15.1 C
United Kingdom
Saturday, June 6, 2026

More

    ‘ਜ਼ਿੰਦਗੀ’

    ਮਨਦੀਪ ਕੌਰ ਭੰਮਰਾ

    ਹੱਥਾਂ ਦੀਆਂ ਲਕੀਰਾਂ ਤੇ ਉਕਰਿਆ
    ਸੱਚ ਸਾਡਾ ਸਦੀਵੀ ਸੱਚ ਨਹੀਂ ਹੁੰਦਾ
    ਸਾਡਾ ਸਦੀਵੀ ਸੱਚ ਤਾਂ ਸਾਡੀ ਸੋਚ
    ਵਿੱਚ ਗੂੜ੍ਹਾ ਉੱਕਰਿਆ ਹੁੰਦਾ ਹੈ
    ਸੋਚ ਜੋ ਸਾਡੇ ਲਹੂ ‘ਚ ਕਸ਼ੀਦ ਹੋ
    ਸਾਡੀਆਂ ਰਗ਼ਾਂ ਵਿੱਚ ਦੌੜਦੀ ਹੈ

    ਇਸੇ ਸੋਚ ਦੀ ਰੌਸ਼ਨੀ ਵਿੱਚ ਕੀਤੀ
    ਜਾਂਦੀ ਸਾਡੀ ਨਿਰੰਤਰ ਸਾਧਨਾ
    ਸਾਡੀ ਜ਼ਿੰਦਗੀ ਦੀ ਗਤੀ ਨੂੰ ਅੱਗੇ
    ਤੋਰਦੀ ਹੈ ਅਤੇ ਇਹੀ ਗਤੀਸ਼ੀਲਤਾ
    ਜਦੋਂ ਨਿਰੰਤਰਤਾ ਵਿੱਚ ਬਦਲਦੀ ਹੈ
    ਤਾਂ ਕਈ ਸੱਚ ਉਜਾਗਰ ਹੁੰਦੇ ਹਨ

    ਸੋਚ ਅਤੇ ਸੱਚ ਦਾ ਸੁਮੇਲ ਜ਼ਿਹਨ ਦੀ
    ਚਮਕ ਦਾ ਸਬੱਬ ਬਣਦਾ ਲਿਸ਼ਕਦਾ ਹੈ
    ਜ਼ਿਹਨ ਨੂੰ ਰੌਸ਼ਨ ਕਰੀ ਰੱਖਦਾ ਹੈ
    ਨਵੀਆਂ ਤਰੰਗਾਂ ਉੱਠਦੀਆਂ ਹਨ
    ਸੀਨੇ ਖਿੱਚ ਪਾਉਂਦੀਆਂ ਹਨ
    ਅਤੇ ਕਿਸਮਤ ਬਣਾਉਂਦੀਆਂ ਹਨ

    ਮੱਥੇ ਵਿੱਚ ਉੱਗੀ ਸੋਚ ਅਤੇ ਘਾਹ
    ਉਗਾਉਣ ਵਿੱਚ ਢੇਰ ਅੰਤਰ ਹੈ
    ਸਫ਼ਲ ਜ਼ਿੰਦਗੀ ਦਾ ਇੱਕ ਮੰਤਰ ਹੈ
    ਵਿਚਾਰਾਂ ਨੂੰ ਸਾਣ ਉੱਪਰ ਲਗਾ ਦਿਓ
    ਜਾਂ ਫਿਰ ਉਮਰ ਭਰ ਆਪ ਸਾਣ
    ਉੱਪਰ ਲੱਗੇ ਰਹਿਣਾ ਸੋਚਣਾ ਤੁਸੀਂ ਹੈ

    ਗੁਰੂ ਦਖਸ਼ਣਾ ਵਿੱਚ ਅੰਗੂਠਾ ਨਾ
    ਦੇਣ ਦਾ ਫੈਸਲਾ ਤੁਹਾਡਾ ਹੋ ਸਕਦਾ ਹੈ
    ਅਕਲੱਵਿਆ ਹੋਣਾ ਤੁਹਾਡਾ ਕਸੂਰ ਨਹੀਂ
    ਦਰੋਣਾਚਾਰਿਆ ਤੁਹਾਡਾ ਗੁਰੂ ਨਹੀਂ
    ਤਾਂ ਕੀ ਹੋਇਆ ਆਪਣੇ ਗੁਰੂ ਆਪ ਬਣੋ
    ਲਕਸ਼ ਨਿਰਧਾਰਿਤ ਕਰੋ ਅਤੇ ਜੁੱਟ ਜਾਓ

    ਹੱਥਾਂ ਦੀਆਂ ਲਕੀਰਾਂ ਬਦਲ ਦਿਓ
    ਘਸ ਵੀ ਜਾਣ ਤਾਂ ਨਾ ਘਬਰਾਓ
    ਚੁਭਦੇ ਅੱਟਣਾਂ ਨੂੰ ਤਰਾਸ਼ੇ ਹੀਰੇ ਸਮਝੋ
    ਅਤੇ ਮੈਲ਼ ਨਾਲ਼ ਭਰੀਆਂ ਲਕੀਰਾਂ ਨੂੰ
    ਸੋਨਤਾਰਾਂ ਜਾਣੋ ਤੇ ਜ਼ਿੰਦਗੀ ਮਾਣੋ
    ਜ਼ਿੰਦਗੀ ਮਾਨਣ ਲਈ ਵੀ ਹੈ

    ਬੱਸ ਮਿਹਨਤ ਦਾ ਹੀ ਮੁੱਲ ਮਿਲ਼ਦਾ ਹੈ
    ਨਸੀਬ ਆਪ ਬਣਾਉਣੇ ਪੈਂਦੇ ਹਨ
    ਨਵੇਂ ਰਾਹ ਆਪ ਲੱਭਣੇ ਪੈਂਦੇ ਹਨ
    ਕੌੜੇ ਅੱਕ ਵੀ ਆਪ ਹੀ ਚੱਬਣੇ ਪੈਂਦੇ ਹਨ
    ਫਿਰ ਰਸ ਆਉਣ ਲੱਗਦਾ ਹੈ ਅਤੇ
    ਜ਼ਿੰਦਗੀ ਜਿਉਣ ਯੋਗ ਹੋ ਜਾਂਦੀ ਹੈ।

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!