ਪੈਲੇਸ ਖੋਲ੍ਹੇ ਜਾਣ ਸਬੰਧੀ ਦਿੱਤਾ ਮੰਗ ਪੱਤਰ
ਬਰਨਾਲਾ (ਲਿਆਕਤ ਅਲੀ, ਕਰਨ ਬਾਵਾ)
ਕੋਵਿਡ-19 ਸਦਕਾ ਵਿਆਹਾਂ ਦਾ ਸੀਜ਼ਨ ਜੋ ਪੰਦਰਾਂ ਜੂਨ ਤੱਕ ਹੈ, ਇਸ ਮਹਾਂਮਾਰੀ ਦੀ ਭੇਂਟ ਚੜ• ਗਿਆ ਹੈ। ਪੰਜਾਬ ਸਰਕਾਰ ਨੇ ਭਾਵੇਂ 50 ਬੰੰਦਿਆਂ ਤੱਕ ਸਮਾਗਮਾਂ ਸਮੇਂ ਇਕੱਠ ਕਰਨ ਦਾ ਹੁਕਮ ਦੇ ਦਿੱਤਾ ਹੈ, ਪਰ ਇਸ ਤਪਦੀ ਗਰਮੀ ਵਿੱਚ ਘਰਾਂ ਵਿੱਚ 50 ਬੰਦਿਆਂ ਦਾ ਇਕੱਠ ਵੀ ਪੰਜ ਸੌ ਵਰਗਾ ਜਾਪਦਾ ਹੈ, ਇਸ ਸਮੱਸਿਆ ਨੂੰ ਲੈ ਕੇ ਜ਼ਿਲੇ ਮੈਰਿਜ਼ ਪੈਲੇਸ ਐਸੋਸੀਏਸ਼ਨ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ। ਇਸ ਦੀ ਅਗਵਾਈ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਤੀਸ਼ ਗਰਗ ਨੇ ਕੀਤੀ।
ਉਨਾਂ ਡੀ.ਸੀ. ਸਾਹਿਬ ਨੂੰ ਵਿਸਥਾਰ ਨਾਲ ਦੱਸਿਆ ਕਿ ਜ਼ਿਲੇ ਵਿੱਚ ਲੱਗਭਗ 32 ਪੈਲੇਸ ਹਨ। 15 ਜੂਨ ਤੱਕ ਸੀਜ਼ਨ ਹੋਣ ਸਦਕਾ ਹਰ ਪੈਲੇਸ ਕੋਲ ਚਾਰ ਪੰਜ ਵਿਆਹਾਂ ਦੀ ਬੁਕਿੰਗ ਸੀ। ਇਸ ਬਿਮਾਰੀ ਸਦਕਾ ਇਹ ਸਾਰੀਆਂ ਬੁਕਿੰਗਾਂ ਕੈਂਸਲ ਕਰਨੀਆਂ ਪਈਆਂ। ਸਤੀਸ਼ ਗਰਗ ਨੇ ਕਿਹਾ ਕਿ ਬੇਸ਼ੱਕ ਇਹ ਬਿਮਾਰੀ ਬਹੁਤ ਭਿਆਨਕ ਹੈ ਪਰ ਪੰਜਾਬ ਵਿੱਚ ਕੁੱਝ ਸਮੇਂ ਤੋਂ ਇਸ ਬਿਮਾਰੀ ਦਾ ਕੁੱਝ ਠਹਿਰਾ ਆ ਗਿਆ ਹੈ। ਉਨਾਂ ਦੱਸਿਆ ਕਿ ਕੁੱਝ ਗਵਾਂਢੀ ਸੂਬਿਆਂ ਨੇ ਕੁੱਝ ਸ਼ਰਤਾਂ ਦੀ ਪਾਲਣਾ ਕਰਨ ਉਪਰੰਤ ਵਿਆਹ ਸ਼ਾਦੀਆਂ ਲਈ ਪੈਲੇਸ ਆਦਿ ਖੋਲ• ਦਿੱਤੇ ਹਨ। ਪੈਲੇਸ ਆਮ ਤੌਰ ‘ਤੇ ਖੁੱਲੇ ਡੁੱਲੇ ਹੁੰਦੇ ਹਨ। ਜਿਸ ਸਦਕਾ ਸੋਸ਼ਲ ਡਿਸਟੈਨਸ (ਆਪਸੀ ਦੂਰੀ) ਰੱਖੀ ਜਾ ਸਕਦਾ ਹੈ। ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਗਿੱਲ ਨੇ ਦੱਸਿਆ ਕਿ ਵਿਆਹ ਸ਼ਾਦੀ ਦਾ ਕੰਮ ਅਜਿਹਾ ਹੁੰਦਾ ਹੈ ਜਿਸ ਸਦਕਾ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਉਨਾਂ ਕਿਹਾ ਸਰਕਾਰ ਵੱਲੋਂ ਸ਼ਰਤਾ ਲਾਈਆਂ ਜਾਣਗੀਆਂ ਅਸੀਂ ਉਨਾਂ ਦੇ ਪਾਬੰਦ ਹੋਵਾਂਗੇ। ਇਸ ਵਫ਼ਦ ਵਿੱਚ ਸਤੀਸ਼ ਗਰਗ, ਪਿਆਰਾ ਲਾਲ ਰਾਏਸਰੀਆ, ਮਹਿੰਦਰਪਾਲ ਪੱਖੋ, ਰਿੰਪੀ ਕੈਸ਼ਲ, ਮਹਿੰਦਰ ਗਰੋਵਰ, ਪਰਵਿੰਦਰ ਗਿੱਲ, ਸੁਰਿੰਦਰ ਮਿੱਤਲ ਆਦਿ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਆਏ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੂੰ ਛੇਤੀ ਹੀ ਇਹ ਮੰਗ ਪੱਤਰ ਭੇਜ ਦਿੱਤਾ ਜਾਵੇਗਾ।