ਕਾਰਡ ਧਾਰਕ ਪਰਿਵਾਰਾਂ ਨੂੰ ਪ੍ਰਤੀ ਮੈਂਬਰ 15 ਕਿਲੋ ਕਣਕ ਤੇ ਪ੍ਰਤੀ ਕਾਰਡ 3 ਕਿਲੋ ਦਾਲ ਦਿੱਤੀ ਜਾ ਰਹੀ ਹੈ
ਮੋਗਾ (ਮਿੰਟੂ ਖੁਰਮੀ)

ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਤੱਕ ਪੰਜਾਬ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਵੱਲੋਂ ਵੀ ਕੋਵਿਡ 19 ਤਹਿਤ ਜ਼ਾਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਖ਼ੁਰਾਕ ਸਪਲਾਈ ਵਿਭਾਗ ਮੋਗਾ ਵੱਲੋਂ ‘ਗ਼ਰੀਬ ਕਲਿਆਣ ਅੰਨ ਯੋਜਨਾ’ ਤਹਿਤ ਗ਼ਰੀਬ ਲੋਕਾਂ ਨੂੰ 15 ਕਿੱਲੋ ਪ੍ਰਤੀ ਮੈਂਬਰ ਕਣਕ ਅਤੇ ਪ੍ਰਤੀ ਪਰਿਵਾਰ ਤਿੰਨ ਕਿੱਲੋ ਦਾਲ ਤਿੰਨ ਮਹੀਨਿਆਂ ਲਈ ਮੁਫ਼ਤ ਵੰਡੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਜ਼ਿਲ੍ਹਾ ਮੋਗਾ ਵਿਚ ਕੁੱਲ 1 ਲੱਖ 26 ਹਜ਼ਾਰ 203 ਕਾਰਡ ਧਾਰਕ ਹਨ। ਜਿਨ੍ਹਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਗ਼ਰੀਬ ਲੋਕਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਇਸ ਔਖੀ ਘੜੀ ਵਿਚ ਅਨਾਜ ਤੇ ਦਾਲਾਂ ਵੰਡਣ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕਾਰਡ ਧਾਰਕਾਂ ਨੂੰ ਜ਼ਿਲ੍ਹੇ ਭਰ ਦੇ 504 ਰਾਸ਼ਨ ਡਿਪੂਆਂ ਵਿਖੇ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਸਮਾਰਟ ਕਾਰਡ ਲੈ ਜਾ ਕੇ ਆਪਣੇ ਨੇੜੇ ਦੇ ਡਿਪੂ ਤੋਂ ਆਪਣਾ ਰਾਸ਼ਨ ਲੈਣ।
ਉਹਨਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਈਰਸ ਦੀ ਲਾਗ ਤੋਂ ਬਚਣ ਲਈ ਹੱਥ ਸੈਨੇਟਾਈਜ ਕਰਨ। ਉਹਨਾਂ ਕਿਹਾ ਕਿ ਰਾਸ਼ਨ ਲੈਣ ਸਮੇਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ।