ਜੱਗਾ ਗਿੱਲ ਸਾਫੂ ਵਾਲੀਆ

ਰੰਗਲੇ ਪੰਜਾਬ ਦੀਆਂ ਸੁਣ ਲਓ ਕਹਾਣੀਆਂ
ਚਾਟੀਆਂ ਦੇ ਦੁੱਧ ਵਿੱਚ ਪੈਂਦੀਆਂ ਮਧਾਣੀਆਂ
ਘਰ ਦਾ ਸੀ ਮੱਖਣ ਤੇ ਸਰੋਂ ਵਾਲਾ ਸਾਗ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਚੋਰੀਆਂ ਤੇ ਡਾਕਿਆਂ ਦਾ ਨਾਂ ਬਹੁਤਾ ਡਰ ਸੀ
ਭਾਂਵੇ ਓਦਾਂ ਬਹੁਤਿਆਂ ਦੇ ਹੁੰਦੇ ਕੱਚੇ ਘਰ ਸੀ
ਹੁੰਦਾ ਸੀ ਪਿਆਰ ਬਹੁਤਾ ਘੱਟ ਹੀ ਫ਼ਸਾਦ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਵੱਡਿਆਂ ਦੀ ਇੱਜ਼ਤ ਸੀ ਹਰ ਕੋਈ ਕਰਦਾ
ਮਾੜੀ ਮੋਟੀ ਗੱਲ ਤੋਂ ਨਾਂ ਕਦੇ ਕੋਈ ਲੜਦਾ
ਸੰਮਤੀ ਪੰਚਾਇਤ ਵਾਲਾ ਹੁੰਦਾ ਜੋ ਰਿਵਾਜ਼ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਜੀ ਲੰਮੇ ਲੰਮੇ ਘੁੰਡ ਹੁੰਦੇ ਸਨ ਮੁਟਿਆਰਾਂ ਦੇ
ਧੂੰਵੇ ਸਨ ਚਾਦਰੇ ਜੀ ਪੁੱਤ ਸਰਦਾਰਾਂ ਦੇ
ਢੋਲਕੀ ਤੇ ਤੂੰਬੀ ਗਾਉਣ ਵਾਲਿਆਂ ਦੇ ਸਾਜ਼ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਬਲਦਾਂ ਦੇ ਗਲਾਂ ਵਿੱਚ ਹੁੰਦੀਆਂ ਸੀ ਟੱਲੀਆਂ
ਚੂਪਦੇ ਸੀ ਗੰਨੇ ਖਾਂਦੇ ਭੁੰਨ ਭੁੰਨ ਛੱਲੀਆਂ
ਗੁੜ ਵਾਲੀ ਚਾਹ ਦਾ ਵੀ ਵੱਖਰਾ ਸੁਆਦ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਕੋਇਲਾਂ ਸਨ ਕੂਕਦੀਆਂ ਮੋਰ ਪੈਲਾਂ ਪਾਉਂਦੇ ਸੀ
ਮੀਂਹ ਵਾਲੇ ਪਾਣੀ ਵਿੱਚ ਭੱਜ ਭੱਜ ਨਹਾਉਂਦੇ ਸੀ
ਖੀਰ ਨਾਲ ਪੂੜੇ ਮਾਂ ਬਣਾਉਂਦੀ ਲਾ-ਜਵਾਬ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਜੱਗਾ ਸਾਫੂ ਵਾਲੇ ਵਾਲਾ ਲਿਖੇ ਗੱਲਾਂ ਸੱਚੀਆਂ
ਜੀ ਲੱਗਣ ਪੰਜਾਬ ਨੂੰ ਨਾਂ ਹੋਰ ਲੋਆਂ ਤੱਤੀਆਂ
ਮੰਗੀਏ ਦੁਆਵਾਂ ਸੁੱਕ ਜਾਵੇ ਨਾਂ ਏ ਬਾਗ਼ ਜੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ
ਘਰ ਦਾ ਸੀ ਮੱਖਣ ਤੇ ਸਰੋਂ ਵਾਲਾ ਸਾਗ਼ ਸੀ
ਬਹੁਤ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ