ਨਵੀਂ ਦਿੱਲੀ/ਮੁੰਬਈ (ਪੰਜ ਦਰਿਆ ਬਿਊਰੋ)
ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਦੇਸ਼ ਵਿੱਚ ਅੱਜ ਤੋਂ ਘਰੇਲੂ ਉਡਾਣਾਂ ਨਾਲ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ। ਹਾਲਾਂਕਿ ਐਨ ਆਖਰੀ ਮੌਕੇ 82 ਉਡਾਣਾਂ (ਰਵਾਨਗੀ ਤੇ ਆਮਦ ਦੋਵੇਂ) ਰੱਦ ਕੀਤੇ ਜਾਣ ਕਰਕੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਪਰ ਵੱਡੀ ਗਿਣਤੀ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪਿਆ। ਦਿੱਲੀ ਤੋਂ ਪੁਣੇ ਲਈ ਪਹਿਲੀ ਉਡਾਣ ਅੱਜ ਸਵੇਰੇ 4.45 ਵਜੇ ਰਵਾਨਾ ਹੋਈ ਜਦੋਂਕਿ ਅਹਿਮਦਾਬਾਦ ਤੋਂ ਉਡਾਣ ਦਿੱੱਲੀ ਪੁੱਜੀ। ਦੇਸ਼ਵਿਆਪੀ ਲੌਕਡਾਊਨ ਕਰਕੇ ਕਮਰਸ਼ੀਅਲ ਮੁਸਾਫ਼ਰ ਉਡਾਣਾਂ 25 ਮਾਰਚ ਤੋਂ ਬੰਦ ਹਨ। ਇਸ ਦੌਰਾਨ ਮੁੰਬਈ ਦੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੇ ਚੇਨੱਈ ਹਵਾਈ ਅੱਡੇ ’ਤੇ ਆਖਰੀ ਮੌਕੇ ਟਿਕਟਾਂ ਰੱਦ ਕੀਤੇ ਜਾਣ ਕਰਕੇ ਮੁਸਾਫ਼ਰ ਪ੍ਰੇਸ਼ਾਨ ਹੁੰਦੇ ਦਿਸੇ। ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਵੀ ਉਡਾਣਾਂ ਦੀ ਆਵਾਜਾਈ ’ਚ ਵਿਘਨ ਪਿਆ। ਅਸਾਮ, ਗੁਹਾਟੀ ਤੇ ਮਨੀਪੁਰ ਦੇ ਹਵਾਈ ਅੱਡਿਆਂ ’ਤੇ ਉਡਾਣਾਂ ਦੀ ਆਮਦ ਹੋਈ। ਕੋਲਕਾਤਾ ਹਵਾਈ ਅੱਡੇ ਦੇ ਚਾਲੂ ਨਾ ਹੋਣ ਕਰਕੇ ਅਗਰਤਲਾ, ਡਿਬਰੂਗੜ੍ਹ, ਸਿਲਚਰ ਤੇ ਆਇਜ਼ੌਲ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ।
ਦਿੱਲੀ ਹਵਾਈ ਅੱਡੇ ’ਤੇ ਅੱਜ ਉੱਤਰਨ ਵਾਲੇ ਤੇ ਜਾਣ ਵਾਲੀਆਂ 82 ਉਡਾਣਾਂ ਰੱਦ ਕੀਤੇ ਜਾਣ ਨਾਲ ਟਰਮੀਨਲ-3 ’ਤੇ ਯਾਤਰੀਆਂ ਦਾ ਗੁੱਸਾ ਸਿਖਰ ’ਤੇ ਸੀ। ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਉਡਾਣਾਂ ਰੱਦ ਕਰਨ ਬਾਰੇ ਸਮੇਂ ਸਿਰ ਸੂਚਿਤ ਨਹੀਂ ਕੀਤਾ ਗਿਆ। ਉਂਜ ਦਿੱਲੀ ਤੋਂ ਅੱਜ 125 ਉਡਾਣਾਂ ਭੇਜਣ ਤੇ 118 ਦੇ ਆਉਣ ਦੇ ਬੰਦੋਬਸਤ ਕੀਤੇ ਗਏ ਸਨ। ਸਮਾਜਿਕ ਦੂਰੀ ਦੇ ਨੇਮ ਨੂੰ ਸਖ਼ਤੀ ਨਾਲ ਲਾਗੂ ਕਰਨ, ਮੂੰਹ ਉਪਰ ਮਾਸਕ ਤੇ ਹੱਥਾਂ ਵਿੱਚ ਦਸਤਾਨੇ ਪਾ ਕੇ ਹਵਾਈ ਅੱਡੇ ਪੁੱਜਣ ਦੀ ਹਦਾਇਤ ਉਪਰ ਸਬੰਧਤ ਸਟਾਫ਼ ਤੇ ਉਡਾਣ ਅਮਲੇ ਵੱਲੋਂ ਸਖ਼ਤੀ ਵਰਤੀ ਗਈ। ਹਵਾਈ ਅੱਡੇ ’ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਅਮਲੇ ਦੇ ਲੋਕ ਯਾਤਰੀਆਂ ਨੂੰ ਮਾਸਕ/ਦਸਤਾਨੇ ਦਿੰਦੇ ਦਿਖਾਈ ਵੀ ਦਿੱਤੇ। ਕਈਆਂ ਨੇ ਇਹਤਿਆਤ ਵਜੋਂ ਮੂੰਹ ਉਪਰ ਪਲਾਸਟਿਕ ਦੀ ‘ਸ਼ੀਲਡ’ ਵੀ ਪਹਿਨੀ ਹੋਈ ਸੀ। ਉਂਜ ਹਵਾਈ ਅੱਡੇ ਉਪਰ ਮੁਸਾਫ਼ਰਾਂ ਦੀ ਗਿਣਤੀ ਪੱਖੋਂ ਅੱਜ ਸ਼ਾਂਤੀ ਦੇਖੀ ਗਈ, ਕਿਉਂਕਿ ਇਥੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਂਦੇ ਜਾਂਦੇ ਹਨ। ਇਕ ਯਾਤਰੀ ਨੇ ਦੱਸਿਆ ਕਿ ਉਹ ਲੌਕਡਾਊਨ ਦੌਰਾਨ ਜੰਮੂ ਵਿੱਚ ਫਸ ਗਿਆ ਸੀ। ਉਡਾਣਾਂ ਸ਼ੁਰੂ ਹੋਣ ਦਾ ਪਤਾ ਲੱਗਣ ’ਤੇ ਉਸ ਨੇ ਪੱਛਮੀ ਬੰਗਾਲ ਦੇ ਬਾਗਡੋਗਰਾ ਜਾਣ ਲਈ 22 ਮਈ ਨੂੰ ਟਿਕਟ ਬੁੱਕ ਕੀਤੀ। ਉਹ ਵਿਸ਼ੇਸ਼ ਰੇਲਗੱਡੀ ਰਾਹੀਂ ਸਵੇਰੇ 5 ਵਜੇ ਨਵੀਂ ਦਿੱਲੀ ਸਟੇਸ਼ਨ ਪੁੱਜਾ ਤੇ ਉੱਥੋਂ ਕੈਬ ਲੈ ਕੇ ਹਵਾਈ ਅੱਡੇ ਆਇਆ। ਜਦੋਂ ਉਹ ‘ਚੈੱਕਇਨ’ ਕਰਨ ਲੱਗਾ ਤਾਂ ਉਸ ਨੂੰ ਦੱਸਿਆ ਗਿਆ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ।

ਇਸੇ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਰਾਜਾਂ ਵੱਲੋਂ ਹਵਾਈ ਉਡਾਣਾਂ ਦੀ ਆਮਦ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਦਾ ਹਵਾਲਾ ਦਿੱਤੇ ਜਾਣ ਕਰਕੇ ਐਨ ਆਖਰੀ ਮੌਕੇ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਰਾਜਾਂ ਨੇ ਹਾਲਾਂਕਿ ਘਰੇਲੂ ਉਡਾਣਾਂ ਚਲਾਉਣ ਦੇ ਫੈਸਲੇ ਨਾਲ ਪਹਿਲਾਂ ਸਹਿਮਤੀ ਪ੍ਰਗਟਾਈ ਸੀ। ਹਵਾਈ ਅੱਡੇ ’ਤੇ ਖੱਜਲ ਖੁਆਰ ਹੋਣ ਵਾਲਿਆਂ ਵਿੱਚ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਅਨੁਭਵ ਮੋਹੰਤੀ ਵੀ ਸ਼ਾਮਲ ਸਨ। ਉਨ੍ਹਾਂ ਦਿੱਲੀ ਤੋਂ ਭੁਬਨੇਸ਼ਵਰ ਲਈ ਉਡਾਣ ਭਰਨੀ ਸੀ। ਉਹ ਬਜਟ ਸੈਸ਼ਨ ਵਿੱਚ ਹਾਜ਼ਰੀ ਭਰਨ ਲਈ ਦਿੱਲੀ ਆਏ ਸੀ ਤੇ ਉਦੋਂ ਤੋਂ ਇਥੇ ਹਨ।
ਮੁੰਬਈ ਵਿੱਚ ਰਵਾਨਗੀ ਵਾਲੇ ਟਰਮੀਨਲ ’ਤੇ ਮੁਸਾਫ਼ਰਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਮਹਾਰਾਸ਼ਟਰ ਸਰਕਾਰ ਵੱਲੋਂ ਐਨ ਆਖਰੀ ਮੌਕੇ ਕੁੱਲ 50 ਉਡਾਣਾਂ (ਆਮਦ ਤੇ ਰਵਾਨਗੀ ਦੋਵੇਂ) ਚਲਾਉਣ ਦੀ ਖੁੱਲ੍ਹ ਦਿੱਤੇ ਜਾਣ ਕਰਕੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਤੋਂ ਪਹਿਲਾਂ ਹਵਾਈ ਉਡਾਣਾਂ ਚਲਾਉਣ ਲਈ ਵੱਧ ਸਮਾਂ ਦੇਣ ਦੀ ਮੰਗ ਕੀਤੀ ਸੀ। ਬੰਗਲੌਰ ਹਵਾਈ ਅੱਡੇ ’ਤੇ ਨੌਂ ਉਡਾਣਾਂ ਰੱਦ ਕੀਤੀਆਂ ਗਈਆਂ।