ਮਨਦੀਪ ਕੌਰ ਭੰਮਰਾ
ਜਿੰਦ ਮਲੂਕ ਤੇ ਤਿੱਖੜ ਪੈਂਡਾ ਵਾਟ ਲੰਮੇਰੀ ਮਾਹੀ ਵੇ
ਆ ਸੱਜਣਾਂ ਇਸ ਪਾਰ ਮਿਲੇਂਦੇ ਆ ਮਿਲ਼ ਮਾਹੀ ਵੇ
ਯਾਦ ਤੇਰੀ ਦੀ ਪੂਣੀ ਕੱਤਾਂ ਜਿੰਦ ਦਾ ਚਰਖਾ ਡਾਹਾਂ
ਆ ਮਿਲ਼ ਮੇਰੇ ਕੰਤ ਸੁਹੇਲੇ ਮੇਰੇ ਆ ਮਿਲ਼ ਮਾਹੀ ਵੇ
ਰੁੱਤ ਮਿਲਾਪ ਦੀ ਆਈ ਆ ਗਲ਼ ਲੱਗ ਮੇਰੇ ਸਾਈਂ
ਪ੍ਰੀਤ ਤੇਰੀ ਦਾ ਮੈਂ ਓਢਣ ਪਾਵਾਂ ਆ ਮਿਲ਼ ਮਾਹੀ ਵੇ
ਪ੍ਰੇਮ ਪੁਜਾਰਨ ਮੈਂ ਤੇਰੀ ਮਾਹੀ ਤੂੰ ਸਿਰਨਾਵਾਂ ਮੇਰਾ
ਮੁੱਢ ਕਦੀਮਾਂ ਦੀ ਖੜ੍ਹੀ ਉਡੀਕਾਂ ਆ ਮਿਲ਼ ਮਾਹੀ ਵੇ
ਚੰਨ ਨਾਲ਼ੋਂ ਸੁਹਣਾ ਤੇਰਾ ਮੁੱਖੜਾ ਮੈ ਕਾਲ਼ੀ ਕੋਇਲ
ਹੁਸਨਾਂ ਦੇ ਮਾਲਕਾ ਮਾਹੀ ਮੇਰੇ ਆ ਮਿਲ਼ ਮਾਹੀ ਵੇ
ਚਿਰੀ ਵਿਛੁੰਨੀ ਰੂਹ ਮੇਰੀ ਤੈਥੋਂ ਹੁਣ ਤੜਪਦੀ ਆ
ਕਿੱਥੇ ਤੂੰ ਰਹਿੰਨੈ ਰੂਹ ਦੇ ਜਾਨੀ ਆ ਮਿਲ਼ ਮਾਹੀ ਵੇ
ਨੂਰਾਂ ਦਾ ਚਸ਼ਮਾ ਨਿਰਾ ਹੀ ਨੂਰ ਏਂ ਮੈਂ ਜਾਨਣੀ ਆਂ
ਨੂਰ ਨਾਲ਼ ਮਿਲ਼ਾਂ ਨੂਰ ਹੋ ਜਾਵਾਂ ਆ ਮਿਲ਼ ਮਾਹੀ ਵੇ!
-ਮਨਦੀਪ ਕੌਰ ਭੰਮਰਾ