੂੰ ਗਲ਼ ਈ ਪੈ ਗਏ…!”
    -“ਇਹ ਪੰਜਾਬੀ ਸੁਭਾਅ ਐ, ਭਾਈ…! ਤੂੰ ਬੈਠ ਟਿਕ ਕੇ…!” ਬਿਰਧ ਮਾਤਾ ਨੇ ਵੀ ਪੁੱਛਣ ਵਾਲ਼ੇ ਨੂੰ ਆਖ ਦਿੱਤਾ।
    -“…….।” ਪੁੱਛਣ ਵਾਲ਼ਾ ਠਿੱਠ ਜਿਹਾ ਹੋ ਕੇ ਬੈਠ ਗਿਆ।
    ਅਣਥੱਕ ਰਾਹੀ ਵਾਂਗ ਟਰੇਨ ਫ਼ਿਰ ਆਪਣੀ ਮੰਜ਼ਿਲ ਵੱਲ ਤੁਰ ਪਈ।
    ਗੱਡੀ ਦੇ ਖੜਕੇ ਅਤੇ ਝੂਟਿਆਂ ਨਾਲ਼ ਸਵਾਰੀਆਂ ਮੁੜ ਊਂਘਣ ਲੱਗ ਪਈਆਂ।



    PUNJ DARYA

    Leave a Reply

    Latest Posts

    error: Content is protected !!