3.8 C
United Kingdom
Friday, March 6, 2026

More

    ਅਰਵਿੰਦਰ ਭਲਵਾਨ ਦੀ ਮੌਤ ‘ਤੇ ਖਿਡਾਰੀਆਂ ਤੋਂ ਨੇਤਾ ਬਣਿਆਂ ਦੀ ਚੁੱਪ???

    ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ
    ਕਾਨੂੰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨਾ ਹਰ ਇਨਸਾਨ ਦਾ ਆਪਣਾ ਮੁਢਲਾ ਫਰਜ਼ ਹੈ ਭਾਵੇਂ ਉਹ ਕੋਈ ਕਿੰਨੇ ਵੱਡੇ ਰੁਤਬੇ ਤੇ ਕਿਉਂ ਨਾ ਹੋਵੇ ਜਾਂ ਉਹ ਆਮ ਇਨਸਾਨ ਹੋਵੇ ਜੋ ਕਾਨੂੰਨ ਅਤੇ ਅਨੁਸ਼ਾਸਨ ਦੀ ਓਲੰਘਣਾ ਕਰੇਗਾ ਉਹ ਸਜ਼ਾ ਦਾ ਭਾਗੀਦਾਰ ਹੋਵੇਗਾ ।
    ਇੱਕ ਪੁਲੀਸ ਮੁਲਾਜ਼ਮ ਨਾਲ ਜਿਆਦਤੀ ਹੋਈ ਜਦੋੰ ਨਿਹੰਗ ਸਿੰਘਾ ਹੱਥ ਵੱਢਿਆ ਸਾਰਾ ਪੰਜਾਬ ਦਾ ਪ੍ਰਸ਼ਾਸਨ ਹੱਲਿਆਂ, ਮੁੱਖ ਮੰਤਰੀ, ਡੀਜੀਪੀ ਹੋਰ ਉੱਚ ਅਧਿਕਾਰੀਆਂ ਪੂਰੀ ਹਮਦਰਦੀ ਪੁਲਿਸ ਮੁਲਾਜ਼ਮ ਨਾਲ ਦਿਖਾਈ, ਕਾਨੂੰਨ ਮੁਤਾਬਕ ਦੋਸ਼ੀ ਜੇਲ ਅੰਦਰ ਗਏ, ਪੀੜਤ ਮੁਲਾਜ਼ਮ ਦੀ ਹੌਸਲਾ ਅਫਜ਼ਾਈ ਲਈ ਪੂਰੇ ਪੰਜਾਬ ਪੁਲਿਸ ਨੇ ਆਪਣੀ ਜੇਬ ਉੱਤੇ” ਮੈਂ ਹਰਜੀਤ ਸਿੰਘ ਹਾਂ “ਲਾਕੇ ਉਸ ਨੂੰ ਸਲੂਟ ਕੀਤਾ ਕੋਈ ਮਾੜੀ ਗੱਲ ਨਹੀਂ ਕੀਤੀ ਪੂਰੀ ਪੰਜਾਬ ਪੁਲੀਸ ਨੇ ਇਨਸਾਨੀਅਤ ਵਾਲਾ ਦਾ ਫਰਜ਼ ਨਿਭਾਇਆ।ਪੰਜਾਬ ਸਰਕਾਰ ਨੇ ਵੀ ਮੁਲਾਜ਼ਮ ਹਰਜੀਤ ਸਿੰਘ ਨੂੰ ਪੰਜਾਹ ਲੱਖ ਦੀ ਸਹਾਇਤਾ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਉਸ ਨੂੰ ਤਰੱਕੀ ਦਿੱਤੀ ਪਰ ਉਸ ਤੋਂ ਥੋੜੇ ਦਿਨ ਬਾਅਦ ਇੱਕ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਲੱਖਣ ਕੇ ਪੱਡਾ ਦਾ ਇੱਕ ਪੁਲੀਸ ਮੁਲਾਜ਼ਮ ਹੱਥੋ ਦਿਨ ਦਿਹਾੜੇ ਕਤਲ ਹੁੰਦਾ ਹੈ ਬਿਨਾਂ ਸ਼ੱਕ ਦੋਸ਼ੀ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਈ ਪਰ ਕਿੱਥੇ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦਾ ਇਨਸਾਨੀਅਤ ਵਾਲਾ ਫਰਜ਼ ਫਿਰ ਕਿਸੇ ਨੇ ਕਿਉਂ ਨਹੀਂ ਲਿਖਿਆ ਕਿ ਮੈਂ ਅਰਵਿੰਦਰ ਸਿੰਘ ਲੱਖਣ ਪੱਡਾ ਹਾਂ ਕਿੱਥੇ ਗਿਆ ਮੁੱਖ ਮੰਤਰੀ ਅਤੇ ਡੀਜੀਪੀ ਦਾ ਹਮਦਰਦੀ ਵੱਲੋਂ ਟਵੀਟ ਕਿੱਥੇ ਗਏ ਸਹਾਇਤਾ ਦੇ ਐਲਾਨ ਫਰਕ ਇੰਨਾ ਸੀ ਕਿ ਓੁਹ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਅਰਵਿੰਦਰ ਸਿੰਘ ਲੱਖਾਂ ਵੱਡਾ ਇੱਕ ਆਮ ਮਾਂ ਦਾ ਪੁੱਤ ਸੀ ਖਿਡਾਰੀਆਂ ਦੀ ਕਦਰ ਇਸ ਦੇਸ਼ ਵਿੱਚ ਇਸ ਰਾਜ ਵਿੱਚ ਕਿੰਨੀ ਕੁ ਹੈ ਆਪਾਂ ਸਭ ਨੂੰ ਪਤਾ ਹੀ ਹੈ ਚਲੋ ਮੁੱਖ ਮੰਤਰੀ ਤੋਂ ,ਡੀਜੀਪੀ ਤੋਂ ਜਾਂ ਹੋਰ ਰਾਜਨੀਤਕ ਲੋਕਾਂ ਤੋਂ ਆਸ ਰੱਖਣੀ ਸਾਡੇ ਮੂਰਖਤਾਈ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਖਿਡਾਰੀ ਤੋਂ ਉੱਘੇ ਸਿਆਸਦਾਨ ਬਣੇ ਜੋ ਇਸ ਵਕਤ ਰਾਜ ਭਾਗ ਦਾ ਇੱਕ ਹਿੱਸਾ ਵੀ ਹਨ ਇਸ ਤੋਂ ਵੱਧ ਹੋ ਨਹੀਂ ਸਕਦਾ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਜੋ ਆਪਣੇ ਸਮੇਂ ਦੇ ਨਾਮੀ ਖਿਡਾਰੀ ਰਹੇ ਹਨ ਅਤੇ ਏਸ਼ੀਅਨ ਖੇਡਾਂ ਦੀ ਪ੍ਰਤੀਨਿਧਤਾ ਕੀਤੀ ਹੈ ਅੱਜ ਉਹ ਪੰਜਾਬ ਦੀਆਂ ਖੇਡਾਂ ਦੇ ਰਹਿਬਰ ਹਨ ਕਿ ਉਨ੍ਹਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪੱਡਾ ਦੇ ਪਰਿਵਾਰ ਦੀ ਸਾਰ ਲੈਂਦੇ ਪਰਵਾਰ ਨਾਲ ਦੁੱਖ ਸਾਂਝਾ ਕਰਦੇ । ਜਦੋਂ ਵੀ ਦੇਖੋ ਜਿੱਥੇ ਵੀ ਦੇਖੋ ਕ੍ਰਿਕਟਰ ਨਵਜੋਤ ਸਿੱਧੂ ਕਦੇ ਸਰਕਾਰ ਦੀਆਂ ਵੱਖੀਆਂ ਓੁਧੇੜ ਦਾ ,ਕਦੇ ਬਾਦਲਾਂ ਦੇ ਪੋਲ ਖੋਲ੍ਹਦਾ ‘ਕਦੇ ਜਿੱਤੇਗਾ ਪੰਜਾਬ ਦੀ ਗੱਲ ਕਰਦਾ ,ਕਦੇ ਪੰਜਾਬ ਲਈ ਇਨਸਾਫ਼ ਦੀ ਗੱਲ ਕਰਦਾ ਪਰ ਜਦੋ ਨਸ਼ੇ ਦੇ ਤਸਕਰਾਂ ਨੇ ਇੱਕ ਬੇਕਸੂਰ ਹੋਣਹਾਰ ਕਬੱਡੀ ਖਿਡਾਰੀ ਦੀ ਮੌਤ ਦਾ ਭਾਂਡਾ ਇੱਕ ਪਿੰਡ ਦੇ ਚੁਰਾਹੇ ਵਿੱਚ ਭੰਨਿਆ ਤੇ ਫਿਰ ਨਵਜੋਤ ਸਿੱਧੂ ਦੀ ਜ਼ਮਾਨ ਨੂੰ ਕੀ ਦੰਦਲ ਪੈ ਗਈ । ਓਲੰਪੀਅਨ ਪ੍ਰਗਟ ਸਿੰਘ ਜੋ ਖੇਡਾਂ ਅਤੇ ਪੰਜਾਬ ਦੇ ਹਿਤਾਂ ਦੀ ਗੱਲ ਠੋਕ ਕੇ ਕਰਨ ਜਾਣਦਾ ਅਤੇ ਕਰਦਾ ਵੀ ਹੈ ਕਿ ਉਸ ਨੂੰ ਕਬੱਡੀ ਵਾਲੇ ਅਰਵਿੰਦਰ ਦੀ ਮੌਤ ਦੀ ਅਜੇ ਭੈਣਕ ਹੀ ਨਹੀਂ ਪਈ ਜੇ ਖੇਡਾਂ ਦੇ ਤਿੰਨ ਰਖਵਾਲੇ ਜੋ ਸਰਕਾਰ ਦਾ ਇੱਕ ਹਿੱਸਾ ਹਨ ਇਹ ਅਰਵਿੰਦਰ ਦੀ ਮੌਤ ਨੂੰ ਪਰਿਵਾਰ ਲਈ ਇਨਸਾਫ ਅਤੇ ਵਿੱਤੀ ਸਹਾਇਤਾ ਦੀ ਆਵਾਜ਼ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਨਹੀਂ ਸਕਦੇ ਫਿੱਟੇ ਮੂੰਹ ਹੈ ਇਨ੍ਹਾਂ ਖੇਡਾਂ ਦੇ ਰਖਵਾਲੇ ਰਾਜਨੀਤਕ ਲੋਕਾਂ ਨੂੰ ਅਤੇ ਲਾਹਨਤ ਹੈ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਵੋਟਾਂ ਪਾ ਕੇ ਇਨ੍ਹਾਂ ਲੋਕਾਂ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਚੁਣਕੇ ਭੇਜਿਆ ਹੈ ਪੰਜਾਬ ਪੁਲੀਸ ਦੇ ਵਿੱਚ 50 ਪ੍ਰਤੀਸ਼ਤ ਡੀਐਸਪੀ ਅਤੇ ਐਸਪੀ ਰੈਂਕ ਦੇ ਅਧਿਕਾਰੀ ਖੇਡਾਂ ਨਾਲ ਸਬੰਧਤ ਹਨ ਜੋ ਆਪਣੀਆਂ ਖੇਡ ਪ੍ਰਾਪਤੀਆਂ ਸਦਕਾ ਭਰਤੀ ਹੋਏ ਹਨ ਉਨ੍ਹਾਂ ਵਿੱਚੋਂ ਕਿਸੇ ਇਕ ਨੇ ਵੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਹੱਕ ਵਿਚ ਹਾਂ ਦਾ ਨਾਅਰਾ ਨਹੀਂ ਮਾਰਿਆ ਹੁਣ ਕਿਸੇ ਨੇ ਕਿਉਂ ਨਹੀਂ ਲਿਖਿਆ ਕਿ ਮੈਂ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਹਾਂ ਜਦਕਿ ਮੈਂ ਹਰਜੀਤ ਸਿੰਘ ਹਾਂ ਸਾਰਿਆਂ ਨੇ ਲਿਖਿਆ ਜੇ ਅਰਵਿੰਦਰ ਸਿੰਘ ਨਹੀਂ ਲਿਖਣਾ ਤਾਂ ਘੱਟੋ ਘੱਟ ਜੋ ਕਾਤਲ ਹੈ ਪੰਮਾ ਥਾਣੇਦਾਰ ਕਿ ਮੈਂ ਪਰਮਜੀਤ ਸਿੰਘ ਕਾਤਲ ਥਾਣੇਦਾਰ ਹਾਂ ਹੀ ਲਿਖ ਲਓ ਘੱਟੋ ਘੱਟ ਪੰਜਾਬ ਦੇ ਲੋਕ ਇਹ ਤਾਂ ਸਬਰ ਕਰ ਲੈਣਗੇ ਕਿ ਜਿਸ ਤਰ੍ਹਾਂ ਪਹਿਲਾਂ ਪੁਲੀਸ ਵਾਲਿਆਂ ਨੇ ਮਾਵਾਂ ਦੇ ਪੁੱਤ ਖਪਾਏ ਹਨ ਤੇ ਇੱਕ ਹੋਰ ਚਲੇ ਗਿਆ ਉਹਦਾ ਵੀ ਭਾਣਾ ਮੰਨ ਲੈਣਗੇ
    ਲੋਕਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਰਾਜਨੀਤਕ ਹਿੱਤਾਂ ਤੋਂ ਪਰੇ ਹੱਟ ਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਜਿਨ੍ਹਾਂ ਨੇ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਾਤਲਾਂ ਖਿਲਾਫ ਘੱਟੋ ਘੱਟ ਆਵਾਜ਼ ਤਾਂ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪਰਿਵਾਰ ਲਈ ਇਨਸਾਫ਼ ਦੀ ਗੁਹਾਰ ਪਾਈ ਹੈ ਇਸ ਤੋਂ ਇਲਾਵਾ ਕਈ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਖੇਡ ਪ੍ਰਮੋਟਰਾਂ ਨੇ ਪਰਿਵਾਰ ਦੀ ਮੱਦਦ ਕੀਤੀ ਹੈ ਰਾਜਨੀਤਕ ਲੋਕਾਂ ਅਤੇ ਸਮੇਂ ਦੀਆਂ ਸਰਕਾਰਾਂ ਤਾਂ ਖਿਡਾਰੀਆਂ ਪ੍ਰਤੀ ਇਹ ਨਿਕੰਮਾਪਣ ਹਮੇਸ਼ਾ ਹੀ ਦਿਖਾਉਂਦੀਆਂ ਹਨ ਪਰ ਜਿਨ੍ਹਾਂ ਤੇ ਸਾਨੂੰ ਵੱਡੀ ਆਸ ਸੀ ਜਿਨ੍ਹਾਂ ਨੂੰ ਅਸੀਂ ਆਪਣੇ ,ਖੇਡਾਂ ਅਤੇ ਖਿਡਾਰੀਆਂ ਦੇ ਰਖਵਾਲੇ ਸਮਝਦੇ ਹਾਂ ਜੇਕਰ ਉਹ ਵੀ ਖਿਡਾਰੀਆਂ ਦੇ ਹਿੱਤਾਂ ਦੀ ਗੱਲ ਨਹੀਂ ਕਰਦੇ ਤਾਂ ਫੇਰ ਹੁਣ ਕਿਸ ਤੇ ਅਾਸ ਕਰੀਏ, ਕਿਹੜੇ ਢੱਠੇ ਖੁੂਹ ਜਾ ਕੇ ਇਨਸਾਫ ਮੰਗੀਏ ।ਅਰਵਿੰਦਰਜੀਤ ਸਿੰਘ ਲੱਖਣ ਕੇ ਪੱਡਾ ਕਬੱਡੀ ਦਾ ਇੱਕ ਉੱਭਰਦਾ ਖਿਡਾਰੀ ਹੈ ਪਰ ਇੱਥੇ ਤਾਂ ਦੁਨੀਆਂ ਦਾ ਖੇਡ ਰਤਨ ਭਾਰਤੀ ਹਾਕੀ ਦਾ ਪਹਿਲਾ ਸਿੱਖ ਕਪਤਾਨ ਤਿੰਨ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਬਲਬੀਰ ਸਿੰਘ ਸੀਨੀਅਰ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰ ਹਾਰ ਗਿਆ ਪਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜਿਉਂਦੇ ਜੀ ਉਨ੍ਹਾਂ ਦੀ ਖ਼ਬਰ ਲੈਣ ਵੀ ਨਹੀਂ ਗਿਆ ਹੁਣ ਬਲਬੀਰ ਸਿੰਘ ਸੀਨੀਅਰ ਦੀ ਮੌਤ ਤੋਂ ਬਾਅਦ ਇਹ ਰਾਜਸੀ ਲੋਕ ਮਗਰਮੱਛ ਦੇ ਹੰਝੂ ਬਥੇਰੇ ਵਹਾਉਣਗੇ ਉਨ੍ਹਾਂ ਦੀ ਯਾਦਗਾਰ ਬਣਾਉਣ ਦੇ ਵੱਡੇ ਵੱਡੇ ਐਲਾਨ ਕਰਨਗੇ ਪਰ ਫਿਰ ਅਮਲੀ ਜਾਮਾ ਕੁਝ ਨਹੀਂ ਹੋਣਾ ਇੱਥੇ ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ ਮੋਇਆਂ ਦੇ ਮੇਲੇ ਲਗਾ ਕੇ ਵੋਟਾਂ ਦੀ ਰਾਜਨੀਤੀ ਜ਼ਰੂਰ ਕਰਦੇ ਹਨ ਜੇਕਰ ਪੰਜਾਬ ਸਰਕਾਰ ਨੂੰ ਥੋੜ੍ਹੀ ਬਹੁਤੀ ਖੇਡਾਂ ਪ੍ਰਤੀ ਜਾਂ ਖਿਡਾਰੀਆਂ ਪ੍ਰਤੀ ਹਮਦਰਦੀ ਹੈ ਤਾਂ ਦਿਨ ਦਿਹਾੜੇ ਕਤਲ ਹੋਏ ਪਹਿਲਵਾਨ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਲੱਖਣ ਕੇ ਪੱਡਾ ਨੂੰ ਇੱਕ ਕਰੋੜ ਦੀ ਸਹਾਇਤਾ ਅਤੇ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਲਬੀਰ ਸਿੰਘ ਸੀਨੀਅਰ ਦੀ ਉਸ ਦੇ ਰੁਤਬੇ ਮੁਤਾਬਕ ਸਹਾਇਤਾ ਕੀਤੀ ਜਾਵੇ ਤੇ ਉਸ ਨੂੰ ਬਣਦਾ ਸਨਮਾਨ ਦਿੱਤਾ ਜਾਵੇ । ਸਰਕਾਰਾਂ ਦੇ ਮਾੜੇ ਸਿਸਟਮ ਦੇ ਖਿਲਾਫ ਹੋ ਰਹੀ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਅਤੇ ਇਨਸਾਫ਼ ਦੀ ਮੰਗ ਕਰਨਾ ਸਾਡਾ ਮੁੱਢਲਾ ਫਰਜ਼ ਹੈ ਉਸ ਨੂੰ ਮੰਨਣਾ ਉਸ ਦੀ ਬਣਦੀ ਸਹਾਇਤਾ ਕਰਨਾ ਸਮੇਂ ਦੀਆਂ ਸਰਕਾਰਾਂ ਦਾ ਕੰਮ ਹੈ ਜੇ ਰਾਜਨੀਤਕ ਲੀਡਰਾਂ ਦੀ ਹੁਣ ਅਾਨਾ ਕਾਨੀ ਹੈ ਤਾਂ ਫਿਰ ਪੰਜਾਬ ਦੇ ਲੋਕ ਇਨ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਨਾਲ ਵੋਟਾਂ ਮੌਕੇ ਹਿਸਾਬ ਕਰਨਾ ਜਾਣਦੇ ਹਨ ਪਰ ਖੇਡ ਸੰਸਥਾਵਾਂ ਅਤੇ ਕਬੱਡੀ ਫੈਡਰੇਸ਼ਨਾਂ ਨੂੰ ਰਲ ਮਿਲ ਕੇ ਪੰਜਾਬ ਸਰਕਾਰ ਅਤੇ ਇਨ੍ਹਾਂ ਰਾਜਨੀਤਿਕ ਆਗੂਆਂ ਦਾ ਵਿਰੋਧ ਕਰਨਾ ਚਾਹੀਦਾ ਖਾਸ ਕਰਕੇ ਖੇਡ ਮੰਤਰੀ ਰਾਣਾ ਸੋਢੀ ਸਾਹਿਬ, ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨੂੰ ਜ਼ਰੂਰ ਕੋਈ ਨਾ ਕੋਈ ਹਲੂਣਾ ਦਿਓ ਤਾਂ ਜੋ ਕੋਈ ਇਨਸਾਫ਼ ਦੀ ਕਿਰਨ ਜਾਗ ਸਕੇ ,ਆਓ ਰਲ ਮਿਲ ਕੇ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਪ੍ਰਤੀ ਚੱਲੀ ਇਸ ਇਨਸਾਫ ਲਹਿਰ ਦਾ ਹਿੱਸਾ ਬਣੀਏ ਸ਼ਾਇਦ ਪ੍ਰਮਾਤਮਾ ਪੰਜਾਬ ਦੇ ਰਖਵਾਲਿਆ ਨੂੰ ਕੋਈ ਸੁਮੱਤ ਦੇ ਦੇਵੇ। ਰੱਬ ਰਾਖਾ !

    ਜਗਰੂਪ ਸਿੰਘ ਜਰਖੜ
    ਖੇਡ ਲੇਖਕ
    ਫੋਨ ਨੰਬਰ 9814300722

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!