ਹਰਪ੍ਰੀਤ ਸਿੰਘ ਲਲਤੋਂ
ਰਾਤੀ ਖਵਾਬ ਵਿੱਚ ਚਿੜੀਆਂ ਦਾ ਚੰਬਾ ਤੱਕਿਆ,
ਗੱਲਬਾਤ ਕੀਤੇ ਬਿਨ ਮੈਂ ਨਾ ਰਹਿ ਸਕਿਆ।
ਕਿੱਥੇ ਤੁਸੀਂ ਭਰ ਲਈ ਉਡਾਰ ਦੱਸਿਓੁ,
ਐਵੇਂ ਕੋਈ ਛੱਡੇ ਨਾ ਘਰ ਬਾਰ ਦੱਸਿਓੁ।
ਹਰ ਬੱਚਾ ਰਿਹਾ ਥੋਨੂੰ ਪਿਆਰ ਕਰਦਾ,
ਖਿਲਾਰ ਟੋਕਰੇ ਹੇਠ ਦਾਣੇ ਰਿਹਾ ਥੋਨੂੰ ਫੜ੍ਹਦਾ।
ਪਾਏ ਆਲਣੇ ਹੁੰਦੇ ਸੀ ਵਿੱਚ ਛੱਤ ਦੇ,
ਬੱਚੇ ਹੁੰਦੇ ਸੀ ਬੱਚਿਆਂ ਨੂੰ ਤੱਕਦੇ।
ਮੈਂ ਨਿੱਕੀ ਨਿੱਕੀ ਜਦੋਂ ਸੀ ਪਲਾਂਘ ਪੱਟਦਾ ,
ਵੇਖ ਵੇਖ ਥੋਨੂੰ ਮੈਂ ਸੀ ਹੱਸਦਾ।
ਕਿਵੇਂ ਕਰਾਂ ਮੈਂ ਬਿਆਨ ਉਸ ਰੱਸਦਾ ,
ਥੋਨੂੰ ਫੜਨ ਲਈ ਸੀ ਪਿੱਛੇ -੨ਨੱਸਦਾ।
ਕਲੇਜਾ ਚੀਰ ਗਏ ਬੋਲ ਉਹਨੇ ਐਸੇ ਬੋਲ ਦਿੱਤੇ,
ਕੋਣ ਜਿੰਮੇਵਾਰ ਕੱਲੇ ਕੱਲੇ ਦੇ ਪੋਤੜੇ ਫਰੋਲ ਦਿੱਤੇ।
ਕਿੱਥੇ ਰਹਿ ਕੇ ਅਸੀਂ ਸੀ ਬੱਚੇ ਪਾਲਣੇ,
ਤੁਸੀਂ ਕੱਟ ਦਿੱਤੇ ਰੁੱਖ ਕਿੱਥੇ ਪਾਉਦੀਂਆਂ ਆਲਣੇ।
ਬਾਲਿਆਂ ਦੀ ਛੱਤ ਕੋਈ ਛੱਤਦਾ ਨਹੀ,
ਮੋਰੀ ਵੀ ਕੋਈ ਘਰ ਵਿੱਚ ਰੱਖਦਾ ਨਹੀ।
ਦਾਣੇ ਦੀ ਚੋਗ ਨਾ ਕੋਈ ਖਿਲਾਰਦਾ,
ਬੱਚਾ ਨਾ ਕੋਈ ਹੁਣ ਸਾਨੂੰ ਆਵਾਜ ਮਾਰਦਾ।
ਟਾਵਰਾਂ ਚੋਂ ਕਿਰਨਾ ਜੋ ਆਉਂਦੀਆਂ ਬਾਹਰ ਨੇ,
ਪਤਾ ਨਹੀ ਇਨਾਂ ,ਕਿੰਨੇ ਪੰਛੀ ਦਿੱਤੇ ਮਾਰ ਨੇ।
ਪੀਣ ਦੇ ਲਈ ਪਾਣੀ ਦੀ ਸੀ ਪੈ ਗਈ ਘਾਟ ਬੜੀ,
ਚੋਗ ਚੁਗਣ ਲਈ ਉਡਣੀ ਪੈਂਦੀ ਸੀ ਸਾਨੂੰ ਵਾਟ ਬੜੀ।
ਰਹਿਣ ਲਈ ਥਾਂ ਲੱਗਿਆ ,ਜਿਹੜਾ ਸਾਨੂੰ ਸੁੱਖ ਭਰਿਆ
ਅਸੀਂ ਨਾ ਚਾਹੁੰਦੇ ਵੀ ,ਫੇਰ ਉੱਧਰ ਨੂੰ ਰੁੱਖ ਕਰਿਆ ।
ਨਸ਼ਲ ਖਤਮ ਕਰ ਦੇਣੀ ਸੀ ਸਾਡੀ ,ਇਨਸਾਨਾ ਨੇ,
ਲਲਤੋਂ ਸਾਨੂੰ ਵੀ ਤੇ ਆਪਣੀਆਂ ਪਿਆਰੀਆਂ ਜਾਨਾਂ ਨੇ।