
ਤੈਨੂੰ ਸਾਡੇ ਕਤਲ ਵਫ਼ਾ ਨੇ, ਵੱਢ ਵਿਖਾ
ਮੇਰੇ ਅੰਦਰ ਤੂੰ ਜੋ ਬੈਠੈਂ, ਕੱਢ ਵਿਖਾ
ਮੈਂ ਤੇ ਤੱਕਿਆ ਤੇਰੇ ਅੰਦਰ ਰੱਬ ਆਪਣਾ
ਤੇਰਾ ਕਿਹੜਾ ਰੱਬ ਹੈ ਵੱਖਰਾ, ਸੱਦ ਵਿਖਾ
ਮੈਂ ਝੱਲੇ ਨੂੰ ਤੇਰੇ ਬਾਝ ਕੋਈ ਦਿਸਦਾ ਨਹੀਂ
ਜਾਗ ਲੱਗੀ ਆ ਲੋਰਾਂ ਦੀ ਤੂੰ ਹਿਸਦਾ ਨਈਂਂ
ਇਹ ਜੋ ਤੋੜ ਜੰਜੀਰਾਂ ਹੁਣ ਬੇ-ਹੱਦਾ ਏ
ਮੇਰੇ ਇਸ਼ਕ ਬੇ-ਕਾਬੂ ਨੂੰ ਕੋਈ ਹੱਦ ਵਿਖਾ
ਕੂਕਾਂ ਨਾਲ ਚਾਅ ਅੰਦਰ ਬੌਰਾ ਕੀਤਾ ਈ
ਮੈਂ ਦਾ ਵਾਕ ਮੈਂ ਓਸੇ ਦਿਨ ਤੋਂ ਸੀਤਾ ਈ
ਤੇਰੇ ਸ਼ੋਰ ਤੇ ਤੇਰੀਆਂ ਚੁੱਪਾਂ ਸਭ ਅੰਦਰ
ਮੇਰੇ ਕੋਲੋਂ ਵੱਖ ਤੂੰ ਹੋਇਐ, ਕਦ ਵਿਖਾ?
ਤੇਰਾ ਹੱਕ ਵੇ, ਇਸ਼ਕ ਜੇ ਮੇਰਾ ਘੱਟ ਤੋਲੇ
ਮੈਂ ਚੁੱਪ ਬੈਠਾਂ, ਚਾਰੇ ਪਾਸੇ ਤੂੰ ਬੋਲੇਂ
ਨਾ ਪੈਮਾਨੇ ਯਾਰ ਦੀਵਾਨੇ ਕੁਝ ਸਮਝਣ
ਮੇਰੇ ਸਿਰ ‘ਤੇ ਵੀ ਇਹ ਪੰਡਾਂ ਲੱਦ ਵਿਖਾ
ਤੇਰੇ ਮਗਰ ਰੁਲ਼ ਮਰਨਾ ਦੌਲਤ ਮੇਰੀ ਏ
ਪਰ ਏ ਖਸਮਾਂ ਸਭ ਬ-ਦੌਲਤ ਤੇਰੀ ਏ
“ਰਾਵੀ” ਦੇ ਹੈ ਇਸ਼ਕ ‘ਤੇ ਤੇਰਾ ਹੱਕ ਪੂਰਾ
ਤੇਰੇ ਵੱਲ ਜੋ ਮੇਰਾ ਬਣਦੈ, ਅੱਧ ਵਿਖਾ
ਰਾਵੀ ਕੌਰ (ਨਿਊਯਾਰਕ)
rkaur445@gmail.com