ਮਨਦੀਪ ਕੌਰ ਭੰਮਰਾ

ਸੂਰਜ ਦੇ ਨਿੱਤ ਮੱਥੇ ਲੱਗਾਂ ਤੇ ਰੌਸ਼ਨੀ ਲਵਾਂ
ਸਰਘੀਆਂ ਦੇ ਸੂਹੇ ਪਾਣੀਆਂ ‘ਚ ਸੋਚ ਧੋਵਾਂ
ਦਿਨਾਂ ਦੇ ਉਜਾਲੇ ਤੋਂ ਚਾਨਣ ਲਿਆ ਕਰਾਂ
ਚਾਨਣੀ ਵਿੱਚ ਚੋਪ ਦਾ ਤੋਪਾ ਫਿਰ ਮੈਂ ਭਰਾਂ
ਨਕਸ਼ਾਂ ‘ਚ ਘੁਲ਼ੀ ਹੁੰਦੀ ਖੁਸ਼ਬੂ ਅਤੇ ਸੁਗੰਧ
ਆਤਮਾ ਵਿੱਚੋਂ ਝਲਕਦੈ ਚਾਨਣ ਅਤੇ ਰੰਗ
ਬੇਸ਼ੁਮਾਰ ਰੰਗਾਂ ਦੀ ਰੌਸ਼ਨੀ ਹੈ ਹੁੰਦੀ ਸਫ਼ੇਦ
ਭਾਵਾਂ ਦੇ ਹਿੱਸੇ ਦਾ ਹੁੰਦਾ ਪਰ ਕਾਸ਼ਣੀ ਰੰਗ
ਸੱਧਰਾਂ ਦੀ ਫੁਲਕਾਰੀ ਚਾਵਾਂ ਦੇ ਸਾਂਭਾਂ ਸੰਗ
ਮਹਿੰਦੀ ਦੀ ਖੁਸ਼ਬੂ ਵੀ ਵਿੱਚੇ ਦਿਆਂ ਸੰਭਾਲ਼
ਅੱਥਰੂ ਸੁਰਮੇ ਵਾਲ਼ੀ ਅੱਖ ਵਿੱਚ ਆਵੇ ਕਦੀ
ਹੋਵੇ ਕੋਈ ਤਾਂ ਜਿਹੜਾ ਉਦੋਂ ਦੇ ਦੇਵੇ ਰੁਮਾਲ
ਸੰਦੂਕ ਮੇਰੇ ਦੀ ਨਿੱਕੀ ਬਾਰੀ ਸੰਦਲੀ ਖੁਸ਼ਬੋ
ਵੀਰਾਂ ਲਿਆਣ ਧਰਿਆ ਉਦ੍ਹੇ ਬੂਹੇ ‘ਚ ਉਹ
ਮੈਂ ਉਹਦੀ ਰਾਣੀ ਤੇ ਮਾਲਕ ਮੇਰਾ ਹੁਣ ਉਹ
ਉਮਰ ਭਰ ਲਾਵਾਂ ਮੈਂ ਇਸੇ ਸੰਦੂਕ ਸੰਗ ਢੋ
ਅੰਮੜੀ ਦੀ ਯਾਦ ਆਵੇ ਤੇ ਬਾਪ ਦਾ ਚੇਤਾ
ਦੋਵੇਂ ਜਾਣੇ ਆ ਕੇ ਸਾਹਮਣੇ ਜਾਂਦੇ ਖਲੋਅ
ਅੰਮੀਏ ਨੀਂ ਬਹੁੜ ਕਿਤੋਂ ਦੱਸ ਰਹੱਸ ਸਾਰੇ
ਜਿਹੜੇ ਦੱਸੇ ਨਾ ਮੈਨੂੰ ਪਹਿਲਾਂ ਦੱਸ ਸਾਰੇ!
-ਮਨਦੀਪ ਕੌਰ ਭੰਮਰਾ