
ਫਗਵਾੜਾ ਬੀ. ਐੱਡ. ਕਾਲਜ ਦੇ ਦਿਨਾਂ ਦੀ ਗੱਲ ਐ। ਕਾਲਜ਼ ਦੇ ਲੋਕ ਗੀਤ ਤੇ ਸਮੂਹ ਗਾਣ ਮੁਕਾਬਲਿਆਂ ਲਈ ਨਗ ਪੂਰੇ ਕਰਨ ਲੱਗੇ ਤਾਂ ਮੇਰਾ ਨਾਂ ਵੀ ਪ੍ਰਵਿੰਦਰ ਮੂਧਲ ਤੇ ਰਾਮ ਲੁਭਾਇਆ ਵਰਗੇ ਫ਼ਨਕਾਰ ਸਾਥੀਆਂ ਨਾਲ ਜੋੜ ਦਿੱਤਾ। ਸੁਲਝੇ ਹਲਵਾਨ ਬਲਦਾਂ ਵਰਗੇ ਕਲਾਕਾਰ ਪ੍ਰਵਿੰਦਰ ਤੇ ਰਾਮ ਨਾਲ ਮੈਨੂੰ ਵੀ ਗਿੱਟੇ ਘੜੀਸ ਘੜੀਸ ਤੁਰਦੇ ਬਲਦ ਵਾਂਗ ਧੱਕੇ ਨਾਲ ਈ ਕੰਨ੍ਹੇ ਹੇਠ ਦੇ ਲਿਆ। ਸਾਡੇ ਨਾਲ ਢੋਲਕ ਵਜਾਉਂਦੇ ਢੋਲਕ ਮਾਸਟਰ ਅਸ਼ੋਕ ਕੁਮਾਰ ਨਾਲ ਭਰਾਵਾਂ ਵਰਗੀ ਸਾਂਝ ਬਣ ਗਈ। ਘਰ ਆਉਣ ਜਾਣ ਬਣ ਗਿਆ। ਅਸ਼ੋਕ ਨੇ ਆਪਣੇ ਘਰ ਮਹਾਂਮਾਈ ਦਾ ਜਗਰਾਤਾ ਕਰਵਾਇਆ ਤਾਂ ਮੈਨੂੰ, ਪ੍ਰਵਿੰਦਰ ਤੇ ਰਾਮ ਨੂੰ ਵੀ ਸੱਦਾ ਦਿੱਤਾ। ਰਾਤ ਨੂੰ ਉਹਨਾਂ ਦੇ ਘਰ ਫਗਵਾੜਾ ਦੇ ਕਾਫੀ ਕਲਾਕਾਰ ਵੀ ਜਗਰਾਤੇ ‘ਤੇ ਪਹੁੰਚੇ। ਮੂੰਹ ਨ੍ਹੇਰੇ ਜਿਹੇ ਅਸੀਂ ਤਿੰਨੇ ਵੀ ਜਾ ਪਹੁੰਚੇ। ਜੈਕਾਰੇ ‘ਤੇ ਜੈਕਾਰਾ ਵੱਜ ਰਿਹਾ ਸੀ। ਅਸ਼ੋਕ ਨੇ ਮਾਈਕ ਫੜ੍ਹ ਕੇ ਸਾਡੀ ਤਿੰਨਾਂ ਦੀ ਜਾਣ ਪਹਿਚਾਣ ਕਰਵਾਈ ਤੇ ਇੱਕ ਕਲਾਕਾਰ ਤੋਂ ਬਾਅਦ ਭੇਂਟ ਰਾਹੀਂ ਹਾਜ਼ਰੀ ਲਗਵਾਉਣ ਲਈ ਸਾਡਾ ਨਾਂ ਵੀ ਬੋਲ ਦਿੱਤਾ। ਜੇਠ ਹਾੜ ਮਹੀਨੇ ਗੜੇਮਾਰ ਹੋ ਗਈ ਸੀ। ਸਾਡੀ ਹਾਲਤ ਓਸ ਤਰ੍ਹਾਂ ਸੀ ਜਿਵੇਂ ਕਿਸੇ ਪੱਕੇ ਅਮਲੀ ਨੂੰ ਕਿਸੇ ਨੇ ਨਹਾਉਣ ਵਾਸਤੇ ਕਹਿ ਦਿੱਤਾ ਹੋਵੇ। ਪ੍ਰਵਿੰਦਰ ਮੇਰੇ ਹੁੱਝ ‘ਤੇ ਹੁੱਝ ਮਾਰੇ ਕਿ ਕਿੱਥੇ ਫਸ ਗਏ?
ਪਰ ਆਪਾਂ ਹੌਸਲਾ ਬਰਕਰਾਰ ਰੱਖਿਆ। ਮੈਂ ਪਹਿਲੇ ਕਲਾਕਾਰ ਦੇ ਭੇਂਟ ਗਾਉਂਦੇ ਗਾਉਂਦੇ ਦੇ ਸਮੇਂ ‘ਚ ਜੇਬ ‘ਚੋਂ ਬੱਸ ਦੀ ਟਿਕਟ ਲੱਭ ਕੇ ਪਿਛਲੇ ਪਾਸੇ ਹੰਸ ਰਾਜ ਹੰਸ ਦਾ ਗੀਤ “ਨਾ ਧੁੱਪ ਰਹਿਣੀ ਨਾ ਛਾਂ ਬੰਦਿਆ” ਲਿਖ ਕੇ ਪ੍ਰਵਿੰਦਰ ਦੀ ਹਥੇਲੀ ‘ਤੇ ਰੱਖ ਦਿੱਤਾ। ਮੈਂ ਬਹੁਤ ਹੱਸਿਆ ਜਦੋਂ ਪ੍ਰਵਿੰਦਰ ਨੇ ਕੰਨ ਕੋਲ ਹੋ ਕੇ ਕਿਹਾ, “ਬਿੱਲਿਆ, ਕੁੱਟ ਨਾ ਪੁਆ ਦੇਵੀਂ। ਹੋਰ ਨਾ ਚਿਮਟੇ ਛੈਣੇ ਆਪਣੇ ‘ਤੇ ਹੀ ਖੜਕਾ ਧਰਨ?” ਪਹਿਲੇ ਕਲਾਕਾਰ ਦੀ ਵਾਰੀ ਖਤਮ ਹੋਈ ਤਾਂ ਮਾਈਕ ਮੇਰੇ ਹੱਥਾਂ ‘ਚ ਸੀ। ਕੇਰਾਂ ਤਾਂ ਜੈਕਾਰਾ ਬੋਲ ਕੇ ਕੰਨਾਂ ਦੇ ਕੀੜੇ ਕੱਢੇ ‘ਤੇ ਬਾਅਦ ‘ਚ ਪ੍ਰਵਚਨ- “ਪਿਆਰੇ ਭਗਤਜਨ ਜੀਓ, ਬੇਸ਼ੱਕ ਮਾਤਾ ਦੀ ਸ਼ੋਭਾ ‘ਚ ਗਾਈਆਂ ਭੇਟਾਂ ਹੋਣ ਤੇ ਚਾਹੇ ਵਾਹਿਗੁਰੂ ਦੇ ਗੁਣਗਾਣ ਦੇ ਸ਼ਬਦ। ਅਸੀਂ ਯਾਦ ਤਾਂ ਇੱਕੋ ਪ੍ਰਭੂ ਪ੍ਰਮਾਤਮਾ ਨੂੰ ਹੀ ਕਰਦੇ ਹਾਂ। ਸੋ ਸਾਡੇ ਵੱਲੋਂ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਵੀ ਭੇਂਟ ਸਮਝ ਕੇ ਕਬੂਲ ਕਰਿਓ।”
ਫੇਰ ਕੀ ਸੀ, ਅਸੀਂ ਤਾਂ ਰਪੀਟ ਕਰ ਕਰ ਕੇ ਗੀਤ ਹੀ ਭੇਂਟ ਬਣਾ ਕੇ ਗਾ ਧਰਿਆ। ਨਵਾਂ ਤਜ਼ਰਬਾ ਕਰਕੇ ਅਸੀਂ ਤਿੰਨੇ ਵੀ ਬਾਗੋਬਾਗ ਤੇ ਭਗਤ-ਜਨ ਵੀ।
-ਮਨਦੀਪ ਖੁਰਮੀ ਹਿੰਮਤਪੁਰਾ