ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਇੰਗਲੈਂਡ ਦੇ ਡੋਰਸੈੱਟ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਡਰ ਕਾਰਨ ਇੱਥੇ ਮੁੜ ਤਾਲਾਬੰਦੀ ਹੋ ਸਕਦੀ ਹੈ, ਕਿਉਂਕਿ ਸੈਲਾਨੀਆਂ ਦੀ ਅਥਾਹ ਗਿਣਤੀ ਨੂੰ ਬੀਚਾਂ ‘ਤੇ ਮੌਜ ਮਸਤੀ ਕਰਨ ਆਉਣੋਂ ਰੋਕਣ ਲਈ ਇਹ ਫੈਸਲਾ ਲਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਬੋਰਿਸ ਜੌਹਨਸਨ ਨੂੰ ਡੋਰਸੈਟ ਵਾਸੀਆਂ ਦੀਆਂ ਜਾਨਾਂ ਬਚਾਉਣ ਲਈ ਹੁਣੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਡੋਰਸੈੱਟ ਵਿੱਚ ਦੋ ਸਥਾਨਕ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਉਹ ਘਰੇਲੂ ਕਾਊਂਟੀ ਦੇ ਅੰਦਰ ਯਾਤਰਾ ਸੀਮਤ ਕਰਨ ਲਈ ਕਹਿਣ ਕਿਉਂਕਿ ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਦੇ ਨਤੀਜੇ ਵਜੋਂ ਅਸੀਂ ਡੋਰਸੈੱਟ ਵਿੱਚ ਲਾਗ ਦੀ ਦੂਸਰੀ ਲਹਿਰ ਵੇਖਾਂਗੇ। ਇਸ ਲਈ ਉਹ ਸਰਕਾਰ ਨੂੰ ਡੋਰਸੈਟ ਨਿਵਾਸੀਆਂ ਦੀ ਜਾਨ ਬਚਾਉਣ ਲਈ ਹੁਣੇ ਕਾਰਵਾਈ ਕਰਨ ਲਈ ਕਹਿ ਰਹੇ ਹਨ। ਉਹਨਾਂ ਸਰਕਾਰ ਨੂੰ ਬੇਨਤੀ ਹੈ ਕਿ ਮੌਜੂਦਾ ਸਮੇਂ ‘ਤੇ ਨਿਰਧਾਰਤ ਯਾਤਰਾ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਲੋਕਾਂ ਨੂੰ ਸਥਾਨਕ ਇਲਾਕੇ ਵਿੱਚ ਹੀ ਰਹਿਣ ਦੀ ਤਾਕੀਦ ਕੀਤੀ ਜਾਵੇ। ਸਰਕਾਰ ਦੁਆਰਾ ਤਾਲਾਬੰਦੀ ਵਿੱਚ ਢਿੱਲ ਦੇਣ ਕਰਕੇ ਇੱਥੇ ਜਿਆਦਾ ਲੋਕ ਯਾਤਰਾ ਕਰ ਰਹੇ ਹਨ ਜੋ ਡੋਰਸੈੱਟ ਲਈ ਮੁਸੀਬਤ ਬਣ ਗਈ ਹੈ।

ਬਾੌਰਨਮਾਊਥ ਈਸਟ ਦੇ ਸੰਸਦ ਮੈਂਬਰ ਟੋਬੀਅਸ ਏਲਵੁੱਡ ਨੇ ਕਿਹਾ ਕਿ ਉਸਨੂੰ ਡਰ ਹੈ ਕਿ ਡੋਰਸੈੱਟ 1 ਤੋਂ ਉੱਪਰ ਦੀ ਇੱਕ ਆਰ ਨੰਬਰ ‘ਤੇ ਜਾ ਸਕਦਾ ਹੈ, ਕਿਉਂਕਿ ਮਨੋਰੰਜਨ ਦੀਆਂ ਗਤੀਵਿਧੀਆਂ ਇਕੱਠ ਵਿੱਚ ਹੁੰਦੀਆਂ ਹਨ ਤੇ ਲੋਕ ਸਮਾਜਿਕ ਦੂਰੀ ਵੱਲ ਧਿਆਨ ਨਹੀਂ ਦਿੰਦੇ। ਇਸ ਸੰਬੰਧ ਵਿੱਚ ਮੈਟ ਹੈਨਕੌਕ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਵੀਡ -19 ਕੁਝ ਖੇਤਰਾਂ ਵਿੱਚ ਫਿਰ ਉੱਠੇ ਤਾਂ ਉੱਥੇ ਸਥਾਨਕ ਤਾਲਾਬੰਦੀ ਸੰਭਵ ਹੈ। ਇਸ ਲਈ ਸੋਮਵਾਰ ਦੀ ਰੋਜ਼ਾਨਾ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸਿਹਤ ਵਿਭਾਗ ਨੇ ਕਿਹਾ ਕਿ ਨਵੇਂ ਵਾਇਰਸ ਫੈਲਣ ਦੇ ਜਵਾਬ ਵਿੱਚ ਇੱਥੇ ਤਾਲਾਬੰਦੀ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਡੋਰਸੈੱਟ ਦੀ “ਡਰਡਲ ਡੋਰ” ਬੀਚ ਵੱਲ ਹਜਾਰਾਂ ਦੀ ਤਾਦਾਦ ਵਿੱਚ ਲੋਕ ਵਾਹੋਦਾਹੀ ਹੋ ਤੁਰੇ ਸਨ। ਸਮੁੰਦਰ ਦੇ ਵਿਚਕਾਰ ਖੜ੍ਹੀ ਲਗਭਗ 200 ਫੁੱਟ ਉੱਚੀ ਦਰਵਾਜ਼ਾਨੁਮਾ ਚੱਟਾਨ ਦਾ ਉੱਪਰੋਂ ਪਾਣੀ ਵਿੱਚ ਛਾਲਾਂ ਮਾਰਨ ਦੀ ਭੇਡਚਾਲ ਕਰਕੇ 4 ਜਣੇ ਜ਼ਖ਼ਮੀ ਹੋ ਗਏ ਸਨ। ਏਅਰ ਐਂਬੂਲੈਂਸ ਬੁਲਾਉਣ ਤੋਂ ਬਾਅਦ ਪੁਲਿਸ ਵੱਲੋਂ ਲੋਕਾਂ ਨੂੰ ਆਪੋ ਆਪਣੇ ਘਰ ਜਾਣ ਦੀ ਬੇਨਤੀ ਤੋਂ ਬਾਅਦ ਬੀਚ ਬੰਦ ਕਰਨੀ ਪਈ ਸੀ।