ਮਹਿਕ ਨੂੰ ਸੰਭਾਲਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਖਿੰਡਾਉਣਾ, ਲੋੜ ਮੂਜਬ ਵਰਤੋਂ, ਸਵੈਸੰਜਮ, ਨਿਰੰਤਰਤਾ ਵੱਲ ਪਹਿਲੀ ਪੁਲਾਂਘ ਹੈ। ਚੰਗੀ ਲਿਖਤ ਜਿੰਨੇ ਸਵਾਲਾਂ ਦੇ ਜਵਾਬ ਦਿੰਦੀ ਹੈ ਉਸ ਤੋ ਕਿਤੇ ਵੱਧ ਸੁਆਲ ਉਠਾਉਂਦੀ ਹੈ। ਜਿਗਿਆਸਾ ਗਿਆਨ ਪ੍ਰਾਪਤੀ ਦੀ ਪਹਿਲੀ ਪਾਉੜੀ ਹੈ। ਪਹਿਲਾ ਚਿਤਵਿਆ ਜਾਂਦਾ ਫੇਰ ਘੜਿਆ, ਪਹੁੰਚਣ ਲਈ ਪਲੇਠੀ ਪੁਲਾਂਘ ਹੌਸਲਾ, ਊਬੜ ਖਾਬੜ ਰਾਹਾਂ ਤੇ ਤੁਰਦੇ ਰਹਿਣਾ ਦ੍ਰਿੜਤਾ। ਕਮਾਉਣਾ ਤੇ ਖਰਚਣਾ ਇੱਕ ਦੂਜੇ ਦੇ ਪੂਰਕ ਹਨ, ਇਨਾ ਵਿੱਚ ਸਮਤੋਲ ਬਿਠਾਈ ਰੱਖਣਾ ਜਰੂਰੀ ਹੈ, ਭਰਪੂਰ ਫਸਲ ਨੂੰ ਜੇ ਵੱਢਕੇ ਖਾਈਏ ਨਾ, ਤਾ ਉਹ ਗਲ ਜਾਂਦੀ ਹੈ, ਵਗਦੇ ਪਾਣੀ ਨਿਰਮਲ, ਤੇ ਖੜੋਤੇ ਸੜਿਹਾਂਦ ਮਾਰਦੇ ਛੱਪੜ। ਅਲਮਾਰੀ ਵਿੱਚ ਪਏ ਕੱਪੜੇ ਹੌਲੀ ਹੌਲੀ ਬੋਦੇ ਹੋ ਜਾਂਦੇ ਹਨ, ਗਹਿਣਿਆ ਦਾ ਰਿਵਾਜ ਚਲਿਆ ਜਾਂਦਾ। ਜੋਬਨ ਰੁੱਤੇ ਇਸ਼ਕ ਹੰਢਾ ਲੈਣਾ ਚਾਹੀਦਾ, ਢਲਦੀ ਉਮਰੇ ਉਹ ਪਹਿਲਾਂ ਵਾਲੀ ਗੱਲ ਨਹੀਂ ਰਹਿਂੰਦੀ, ਸਿਖਰ ਦੁਪਹਿਰ ਦੀ ਤਪਸ਼ ਸ਼ਾਮਾਂ ਨੂੰ ਸਿਰਫ ਇੱਕ ਠੰਡਾ ਹਾਉਕਾ ਬਣਕੇ ਰਹਿ ਜਾਂਦੀ ਆ। ਜਿੰਨੀ ਦੇਰ ਲੱਤਾਂ ਵਿੱਚ ਦਮ ਹੈ, ਭੱਜਲੈ ਜਿੰਨਾ ਭੱਜ ਹੁੰਦਾ, ਫਿਰ ਪਛਤਾਇਆ ਕੀ ਫਾਇਦਾ ਜਦ ਚਿੜੀਆ ਚੁਗ ਗਈਆਂ ਖੇਤ। ਰਹਿਬਰ ਦੀ ਮੜੀ ਤੇ ਦੀਵੇ ਬਾਲਣ ਜੋਗਾ ਨਾ ਰਹਿਜੀ, ਮੱਚਦੀ ਲਾਟ ਨੂੰ ਹੁਣੇ ਛੂਹ ਲੈ, ਬਹੁਤਾ ਬਚਾਅ ਨਾ ਕਰ, ਸੋਨਾ ਕੁਠਾਲੀ ਵਿੱਚ ਤਪਕੇ ਹੀ ਕੁੰਦਨ ਬਣਦਾ, ਰਾਖ ਦੇ ਢੇਰ ਵਿੱਚ ਭਾਵੇ ਹੱਥ ਨਹੀਂ ਸੜਦੇ, ਪਰ ਉਸਨੂੰ ਫਰੋਲਿਆ ਲੱਭਦਾ ਵੀ ਕੁਝ ਨਹੀਂ। ਮੋਤੀ ਡੂੰਘਾਈਆਂ ਵਿੱਚੋ ਤੇ ਵਿਚਾਰ ਮਨ ਦੀਆ ਗਹਿਰਾਈਆ ਵਿੱਚੋ ਲੱਭਦੇ ਹਨ। ਕੱਠਾ ਕਰ ਜੀਅ ਭਰਕੇ ਪਰ ਲੋੜ ਮੂਜਬ ਰੱਖਕੇ ਬਾਕੀ ਵੰਡਦੇ, ਸਿਰਫ ਤੇਰਾ ਆਪਣਾ ਚਿਹਰਾ ਹੀ ਹੰਸੂ ਹੰਸੂ ਕਰਦਾ ਨਹੀਂ ਹੋਣਾ ਚਾਹੀਦਾ ਬਲਕਿ ਲੋਕਾ ਦੇ ਬੁੱਲਾਂ ਦੀ ਮੁਸਕਾਨ ਦਾ ਕਾਰਨ ਵੀ ਬਣ। ਹਾਸੇ ਵੰਡ, ਹੰਝੂ ਸੁੰਬਰ। ਇਕੱਲਤਾ ਨੂੰ ਮਾਣ, ਵਿਸ਼ਾਲਤਾ ਨੂੰ ਸਹਿਣ ਕਰ। ਅਨੇਕਤਾ ਵਿੱਚ ਹੀ ਏਕਤਾ ਤੇ ਏਕਤਾ ਵਿੱਚ ਹੀ ਇਨਸਾਨੀਅਤ ਹੈ ਤੇ ਇਨਸਾਨੀਅਤ ਹੀ ਸਭ ਧਰਮਾ ਦਾ ਤੱਤ ਸਾਰ ਹੈ।
ਬਿੱਟੂ ਖੰਗੂੜਾ +447877792555