9.6 C
United Kingdom
Monday, May 20, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (4)

    ਕਾਂਡ 4

    ਤੀਜੇ ਦਿਨ ਪਲਾਟਾਂ ਦੀ ਰਜ਼ਿਸਟਰੀ ਹੋ ਗਈ।

    ਪੂਰਾ ਚਾਲ਼ੀ ਲੱਖ ਰੁਪਈਆ ਗੁਰਦਿਆਲ ਸਿਉਂ ਨੇ ਫੜ ਕੇ ਆਪਣੇ ਝੋਲ਼ੇ ਵਿਚ ਸਾਂਭ ਲਿਆ ਸੀ। ਦੋ ਲੱਖ ਗੁਰਿੰਦਰ ਨੇ ਆਪਣੇ ਦਸ ਲੱਖ ਵਿਚੋਂ ਡੀਲਰ ਨੂੰ ਦੇ ਦਿੱਤਾ ਅਤੇ ਅੱਠ ਲੱਖ ‘ਗੁਪਤ’ ਆਪਣੇ ਹੱਥ ਹੇਠ ਕਰ ਲਿਆ ਸੀ, ਜਿਸ ਦਾ ਉਸ ਦੇ ਸਹੁਰੇ ਨੂੰ ਉੱਕਾ ਹੀ ਨਹੀਂ ਪਤਾ ਸੀ। ਸਹੁਰੇ ਅੱਗੇ ਤਾਂ ਗੁਰਿੰਦਰ ਆਪਣੀ ‘ਠੁੱਕ’ ਅਤੇ ‘ਭੱਲ’ ਬਣਾ ਰਿਹਾ ਸੀ ਕਿ ਉਸ ਦੇ ਯਾਰ ਡੀਲਰ ਨੇ ਬਾਪੂ ਤੋਂ ਪਲਾਟਾਂ ਦੀ ਦਲਾਲੀ ਦੀ ਇੱਕ ਪੰਜੀ ਵੀ ਨਹੀਂ ਲਈ

    ਸੀ। ਭੋਲ਼ਾ-ਭਾਲ਼ਾ ਗੁਰਦਿਆਲ ਸਿਉਂ ਰੱਬ ਨੂੰ ‘ਨਮਸ਼ਕਾਰ’ ਕਰ ਰਿਹਾ ਸੀ, ਜਿਸ ਨੇ ਉਸ ਨੂੰ ਇਤਨਾ ਸਾਊ, ਸਲੱਗ ਅਤੇ ਇਮਾਨਦਾਰ ਜੁਆਈ ਦਿੱਤਾ ਸੀ।

    ਪਿੰਡ ਤੱਕ ਗੁਰਿੰਦਰ ਗੁਰਦਿਆਲ ਸਿਉਂ ਦੇ ਨਾਲ਼ ਗਿਆ, “ਰਕਮ ਦਾ ਕੰਮ ਐਂ, ਮੈਂ ਬਾਪੂ ਜੀ ਨੂੰ ‘ਕੱਲੇ ਨੂੰ ਪਿੰਡ ਨੀ ਜਾਣ ਦੇਣਾ…!” ਗੁਰਿੰਦਰ ਨੇ ਕਿਹਾ ਸੀ।

    ਪਰ ਜਿੰਨਾਂ ਚਿਰ ਉਹ ਪਰਤ ਕੇ ਘਰ ਨਹੀਂ ਆਇਆ ਸੀ, ਉਤਨੀ ਦੇਰ ਗੀਤ ਨੂੰ ਚੈਨ ਨਹੀਂ ਆਈ ਸੀ। ਕਿਉਂਕਿ ਉਸ ਨੂੰ ਗੁਰਿੰਦਰ ‘ਤੇ ਕੋਈ ਵਿਸ਼ਵਾਸ ਨਹੀਂ ਸੀ। ਪੈਸੇ ਖਾਤਿਰ ਗੁਰਿੰਦਰ ਕੁਛ ਵੀ ਕਰ ਸਕਦਾ ਸੀ। ਗੀਤ ਨੂੰ ਅਜੇ ਕੱਲ੍ਹ ਵਾਂਗ ਤਾਂ ਯਾਦ ਸੀ ਕਿ ਕਿਵੇਂ ਗੁਰਿੰਦਰ ਨੇ ਜ਼ਮੀਨ ਜਾਇਦਾਦ ਖਾਤਿਰ ਆਪਣੇ ਸਕੇ ਭਰਾ ਨੂੰ ‘ਬੱਜੋਰੱਤਾ’ ਕਰ ਦਿੱਤਾ ਸੀ।

    ….ਅਸਲ ਵਿਚ ਗੁਰਿੰਦਰ ਦੀ ਤਾਂਤਰਿਕ ਜੈ ਦੇਵ ਨਾਲ਼ ਬਹੁਤ ਬਣਦੀ ਸੀ। ਚੋਰ – ਚੋਰ ਮਸੇਰੇ ਭਾਈ ਸਨ। ਜੈ ਦੇਵ ਕੋਲ਼ ਗੁਰਿੰਦਰ ਦਾ ਆਮ ਆਉਣਾ ਜਾਣ ਸੀ। ਤਾਂਤਰਿਕ ਜੈ ਦੇਵ ਬੜਾ ਬੇਰਹਿਮ ਅਤੇ ਕਸਾਈ ਬੰਦਾ ਸੀ। ਲਾਲਚ ਵੱਸ ਆ ਕੇ ਪੈਸੇ ਖਾਤਰ ਉਹ ਕੁਛ ਵੀ ਕਰ ਸਕਦਾ ਸੀ। ਜੁਆਨੀ ਵੇਲ਼ੇ ਉਸ ਨੇ ਬਹੁਤ ਕੁਛ ਕੀਤਾ ਅਤੇ ਜੇਲ੍ਹ ਵੀ ਕੱਟੀ। ਅਖੀਰ ਉਸ ਦੇ ਕੁੱਤੇ ਕਾਰਨਾਵਿਆਂ ਤੋਂ ਅੱਕ ਕੇ ਘਰਦਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਅਖ਼ਬਾਰਾਂ ਵਿਚ ‘ਬੇਦਖ਼ਲੀ’ ਦਾ ਨੋਟਿਸ ਵੀ ਦੇ ਦਿੱਤਾ। ਰਿਸ਼ਤੇਦਾਰ ਜਾਂ ਕੋਈ ਸਾਕ ਸਬੰਧੀ ਤਾਂ ਉਸ ਨੂੰ ਝੱਲਦਾ ਨਹੀਂ ਸੀ। ਅਖੀਰ ਅੱਕ-ਥੱਕ ਕੇ ਉਸ ਨੇ ਇਲਾਕੇ ਦੀ ਇੱਕ ਬੈਂਕ ਵਿਚ ਡਾਕਾ ਮਾਰਿਆ ਅਤੇ ਫ਼ੜੋ-ਫ਼ੜਾਈ ਤੋਂ ਡਰਦਾ ਕਿਸੇ ਟਰੱਕ ‘ਤੇ ਚੜ੍ਹ, ਬੰਗਾਲ ਪਹੁੰਚ ਗਿਆ। ਕੰਮ ਕਾਰ ਕਰਨਾ ਤਾਂ ਉਸ ਨਿਖੱਟੂ ਨੂੰ ਕੋਈ ਆਉਂਦਾ ਨਹੀਂ ਸੀ, ਬੱਸ ਰੋਟੀ ਖਾਤਰ ਕਿਸੇ ਸਾਧੂ ਬਾਬੇ ਦੇ ਡੇਰੇ ਸੇਵਾ ਕਰਨ ਲੱਗ ਪਿਆ। ਸਾਧੂ ਬਾਬੇ ਦੇ ਡੇਰੇ ਸਾਧਾਂ-ਸੰਤਾਂ ਅਤੇ ਤਾਂਤਰਿਕ ਬਾਬਿਆਂ ਦਾ ਆਮ ਆਉਣ ਜਾਣ ਸੀ।

    ਜੈ ਦੇਵ ਨੇ ਡੇਰੇ ਵਿਚੋਂ ਕੋਈ ਚੰਗੀ ਗੱਲ ਤਾਂ ਗ੍ਰਹਿਣ ਨਾ ਕੀਤੀ। ਪਰ ਮਾੜੀਆਂ ਗੱਲਾਂ ਉਸ ਨੇ ਪੱਲੇ ਬੰਨ੍ਹ ਲਈਆਂ। ਅਖੀਰ ਇੱਕ ਔਰਤ ਨਾਲ਼ ਜਬਰ-ਜਨਾਂਹ ਕਰਨ ਦੀ ਕੋਸ਼ਿਸ਼ ਕਰ ਕੇ ਸਾਧੂ ਬਾਬੇ ਨੇ ਉਸ ਦੀ ਗਿੱਦੜ ਕੁੱਟ ਕਰ ਕੇ, ਉਸ ਨੂੰ ਆਪਣੇ ਡੇਰੇ ਵਿਚੋਂ ਇੱਟ ਵਾਂਗ ਵਗਾਹ ਮਾਰਿਆ।

    ਡੇਰੇ ਵਿਚੋਂ ਕੱਢਿਆ ਜੈ ਦੇਵ ਪੰਜਾਬ ਆ ਕੇ ਕਿਸੇ ਉਜੜੇ ਜਿਹੇ ਡੇਰੇ ਬੈਠ ਗਿਆ।

    ਉਸ ਦਿਨ ਤੋਂ ਉਸ ਦਾ ਅਜਿਹਾ ‘ਕਾਰੋਬਾਰ’ ਚੱਲਿਆ ਕਿ ਪੰਜਾਹ-ਸੱਠ ਲੱਖ ਦਾ ਸੌਦਾ ਮਾਰਨਾ ਉਸ ਲਈ ਖੱਬੇ ਹੱਥ ਦੀ ਖੇਡ ਸੀ। ਸਾਧੂ ਬਾਬੇ ਦੀ ਕੁੱਟ ਉਸ ਨੂੰ ਇੱਕ ਤਰ੍ਹਾਂ ਕਿਸੇ ‘ਵਰਦਾਨ’ ਵਾਂਗ ਲੱਗੀ ਸੀ। ਹੁਣ ਤਾਂ ਤਾਂਤਰਿਕ ਦੇ ਡੇਰੇ ਮੰਤਰੀ-ਸ਼ੰਤਰੀ ਵੀ ਮੱਖੀਆਂ ਵਾਂਗ ਭਿਣਕਦੇ ਰਹਿੰਦੇ ਸਨ। ਗੁਰਿੰਦਰ ਵੀ ਵਿਹਲਾ ਡੱਕ-ਡੱਕ ਵੱਜਦਾ ਉਸ ਦੇ ਡੇਰੇ ਜਾਣ ਲੱਗ ਪਿਆ ਅਤੇ ਹਰ ਰੋਜ਼ ਹੁੰਦੀ ਨੇੜਤਾ ਨਾਲ਼ ਬੁੱਕਲ਼ ਖੁੱਲ੍ਹਦੀ ਗਈ।

    -“ਯਾਰ ਬਾਬਾ…! ਇੱਕ ਕੰਮ ਐਂ…!”

    -“ਤੂੰ ਜਿੰਦ ਮੰਗ, ਜਿੰਦ ਹਾਜ਼ਰ ਐ…! ਮੂੰਹੋਂ ਬੋਲ਼…!” ਜੈ ਦੇਵ ਨੇ ਆਦਤ ਅਨੁਸਾਰ ਆਖਿਆ।

    -“ਇੱਕ ਕੰਮ ਕਰਨੈਂ…!”

    -“ਜੇ ਕਰਨ ਆਲ਼ਾ ਹੋਇਆ, ਜ਼ਰੂਰ ਕਰਾਂਗੇ, ਵਾਧੂ ਬੇਇਤਬਾਰੀ ਜੀ ਕਿਉਂ ਦਿਖਾਉਨਾ ਹੁੰਨੈ…? ਕੰਮ ਤਾਂ ਦੱਸ..?”

    ਗੁਰਿੰਦਰ ਨੇ ਚੋਰਾਂ ਵਾਂਗ ਘੋਖ਼ਵੀਂ ਨਜ਼ਰ ਨਾਲ਼ ਆਸਾ ਪਾਸਾ ਨਿਰਖ਼ਿਆ।

    ਚਾਰੇ ਪਾਸੇ ਸੁੰਨ-ਸਰਾਂ ਸੀ।

    -“ਛੋਟਾ ਭਰਾ ਗੱਡੀ ਚਾੜ੍ਹਨੈ…!”

    -“ਤੇਰਾ ਆਪਣਾ ਭਰਾ…?” ਜੈ ਦੇਵ ਦੀਆਂ ਨਸ਼ਈ ਰੱਤੀਆਂ ਅੱਖਾਂ ਪਥਰਾ ਗਈਆਂ।

    -“ਹਾਂ…!”

    -“ਤੇਰਾ ਦਿਮਾਗ ਖਰਾਬ ਹੋ ਗਿਆ…?”

    -“ਨਹੀਂ, ਦਿਮਾਗ ਨੀ ਖਰਾਬ ਹੋਇਆ…! ਪਰ ਗੱਡੀ ਚਾੜ੍ਹਨੈ…!”

    -“ਪਰ ਕਿਉਂ…? ਐਨਾਂ ਕੀ ਉਹ ਤੇਰੇ ਪੈਰ ਮਿੱਧਦੈ…?”

    -“ਅੱਧ ਦਾ ਮਾਲਕ ਨੀ ਬਣੂੰ….?”

    -“……………….।”

    ਤਾਂਤਰਿਕ ਨਿਰੁੱਤਰ ਹੋਇਆ ਬੈਠਾ ਸੀ।

    -“ਮੈਂ ਤਾਂ ਸੋਚਿਆ ਸੀ ਕਿ ਸਾਰੇ ਜੱਗ ਦਾ ਕਮੀਨਾਂ ਮੈਂ ਆਂ, ਪਰ ਤੂੰ ਤਾਂ ਮੇਰੇ ਨਾਲ਼ੋਂ ਵੀ ਵੱਡਾ ਕਮੀਨੈਂ…! ਤੂੰ ਤਾਂ ਸੱਪ ਦੀ ਵੰਸ਼ ‘ਚੋਂ ਐਂ..! ਜਿਹੜਾ ਆਬਦੇ ਖਾਨਦਾਨ ਨੂੰ ਵੀ ਨੀ ਬਖ਼ਸ਼ਦਾ…!” ਤਾਂਤਰਿਕ ਬੋਲਿਆ।

    -“ਬਾਪੂ ਕੋਲ਼ੇ ਬਾਰਾਂ ਕਿੱਲੇ ਜ਼ਮੀਨ ਐਂ, ਜਿਸ ਦਿਨ ਵੰਡੀਆਂ ਪੈ ਗਈਆਂ, ਅੱਧੀ ਰਹਿਜੂ…! ਰਹਿਜੂ ਕਿ ਨਹੀਂ…? ਤੇ ਜੱਟ ਵੱਟ ਦੇ ਰੌਲ਼ੇ ਪਿੱਛੇ ਬੰਦਾ ਮਾਰ ਦਿੰਦੈ, ਇਹ ਤਾਂ ਛੇ ਕਿੱਲਿਆਂ ਦੀ ਘਾਣੀਂ ਐਂ, ਸਮਝ ਗਿਆ…?”

    -“ਉਹਨੂੰ ਗੱਡੀ ਚਾੜ੍ਹਨਾਂ ਕੋਈ ਜ਼ਰੂਰੀ ਐ…? ਜੇ ਗੁੜ ਦਿੱਤਿਆਂ ਵੈਰੀ ਮਰਦਾ ਹੋਵੇ, ਤਾਂ ਉਹਨੂੰ ਮਹੁਰਾ ਦੇਣ ਦੀ ਕੀ ਲੋੜ ਐ…?”

    -“ਹੋਰ ਕੋਈ ਚਾਰਾ ਵੀ ਨਹੀਂ…!”

    -“ਬਥੇਰੇ ਚਾਰੇ ਐ…! ਜੈ ਦੇਵ ਦੀ ਯਾਰੀ ਐ, ਤੈਨੂੰ ਉਹ ਗੁਰ ਦਿਊਂਗਾ ਕਿ ਨਾਲ਼ੇ ਸੱਪ ਮਰਜੂ ਤੇ ਨਾਲ਼ੇ ਲਾਠੀ ਵੀ ਨੀ ਟੁੱਟਦੀ…!”

    -“ਸਾਰੀ ਉਮਰ ਪੈਰ ਧੋ-ਧੋ ਪੀਊਂਗਾ ਤੇਰੇ…!”

    ….ਤੇ ਓਸੇ ਰਾਤ ਜੈ ਦੇਵ ਨੇ ਝਿੜੀ ਵਿੱਚੋਂ ਕੋਈ ਜਨੌਰ ਮਾਰ, ਉਸ ਦੀਆਂ ਹੱਡੀਆਂ ਪੀਸ ਕੇ ਕੋਈ ‘ਦੁਆਈ’ ਬਣਾ ਕੇ ਦਿੱਤੀ। ਉਹ ਦੁਆਈ ਖਾਣ ਤੋਂ ਬਾਅਦ ਗੁਰਿੰਦਰ ਦਾ ਸੋਹਣਾ-ਸੁਨੱਖਾ, ਛੋਟਾ ਭਰਾ ‘ਸਿਲ਼-ਪੱਥਰ’ ਬਣ ਕੇ ਰਹਿ ਗਿਆ। ਪਤਾ ਨਹੀਂ ਜੈ ਦੇਵ ਦੀ ਦੁਆਈ ਨੇ ਉਸ ਨੂੰ ਕੀ ਕਰ ਦਿੱਤਾ ਸੀ…? ਨਾ ਉਸ ਨੂੰ ਬੋਲਣ ਦੀ ਸੂਝ ਰਹੀ ਸੀ ਅਤੇ ਨਾ ਖਾਣ-ਪੀਣ ਦੀ! ਗੁਰਿੰਦਰ ਦੀ ਮਾਂ ਛੋਟੇ ਪੁੱਤ ਦੇ ਹਾਉਕੇ ਨਾਲ਼ ਹੀ ਇਸ ਵਿਨਾਸ਼ੀ ਦੁਨੀਆਂ ਨੂੰ ‘ਅਲਵਿਦਾ’ ਆਖ ਗਈ ਸੀ। ਗੁਰਿੰਦਰ ਦਾ ਬਾਪੂ ਵੀ ਇੱਕ ਤਰ੍ਹਾਂ ਨਾਲ਼ ਸਾਹ ਜਿਹੇ ਖਿੱਚ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਗੁਰਿੰਦਰ ਦੇ ਘਰਵਾਲ਼ੀ ਗੀਤ ਨੂੰ ਆਪਣੇ ਕਰੂਰ ਅਤੇ ਨਿਰਦਈ ਘਰਵਾਲ਼ੇ ਤੋਂ ਭੈਅ ਆਉਣ ਲੱਗ ਪਿਆ ਸੀ। ਉਹ ਸੋਚਦੀ ਸੀ ਕਿ ਜੋ ਬੰਦਾ ਜ਼ਮੀਨ ਖਾਤਰ ਆਪਣੇ ਸਕੇ ਅਤੇ ਨਿਰਦੋਸ਼ ਭਰਾ ‘ਤੇ ‘ਵਾਰ’ ਕਰ ਸਕਦਾ ਹੈ, ਉਹ ਹੋਰ ਕਿਸੇ ਬਿਗਾਨੇ ਨੂੰ ਕਿਵੇਂ ਬਖ਼ਸ਼ੂਗਾ…?

    ….ਗੁਰਿੰਦਰ ਨੂੰ ਭਲੀ-ਭਾਂਤ ਪਤਾ ਸੀ ਕਿ ਸਹੁਰੇ ਨੇ ਪਲਾਟਾਂ ਵਾਲ਼ੀ ਰਕਮ ਦੇ ਚਾਲ਼ੀ ਲੱਖ ਰੁਪਏ ਗਾਦਰੇਜ਼ ਦੀ ਅਲਮਾਰੀ ਵਿਚ ਰੱਖੇ ਹੋਏ ਸਨ।

    ਉਸ ਚਾਲ਼ੀ ਲੱਖ ਕਾਰਨ ਗੁਰਿੰਦਰ ਨੂੰ ਅੱਚਵੀ ਲੱਗੀ ਹੋਈ ਸੀ।

    ਬੇਚੈਨੀ ਜਿਹੀ ਵਿਚ ਉਹ ਤਾਂਤਰਿਕ ਜੈ ਦੇਵ ਕੋਲ਼ ਚਲਿਆ ਗਿਆ।

    ਉਸ ਦਾ ਡੇਰਾ ਇੱਕ ਨਹਿਰ ਦੇ ਕਿਨਾਰੇ ਸੀ। ਬੜੀ ਰਮਣੀਕ ਅਤੇ ਸ਼ਾਂਤ ਜਗਾਹ ਸੀ। ਡੇਰੇ ਤੋਂ ਦੋ ਕੁ ਕਿਲੋਮੀਟਰ ਹਟਵੀਂ ਜੀ. ਟੀ. ਰੋਡ ਪੈਂਦੀ ਸੀ। ਪਰ ਇੱਧਰ ਨਹਿਰ ਦੀ ਪਟੜੀ ਵੱਲ ਟਰੈਫ਼ਿਕ ਬਹੁਤ ਘੱਟ ਸੀ। ਸਿਰਫ਼ ਸਕੂਲ ਜਾਣ ਵਾਲ਼ੇ ਬੱਚੇ ਹੀ ਸਾਈਕਲ ਲੈ ਕੇ ਇੱਧਰ ਦੀ ਲੰਘਦੇ ਸਨ। ਜਾਂ ਫ਼ਿਰ ਕਦੇ-ਕਦੇ ਮੱਝਾਂ ਚਾਰਨ ਵਾਲ਼ੇ ਮੁੰਡੇ ਇੱਧਰ ਦੀ ਪਸ਼ੂ ਲੈ ਕੇ ਆ ਜਾਂਦੇ। ਇਸ ਨਹਿਰ ਦੇ ਅੱਗੇ ਜਾ ਕੇ ਪੁਲ਼ ‘ਤੇ ਬਹੁਤ ਹੀ ਖ਼ਤਰਨਾਕ ‘ਝਾਲ’ ਪੈਂਦੀ ਸੀ। ਇਸ ਝਾਲ ਦੇ ਛੂਕਦੇ ਪਾਣੀ ਤੋਂ ਰਾਤ ਨੂੰ ਡਰ ਆਉਂਦਾ ਸੀ। ਇਹ ਨਹਿਰ ਅੱਗੇ ਰਾਜਸਥਾਨ ਨੂੰ ਜਾਂਦੀ ਸੀ, ਜਿਸ ਵਿਚ ਪਿੱਛੋਂ ਰੁੜ੍ਹਦੀਆਂ ਆਉਂਦੀਆਂ ਲਾਸ਼ਾਂ ਵੀ ਆਮ ਹੀ ਦਿਸ ਪੈਂਦੀਆਂ, ਜਿਸ ਕਾਰਨ ਆਦਮੀ ਦਹਿਲ ਜਾਂਦਾ ਸੀ!

    ਬਾਬਾ ਜੈ ਦੇਵ ਕਿਸੇ ਨਾਲ਼ ਫ਼ੋਨ ‘ਤੇ ‘ਪ੍ਰਵਚਨ’ ਕਰ ਰਿਹਾ ਸੀ।

    ਉਸ ਦੇ ਗੱਲ ਕਰਨ ਦੇ ਅੰਦਾਜ਼ ਤੋਂ ਲੱਗਦਾ ਸੀ ਕਿ ਬਾਬੇ ਨਾਲ਼ ਗੱਲ ਕਰਨ ਵਾਲ਼ੀ ਕੋਈ ਔਰਤ ਸੀ।

    ਬਾਬੇ ਨੇ ਇਸ਼ਾਰੇ ਨਾਲ਼ ਗੁਰਿੰਦਰ ਨੂੰ ਬੈਠਣ ਅਤੇ ਮੂੰਹ ‘ਤੇ ਉਂਗਲ਼ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ।

    -“ਜੇ ਕਿਸੇ ਨੂੰ ਚਿੱਕੜ ਵਿਚੋਂ ਕੱਢਣਾ ਹੋਵੇ ਤਾਂ ਆਪ ਚਿੱਕੜ ਵਿਚ ਵੜਨਾ ਪੈਂਦੈ, ਭਾਈ…!” ਬਾਬਾ ਆਖ ਰਿਹਾ ਸੀ।

    -“ਕਿਸੇ ਵੱਡੇ ਬੰਦੇ ਨਾਲ਼ ਹੱਥ ਮਿਲ਼ਾਉਣ ਨਾਲ਼ ਥੋਡਾ ਹੱਥ ਸੋਨੇ ਦਾ ਨੀ ਬਣ ਜਾਂਦਾ…! ਸਗੋਂ ਥੋਡੇ ਹਾਉਮੈ-ਹੰਕਾਰ ਵਿਚ ਹੋਰ ਵਾਧਾ ਹੁੰਦੈ…! ਤੇ ਉਹੀ ਹਾਉਮੈ ਹੰਕਾਰ ਤੁਹਾਡਾ ਸਰਬ-ਨਾਸ਼ ਕਰਨ ਦੀ ਸਮਰੱਥਾ ਰੱਖਦੈ…!”

    -“ਸ਼ਕਤੀ…?” ਕਿਸੇ ਪ੍ਰਸ਼ਨ ਦੇ ਉੱਤਰ ਵਿਚ ਬਾਬਾ ਬੋਲ ਉਠਿਆ, “ਸ਼ਕਤੀ ਆਪਣੀ ਇੱਜ਼ਤ-ਅਣਖ਼ ਤੇ ਆਨ-ਸ਼ਾਨ ਬਰਕਰਾਰ ਰੱਖਣ ਦੇ ਸਿਰੜ-ਸਿਦਕ ਵਿਚ ਹੁੰਦੀ ਐ, ਸ਼ਕਤੀ ਜ਼ਿੰਦਗੀ ਦੇ ਜਿਉਣ ਦੇ ਢੰਗ ਤੇ ਸਿਧਾਂਤ ਵਿਚ ਹੁੰਦੀ ਐ…! ਸ਼ਕਤੀ ਲਾਜ ਅਤੇ ਸ਼ਰਮ ਵਿਚ ਹੁੰਦੀ ਐ…! ਸ਼ਕਤੀ ਸ਼ਬਦਾਂ ਵਿਚ ਹੁੰਦੀ ਐ…! ਤੇ ਜੋ ਔਰਤ ਸਿਰਫ਼ ਆਪਣੀ ਸਰੀਰਕ ਸੰਤੁਸ਼ਟੀ ਜਾਂ ਕਿਸੇ ‘ਗ਼ੈਰ’ ਨੂੰ ‘ਖ਼ੁਸ਼’ ਕਰਨ ਲਈ ਆਪਣੀ ਇੱਜ਼ਤ, ਆਪਣੀ ਅਣਖ਼ ਦਾਅ ‘ਤੇ ਲਾ ਦੇਵੇ, ਉਹ ਕਦੇ ਵੀ ਸਮਾਜ ਅੱਗੇ ਹਿੱਕ ਠੋਕ ਕੇ ਆਪਣੇ ਆਪ ਨੂੰ ਇੱਜ਼ਤਦਾਰ ਨਹੀਂ ਅਖਵਾ ਸਕਦੀ…! ਉਤੋਂ ਉਤੋਂ ਉਹ ਜੋ ਮਰਜ਼ੀ ਫ਼ੜ੍ਹਾਂ ਮਾਰ-ਮਾਰ ਆਖੀ ਜਾਵੇ, ਪਰ ਅੰਦਰਲੀ ਹੀਣ-ਭਾਵਨਾਂ ਉਸ ਦੀ ਨੀਂਦ ਹਰਾਮ ਕਰੀ ਰੱਖਦੀ ਐ ਤੇ ਉਸ ਨੂੰ ਜਿਉਣ ਨਹੀਂ ਦਿੰਦੀ, ਤੇ ਉਹ ਦਿਨ ਪ੍ਰਤੀ ਦਿਨ ਕਣ-ਕਣ ਖੁਰਦੀ ਰਹਿੰਦੀ ਐ…! ਅੰਦਰੋਂ ਉਸ ਨੂੰ ਜ਼ਮਾਨੇ ਦਾ ਹਮੇਸ਼ਾ ਡਰ ਬਣਿਆਂ ਰਹਿੰਦੈ ਅਤੇ ਆਪਣੀ ਇੱਜ਼ਤ ‘ਤੇ ਲੱਗਿਆ ਧੱਬਾ ਪ੍ਰਤੱਖ ਦਿਸਦੈ…! ਜੋ ਆਦਮੀ ਪਹਿਲਾਂ ਤੁਹਾਨੂੰ ‘ਮਜ਼ੇਦਾਰ’ ਲੱਗਦੈ, ਉਹੀ ਬਾਅਦ ਵਿਚ ‘ਮੰਝਧਾਰ’ ਲੱਗਣ ਲੱਗ ਪੈਂਦੈ, ਕਿਉਂਕਿ ਉਹ ਤੁਹਾਡੀ ਇੱਜ਼ਤ ਨਾਲ਼ ਖੇਡ ਚੁੱਕਿਆ ਹੁੰਦੈ…!”

    -“ਆਪਣੀ ਸਹਿਮਤੀ ਨਾਲ਼ ਇੱਜ਼ਤ ਨੂੰ ਦਾਗ਼ ਲੁਆ ਕੇ ਵੀ ਸਮਾਜ ਵਿਚ ਹਿੱਕ ਥਾਪੜੀ ਜਾਣ ਵਾਲ਼ੀ ਔਰਤ ਸੱਚੀ-ਸੁੱਚੀ ਨਹੀਂ, ਹੱਦ ਦਰਜੇ ਦੀ ਬੇਸ਼ਰਮ ਅਤੇ ਬੇਲੱਜ ਹੁੰਦੀ ਐ ਤੇ ਇੱਕ ਨਾ ਇੱਕ ਦਿਨ ਉਹ ਸਮਾਜ ਦੀਆਂ ਨਜ਼ਰਾਂ ਵਿਚ ਐਸੀ ਡਿੱਗਦੀ ਹੈ ਕਿ ਉਸ ਨੂੰ ਚਿਮਟੇ ਨਾਲ਼ ਚੁੱਕਣ ਲਈ ਵੀ ਕੋਈ ਤਿਆਰ ਨਹੀਂ ਹੁੰਦਾ…! ਲਾਜ, ਰੜਕ ਅਤੇ ਅਣਖ਼ ਵਾਲ਼ੀ ਔਰਤ ਇੱਜ਼ਤ ਨੂੰ ਦਾਗ਼ ਲਾਉਣ ਵਾਲ਼ੇ ਦੀਆਂ ਅੱਖਾਂ ਵਿਚ ਵੀ ਦੇਖਣਾ ਨਹੀਂ ਚਾਹੁੰਦੀ ਅਤੇ ਸ਼ਰਮ, ਨਮੋਸ਼ੀ ਨਾਲ਼ ਲਿਫ਼ੀ ਰਹਿੰਦੀ ਐ…! ਅਣਖ਼ੀ ਪੰਜਾਬੀ ਮਜਾਜਣ ਕਦੇ ਵੀ ਆਪਣੇ ਅੰਦਰੋਂ ਸ਼ਰਮ ਦਾ ਅੰਸ਼ ਨਹੀਂ ਗੁਆਉਂਦੀ…! ਸ਼ਰਮ ਦੀਆਂ ਧੱਜੀਆਂ ਤਾਂ ਬੇਗ਼ੈਰਤ ਅਤੇ ਦੁਸ਼ਟ ਹੀ ਉਡਾਉਂਦੀਆਂ ਨੇ ਤੇ ਆਪਣੇ ਸਮੁੱਚੇ ਪ੍ਰੀਵਾਰ ਲਈ ‘ਕਲੰਕ’ ਬਣੀਆਂ ਰਹਿੰਦੀਆਂ ਨੇ…! ਆਪਣੇ ਖ਼ਾਨਦਾਨ ਦੇ ਅਸੂਲਾਂ ਦਾ ‘ਘਾਣ’ ਕਰਦੀਆਂ ਨੇ, ਬਣੀ ਬਣਾਈ ਇੱਜ਼ਤ ਦਾ ਗਲ਼ਾ ਘੁੱਟਦੀਆਂ ਨੇ ਤੇ ਆਪਣੇ ਬੱਚਿਆਂ ਦੇ ਭਵਿੱਖ ‘ਤੇ ਵੀ ਕਾਲਸ ਭੁੱਕਦੀਆਂ ਨੇ…!”

    -“ਪਿਆਰ ਲਈ ਤੁਸੀਂ ਕੋਈ ਵੀ ਕੁਰਬਾਨੀ ਕਰ ਸਕਦੇ ਹੋ, ਪਰ ਜਿਸ ਨੂੰ ਤੁਸੀਂ ਮੁਹੱਬਤ ਹੀ ਨਹੀਂ ਕਰਦੇ, ਉਸ ਅੱਗੇ ਸਰੀਰ ਪਰੋਸ ਕੇ ਤੁਸੀਂ ਆਪਣੀ ਇੱਜ਼ਤ ਦੀ ਮਿੱਟੀ ਪੁਲੀਤ ਹੀ ਕਰੋਂਗੇ…! ਜੇ ਬੰਦਾ ਸਿਰਫ਼ ਸੁਆਰਥ ਦੀ ਆੜ ਵਿਚ ਤੁਹਾਡੇ ਨਾਲ਼ ਹਮਬਿਸਤਰ ਹੁੰਦੈ, ਉਸ ਬਦਲੇ ਉਹ ਤੁਹਾਨੂੰ ਬਦਨਾਮ ਵੀ ਕਰੂਗਾ ਤੇ ਬਲੈਕਮੇਲ ਵੀ…! ਉਸ ਲਈ ਤੁਹਾਨੂੰ ਬਦਨਾਮ ਜਾਂ ਬਲੈਕਮੇਲ ਕਰਨਾ ਬਹੁਤ ਆਸਾਨ ਹੁੰਦੈ…! ਕਿਉਂਕਿ ਉਸ ਦੀਆਂ ਦਿਲੀ ਜਾਂ ਆਤਮਿਕ ਭਾਵਨਾਵਾਂ ਤੁਹਾਡੇ ਨਾਲ਼ ਜੁੜੀਆਂ ਨਹੀਂ ਹੁੰਦੀਆਂ ਅਤੇ ਉਹ ਸਿਰਫ਼ ਤੇ ਸਿਰਫ਼ ਆਪਣੇ ਸੁਆਰਥ, ਆਪਣੇ ਮਤਲਬ ਲਈ ਹੀ ਸੁਚੇਤ ਹੁੰਦੈ…! ਤੁਹਾਡੇ ਨਾਲ਼ ਉਸ ਦੀ ਰੂਹ ਦੀ ਭਾਵਨਾ ਨਹੀਂ, ਖ਼ੁਦਗਰਜ਼ੀ ਜਾਂ ਮਤਲਬ-ਪ੍ਰਸਤੀ ਹੀ ਜੁੜੀ ਹੁੰਦੀ ਐ…! ਅਜਿਹੇ ਖ਼ੁਦਗਰਜ਼ਾਂ ਨੇ ਤੁਹਾਡੇ ਦੁਖ-ਸੁਖ ‘ਚ ਤਾਂ ਕੀ ਕੰਮ ਆਉਣੈ, ਤੁਹਾਡੇ ਮਰਦੇ ਦੇ ਮੂੰਹ ‘ਚ ਪਾਣੀ ਤੱਕ ਨਹੀਂ ਪਾਉਂਦੇ…! ਇਹਨਾਂ ਗਲਤੀਆਂ ਲਈ ਕੋਈ ਹੋਰ ਨਹੀਂ, ਤੁਸੀਂ ਖ਼ੁਦ ਜ਼ਿੰਮੇਵਾਰ ਹੁੰਦੇ ਹੋ…! ਕੋਈ ਜ਼ਬਰਦਸਤੀ ਤੁਹਾਨੂੰ ਹੱਥ ਨਹੀਂ ਲਾ ਸਕਦਾ…! ਕਿਸੇ ਮਤਲਬੀ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ਼ ਦਿੱਤੀ ਸਹਿਮਤੀ ਹੀ ਤੁਹਾਨੂੰ ‘ਬਦਚਲਣ’ ਅਤੇ ‘ਬਦਕਾਰ’ ਬਣਾ ਦਿੰਦੀ ਹੈ ਅਤੇ ਹੁੱਬ ਕੇ ਅਗਲੇ ਦੇ ਅੱਗੇ ਪਰੋਸੀ ਆਪਣੀ ਇੱਜ਼ਤ ਦਾ ਹੇਰਵਾ ਹੀ ਤੁਹਾਡੇ ਲਈ ਮਰਨ ਤੱਕ ਨਾਸੂਰ ਬਣਿਆਂ ਰਹਿੰਦੈ..! ਉਸ ਨੂੰ ਤੁਸੀਂ ਆਪਣੀ ‘ਇੱਕ ਗਲਤੀ’ ਸਮਝ ਕੇ ਆਪਣੇ ਆਪ ਨੂੰ ਮੁਆਫ਼ ਨਾ ਕਰੋ..! ਉਸ ਗਲਤੀ ਤੋਂ ਸਬਕ ਸਿੱਖ ਕੇ ਜ਼ਿੰਦਗੀ ਭਰ ਲਈ ਪਾਕ-ਪਵਿੱਤਰ, ਤੇ ਦੁੱਧ ਧੋਤੇ ਬਣ ਜਾਓ, ਤੁਹਾਡਾ ਆਪਣਾ ਆਪ, ਤੇ ਤੁਹਾਡੀ ਜ਼ਮੀਰ ਵੀ ਤੁਹਾਨੂੰ ਮੁਆਫ਼ ਕਰ ਦੇਵੇਗੀ…!”

    -“……………………..।”

    -“ਜੇ ਅਸੀਂ ਆਪਣੀ ਸਫ਼ਲਤਾ ਲਈ ਜ਼ਿੰਮੇਵਾਰ ਹਾਂ ਤਾਂ ਸਾਡੀ ਅਸਫ਼ਲਤਾ ਲਈ ਵੀ ਅਸੀਂ ਖ਼ੁਦ ਜ਼ਿੰਮੇਵਾਰ ਹੁੰਦੇ ਹਾਂ…! ਸਮਝਦਾਰ ਇਨਸਾਨ ਆਪਣੀ ਅਸਫ਼ਲਤਾ, ਬਦਕਾਰੀ, ਬਦਨਾਮੀ ਜਾਂ ਨਮੋਸ਼ੀ ਤੋਂ ਸਬਕ ਲੈ ਕੇ, ਆਪਣੀ ਗਲਤੀ ਤੋਂ ਪ੍ਰੇਰਨਾ ਲੈ ਕੇ ਉਸ ਨੂੰ ਨਾ ਦੁਹਰਾਉਣ ਦਾ ਪ੍ਰਣ ਕਰਦੇ ਨੇ…! ਤੇ ਨਾਸਮਝ ਜਾਂ ਢੀਠ ਆਪਣੀ ‘ਮਾੜੀ’ ਕਿਸਮਤ ਨੂੰ ‘ਕੋਸਦੇ’ ਨੇ, ਜਾਂ ‘ਸਿਰਫ਼ ਇੱਕ ਗਲਤੀ’ ਦਰਸਾ ਕੇ ਆਪਣੀ ਢੀਠਤਾ ਅਤੇ ਆਪਣੀ ਇੱਜ਼ਤ-ਅਣਖ਼ ਪ੍ਰਤੀ ਲਾਪ੍ਰਵਾਹੀ ਦਾ ਸਬੂਤ ਦਿੰਦੇ ਨੇ…! ਜੇ ਬੁਰਾਈ ਤੁਹਾਡੇ ਵੱਲ ਵਾਰ-ਵਾਰ ਚੱਲ ਕੇ ਆਉਂਦੀ ਹੈ ਤਾਂ ਇਹਦੇ ਵਿਚ ਕਿਸੇ ਹੋਰ ਦਾ ਨਹੀਂ, ਤੁਹਾਡਾ ਆਪਣਾ ਦੋਸ਼ ਹੁੰਦਾ ਹੈ, ਕਿ ਬੁਰਾਈ ਮੁੜ-ਮੁੜ ਤੁਹਾਡੇ ਵੱਲ ‘ਕਿਉਂ’ ਆ ਰਹੀ ਹੈ…? ਜੇ ਅਸੀਂ ਇਹ ਜਾਣਦੇ ਹਾਂ ਕਿ ਸਾਡਾ ਵਰਤਮਾਨ ਸਾਡੇ ਭੂਤਕਾਲ ‘ਚੋਂ ਉਪਜਿਆ ਹੈ, ਤਾਂ ਇਹ ਵੀ ਓਨਾਂ ਹੀ ਸੱਚ ਹੈ ਕਿ ਸਾਡਾ ‘ਭਵਿੱਖ’ ਵੀ ਸਾਡੇ ਵਰਤਮਾਨ ‘ਤੇ ਨਿਰਭਰ ਹੈ, ਭਵਿੱਖ ਦੀ ਬੁਨਿਆਦ ਵੀ ਸਾਡੇ ਵਰਤਮਾਨ ‘ਤੇ ਟਿਕੀ ਹੋਈ ਹੈ…! ਜੇ ਤੁਹਾਡੇ ਭੂਤਕਾਲ ਦੀਆਂ ਗਲਤੀਆਂ ਕਾਰਨ ਤੁਹਾਡਾ ਵਰਤਮਾਨ ਦੁਖੀ ਹੈ, ਤਾਂ ਇਤਨੀ ਗੱਲ ਪ੍ਰਤੀ ਜ਼ਰੂਰ ਸੁਚੇਤ ਰਹੋ ਕਿ ਭੂਤਕਾਲ ਵਾਲ਼ੀਆਂ ਗਲਤੀਆਂ ਨੂੰ ਤੁਸੀਂ ਵਰਤਮਾਨ ਵਿਚ ਨਾ ਦੁਹਰਾਓ…! ਨਹੀਂ ਤਾਂ ਭਵਿੱਖ ਵਿਚ ਤੁਹਾਨੂੰ ਵਰਤਮਾਨ ਵਿਚ ਕੀਤੀਆਂ ਗਲਤੀਆਂ ਕਾਰਨ ‘ਹੋਰ ਵੀ’ ਦੁਖੀ ਹੋਣਾ ਪਵੇਗਾ…! ਕਿਉਂਕਿ ਤੁਹਾਡੀ ਉਮਰ ਦਾ ਤਕਾਜ਼ਾ, ਰਿਸ਼ਤਿਆਂ ਦਾ ਪਾਸਾਰਾ ਅਤੇ ਜ਼ਿੰਦਗੀ ਦਾ ਤਜ਼ਰਬਾ ਵਧ ਜਾਂਦਾ ਹੈ ਅਤੇ ਤੁਸੀਂ ਕੀਤੀਆਂ ਗਲਤੀਆਂ ਨੂੰ ਸੋਚ-ਸੋਚ ਕੇ ਝੁਰਦੇ ਤੇ ਦੁਖੀ ਹੁੰਦੇ ਰਹਿੰਦੇ ਹੋ..! ਬੁੱਧੀਜੀਵੀਆਂ ਦਾ ਕਥਨ ਹੈ ਕਿ ਜਦ ਬੰਦਾ ਔਰਤ ਦੀ ਰੀਸ ਕਰਨ ਲੱਗ ਜਾਂਦਾ ਹੈ ਤਾਂ ਉਹ ਦੇਵਤਾ ਬਣ ਜਾਂਦਾ ਹੈ..! ਤੇ ਜਦ ਔਰਤ ਮਰਦ ਦੀ ਰੀਸ ਕਰਨ ਲੱਗ ਪੈਂਦੀ ਹੈ ਤਾਂ ਬਦਚਲਣ ਤੇ ਬਦਕਾਰ ਬਣ ਜਾਂਦੀ ਹੈ…!”

    -“…………………।”

    -“ਇੱਕ ਗੱਲ ਜਾਂਦਾ ਜਾਂਦਾ ਹੋਰ ਆਖ ਜਾਂਵਾਂ…! ਜੋ ਆਪ ਲੰਡੇ ਹੁੰਦੇ ਨੇ….ਉਹ ਦੂਜੇ ਦੀ ਪੂਛ ਕਦੇ ਬਰਦਾਸ਼ਤ ਨਹੀਂ ਕਰਦੇ…ਤੇ ਉਹ ਤੁਹਾਨੂੰ ‘ਆਪਣੇ’ ਲੈਵਲ ਦਾ ਹੀ ਰੱਖਣਾ ਚਾਹੁੰਦੇ ਨੇ…! ਮੇਰੇ ਕੋਲ਼ ਹੁਣ ਹੋਰ ਭਗਤ-ਜਨ ਆਏ ਬੈਠੇ ਨੇ…! ਆਪਾਂ ਕੱਲ੍ਹ ਬਚਨ ਕਰਾਂਗੇ, ਬੀਬਾ…!” ਆਖ ਕੇ ਬਾਬੇ ਜੈ ਦੇਵ ਨੇ ਫ਼ੋਨ ਰੱਖ ਦਿੱਤਾ।

    -“ਆ ਗਿੰਦੀ…!”

    -“ਆਹ ਐਨੀਆਂ ਅਧਿਆਤਮਿਕ ਗੱਲਾਂ ਕੀਹਦੇ ਨਾਲ਼ ਚੱਲ ਰਹੀਆਂ ਸੀ, ਬਾਬਾ..?”

    -“…………………..।” ਬਾਬਾ ਉਚੀ-ਉਚੀ ਹੱਸ ਪਿਆ।

    -“ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਐ…! ਬਾਹਲ਼ੇ ਪੋਤੜੇ ਨੀ ਫ਼ਰੋਲ਼ੀਦੇ ਹੁੰਦੇ, ਚੁੱਪ ਕਰੀਦਾ ਹੁੰਦੈ…!”

    -“ਸੀ ਕੌਣ…?”

    -“ਸੀਗੀ ਕੋਈ ਦੁਖਿਆਰੀ ਬੀਬੀ…! ਤੂੰ ਦੱਸ…? ਤੇਰਾ ਕੀ ਦੁੱਖ ਐ…?” ਬਾਬਾ ‘ਬੀਬੀ’ ਦੇ ਵਿਸ਼ੇ ‘ਤੇ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਗੱਲ ਨੂੰ ਸਖ਼ਤੀ ਨਾਲ਼ ਮੋੜਾ ਦਿੱਤਾ।

    -“ਯਾਰ ਬਾਬਾ, ਮੇਰੇ ਆਲ਼ਾ ਸਾਲ਼ਾ ਜੰਟਾ ਦਾਰੂ ਬਹੁਤ ਪੀਂਦੈ, ਕੀ ਕਰੀਏ…?”

    -“ਉਹਦੀ ਦਾਰੂ ਛੁਡਾਉਣੀ ਐਂ…?”

    -“ਆਹ, ਛੁਡਾਉਣੀ ਐਂ ਦਾਰੂ…! ਦਾਰੂ ਛੁਡਾ ਕੇ ਮੈਂ ਆਪਣੇ ਠੂਠੇ ਡਾਂਗ ਥੋੜ੍ਹੋ ਮਾਰਨੀ ਐਂ..? ਤੇਰੇ ਕੋਲ਼ੋਂ ਕੀ ਲਕੋ ਐ…?”

    -“ਉਹ ਕਿਵੇਂ…?”

    -“ਜੇ ਘਰੇ ਡਾਂਗ ਸੋਟਾ ਖੜਕਦਾ ਰਹੇ, ਤਾਂ ਹੀ ਪੰਚਾਇਤ ਦੀ ਪੁੱਛ-ਗਿੱਛ ਹੁੰਦੀ ਐ..! ਨਹੀਂ ਪੰਚਾਇਤ ਤੋਂ ਕਿਸੇ ਨੇ ਮੱਝ ਥੋੜ੍ਹੋ ਸੁਆਉਣੀ ਐ…?”

    ਤਾਂਤਰਿਕ ਹੱਸ ਪਿਆ।

    -“ਤੇਰੇ ਅਰਗਾ ਲੁੱਚਾ ਬੰਦਾ ਮੈਂ ਅੱਜ ਤੱਕ ਨੀ ਦੇਖਿਆ…!”

    -“ਤੇ ਕਦੇ ਦੇਖੇਂਗਾ ਵੀ ਨਹੀਂ…! ਗੁਰਿੰਦਰ ਨੇ ਦੈਂਤ ਜਿੱਡਾ ਮੂੰਹ ਖੋਲ੍ਹ ਕੇ ਆਖਿਆ।

    -“ਆ ਲੈਜਾ ਦਾਣਾ…! ਸਾਰੇ ਟੱਬਰ ਤੋਂ ਝਾਲ ਵਿਚ ਮੱਛੀਆਂ ਨੂੰ ਪੁਆ ਦੇ…! ਪੁੰਨ ਐਂ…! ਸਮਝ ਗਿਆ…?”

    -“ਆਹੋ…! ਬਿਲਕੁਲ ਸਮਝ ਗਿਆ…!”

    -“ਸਮਾਂ ਰਾਤ ਨੂੰ ਦੋ ਤੋਂ ਤਿੰਨ ਵਿਚ ਦਾ ਰੱਖੀਂ…! ਰੌਲ਼ਾ ਗੌਲ਼ਾ ਨੀ ਹੁੰਦਾ…!”

    -“ਜਮਾਂ ਈ ਸਮਝ ਗਿਆ…!”

    ਗੁਰਿੰਦਰ ਸਿੱਧਾ ਨਹਿਰ ਵਾਲ਼ੀ ਝਾਲ ‘ਤੇ ਆ ਗਿਆ।

    ਨਹਿਰ ਦੀ ਪਟੜੀ ‘ਤੇ ਕਾਰ ਰੋਕ ਕੇ ਉਸ ਨੇ ਨਹਿਰ ਦੇ ਕੰਢੇ ਖੜ੍ਹ, ਝਾਲ ਵੱਲ ਤੱਕਿਆ। ਝਾਲ ਵਿਚ ਡਿੱਗਦੇ ਪਾਣੀ ਨੂੰ ਦੇਖ ਦਿਨ ਦਿਹਾੜੇ ਵੀ ਉਸ ਦਾ ਕਾਲ਼ਜਾ ਨਿਕਲ਼ ਗਿਆ। ਫ਼ਿਰ ਉਸ ਨੇ ਪੱਥਰ ਚੁੱਕ ਕੇ ਝਾਲ ਵਿਚ ਸੁੱਟਿਆ। ਝਾਲ ਵਿਚ ਡਿੱਗਦੇ ਪਾਣੀ ਦੇ ਘੋਰ ਖੜਕੇ ਵਿਚ ਭੋਰਾ ਵੀ ਅਵਾਜ਼ ਨਾ ਆਈ। ਉਸ ਦੇ ਚਿਹਰੇ ‘ਤੇ ਇਕ ਦਹਿਸ਼ਤ ਵਰਗੀ ਮੁਸਕੁਰਾਹਟ ਆਈ ਅਤੇ ਉਹ ਕਾਰ ‘ਚ ਬੈਠ ਵਾਪਿਸ ਚੱਲ ਪਿਆ।

    -“ਤੂੰ ਤਾਂ ਨਹੀਂ ਗਈ ਮੇਰੇ ਨਾਲ਼, ਪਰ ਮੈਂ ਬਾਬਾ ਜੀ ਤੋਂ ਉਪਾਅ ਕਰਵਾ ਲਿਆਇਐਂ…!” ਗੁਰਿੰਦਰ ਨੇ ਗੀਤ ਹੱਥ ਮੱਛੀਆਂ ਦਾ ਦਾਣਾ ਫ਼ੜਾਉਂਦਿਆਂ ਕਿਹਾ।

    ਉਸ ਨੇ ਅਣਮੰਨੇ ਜਿਹੇ ਮਨ ਨਾਲ਼ ਦਾਣਾ ਫ਼ੜ ਕੇ ਰੱਖ ਲਿਆ। ਪਰ ਇਹ ਵੀ ਨਾ ਪੁੱਛਿਆ ਕਿ ਇਸ ਦਾ ਕਰਨਾ ਕੀ ਸੀ…? ਗੀਤ ਗੁਰਿੰਦਰ ਨਾਲ਼ ਫ਼ਸੀ-ਫ਼ਸਾਈ ਦਿਨ ਕਟੀ ਤਾਂ ਕਰ ਰਹੀ ਸੀ। ਪਰ ਉਹ ਉਸ ਨੂੰ ਟੀਰੀ ਅੱਖ ਨਾਲ਼ ਵੀ ਦੇਖਣਾ ਨਹੀਂ ਚਾਹੁੰਦੀ ਸੀ। ਉਸ ਦੇ ਬੇਈਮਾਨ ਇਰਾਦੇ ਤੋਂ ਗੀਤ ਨੂੰ ਨਫ਼ਰਤ ਸੀ।

    -“ਚੱਲ ਤਿਆਰ ਹੋ…! ਆਥਣੇ ਆਪਾਂ ਬਾਪੂ ਜੀ ਹੋਰਾਂ ਕੋਲ਼ ਪਿੰਡ ਚੱਲਣੈਂ ਤੇ ਆਹ ਉਪਾਅ ਉਹਨਾਂ ਤੋਂ ਕਰਵਾਉਣੈ…!”

    -“……………..।” ਗੀਤ ਕੁਛ ਨਾ ਬੋਲੀ।

    ਪਰ ਤਿਆਰ ਹੋਣ ਲੱਗ ਪਈ।

    ਸ਼ਾਮ ਨੂੰ ਉਹ ਗੁਰਦਿਆਲ ਸਿਉਂ ਦੇ ਪਿੰਡ ਪਹੁੰਚ ਗਏ।

    ਜੁਆਈ ਨੂੰ ਆਇਆ ਦੇਖ ਕੇ ਸੱਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

    ਉਹ ਸੇਵਾ-ਭਾਵਨਾ ਵਿਚ ਗੁਰਿੰਦਰ ਅੱਗੇ ਊਰੀ ਵਾਂਗ ਘੁਕਣ ਲੱਗ ਪਈ।

    -“ਬੀਜੀ ਬਾਪੂ ਜੀ ਕਿੱਥੇ ਐ…?” ਗੁਰਿੰਦਰ ਨੇ ਪੁੱਛਿਆ।

    -“ਖੇਤ ਨੂੰ ਗਏ ਐ, ਪੁੱਤ…! ਤੂੰ ਦੁੱਧ ਪੀ, ਆ ਜਾਂਦੇ ਐ…!”

    -“ਤੇ ਆਪਣਾ ਜੀਤ…?”

    -“ਉਹ ਅੱਜ ਕਾਲਜ ਤੋਂ ਈ ਨੀ ਮੁੜਿਆ…! ਪਰ ਕਦੇ ਕਦੇ ਕੁਵੇਲ਼ਾ ਹੋ ਜਾਂਦੈ ਆਉਂਦੇ ਨੂੰ…! ਤੇ ਕਦੇ ਆਬਦੇ ਕਿਸੇ ਦੋਸਤ ਦੇ ਘਰ ਰਹਿ ਪੈਂਦੈ…!”

    ਜੰਟੇ ਦੇ ਦੋਨੋਂ ਬੱਚੇ ਗੁਰਿੰਦਰ ਕੋਲ਼ ਆ ਗਏ।

    -“ਉਹ ਬੱਲੇ….!”

    -“ਕੀ ਹਾਲ ਐ ਥੋਡਾ…? ਆਹ ਲਓ, ਚੀਜੀ ਲਓ…!” ਗੁਰਿੰਦਰ ਨੇ ਉਹਨਾਂ ਨੂੰ ਫ਼ਲ਼ ਦਿੰਦਿਆਂ ਕਿਹਾ।

    ਬੱਚੇ ਫ਼ਲ਼ ਲੈ ਕੇ ਪਾਸੇ ਹੋ ਗਏ।

    ਇਤਨੇ ਚਿਰ ਨੂੰ ਜੀਤ ਵੀ ਆ ਗਿਆ।

    -“ਓਏ ਆ ਬਈ ਭੜ੍ਹਾਕੂਆ…? ਤੂੰ ਅੱਜ ਬੜਾ ਕੁਵੇਲ਼ਾ ਕਰ ਦਿੱਤਾ…?” ਗੁਰਿੰਦਰ ਨੇ ਉਸ ਨੂੰ ਗਲਵਕੜੀ ਪਾ ਲਈ।

    -“ਸਾਡੇ ਕਾਲਜ ਦੀ ਇਲੈਕਸ਼ਨ ਸਿਰ ‘ਤੇ ਐ, ਏਸ ਲਈ ਕੁਵੇਲ਼ਾ ਮੱਲੋਮੱਲੀ ਹੋ ਜਾਂਦੇ ਜੀ…!”

    -“ਕਿਤੇ ਪ੍ਰਧਾਨਗੀ ਨੂੰ ਹੱਥ ਤਾਂ ਨ੍ਹੀ ਮਾਰਨ ਨੂੰ ਫ਼ਿਰਦਾ…?”

    -“ਨਹੀਂ…!” ਜੀਤ ਹੱਸ ਪਿਆ, “ਇੱਕ ਮਿੱਤਰ ਖੜ੍ਹੈ ਇਲੈਕਸ਼ਨ ‘ਚ…! ਉਹਦੀ ਹਮਾਇਤ ‘ਤੇ ਐਂ…!”

    -“ਕੋਈ ਮਾੜੀ ਗੱਲ ਨੀ…!”

    ਬਾਹਰੋਂ ਬਾਪੂ ਜੀ ਦਾ ਖੰਘੂਰਾ ਸੁਣਿਆਂ।

    ਉਠ ਕੇ ਗੁਰਿੰਦਰ ਨੇ ਗੋਡੀਂ ਹੱਥ ਲਾਏ।

    ਜੀਤ ਉਠ ਕੇ ਕੱਪੜੇ ਬਦਲਣ ਚਲਿਆ ਗਿਆ।

    -“ਮੈਂ ਨਹਿਰ ਵਾਲ਼ੇ ਬਾਬਾ ਜੀ ਕੋਲ਼ ਗਿਆ ਸੀ, ਬਾਪੂ ਜੀ…!”

    -“ਫ਼ੇਰ…?”

    -“ਉਹਨੇ ਇੱਕ ਉਪਾਅ ਕਰ ਕੇ ਦਿੱਤੈ…! ਮੱਛੀਆਂ ਨੂੰ ਦਾਣਾ ਪਾਉਣੈ, ਤੇ ਪਾਉਣਾ ਵੀ ਸਵੇਰੇ ਅੰਮ੍ਰਿਤ ਵੇਲ਼ੇ, ਦੋ ਵਜੇ ਐ…!”

    -“ਤੇ ਪਾਉਣਾ ਕੀਹਨੇ ਐਂ…?”

    -“ਪਾਉਣਾ ਤਾਂ ਸਾਰੇ ਟੱਬਰ ਨੇ ਐਂ…! ਇੱਕ ਪ੍ਰਸ਼ਾਦ ਦਿੱਤੈ, ਜਦੋਂ ਘਰੋਂ ਤੁਰਨ ਲੱਗੇ, ਉਹ ਪ੍ਰਸ਼ਾਦ ਛਕ ਕੇ ਤੁਰਨੈ ਤੇ ਸਵੇਰੇ ਪੂਰੇ ਦੋ ਵਜੇ ਨਹਿਰ ‘ਤੇ ਉਪਾਅ ਵਾਲ਼ਾ ਦਾਣਾ ਮੱਛੀਆਂ ਨੂੰ ਪਾਉਣੈ…!”

    -“ਮੈਂ ਤਾਂ ਤੈਨੂੰ ਅੱਗੇ ਵੀ ਦੱਸਿਆ ਸੀ, ਸ਼ੇਰਾ…! ਬਈ ਮੈਂ ਤਾਂ ਹੈਗਾ ਅੰਮ੍ਰਿਤਧਾਰੀ ਬੰਦਾ…! ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨੀ..! ਤੂੰ ਇਹਨਾਂ ਸਾਰਿਆਂ ਨੂੰ ਲੈ ਜਾਈਂ…!” ਬਾਪੂ ਨੇ ਸਿੱਧਾ ਤੋੜ ਕੇ ਜਵਾਬ ਦੇ ਦਿੱਤਾ। ਮਾਂ ਨੇ ਉਦਾਸੀ ਵਿਚ ਮੂੰਹ ਮਰੋੜਿਆ। ਪਰ ਬਾਪੂ ਦੇ ਅੜਬ ਸੁਭਾਅ ਤੋਂ ਡਰਦੀ ਚੁੱਪ ਹੀ ਰਹੀ।

    -“ਜਸਕੀਰਤ, ਅੱਜ ਚੁੱਲ੍ਹੇ-ਚੌਂਕੇ ਦਾ ਕੰਮ ਜਲਦੀ ਨਬੇੜ ਲਈਂ ਪੁੱਤ, ਆਪਾਂ ਤੜਕਿਓਂ ਉਪਾਅ ਵਾਸਤੇ ਜਾਣੈਂ ਜਲਦੀ…!” ਸੱਸ ਨੇ ਨੂੰਹ ਨੂੰ ਕਿਹਾ।

    -“ਠੀਕ ਐ ਬੀਜੀ…!” ਨੂੰਹ ਦਾ ਉੱਤਰ ਸੀ। ਗੀਤ ਵੀ ਉਸ ਨਾਲ਼ ਰਸੋਈ ਵਿਚ ਚੱਕਣ-ਧਰਨ ਕਰਵਾ ਰਹੀ ਸੀ।

    ਗੁਰਿੰਦਰ ਸਹੁਰੇ ਦੇ ਨਾਲ਼ ਗੱਲੀਂ ਲੱਗਿਆ ਹੋਇਆ ਸੀ।

    -“ਜੰਟਾ ਆਇਆ ਤਾਂ ਨ੍ਹੀ ਘਰ, ਬਾਪੂ ਜੀ…?”

    -“ਕਾਹਨੂੰ ਆਇਐ ਖ਼ਸਮਾਂ ਨੂੰ ਖਾਣਾ…! ਸੂਲ਼ੀ ਟੰਗੇ ਪਏ ਐਂ ਕੰਜਰ ਦੇ ਪੁੱਤ ਨੇ..! ਗਿੱਲਾਂ ਦੇ ਖੇਤ ਈ ਦਾਰੂ ਨਾਲ਼ ਰੱਜ ਕੇ ਪਿਆ ਰਹਿੰਦੈ…!”

    -“ਕੋਈ ਗੱਲ ਨੀ, ਬਾਪੂ ਜੀ…! ਝੋਰਾ ਨਾ ਕਰੋ…! ਸਾਰਾ ਕੁਛ ਠੀਕ ਹੋ ਜਾਊਗਾ…! ਰੱਬ ਦੇ ਘਰ ਦੇਰ ਐ, ‘ਨ੍ਹੇਰ ਨ੍ਹੀ…! ਧਹੱਮਲ ਰੱਖੋ…! ਮੇਰੀ ਅੱਜ ਦੀ ਗੱਲ ਯਾਦ ਰੱਖਿਓ, ਇਹ ਤਾਂ ਲੋਕਾਂ ਨੂੰ ਦਾਰੂ ਛੱਡਣ ਦਾ ਉਪਦੇਸ਼ ਦਿਆ ਕਰੂਗਾ…!”

    -“ਵੇ ਪੁੱਤ ਤੇਰੇ ਮੂੰਹ ਘਿਉ ਸ਼ੱਕਰ…! ਮੈਂ ਤਾਂ ਤੇਰੇ ਪੈਰ ਧੋ-ਧੋ ਕੇ ਪੀਊਂਗੀ, ਪੁੱਤ ਮੇਰਿਆ…! ਕਿੰਨਾਂ ਤੂੰ ਸਾਡੇ ਟੱਬਰ ਦੇ ਭਲੇ ਬਾਰੇ ਸੋਚਦੈਂ…!”

    -“ਬੀਜੀ…! ਆਹ ਭਾਰ ਨਾ ਚੜ੍ਹਾਓ…! ਮੈਂ ਥੋਡਾ ਪੁੱਤ ਆਂ, ਬਿਗਾਨਾ ਥੋੜ੍ਹੋ ਆਂ…? ਜੇ ਮੈਂ ਨਾ ਸੋਚੂੰਗਾ, ਤਾਂ ਹੋਰ ਕੌਣ ਸੋਚੂਗਾ…? ਜੀਤ ਤਾਂ ਅਜੇ ਨਿਆਣੈ…!”

    ਸ਼ੁਕਰਾਨੇ ਨਾਲ਼ ਝਾਕਦੀ ਸੱਸ ਤੁਰ ਗਈ।

    -“ਉਹ ਰਕਮ ਬੈਂਕ ‘ਚ ਜਮ੍ਹਾਂ ਕਰਵਾ ਦਿੱਤੀ ਸੀ, ਬਾਪੂ ਜੀ…?” ਗੁਰਿੰਦਰ ਅਸਲੀ ਗੱਲ ਵੱਲ ਨੂੰ ਆਇਆ। ਸਹੁਰੇ ਨੂੰ ਉਸ ਨੇ ਗੁੱਝਾ ਪੁੱਛਿਆ ਸੀ।

    -“ਕਾਹਨੂੰ ਸ਼ੇਰਾ…! ਅਜੇ ਤਾਂ ਘਰੇ ਈ ਪਈ ਐ…!” ਬਾਪੂ ਨੇ ਵੀ ਅੱਗਾ-ਪਿੱਛਾ ਦੇਖ ਕੇ ਗੱਲ ਕੀਤੀ, “ਜੇ ਸੱਚ ਗੱਲ ਪੁੱਛਦੈਂ ਤਾਂ ਮੈਨੂੰ ਬੈਂਕ ਵਾਲ਼ਿਆਂ ‘ਤੇ ਵੀ ‘ਤਬਾਰ ਜਿਆ ਨ੍ਹੀ, ਸਾਲ਼ੇ ਵਿਹੁ ਵਰਗੇ ਲੱਗਦੇ ਐ ਮੈਨੂੰ…!”

    -“ਤੁਸੀਂ ਸ਼ਹਿਰ ਮੇਰੇ ਕੋਲ਼ੇ ਆ ਜਾਣਾ ਸੀ…? ਬਥੇਰੇ ਜਾਣੂੰ ਐਂ ਆਪਣੇ ਓਥੇ, ਥੋਡੇ ਨਾਂ ‘ਤੇ ਐਫ਼. ਡੀ. ਕਰਵਾ ਦਿੰਦੇ..? ਨਾਲ਼ੇ ਦੋ-ਢਾਈ ਲੱਖ ਸਾਲ ਦਾ ਵਿਆਜ਼ ਆਇਆ ਕਰੂਗਾ, ਨਹੀਂ ਦੋ-ਢਾਈ ਲੱਖ ਤਾਂ ਵੀਹ ਕਿੱਲਿਆਂ ਆਲ਼ੇ ਜੱਟ ਨੂੰ ਸਾਲ ‘ਚ ਮੁਨਾਫ਼ਾ ਨੀ ਹੁੰਦਾ…!”

    -“ਤੁਸੀਂ ਆਹ ਜੰਟੇ ਦੇ ਉਪਾਅ ਆਲ਼ਾ ਕੰਮ ਕਰ ਲਓ, ਓਸ ਤੋਂ ਬਾਅਦ ਕਰਵਾ ਦਿਆਂਗੇ ਸ਼ੇਰਾ..! ਐਨੀ ਰਕਮ ਨਿੱਤ ਸ਼ਹਿਰ ਚੱਕਦਿਆਂ ਨੂੰ ਵੀ ਡਰ ਆਉਂਦੈ, ਲੁੱਟਾਂ-ਖੋਹਾਂ ਦਿਨ ਦਿਹਾੜੇ ਹੋਈ ਜਾਂਦੀਐਂ, ਦੁਨੀਆਂ ਤਾਂ ਹੱਥਾਂ ‘ਚੋਂ ਬੁਰਕੀ ਖੋਂਹਦੀ ਫ਼ਿਰਦੀ ਐ, ਪਤਾ ਨੀ ਕਿੱਥੋਂ ਐਨੀ ਭੁੱਖ ਆ ਵਸੀ ਲੋਕਾਂ ‘ਚ…!” ਸਿਸਟਮ ਤੋਂ ਅੱਕਿਆ ਬਾਪੂ ਆਪਣੇ ਦੁੱਖ ਰੋਣ ਲੱਗ ਪਿਆ।

    -“ਚਿੰਤਾ ਨਾ ਕਰੋ ਬਾਪੂ ਜੀ, ਸਾਨੂੰ ਆਹ ਕਾਰਜ ਪੂਰਾ ਕਰ ਲੈਣ ਦਿਓ, ਰਕਮ ਆਪਾਂ ਥੋਡੇ ਨਾਂ ‘ਤੇ ਐਫ਼. ਡੀ. ਕਰਵਾ ਦਿਆਂਗੇ…! ਜਿਹੜਾ ਵਿਆਜ਼ ਆਊਗਾ, ਓਹ ਮਾੜੈ…? ਪੰਜੀ-ਪੰਜੀ ਤਾਂ ਸਹਾਈ ਐ…!”

    -“ਗੁਰਿੰਦਰ ਸਿਆਂ…!”

    -“ਹਾਂ ਬਾਪੂ ਜੀ…?”

    -“ਜਿਹੜਾ ਉਪਾਅ ਤੁਸੀਂ ਆਪਣੇ ਜੰਟੇ ਦੀ ਦਾਰੂ ਵਾਸਤੇ ਕਰਨ ਜਾਣੈਂ, ਓਸ ਤਾਂਤਰਿਕ ਨੇ ਅੱਗੇ ਵੀ ਕਿਸੇ ਦੀ ਦਾਰੂ ਛੁਡਵਾਈ ਐ..?” ਬਾਪੂ ਨੇ ਆਪਣੀ ਤਸੱਲੀ ਕਰਨ ਲਈ ਪੁੱਛ ਹੀ ਲਿਆ।

    -“ਉਹ ਤਾਂ ਫ਼ੇਰ ਦਿੰਦੈ ਬੁਲਡੋਜਰ, ਬਾਪੂ ਜੀ…!” ਗੁਰਿੰਦਰ ਹਿੱਕ ਥਾਪੜ ਕੇ ਬੋਲਿਆ, “ਮੇਰਾ ਮਾਸੜ ਸੀ ਨ੍ਹਾਂ..? ਸੁਰਜਣ…!”

    -“ਆਹੋ…!”

    -“ਓਹ ਦੇਖਲੋ ਦਾਰੂ ਦੀ ਪੂਰੀ ਬਾਲਟੀ ਪੀ ਕੇ ਪੈਂਦਾ ਸੀ…!”

    -“ਪਤਾ ਮੈਨੂੰ…!”

    -“ਪੈਂਦਾ ਨੀ, ਪੀ ਕੇ ਲਿਟਦਾ ਸੀ, ਬਾਪੂ ਜੀ…!”

    -“ਹਲਾ…!”

    -“ਲਿਟੇ ਪਏ ਨੂੰ ਉਹਨੂੰ ਖੇਤੋਂ ਟਰਾਲੀ ‘ਤੇ ਲੱਦ ਕੇ ਲਿਆਉਂਦੇ ਸੀ, ਤੇ ਏਸ ਬਾਬੇ ਨੇ ਐਹੋ ਜਿਆ ਉਪਾਅ ਕਰਵਾਇਆ, ਮਰਨ ਤੱਕ ਓਹਨੇ ਦਾਰੂ ਨੂੰ ਹੱਥ ਤੱਕ ਨੀ ਸੀ ਲਾਇਆ, ਨਾਲ਼ੇ ਉਹਦੇ ਆਪਦੇ ਠੇਕੇ ਹੁੰਦੇ ਸੀ ਸ਼ਰਾਬ ਦੇ…!”

    -“ਹਲ੍ਹਾ…? ਫ਼ੇਰ ਤਾਂ ਕਮਾਲ ਦੀ ਗੱਲ ਐ ਬਈ…! ਇਹ ਤਾਂ ਕਰਾਮਾਤ ਐ…!”

    -“ਹਾਂ ਜੀ…!”

    -“ਜੇ ਆਪਣੇ ਆਲ਼ਾ ਜੰਟਾ ਦਾਰੂ ਤੋਂ ਤੌਬਾ ਕਰ’ਲੇ, ਤਾਂ ਨਿਰਾ ਈ ਸੋਨੈਂ…! ਹੋਰ ਕੋਈ ਖੋਟ ਨੀ ਉਹਦੇ ‘ਚ…! ਬੱਸ ਸਹੁਰੇ ਦੀ ਮੱਤ ਦਾਰੂ ਨੇ ਚਰ ਲਈ…! ਡਮਾਕ ਚੱਕ’ਤਾ ਦਿਨ ਰਾਤ ਦੀ ਅੰਨ੍ਹੀ ਦਾਰੂ ਨੇ…!”

    -“ਸਾਰਾ ਕੁਛ ਸਿੱਧਾ ਹੋ’ਜੂ ਬਾਪੂ ਜੀ, ਚਿੰਤਾ ਨਾ ਕਰੋ…!”

    ਤਿੰਨ ਕੁ ਘੰਟੇ ਸੌਂ ਕੇ ਸਾਰੇ ਰਾਤ ਸਾਢੇ ਕੁ ਬਾਰਾਂ ਵਜੇ ਉਠ ਖੜ੍ਹੇ ਹੋਏ।

    ਚਾਹ ਪੀਤੀ ਗਈ।

    ਜੀਤ, ਗੀਤ, ਜੰਟੇ ਦੇ ਘਰਵਾਲ਼ੀ ਜਸਕੀਰਤ, ਗੁਰਿੰਦਰ ਅਤੇ ਗੁਰਿੰਦਰ ਦੀ ਸੱਸ ਤਿਆਰ ਸਨ। ਦੋਨੋ ਬੱਚੇ ਗੀਤ ਅਤੇ ਜਸਕੀਰਤ ਨੇ ਆਪਣੀ ਬੁੱਕਲ਼ ਵਿਚ ਲੈ ਲਏ। ਅੱਧਸੁੱਤੇ ਬੱਚੇ ਨਿੱਕੇ-ਨਿੱਕੇ ਘੁਰਾੜੇ ਮਾਰ ਰਹੇ ਸਨ। ਸੁੱਤੇ ਬੱਚਿਆਂ ਦੇ ਚਿਹਰਿਆਂ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ। ਬਾਪੂ ਚੁੱਪ ਚਾਪ ਰਜਾਈ ਦੱਬੀ ਪਿਆ ਸੀ। ਕਾਰ ‘ਚ ਬਿਠਾ ਕੇ ਗੁਰਿੰਦਰ ਨੇ ਸਭ ਨੂੰ ਤਾਂਤਰਿਕ ਬਾਬੇ ਦਾ ‘ਪ੍ਰਸ਼ਾਦ’ ਦਿੱਤਾ। ਸਭ ਨੇ ਪ੍ਰਸ਼ਾਦ ਮੱਥੇ ਨੂੰ ਲਾ ਕੇ ਖਾ ਲਿਆ।

    ਗੁਰਿੰਦਰ ਨੇ ਕਾਰ ਤੋਰ ਲਈ।

    ਸਾਰਾ ਜੱਗ-ਜਹਾਨ ਨੀਂਦ ਦੀ ਗੋਦ ਵਿਚ ਸੁੱਤਾ ਹੋਇਆ ਸੀ।

    ਕਾਲ਼ੀ ਬੋਲ਼ੀ ਅਤੇ ਛੂਕਦੀ ਹਨ੍ਹੇਰੀ ਰਾਤ ਸੀ।

    ਤਾਰਿਆਂ ਨੂੰ ਕੁੱਛੜ ਚੁੱਕ ਅਸਮਾਨ ਹੱਸ ਰਿਹਾ ਸੀ।

    ਕਾਰ ਅੱਧਾ ਕੁ ਘੰਟਾ ਚੱਲੀ ਅਤੇ ਨਹਿਰ ਦੇ ਕੋਲ਼ ਪਹੁੰਚ ਗਈ।

    ਗੁਰਿੰਦਰ ਦੇ ਦਿੱਤੇ ‘ਪ੍ਰਸ਼ਾਦ’ ਦੇ ਅਸਰ ਕਾਰਨ ਸਾਰੇ ਘੂਕ ਸੌਂ ਗਏ ਸਨ।

    ਬੜੇ ਅਰਾਮ ਨਾਲ਼ ਗੁਰਿੰਦਰ ਨੇ ਕਾਰ ਨਹਿਰ ਦੀ ਛੂਕਦੀ ਝਾਲ ਕੋਲ਼ ਲਿਆ ਖੜ੍ਹੀ ਕੀਤੀ। ਝਾਲ ਕੋਲ਼ ਖੜ੍ਹੇ ਤੋਂ ਦਿਲ ਦਹਿਲਦਾ ਸੀ। ਸਭ ਤੋਂ ਪਹਿਲਾਂ ਉਸ ਨੇ ਬੇਹੋਸ਼ ਹੋਏ ਪਏ ਆਪਣੇ ਛੋਟੇ ਸਾਲ਼ੇ ਜੀਤ ਨੂੰ ਚੁੱਕ ਕੇ ਝਾਲ ਵਿਚ ਸੁੱਟਿਆ ਤਾਂ ਟਿਕੀ ਸੁੱਤੀ ਰਾਤ ਵਿਚ ‘ਗੜ੍ਹੱਭ’ ਦੀ ਅਵਾਜ਼ ਆਈ। ਠਰੀ ਰਾਤ ਵਿਚ ਵੀ ਗੁਰਿੰਦਰ ਦਾ ਬੁਰਾ ਹਾਲ ਸੀ ਅਤੇ ਪਸੀਨਾਂ ਧਾਰ ਬਣ ਕੇ ਉਸ ਦੀਆਂ ਪੁੜਪੁੜੀਆਂ ‘ਚੋਂ ਵਗ ਰਿਹਾ ਸੀ।

    ਫ਼ਿਰ ਉਸ ਨੇ ਦੋਨੋਂ ਬੱਚਿਆਂ ਨੂੰ ਚੁੱਕ ਕੇ ਝਾਲ ਵਿਚ ਪੂਲ਼ੇ ਵਾਂਗ ਚਲਾਵੇਂ ਮਾਰਿਆ। ਉਸ ਦਾ ਚਿਹਰਾ ਪੱਥਰ ਹੋਇਆ ਪਿਆ ਸੀ, ਕੰਨ ਬੋਲ਼ੇ ਸਨ ਅਤੇ ਜ਼ੁਬਾਨ ਤਾਲ਼ੂਏ ਨਾਲ਼ ਲੱਗੀ ਹੋਈ ਸੀ। ਇੱਕ-ਇੱਕ ਕਰ ਕੇ ਉਸ ਨੇ ਕਾਰ ਵਿਚ ਬੈਠੇ ਘਰ ਦੇ ਸਾਰੇ ਜੀਅ ਨਹਿਰ ਵਿਚ ਵਗਾਹ ਮਾਰੇ। ਅਖੀਰ ਵਿਚ ਕਾਰ ਵਿਚੋਂ ਚੁੱਕ ਕੇ ਨਹਿਰ ਵਿਚ ਸੁੱਟੀ ਜਾਣ ਵਾਲ਼ੀ ਉਸ ਦੀ ਆਪਣੀ ਪਤਨੀ ਗੀਤ ਸੀ। ਉਸ ਤੋਂ ਬਾਅਦ ਉਸ ਨੇ ਮੱਛੀਆਂ ਵਾਲ਼ਾ ਦਾਣਾ ਵੀ ਨਹਿਰ ਵਿਚ ਚਲਾ ਮਾਰਿਆ।

    ਜਿੰਨ ਬਣਿਆਂ ਗੁਰਿੰਦਰ ਕਾਰ ਵਿਚ ਬੈਠ ਗਿਆ।

    ਉਸ ਦਾ ਸਰੀਰ ਪਸੀਨੇ ਵਿਚ ਗੜੁੱਚ ਸੀ।

    ਉਹ ਕਮਲ਼ਿਆਂ ਵਾਂਗ ਕਾਰ ਚਲਾ ਰਿਹਾ ਸੀ।

    ਉਸ ਨੂੰ ਕੋਈ ਸੁਰਤ-ਸੰਭਾਲ਼ ਨਹੀਂ ਸੀ।

    ਸਵੇਰ ਤਿੰਨ ਵਜੇ ਦੇ ਕਰੀਬ ਉਸ ਦੀ ਕਾਰ ਸਹੁਰਿਆਂ ਦੇ ਘਰ ਅੱਗੇ ਆ ਖੜ੍ਹੀ। ਗੁਰਿੰਦਰ ਦੇ ਸਿਰ ਨੂੰ ਛੇ ਖ਼ੂਨ ਚੜ੍ਹੇ ਹੋਏ ਸਨ। ਉਸ ਨੂੰ ਕੋਈ ਸੁਰਤ ਨਹੀਂ ਸੀ ਅਤੇ ਉਸ ਦੀਆਂ ਅੱਖਾਂ ਵਿਚੋਂ ਸ਼ੈਤਾਨੀ ਦੀ ਰੱਤ ਚੋਅ ਰਹੀ ਸੀ।

    ਜਦ ਉਹ ਘਰ ਦੇ ਪਿਛਲੇ ਦਰਵਾਜੇ ਰਾਹੀਂ ਅੰਦਰ ਦਾਖ਼ਲ ਹੋਇਆ ਤਾਂ ਉਸ ਦੇ ਦਿਮਾਗ ਨੂੰ ਚੰਡਾਲ ਚੜ੍ਹਿਆ ਹੋਇਆ ਸੀ।

    -“ਦੂਜੇ ਜੀਅ ਨੀ ਆਏ, ਗੁਰਿੰਦਰ ਸਿਆਂ…?” ਰਜਾਈ ਵਿਚ ਪਏ ਸਹੁਰੇ ਨੇ ਬੜੇ ਅਰਾਮ ਨਾਲ਼ ਪੁੱਛਿਆ।

    -“ਉਹ ਤੈਨੂੰ ਬੁਲਾਉਂਦੇ ਐ, ਬਾਪੂ…!” ਤੇ ਉਸ ਨੇ ਹੱਥ ਵਿਚ ਫ਼ੜੀ ਨਾਈਲੋਨ ਦੀ ਰੱਸੀ ਸਹੁਰੇ ਦੇ ਗਲ਼ ਵਿਚ ਫ਼ਾਹੇ ਵਾਂਗ ਪਾ ਲਈ। ਗੁਰਦਿਆਲ ਸਿਉਂ ਦੇ ਗਲ਼ ਨੂੰ ਜਿਵੇਂ ਜਿੰਦਰੇ ਲੱਗ ਗਏ। ਸਾਹ ਨਾ ਤਾਂ ਆ ਰਿਹਾ ਸੀ ਅਤੇ ਨਾ ਜਾ ਰਿਹਾ ਸੀ। ਪਲ ਪਲ ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾ ਰਿਹਾ ਸੀ। ਸਰੀਰ ਸਿੱਥਲ਼ ਹੋ ਰਿਹਾ ਸੀ ਅਤੇ ਹੱਥ ਪੈਰ ਜਵਾਬ ਦੇ ਰਹੇ ਸਨ। ਗੁਰਿੰਦਰ ਨੇ ਉਸ ਨੂੰ ਮੂਧਾ ਸੁੱਟ ਲਿਆ ਅਤੇ ਉਸ ਦੀ ਧੌਣ ‘ਤੇ ਅੱਡੀ ਰੱਖ ਕੇ ਰੱਸੀ ਪੂਰੇ ਤਾਣ ਨਾਲ਼ ਖਿੱਚ ਲਈ। ਮੱਥੇ ਤੋਂ ਪਸੀਨੇ ਦੀ ਧਾਰ ਸਹੁਰੇ ਦੇ ਸਰੀਰ ‘ਤੇ ਡੁੱਲ੍ਹ ਰਹੀ ਸੀ। ਉਹ ਬਚਾਓ ਲਈ ਧੁਰਲੀਆਂ ਜਿਹੀਆਂ ਮਾਰ ਰਿਹਾ ਸੀ, ਪਰ ਜਰਵਾਣੇ ਗੁਰਿੰਦਰ ਦੇ ਕਸਾਓ ਅੱਗੇ ਨਿਰਬਲ ਸਹੁਰੇ ਦਾ ਕੋਈ ਜੋਰ ਨਾ ਚੱਲਿਆ।

    ਅਖ਼ੀਰ ਬਿਰਧ ਗੁਰਦਿਆਲ ਸਿੰਘ ਦੇ ਸਾਹਾਂ ਦੀ ਲੜੀ ਟੁੱਟ ਗਈ।

    ਜਦ ਗੁਰਿੰਦਰ ਦੇ ਹੱਥ ਢਿੱਲੇ ਪਏ ਤਾਂ ਗੁਰਦਿਆਲ ਸਿੰਘ ਮਿੱਟੀ ਦੀ ਬੋਰੀ ਵਾਂਗ ਫ਼ਰਸ਼ ‘ਤੇ ਡਿੱਗਿਆ।

    ਪਰ ਗੁਰਿੰਦਰ ਦੇ ਮੱਥੇ ਤੋਂ ਪਸੀਨੇ ਦੀ ਧਾਰ ਅਜੇ ਵੀ ਬਜ਼ੁਰਗ ਦੀ ਲਾਸ਼ ‘ਤੇ ਡੁੱਲ੍ਹੀ ਜਾ ਰਹੀ ਸੀ ਅਤੇ ਉਸ ਦੇ ਹੱਥ ਤਾਣੀਂ ਵਾਂਗ ਕੰਬੀ ਜਾ ਰਹੇ ਸਨ।

    ਸਹੁਰੇ ਦੀ ਲਾਸ਼ ਨੂੰ ਚੁੱਕ ਕੇ ਉਸ ਨੇ ਕਾਰ ਦੀ ਪਿਛਲੀ ਸੀਟ ‘ਤੇ ਟਿਕਾਅ ਦਿੱਤਾ। ਉਸ ਦੇ ਗੀਝੇ ਵਿਚੋਂ ਅਲਮਾਰੀ ਦੀ ਚਾਬੀ ਕੱਢ, ਚਾਲ਼ੀ ਲੱਖ ਰੁਪਏ ਕੱਢ ਕੇ ਕਾਰ ‘ਚ ਰੱਖ ਲਏ ਅਤੇ ਨਹਿਰ ਵੱਲ ਨੂੰ ਹੀ ਚਾਲੇ ਪਾ ਦਿੱਤੇ।

    ਝਾਲ ਕੋਲ਼ ਪਹੁੰਚਣ ਤੱਕ ਉਸ ਨੂੰ ਸਵੇਰ ਦੇ ਚਾਰ ਵੱਜ ਚੁੱਕੇ ਸਨ।

    ਨਾਲ਼ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਪਵਿੱਤਰ ਗੁਰਬਾਣੀ ਦਾ ਮਿੱਠਾ ਰਾਗ ਛੇੜ ਲਿਆ ਸੀ। ਪਰ ਗੁਰਿੰਦਰ ਦੇ ਕੰਨ ਬੋਲ਼ੇ ਹੋ ਚੁੱਕੇ ਸਨ।

    ਜਲਦੀ ਨਾਲ਼ ਸਹੁਰੇ ਦੀ ਲਾਸ਼ ਨੂੰ ਝਾਲ ਵਿਚ ਸੁੱਟ, ਗੁਰਿੰਦਰ ਨੇ ਆਪਣੀ ਕਾਰ ਦਾ ਮੂੰਹ ਹਿਮਾਚਲ ਪ੍ਰਦੇਸ਼ ਵੱਲ ਨੂੰ ਕਰ ਦਿੱਤਾ।….

    -“ਓਹੋ….!” ਗੱਲ ਸੁਣਦੇ ਨੇਕੇ ਨੇ ਸਿਰ ਫ਼ੇਰਿਆ।

    ਇੱਕ ਸੰਨਾਟਾ ਛਾਇਆ ਹੋਇਆ ਸੀ।

    -“ਫ਼ੇਰ ਪਤਾ ਕਿਵੇਂ ਲੱਗਿਆ ਬਈ ਸਾਰੇ ਟੱਬਰ ਦਾ ਕਤਲ ਜੁਆਈ ਨੇ ਕੀਤੈ…?” ਕਿਸੇ ਅਚੰਭੇ ਵਿਚ ਨੇਕੇ ਦਾ ਮੂੰਹ ਗਿੱਦੜ ਦੀ ਖੱਡ ਵਾਂਗ ਖੁੱਲ੍ਹਾ ਸੀ।

    -“ਜਿਹੜੀ ਉਹਦੇ ਘਰੋਂ ਸੀ ਕੁੜੀ, ਗੀਤ…!”

    -“ਆਹੋ…!”

    -“ਜੀਹਨੂੰ ਰੱਬ ਰੱਖੇ, ਉਹਨੂੰ ਮਾਰੇ ਕੌਣ, ਨੇਕਿਆ…? ਉਹ ਆਬਦੇ ਘਰਆਲ਼ੇ ‘ਤੇ ਵਿਸ਼ਵਾਸ ਨੀ ਸੀ ਕਰਦੀ..! ਉਹਨੇ ਉਹ ਨਸ਼ੀਲਾ ਪ੍ਰਸ਼ਾਦ ਨਾ ਖਾਧਾ, ਤੇ ਜਦੋਂ ਦੁਸ਼ਟ ਨੇ ਸਾਰਾ ਟੱਬਰ ਫ਼ੜ ਫ਼ੜ ਨਹਿਰ ‘ਚ ਸਿੱਟਿਆ ਤਾਂ ਬਾਕੀ ਤਾਂ ਨਸ਼ੇ ‘ਚ ਸੀਗੇ, ਤੇ ਰੁੜ੍ਹਗੇ, ਤੇ ਇਹ ਸੁਰਤ ਸਿਰ ਸੀ, ਤੇ ਇਹ ਕਿਵੇਂ ਨਾ ਕਿਵੇਂ ਨਹਿਰ ‘ਚੋਂ ਬਾਹਰ ਆਗੀ, ਤੇ ਬਾਹਰ ਆ ਕੇ ਰੌਲ਼ਾ ਪਾ ਕੇ ਲੋਕ ‘ਕੱਠੇ ਕਰ ਲਏ…!”

    -“ਪਰ ਸਹੁਰੀ ਨੇ ਓਦੋਂ ਕਿਉਂ ਨਾ ਰੌਲ਼ਾ ਪਾਇਆ, ਜਦੋਂ ਉਹ ਟੱਬਰ ਦੇ ਜੀਆਂ ਨੂੰ ਸਿੱਟਣ ਲੱਗਿਆ ਸੀ…?” ਗੱਲ ਨੇਕੇ ਦੇ ਸੰਘ ਹੇਠ ਉੱਤਰ ਨਹੀਂ ਸੀ ਰਹੀ।

    -“ਵੇ ਨੇਕਿਆ…! ਤੀਮੀਂ-ਮਾਨੀ ਸੀ, ਵਿਚਾਰੀ ਡਰ ਗਈ…! ਇੱਕ ਤਾਂ ਰਾਤ ਦਾ ਟੈਮ, ਡਰਾਉਣੀ ਨਹਿਰ, ਇੱਕ ਸਹਿਮ ਤੇ ਇੱਕ ‘ਕੱਲੀ ਕਾਹਰੀ ਤੀਮੀਂ…! ਚੰਡਾਲ ਬੰਦੇ ਦੇ ਮੂਹਰੇ ਬਿੱਲੀ ਅਰਗੀ ਔਰਤ ਦਾ ਕੀ ਵੱਟੀਦੈ…?

    ਉਹਨੂੰ ਇਹ ਹੋਊ ਬਈ ਜੇ ਇਹਨੂੰ ਮੇਰੇ ਬਾਰੇ ਪਤਾ ਲੱਗ ਗਿਆ ਤਾਂ ਕਿਤੇ ਗਲ਼ ਨਾ ਘੁੱਟ-ਦੇ…!”

    -“ਫ਼ੇਰ ਜੁਆਈ ਨੂੰ ਪੁਲ਼ਸ ਨੇ ਫ਼ੜ ਲਿਆ…?”

    -“ਫ਼ੜਨਾ ਈ ਸੀ…! ਹੋਰ ਉਹਨੂੰ ਔਤਾਂ ਦੇ ਜਾਣੇ ਨੂੰ ਸਿਰੋਪਾ ਦੇਣਾ ਸੀ…? ਉਹਨੂੰ ਵੀ ਫ਼ੜ ਲਿਆ ਤੇ ਚਾਲ਼ੀ ਲੱਖ ਰੁਪਈਆ ਵੀ ਫ਼ੜ ਲਿਆ…!”

    -“ਲੈ ਦੱਸ…? ਕੀ ਫ਼ੈਦਾ ਨਿਕਲ਼ਿਆ…? ਸਾਰੇ ਟੱਬਰ ਦਾ ਸਫ਼ਾਇਆ ਕਰ’ਤਾ ਹਰਾਮਜਾਦੇ ਨੇ…!”

    ਸਾਰੇ ਦੁੱਖ ਵਿਚ ਸਿਰ ਮਾਰ ਰਹੇ ਸਨ।

    PUNJ DARYA

    Leave a Reply

    Latest Posts

    error: Content is protected !!