-ਰਾਜਿੰਦਰ ਪਰਦੇਸੀ
ਜੇ ਦਰਿਆ ਨੂੰ ਸਮਝਿਆ ਇਸ ਤਰ੍ਹਾਂ,ਇਕ ਬੂੰਦ ਪਾਣੀ,
ਫਿਰਾਂਗੇ ਭਾਲਦੇ ਫਿਰ ਥਾਂ-ਕੁ-ਥਾਂ,ਇਕ ਬੂੰਦ ਪਾਣੀ
ਅਯਾਸ਼ੀ ਵਾਸਤੇ ਪਾਣੀ ਨਾ ਡੂੰਘੇ ਪਾਣੀਆਂ ਡੋਬੋ,
ਕਹੋਗੇ ਕੀ ਜੇ ਮੰਗਿਆ ਬੱਚਿਆਂ,ਇਕ ਬੂੰਦ ਪਾਣੀ
ਕਿਵੇਂ ਫੁੱਲਾਂ ਦੀਆਂ ਕਲੀਆਂ ਦੀਆਂ ਮਹਿਕਾਂ ਹੰਢਾਵਾਂਗੇ,
ਚਮਨ ਲਈ ਜੇ ਨਾ ਬਚਿਆ ਬਾਗ਼ਬਾਂ,ਇਕ ਬੂੰਦ ਪਾਣੀ
ਨਾ ਬਚੀਆਂ ਧਰਤ ਤੇ ਹਰਿਆਵਲਾਂ ਪਾਣੀ ਦੇ ਜਾਇਓੁ,
ਮਿਲੂ ਨਾ ਅਰਸ਼ ਤੋਂ ਵੀ ਮੰਗਿਆਂ,ਇਕ ਬੂੰਦ ਪਾਣੀ
ਤਬਾਹੀ ਪਾਣੀਆਂ ਦੀ ਇਸ ਤਰ੍ਹਾਂ ਹੁੰਦੀ ਰਹੀ ਜੇਕਰ,
ਹੈ ਮੰਗਣਾ ਪੱਥਰਾਂ ਤੋਂ ਵਾਦੀਆਂ,ਇਕ ਬੂੰਦ ਪਾਣੀ
ਉਹ ਕਿੰਜ ਮਰਹਮ ਲਗਾਏਗਾ ਕਿਵੇਂ ਉਹ ਤ੍ਰੇਹ ਬੁਝਾਏਗਾ,
ਕਨ੍ਹੱਈਏ ਕੋਲ ਜੇ ਬਚਿਆ ਹੀ ਨਾਂ, ਇਕ ਬੂੰਦ ਪਾਣੀ
ਮੁਹੱਬਤ ਪਾਣੀਆਂ ਦੀ ਪਾਣੀ ਪਾਣੀ ਹੋਣ ਵਾਲੀ ਏ,
ਨਾ ਭਰਨਾ ਹੁਸਨ ਦਾ ਫਿਰ ਆਸ਼ਕਾਂ,ਇਕ ਬੂੰਦ ਪਾਣੀ
ਹੜ੍ਹਾਂ ਦੇ ਨਾਲ ਜੇ ਹੜ੍ਹ ਸਕਦੀਆਂ ਨੇ ਮੁਸਕਰਾਹਟਾਂ,
ਗ਼ਮਾਂ ਤੇ ਮੁਸਕਰਾਹਟਾਂ ਦਰਮਿਆਂ,ਇਕ ਬੂੰਦ ਪਾਣੀ
ਕਿਵੇਂ ਪਛਤਾਵਿਆਂ ਦੇ ਹੰਝੂ ਕੇਰੋਗੇ ਤੁਸੀਂ ਫਿਰ,
ਜੇ ਬਚਿਆ ਅੱਖੀਆਂ ਦੇ ਵਿੱਚ ਨਾਂ,ਇਕ ਬੂੰਦ ਪਾਣੀ
ਇਵੇਂ ਜੇ ਪਾਣੀਆਂ ਦੇ ਦਿਲ ਜਲਾਵੋਗੇ ਹਰ ਇਕ ਮੌਸਮ
ਮਿਲੇਗਾ ਗਰਮੀਆਂ ਨਾ ਸਰਦੀਆਂ, ਇਕ ਬੂੰਦ ਪਾਣੀ
ਚਪੇੜਾਂ ਸਾਗਰਾਂ ਦੇ ਮਾਰਦੇ ਹੋ,ਵੇਖ ਲੈਣਾ ਇਹ,
ਦਵੇਗਾ ਘੁਰਕੀਆਂ ਤੇ ਘੁਰਕੀਆਂ,ਇਕ ਬੂੰਦ ਪਾਣੀ
ਜਦੋਂ ਮਿਲਿਆ ਨਾ ਮੈਦਾਨਾਂ ‘ਚੋ ਨਾ ਮਿਲਿਆ ਪਹਾੜਾਂ ‘ਚੋ,
ਲਿਖੋਗੇ ਆਸਮਾਂ ਨੂੰ ਅਰਜ਼ੀਆਂ,ਇਕ ਬੂੰਦ ਪਾਣੀ
ਤੁਸੀਂ ‘ਪਰਦੇਸੀ’ ਜੀ ਮਹਿਫ਼ੂਜ਼ ਰੱਖੋ ਨੀਲੀਆਂ ਨਦੀਆਂ,
ਬਰੇਤੀ ਤੇ ਨਾ ਸਿਸਕਣ ਕਿਸ਼ਤੀਆਂ, ਇਕ ਬੂੰਦ ਪਾਣੀ
35B / 168 ਦਸ਼ਮੇਸ਼ ਨਗਰ, ਡਾਕ : ਦਕੋਹਾ, ਜਲੰਧਰ
ਈ ਮੇਲ – rajinder.pardesi7@gmail.com
ਮੋਬਾਇਲ +91 9780213351